ਅਗਲੀਆਂ ਚੋਣਾਂ ਵਿਚ ਪੰਜਾਬ ’ਚ ਕਿਸ ਦਾ ਪਲੜਾ ਭਾਰੀ ਰਹੇਗਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦਿੱਲੀ ਚੋਣਾਂ ਮਗਰੋਂ ਆਸ ਲਾਈ ਜਾ ਰਹੀ ਸੀ ਕਿ ਪੰਜਾਬ ਦੀ ਸਿਆਸਤ ਵਿਚ ਹਲਚਲ ਵਧ ਜਾਏਗੀ ਪਰ ਇੱੱਥੇ ਤਾਂ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਭੂਚਾਲ ਆ ਚੁੱਕਾ ਹੈ।

Photo

ਦਿੱਲੀ ਚੋਣਾਂ ਮਗਰੋਂ ਆਸ ਲਾਈ ਜਾ ਰਹੀ ਸੀ ਕਿ ਪੰਜਾਬ ਦੀ ਸਿਆਸਤ ਵਿਚ ਹਲਚਲ ਵਧ ਜਾਏਗੀ ਪਰ ਇੱੱਥੇ ਤਾਂ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਭੂਚਾਲ ਆ ਚੁੱਕਾ ਹੈ। ਪੰਜਾਬ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਅੰਦਰ ਜੋ ਹਲਚਲ ਸ਼ੁਰੂ ਹੋਈ ਹੈ, ਉਹ ਆਉਣ ਵਾਲੇ ਸਮੇਂ ਵਿਚ ਬੜਾ ਕੁੱਝ ਸਪੱਸ਼ਟ ਕਰ ਜਾਵੇਗੀ।

ਅਕਾਲੀ ਦਲ ਨੂੰ ਭਾਜਪਾ ਨੇ ਲਾਹ ਕੇ ਪਰ੍ਹਾਂ ਮਾਰਿਆ ਅਤੇ ਇਹੀ ਉਨ੍ਹਾਂ ਹਰਿਆਣਾ ਵਿਚ ਵੀ ਕੀਤਾ ਸੀ। ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਕਾਲੀ ਲੀਡਰਾਂ ਨੂੰ ਨਸ਼ਿਆਂ ਦੇ ਵਪਾਰੀ ਵੀ ਆਖਿਆ ਸੀ ਅਤੇ ਉਹ ਬੜੀ ਸ਼ਰਮਨਾਕ ਘੜੀ ਸੀ ਜਦੋਂ ਭਾਜਪਾ ਦੀ ਜਿੱਤ ਤੋਂ ਬਾਅਦ ਬਾਦਲ ਪ੍ਰਵਾਰ ਭਾਜਪਾ ਦੇ ਮੁੱਖ ਮੰਤਰੀ ਖੱਟੜ ਦੇ ਸਹੁੰ ਚੁਕ ਸਮਾਗਮ ਵਿਚ, ਮੰਚ ਉਤੇ ਉਨ੍ਹਾਂ ਦੇ ਨਾਲ ਹੀ ਢੁਕ ਕੇ ਬੈਠਾ ਸੀ।

ਦਿੱਲੀ ਵਿਚ ਵੀ ਫਿਰ ਤੋਂ ਭਾਜਪਾ ਵਲੋਂ ਦੁਰਕਾਰੇ ਜਾਣ ਦੇ ਬਾਵਜੂਦ, ਅਕਾਲੀਆਂ ਵਿਚ ਇਹ ਆਖਣ ਦੀ ਹਿੰਮਤ ਨਹੀਂ ਕਿ ਜਿਹੜੇ ਸਾਡੇ ਨਾਲ ਭਾਈਵਾਲੀ ਨਹੀਂ ਨਿਭਾਉਣਾ ਚਾਹੁੰਦੇ, ਅਸੀ ਉਨ੍ਹਾਂ ਤੋਂ ਪਿੱਛੇ ਹਟਦੇ ਹਾਂ ਅਤੇ ਅਪਣੀ ਕੇਂਦਰੀ ਮੰਤਰੀ ਦੀ ਕੁਰਸੀ ਵਾਪਸ ਕਰਦੇ ਹਾਂ। ਸਗੋਂ ਅਕਾਲੀ ਦਲ ਸੀ.ਏ.ਏ. ਦੀ ਕਹਾਣੀ ਛੋਹ ਕੇ ਦਿੱਲੀ ਚੋਣਾਂ ਦੀ ਸ਼ਰਮਿੰਦਗੀ ਨੂੰ ਲੁਕਾ ਰਹੇ ਹਨ ਕਿਉਂਕਿ ਇਨ੍ਹਾਂ ਹੀ ਅਕਾਲੀਆਂ  ਨੇ ਸੰਸਦ ਵਿਚ ਸੀ.ਏ.ਏ. ਦਾ ਜ਼ੋਰਦਾਰ ਸਮਰਥਨ ਕੀਤਾ ਸੀ।

