Editorial: ਪਾਕਿਸਤਾਨ ਗੁਰਦਵਾਰਾ ਕਮੇਟੀ, ਸਾਡੀ ਸ਼੍ਰੋਮਣੀ ਕਮੇਟੀ ਤੇ ਸਿੱਖ ਇਤਿਹਾਸ, ਧਰਮ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਿੱਖ ਸੰਸਥਾਵਾਂ ਦਾ ਕਿਰਦਾਰ ਅਜਿਹਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੁਰਸੀਆਂ ’ਤੇ ਬੈਠੇ ਲੋਕ ਅਪਣੇ ਹਰ ਲਫ਼ਜ਼, ਹਰ ਕਰਮ ਨੂੰ ਗੁਰੂ ਦੀ ਦੇਖ ਰੇਖ ਅਧੀਨ ਸਮਝਣ

Kartarpur Sahib

Editorial: ਕਰਤਾਰਪੁਰ ਸਾਹਿਬ ਦੇ ਨੇੜਿਉਂ ਇਕ ਵੀਡੀਉ ਸਾਹਮਣੇ ਆਇਆ ਜਿਸ ਵਿਚ ਵਿਖਾਇਆ ਗਿਆ ਕਿ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਇਕ ਮਹਿਫ਼ਲ ਵਿਚ ਸ਼ਾਮਲ ਹਨ ਜਿਥੇ ਨਾਚ-ਗਾਣਾ ਅਤੇ ਮੀਟ ਦਾ ਸੇਵਨ ਹੋ ਰਿਹਾ ਸੀ। ਗੁੱਸਾ ਲਗਣਾ ਸੁਭਾਵਕ ਸੀ ਪਰ ਜਾਂਚ ਕਰੇ ਤੋਂ ਬਿਨਾਂ ਵੱਡੇ-ਵੱਡੇ ਬਿਆਨ ਜਾਰੀ ਕਰ ਦਿਤੇ ਗਏ। ਇਸ ਮਸਲੇ ਨੂੰ ਸਿੱਖਾਂ ਦਾ ਪਾਕਿਸਤਾਨ ਵਿਚ ਬੁਰਾ ਹਾਲ ਹੋਣ ਦੇ ਨਮੂਨੇ ਜਾਂ ਸਬੂਤ ਵਜੋਂ ਪੇਸ਼ ਕੀਤਾ ਗਿਆ ਤੇ ਪਾਕਿਸਤਾਨੀ ਗੁਰੂ ਘਰਾਂ ਦੀ ਸੰਭਾਲ ਸ਼੍ਰੋ.ਗੁ.ਪ੍ਰ. ਕਮੇਟੀ ਦੇ ਹੱਥਾਂ ਵਿਚ ਦੇਣ ਦੀ ਮੰਗ ਰੱਖੀ ਗਈ।

ਇਤਫ਼ਾਕਨ ਪੰਜਾਬ ਸਰਕਾਰ ਦਾ ਇਕ ਵਫ਼ਦ ਕਰਤਾਰਪੁਰ ਸਾਹਿਬ ਗਿਆ ਹੋਇਆ ਸੀ ਜਿਥੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਗਿਆਨੀ ਜੀ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦਸਿਆ ਕਿ ਜਸ਼ਨ ਗੁਰੂ ਘਰ ਦੇ ਕੰਪਲੈਕਸ ਤੋਂ ਬਾਹਰ ਸੀ ਤੇ ਸਿਰਫ਼ ਗ਼ਜ਼ਲਾਂ ਸੁਣਾਈਆਂ ਜਾ ਰਹੀਆਂ ਸਨ। ਬਾਕੀ ਵੀਡੀਉ ਨਾਲ ਛੇੜਛਾੜ ਕਰਨ ਬਾਰੇ ਵੀ ਦਸਿਆ ਗਿਆ। ਜਦ ਦੋ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਕੁੱਝ ਬੋਲਦੇ ਹਨ ਤਾਂ ਉਨ੍ਹਾਂ ਦੇ ਆਖੇ ਹਰ ਲਫਜ਼ ਤੇ ਯਕੀਨ ਕਰਨਾ ਹੀ ਪੈਂਦਾ ਹੈ। ਇਹ ਤਾਂ ਸੌਦਾ ਸਾਧ ਵਰਗਾ ਕਾਤਲ ਬਲਾਤਕਾਰੀ ਵੀ ਸਮਝਦਾ ਹੈ ਕਿਉਂਕਿ ਜਦ ਮੁਆਫ਼ੀ ਮੰਗਣੀ ਸੀ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਆ ਕੇ ਝੂਠ ਬੋਲਣ ਦੀ ਹਿੰਮਤ ਨਾ ਕਰ ਸਕਿਆ ਤੇ ਮਾਫ਼ੀ, ਚਿੱਠੀ ਰਾਹੀਂ ਮੰਗੀ ਸੀ ਜਿਸ ਉਤੇ ਅਪਣੇ ਦਸਤਖ਼ਤ ਵੀ ਨਾ ਕੀਤੇ। ਪਰ ਸ਼ਾਇਦ ਸਿਆਸੀ ਲੋਕਾਂ ਦੀ ਨੇੜਤਾ ਮਾਣਨ ਮਗਰੋਂ ਸਾਡੇ ਧਾਰਮਕ ਆਗੂ ਹੁਣ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠ ਕੇ ਬੋਲੇ ਸ਼ਬਦਾਂ ਦੀ ਕੀਮਤ ਹੀ ਭੁੱਲ ਚੁੱਕੇ ਹਨ।

