Editorial: ਗੈਂਗਸਟਰਾਂ ਦੇ ਛੋਟੇ ਪਿਆਦਿਆਂ ਨੂੰ ਪੁਲਿਸ ਮੁਕਾਬਲਿਆਂ ਵਿਚ ਮਾਰਨ ਨਾਲ ਸਮੱਸਿਆ ਖ਼ਤਮ ਨਹੀਂ ਹੋਣੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਪੰਜਾਬ ਵਿਚ ਪਿਛਲੇ 10 ਦਿਨਾਂ ਵਿਚ 7 ਐਨਕਾਊਂਟਰ ਹੋ ਚੁੱਕੇ ਹਨ

Killing the small pawns of gangsters in police encounters will not end the problem Editorial IN PUNJABI

Killing the small pawns of gangsters in police encounters will not end the problem Editorial IN PUNJABI : ਪੰਜਾਬ ਵਿਚ ਪਿਛਲੇ 10 ਦਿਨਾਂ ਵਿਚ 7 ਐਨਕਾਊਂਟਰ ਹੋ ਚੁੱਕੇ ਹਨ। ਜਿਹੜੇ ਲੋਕ ਫਿਰੌਤੀ ਦੀਆਂ ਧਮਕੀਆਂ ਦੇ ਸਤਾਏ ਹੋਏ ਹਨ, ਉਨ੍ਹਾਂ ਨੂੰ ਤਾਂ ਪੰਜਾਬ ਪੁਲਿਸ ਦੀ ਇਸ ਸਖ਼ਤੀ ਵਿਚ ਉਮੀਦ ਨਜ਼ਰ ਆ ਰਹੀ ਹੈ। ਜਿਹੜਾ ਆਮ ਆਦਮੀ ਹੈ, ਉਹ ਤਾਂ ਅਪਣੇ ਕੰਮ ਵਾਸਤੇ ਇਕ ਸੁਰੱਖਿਅਤ ਵਾਤਾਵਰਣ ਮੰਗਦਾ ਹੈ। ਪਰ ਹੁਣ ਜਦ ਇਸੇ ਹਫ਼ਤੇ 29 ਸਾਲ ਪੁਰਾਣੇ ਇਕ ਪੁਲਿਸ ਐਨਕਾਊਂਟਰ ਦੀ ਸਚਾਈ ਸਾਹਮਣੇ ਆਈ ਹੈ ਤਾਂ ਸਵਾਲ ਚੁਕਣਾ ਬਣਦਾ ਹੈ ਕਿ ਇਸ ਪੁਲਿਸ ਮੁਕਾਬਲੇ ਤੇ ਉਨ੍ਹਾਂ ਪੁਰਾਣੇ ਮੁਕਾਬਲਿਆਂ ਵਿਚ ਕੋਈ ਅੰਤਰ ਹੈ ਜਾਂ ਨਹੀਂ? ਇਸੇ ਹਫ਼ਤੇ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜੁਆਨ ਬੇਗੁਨਾਹ ਸਨ। ਅੱਜ ਦੇ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਦੀ ਕਥਾ ਭਾਵੇਂ ਬੇਗੁਨਾਹੀ ਵਲ ਨਾ ਲਿਜਾਂਦੀ ਹੋਵੇ ਪਰ ਉਹ ਪੂਰੀ ਤਰ੍ਹਾਂ ਕਸੂਰਵਾਰ ਵੀ ਨਹੀਂ ਸਨ। ਪਿਆਦੇ ਨੂੰ ਮਾਰ ਕੇ ਕਿਲ੍ਹਾ ਫ਼ਤਿਹ ਨਹੀਂ ਹੁੰਦਾ। ਅੱਜ ਜਿਹੜੇ ਗੈਂਗਸਟਰ ਮਾਰੇ ਜਾ ਰਹੇ ਹਨ, ਉਹ ਸਿਰਫ਼ ਛੋਟੇ ਪਿਆਦੇ ਹਨ।