ਹਾਂ, ਹੁਣ ਏਨਾ ਜ਼ਰੂਰ ਆਖਦੇ ਹਨ ਕਿ ਸਰਕਾਰ ਨੂੰ ਇਸ ਬਾਰੇ ਮੁੜ ਸੋਚਣਾ ਚਾਹੀਦਾ ਹੈ ਪਰ ਹਾਮੀ ਭਰਨ ਵੇਲੇ ਤਾਂ ਕੁੱਝ ਨਹੀਂ ਸਨ ਕਹਿ ਸਕੇ। ਅਸਲ ਵਿਚ ਤਾਂ ਇਹ ਸਾਰੀ ਖੇਡ ਕੇਂਦਰੀ ਮੰਤਰੀ ਮੰਡਲ ਵਿਚਲੀ ਇਕ ਮਾਮੂਲੀ ਜਹੀ ਕੁਰਸੀ ਦੀ ਹੈ ਜੋ ਸੌ ਸਾਲ ਪੁਰਾਣੀ ਪੰਥਕ ਪਾਰਟੀ ਨੂੰ ਇਕ ਨਿਜੀ ਪ੍ਰਵਾਰਕ ਕਾਰੋਬਾਰੀ ਹੱਟੀ ਵਿਚ ਤਬਦੀਲ ਕਰ ਕੇ ਪ੍ਰਾਪਤ ਕੀਤੀ ਗਈ ਹੈ।

ਇਸ ਕੁਰਸੀ ਪਿੱਛੇ ਹੁਣ ਦਿੱਲੀ ਅਕਾਲੀ ਦਲ ਨੂੰ ਅਪਣਾ ਫ਼ੈਸਲਾ ਆਪ ਕਰਨ ਦਾ ਹੱਕ ਦਿਤਾ ਗਿਆ ਹੈ। ਸੋ ਅਕਾਲੀ ਦਲ ਬਾਦਲ, ਦਿੱਲੀ ਵਿਚ ਭਾਜਪਾ ਨੂੰ ਸਮਰਥਨ ਦੇਵੇਗਾ ਕਿਉਂਕਿ ਉਨ੍ਹਾਂ ਦਾ ਅਪਣੇ ਭਾਈਵਾਲ ਨਾਲ ਬਰਾਬਰੀ ਦਾ ਰਿਸ਼ਤਾ ਨਹੀਂ ਰਿਹਾ। ਇਹ ਰਿਸ਼ਤਾ ਹੁਣ ਅਕਾਲੀ ਦਲ ਬਾਦਲ ਨੂੰ ਝੁਕਾਈ ਰਖੇਗਾ ਕਿਉਂਕਿ ਉਹ ਅਪਣੀ ਕੁਰਸੀ ਨਾਲ ਜੁੜੇ ਰਹਿਣ ਵਾਸਤੇ ਕੁੱਝ ਵੀ ਕਰ ਸਕਦੇ ਹਨ।