ਸਾਡੇ ਐਸਜੀਪੀਸੀ ਦੇ ਆਗੂ ਅਜੇ ਤਕ ਇਹ ਨਹੀਂ ਦਸ ਪਾਏ ਕਿ ਐਸਜੀਪੀਸੀ ਦੀ ਲਾਇਬ੍ਰੇਰੀ ’ਚੋਂ ਹੱਥ ਲਿਖਤ ਗ੍ਰੰਥ ਸਾਹਿਬ ਗ਼ਾਇਬ ਹੋਇਆ ਜਾਂ ਕਿਸੇ ਨੇ ਵੇਚਿਆ ਤੇ ਜ਼ਿੰਮੇਵਾਰ ਕੌਣ ਹੈ? ਇਸ ਸਾਰੀ ਸਥਿਤੀ ਨੂੰ ਵੇਖ ਕੇ ਇਹੀ ਜਾਪਦਾ ਹੈ ਕਿ ਸੌ ਸਾਲ ਪਹਿਲਾਂ ਜੋ ਗੁਰਦਵਾਰਾ ਸੁਧਾਰ ਲਹਿਰ ਲਿਆਉਣ ਵਾਸਤੇ ਕੁਰਬਾਨੀਆਂ ਦਿਤੀਆਂ ਗਈਆਂ ਸਨ, ਉਹ ਪੂਰੀ ਤਰ੍ਹਾਂ ਭੁਲਾ ਦਿਤੀਆਂ ਗਈਆਂ ਹਨ। ਹਾਲ ਵਿਚ ਹੀ ਮੱਧ ਪ੍ਰਦੇਸ਼ ਵਿਚ ਇਕ ਸਿੱਖ ਨਾਲ ਮਾੜਾ ਸਲੂਕ ਹੋਇਆ, ਇਕ ਸਿਆਸੀ ਮੰਚ ’ਤੇ ਸਿੱਖਾਂ ਬਾਰੇ ਮਾੜਾ ਆਖਿਆ ਗਿਆ, ਕੰਗਨਾ ਰਨੌਤ ਵਰਗੇ ਹਰ ਮੌਕੇ ਸਿੱਖਾਂ ਨੂੰ ਖ਼ਾਲਿਸਤਾਨੀ ਵਜੋਂ ਪੇਸ਼ ਕਰਦੇ ਹਨ ਪਰ ਐਸਜੀਪੀਸੀ ਨੂੰ ਪੀੜ ਹੀ ਨਹੀਂ ਹੁੰਦੀ। ਅਫ਼ਸੋਸ ਕਿ ਹਰ ਉੱਚ ਅਹੁਦੇ ਤੇ ਅੱਜ ਸਿਰਫ਼ ਸਿਆਸਤਦਾਨਾਂ ਦੀ ਹੀ ਤੂਤੀ ਬੋਲਦੀ ਸੁਣਾਈ ਦੇਂਦੀ ਹੈ। ਅੱਜ ਆਮ ਸਿੱਖ ਵੀ ਇਨ੍ਹਾਂ ਦੇ ਬੋਲਾਂ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ।