ਪੰਜਾਬ ਪੁਲਿਸ ਅਜੇ ਹੋਰ ਸਖ਼ਤੀ ਕਰਨ ਵਿਚ ਜੁਟਣ ਲੱਗੀ ਹੈ ਪਰ ਜਿਵੇਂ ਅੱਜ ਹਾਈ ਕੋਰਟ ਨੇ ਜੇਲਾਂ ਦੀ ਹਾਲਤ ’ਤੇ ਸਵਾਲ ਚੁਕਿਆ ਹੈ, ਕਿਸੇ ਦਿਨ ਇਹ ਵੀ ਕਟਹਿਰੇ ਵਿਚ ਖੜੇ ਹੋ ਸਕਦੇ ਹਨ। ਜੇ ਫ਼ਿਰੋਜ਼ਪੁਰ ਜੇਲ੍ਹ ਜੋ ਕਿ ਸਿਰਫ਼ ਤੇ ਸਿਰਫ਼ ਪੁਲਿਸ ਦੀ ਨਿਗਰਾਨੀ ਵਿਚ ਚਲਦੀ ਹੈ, ’ਚੋਂ 43 ਹਜ਼ਾਰ ਕਾਲਾਂ ਪਿਛਲੇ ਦੋ ਮਹੀਨਿਆਂ ਵਿਚ ਹੀ ਹੋਈਆਂ ਹਨ ਜਿਥੇ ਵੱਖ-ਵੱਖ ਗੈਂਗਾਂ ਦੇ ਪਿਆਦੇ ਆਰਾਮ ਨਾਲ ਅਪਣਾ ਨਸ਼ਾ, ਫਿਰੌਤੀ, ਕਤਲ, ਹਿੰਸਾ ਦਾ ਕਾਰੋਬਾਰ ਚਲਾ ਰਹੇ ਹਨ ਤੇ ਜਿਸ ਜੇਲ ਬਾਰੇ ਆਮ ਕਿਹਾ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਵਰਗੇ ਅਪ੍ਰਾਧੀ ਨੇ ਆਰਾਮ ਨਾਲ ਬੈਠ ਕੇ ਇਕ ਟੀਵੀ ਚੈਨਲ ਨੂੰ ਘੰਟੇ ਤੋਂ ਵੱਧ ਦੀ ਇੰਟਰਵਿਊ ਦਿਤੀ ਸੀ ਤਾਂ ਕੀ ਸਿਰਫ਼ ਪਿਆਦਿਆਂ ਨੂੰ ਮਾਰਨ ਨਾਲ ਪੰਜਾਬ ਵਿਚ ਵਧਦੀਆਂ ਅਪਰਾਧਕ ਵਾਰਦਾਤਾਂ ਖ਼ਤਮ ਹੋ ਜਾਣਗੀਆਂ?

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਜੋ ਛੋਟੇ ਗੈਂਗਸਟਰ ਹਨ, ਇਹ ਪਿਆਦੇ ਹਨ ਤੇ ਅਸਲ ਵਿਚ ਇਹ ਕੁੱਝ ਪੁਲਿਸ ਅਫ਼ਸਰਾਂ, ਕੁੱਝ ਛੋਟੇ ਸਿਪਾਹੀਆਂ ਤੇ ਕੁੱਝ ਸਿਆਸੀ ਤਾਕਤਾਂ ਦੇ ਗਠਜੋੜ ਨਾਲ ਚਲਦਾ ਨੈੱਟਵਰਕ ਹੈ। ਅੱਜ ਜਦ ਐਨ.ਸੀ.ਆਰ.ਬੀ. ਦੀਆਂ ਰੀਪੋਰਟਾਂ ਤੇ ਆਮ ਨਾਗਰਿਕ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਹਨ ਤਾਂ ਕੀ ਇਨ੍ਹਾਂ ਗੈਂਗਸਟਰਾਂ ਦੇ ਪਿਆਦਿਆਂ ਦੀ ਵਿਖਾਵੇ ਲਈ ਬਲੀ ਲਈ ਜਾ ਰਹੀ ਹੈ ਤਾਕਿ ਪੁਲਿਸ ਬਾਰੇ ਨਜ਼ਰੀਆ ਬਦਲਿਆ ਜਾ ਸਕੇ? ਜੇ ਜੇਲ੍ਹਾਂ ਅੰਦਰ ਹੀ ਗੈਂਗਸਟਰਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਸੜਕਾਂ ਉਤੇ ਕਿਵੇਂ ਕੀਤਾ ਜਾ ਸਕੇਗਾ? 