ਜੇ ਕੁਰਸੀ ਦਾ ਲਾਲਚ ਨਾ ਹੁੰਦਾ ਤਾਂ ਪਹਿਲਾਂ ਹੀ ਸਮਝ ਜਾਂਦੇ ਅਤੇ ਬਾਦਲ ਪ੍ਰਵਾਰ ਤੋਂ ਬਾਹਰ ਦੇ ਵੱਡੇ ਅਕਾਲੀ ਆਗੂਆਂ ਦਾ ਹੱਕ ਨਾ ਮਾਰਦੇ। ਅੱਜ ਜਿਹੜਾ ਵਿਰੋਧ ਉਠ ਕੇ ਅੱਗੇ ਆ ਰਿਹਾ ਹੈ, ਉਹ ਉਨ੍ਹਾਂ ਦੇ ਕੁਰਸੀ ਲਾਲਚ ਦਾ ਹੀ ਨਤੀਜਾ ਹੈ ਜੋ ਹੁਣ ਬਾਦਲ ਮੁਕਤ ਅਕਾਲੀ ਲਹਿਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਬਾਦਲ ਪ੍ਰਵਾਰ ਨੂੰ ਹੁਣ ਜ਼ਰਾ ਰੁਕ ਕੇ ਸੋਚਣ ਦੀ ਲੋੜ ਹੈ ਕਿ ਇਤਿਹਾਸ ਵਿਚ ਉਨ੍ਹਾਂ ਦਾ ਨਾਂ ਕਿਸ ਤਰ੍ਹਾਂ ਯਾਦ ਕੀਤਾ ਜਾਵੇਗਾ।

ਇਕ ਪਾਸੇ ਸਾਰੇ ਟਕਸਾਲੀ ਜਾਂ ਪੁਰਾਣੇ ਅਕਾਲੀ ਆਗੂ ਅਤੇ ਦੂਜੇ ਪਾਸੇ ਇਕ ਕੇਂਦਰੀ ਕੁਰਸੀ ਨੂੰ ਘੁਟ ਕੇ ਫੜੀ ਬੈਠਾ ਬਾਦਲ ਪ੍ਰਵਾਰ। ਸੀ.ਏ.ਏ. ਦੀ ਪ੍ਰਵਾਹ ਤਾਂ ਸੁਪਰੀਮ ਕੋਰਟ ਨੂੰ ਵੀ ਨਹੀਂ ਤਾਂ ਬਾਦਲ ਪ੍ਰਵਾਰ ਨੂੰ ਕੀ ਹੋਵੇਗੀ?  ਕਾਂਗਰਸ ਪਾਰਟੀ ਵਿਚ ਚਲ ਰਹੀਆਂ ਅੰਦਰੂਨੀ ਲੜਾਈਆਂ ਨੂੰ ਸ਼ਾਂਤ ਕਰਨ ਲਈ ਸੋਨੀਆ ਗਾਂਧੀ ਨੇ ਕਮਾਨ ਸੰਭਾਲਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਰੱਦ ਕਰਨ ਦਾ ਕਦਮ ਚੁਕਿਆ ਹੈ।

ਸੋਨੀਆ ਵੀ ਜਾਣਦੀ ਹੈ ਕਿ ਦਿੱਲੀ ਵਿਚ ਕਾਂਗਰਸ ਦੀ ਇੱਕਾ-ਦੁੱਕਾ ਸੀਟ ਹੀ ਆਉਣੀ ਹੈ ਅਤੇ ‘ਆਪ’ ਜੇ ਜਿੱਤ ਗਈ ਤਾਂ ਉਨ੍ਹਾਂ ਪੰਜਾਬ ਵਲ ਭੱਜ ਪੈਣਾ ਹੈ। ਕੇਜਰੀਵਾਲ ਨੂੰ ਦਿੱਲੀ ਦੇ ਜਿਹੜੇ ਆਮ ਗ਼ਰੀਬ ਵੋਟਰ ਦਾ ਸਮਰਥਨ ਮਿਲ ਰਿਹਾ ਹੈ, ਉਸ ਨੂੰ ਵੇਖ ਕੇ ਪੰਜਾਬ ਦੀ ਜਨਤਾ ਵਿਚ ਫਿਰ ਤੋਂ ਇਕ ਕ੍ਰਾਂਤੀ ਜਨਮ ਲੈ ਰਹੀ ਹੈ। ਹੁਣ ਕ੍ਰਾਂਤੀ ਦੀ ਅਗਵਾਈ ਕੌਣ ਕਰੇਗਾ?