ਜਿਹੜਾ ਜਿਹੜਾ ਸਿੱਖ ਕਰਤਾਰਪੁਰ ਸਾਹਿਬ ਗਿਆ ਹੈ, ਉਹ ਕਦੇ ਨਹੀਂ ਆਖੇਗਾ ਕਿ ਉਥੋਂ ਦੇ ਗੁਰੂ ਘਰਾਂ ਦੀ ਸੰਭਾਲ ਐਸਜੀਪੀਸੀ ਨੂੰ ਸੌਂਪ ਦਿਤੀ ਜਾਵੇ। ਉਥੇ ਬਾਬਾ ਨਾਨਕ ਦੇ ਵੇਲੇ ਦਾ ਖੂਹ ਅਜੇ ਵੀ ਸੰਭਾਲਿਆ ਹੋਇਆ ਹੈ, ਪਾਲਕੀ ਸਾਹਿਬ ਵੀ ਇਤਿਹਾਸਕ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਵੇਖ ਕੇ ਅਥਰੂ ਆ ਜਾਂਦੇ ਹਨ। ਉਥੇ ਜਾ ਕੇ ਤੁਸੀ ਬਾਬਾ ਨਾਨਕ ਦੇ ਖੇਤਾਂ ਨੂੰ ਉਸੇ ਤਰ੍ਹਾਂ ਵੇਖਦੇ ਹੋ ਜਿਵੇਂ 300 ਸਾਲ ਪਹਿਲਾਂ ਉਹ ਵੇਖਦੇ ਸਨ। ਪਾਕਿਸਤਾਨ ਗੁਰਦਵਾਰਾ ਕਮੇਟੀ ਨੇ ਸਿੱਖ ਇਤਿਹਾਸ ਨੂੰ ਸੰਭਾਲ ਕੇ ਰਖਿਆ ਹੈ। ਜੇ ਇਹ ਐਸਜੀਪੀਸੀ ਦੇ ਹੱਥਾਂ ਵਿਚ ਆ ਗਿਆ ਤਾਂ ਸਾਡੇ ਸਾਰੇ ਇਤਿਹਾਸਕ ਗੁਰੂ ਘਰਾਂ ਵਾਂਗ ਇਹ ਵੀ ‘ਕਾਰਸੇਵਾ’ ਵਾਲੇ ਚਿਟ ਕਪੜੀਏ ਚੋਲਾਧਾਰੀ ਗੋਲਕਧਾਰੀ ਵਪਾਰੀਆਂ ਦੇ ਨਾਂ ਕਰ ਦਿਤਾ ਜਾਵੇਗਾ। ਕਦੇ ਨਾਢਾ ਸਾਹਿਬ ਵਿਚ ਇਤਿਹਾਸ ਸੀ, ਅੱਜ ਸੰਗਮਰਮਰ ਹੈ ਤੇ ਸਾਰੇ ਹੀ ਗੁਰੂਘਰਾਂ ਦਾ ਹਾਲ ਇਹੀ ਹੈ।

ਸਿੱਖ ਸੰਸਥਾਵਾਂ ਦਾ ਕਿਰਦਾਰ ਅਜਿਹਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੁਰਸੀਆਂ ’ਤੇ ਬੈਠੇ ਲੋਕ ਅਪਣੇ ਹਰ ਲਫ਼ਜ਼, ਹਰ ਕਰਮ ਨੂੰ ਗੁਰੂ ਦੀ ਦੇਖ ਰੇਖ ਅਧੀਨ ਸਮਝਣ। ਤੇ ਜਦ ਉਹ ਜ਼ਿੰਮੇਵਾਰੀ ਨਾਲ ਬੋਲਦੇ ਹੋਣ ਤਾਂ ਸਿੱਖ ਉਨ੍ਹਾਂ ਦੇ ਬੋਲਾਂ ਤੇ ਜਾਨ ਵਾਰਨ ਲਈ ਤਿਆਰ ਮਿਲਣ ਪਰ ਜਦ ਇਹ ਅਹੁਦੇਦਾਰ ਸਿਆਸੀ ਲਿਫ਼ਾਫ਼ਿਆਂ ’ਚੋਂ ਨਿਕਲਦੇ ਹੋਣ ਤੇ ਸਿਆਸਤਦਾਨਾਂ ਦੇ ਸਾਹਮਣੇ ਝੁਕਣ ਤੇ ਉਨ੍ਹਾਂ ਦੇ ਫ਼ਾਇਦੇ ਵਾਸਤੇ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਪ੍ਰਸਾਰਣ ਨੂੰ ਇਕੋ ਹੀ ਬਾਦਲੀ ਪਾਰਟੀ ਅਧੀਨ ਕਰ ਦੇਣ ਨੂੰ ਉਪਰੋਂ ਆਇਆ ਹੁਕਮ ਮੰਨਦੇ ਹੋਣ ਤਾਂ ਸਿੱਖਾਂ ਦੀ ਆਵਾਜ਼ ਕਿਥੇ ਸੁਣੀ ਜਾਵੇਗੀ? ਗੁਰੂ ਦੇ ਸਿੰਘਾਂ ਨੂੰ ਇਨ੍ਹਾਂ ਅਹੁਦਿਆਂ ਤੇ ਪਹੁੰਚਾਉਣ ਦੀ ਜ਼ਿੰਮੇਵਾਰ ਹੁਣ ਸਿੱਖਾਂ ਦੀ ਵੋਟ ਤੇ ਨਿਰਭਰ ਹੋਣ ਵਾਲੀ ਹੈ। ਇਕ ਮੌਕਾ ਮਿਲ ਰਿਹਾ ਹੈ ਗੁਰੂ ਦੇ ਸਿੰਘ ਬਣ ਕੇ ਗੁਰਦੁਆਰਾ ਸੁਧਾਰ ਲਹਿਰ ਨੂੰ ਦੁਬਾਰਾ ਜ਼ਿੰਦਾ ਕਰਨ ਦਾ।                 - ਨਿਮਰਤ ਕੌਰ