ਇਸ ਪੂਰੇ ਨੈੱਟਵਰਕ ਵਿਚ ਸੱਭ ਤੋਂ ਛੋਟਾ ਉਹ ਪਿਆਦਾ ਹੁੰਦਾ ਹੈ ਜੋ ਘਰ ਘਰ ਜਾ ਕੇ ਨਸ਼ੇ ਦੀ ਪੁੜੀ ਵੇਚਦਾ ਫੜਿਆ ਜਾਂਦਾ ਹੈ ਜਾਂ ਜੋ ਛੋਟੇ ਜਹੇ ਲਾਲਚ ਵਾਸਤੇ ਬੰਦੂਕ ਦਾ ਘੋੜਾ ਖਿਚ ਲੈਂਦਾ ਹੈ। ਜਨਰਲ ਆਪ ਕਦੇ ਨਸ਼ਾ ਨਹੀਂ ਵੇਚਦਾ। ਲਾਰੈਂਸ ਜਾਂ ਗੋਲਡੀ ਬਰਾੜ ਆਪ ਤਾਂ ਸਿੱਧੂ ਮੂਸੇਵਾਲੇ ਨੂੰ ਮਾਰਨ ਲਈ ਵੀ ਨਹੀਂ ਆਏ ਸਨ, ਉਨ੍ਹਾਂ ਨੇ ਕੁੱਝ ਛੋਟੇ ਗੁੰਡਿਆਂ ਤੋਂ ਕੰਮ ਕਰਵਾਇਆ ਸੀ। ਸੋ ਪਿਆਦਿਆਂ ਨੂੰ ਮਾਰਨ ਨਾਲ ਤਾਂ ਵੱਡੇ ਨਾਵਾਂ ਵਲ ਜਾਂਦੀਆਂ ਕੜੀਆਂ ਵੀ ਛੁਪ ਜਾਂਦੀਆਂ ਹਨ। ਜੇ ਇਕ ਖ਼ਾਸ ਟੀਮ ਕਿਸੇ ਜੱਜ ਦੀ ਨਿਗਰਾਨੀ ਹੇਠ ਇਨ੍ਹਾਂ ਤੋਂ ਪੁਛਗਿਛ ਕਰੇ ਤਾਂ ਸ਼ਾਇਦ ਕੁੱਝ ਵਰਦੀ ਵਾਲਿਆਂ ਦੀ ਸਚਾਈ ਸਾਹਮਣੇ ਆ ਜਾਵੇ। ਪੰਜਾਬ ਪੁਲਿਸ ਦੀ ਨਿਯਤ ਨੂੰ ਮੰਨਦੇ ਹੋਏ ਇਹ ਆਵਾਜ਼ ਵੀ ਚੁਕਣੀ ਜ਼ਰੂਰੀ ਹੈ ਕਿ ਇਨ੍ਹਾਂ ਨੌਜੁਆਨਾਂ ਦੀ ਬੇਬਸੀ ਦਾ ਫ਼ਾਇਦਾ ਲੈ ਕੇ ਇਨ੍ਹਾਂ ਨੂੰ ਗੈਂਗਸਟਰ ਬਣਾਉਣ ਵਾਲਿਆਂ ਨੂੰ ਫੜਨ ਬਾਰੇ ਕਦਮ ਚੁਕਣੇ ਚਾਹੀਦੇ ਹਨ, ਨਹੀਂ ਤਾਂ ਇਹ ਸਿਸਟਮ ਕੁੱਝ ਮਹੀਨਿਆਂ ਵਿਚ ਦੁਬਾਰਾ ਸਰਗਰਮ ਹੋ ਜਾਵੇਗਾ।
- ਨਿਮਰਤ ਕੌਰ