‘ਆਪ’ ਵੀ ਨਵਜੋਤ ਸਿੰਘ ਸਿੱਧੂ ਵਲ ਵੇਖਣ ਲੱਗ ਪਈ ਹੈ। ਟਕਸਾਲੀ ਵੀ ਸਿੱਧੂ ਦੇ ਪਿੱਛੇ ਲੱਗਣ ਵਾਸਤੇ ਤਿਆਰ ਖੜੇ ਹਨ ਪਰ ਜਿਸ ਕਾਂਗਰਸ ਕੋਲ ਇਹ ਹੁਕਮ ਦਾ ਯੱਕਾ ਸੀ, ਉਸ ਨੇ ਸ਼ਾਇਦ ਇਸ ਦੀ ਠੀਕ ਕਦਰ ਨਹੀਂ ਕੀਤੀ। ਸੋਨੀਆ ਇਸ ਯੱਕੇ ਦੀ ਕਦਰ ਜਾਣਦੀ ਹੈ ਅਤੇ ਉਹ ਕੈਪਟਨ ਦੀ ਕਦਰ ਅਤੇ ਮਜਬੂਰੀਆਂ ਵੀ ਸਮਝਦੀ ਹੈ।

ਸੋ ਜੋ ਲੋਕ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਕਾਰਜਕਾਲ ਦੇ ਖ਼ਾਤਮੇ ਦੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਦੇ ਅੰਦਾਜ਼ੇ ਗ਼ਲਤ ਸਾਬਤ ਹੋਣਗੇ। ਸੋਨੀਆ ਗਾਂਧੀ ਦਿੱਲੀ ਦੀ ਚੋਣ ਦੇ ਨਾਂ ’ਤੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀਆਂ ਦੂਰੀਆਂ ਘਟਾਉਣ ਦੀ ਕੋਸ਼ਿਸ਼ ਜ਼ਰੂਰ ਕਰੇਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਬਹੁਤ ਹੀ ਸਿਆਣੇ ਸਿਆਸਤਦਾਨ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਭਾਜਪਾ ਦੇ ਗ਼ੈਰ-ਲੋਕਤੰਤਰੀ ਕੇਂਦਰੀ ਦਾਬੇ ਦੇ ਹੁੰਦਿਆਂ ਵੀ, ਪੰਜਾਬ ਨੂੰ ਸੰਭਾਲ ਰਖਿਆ ਹੈ, ਉਸ ਬਾਰੇ ਪਹਿਲਾਂ ਅੰਦਾਜ਼ਾ ਵੀ ਨਹੀਂ ਸੀ ਲਾਇਆ ਜਾ ਸਕਦਾ। ਪਰ ਪੰਜਾਬ ਹੁਣ ਕੁੱਝ ਜਵਾਨ ਤੇ ਗਰਮ ਖ਼ੂਨ ਦੀ ਕਰਾਰੀ ਅਗਵਾਈ ਵੀ ਮੰਗਦਾ ਹੈ। ਜੇ ਨਵਜੋਤ ਸਿੰਘ ਨੂੰ ਕੈਪਟਨ ਦੇ ਨਾਲ ਉਪ ਮੁੱਖ ਮੰਤਰੀ ਲਗਾ ਦਿਤਾ ਗਿਆ ਤਾਂ ਕਾਂਗਰਸ ਦਾ ਪਲੜਾ ਸੱਭ ਨਾਲੋਂ ਭਾਰੀ ਰਹੇਗਾ।

ਅਜੀਬ ਗੱਲ ਹੈ ਕਿ ਇਕ ਅਕਾਲੀ ਦਲ ਬਾਦਲ ਹੈ ਜਿਸ ਨੇ ਇਕ ਕੁਰਸੀ ਪਿੱਛੇ ਸਾਰਾ ਕੁੱਝ ਦਾਅ ਤੇ ਲਾ ਦਿਤਾ ਅਤੇ ਇਕ ਨਵਜੋਤ ਸਿੰਘ ਸਿੱਧੂ ਹੈ ਜਿਸ ਨੇ ਕੁਰਸੀਆਂ ਨੂੰ ਵਾਰ ਵਾਰ ਠੋਕਰਾਂ ਮਾਰੀਆਂ ਅਤੇ ਹੁਣ ਸਾਰੇ ਉਨ੍ਹਾਂ ਪਿੱਛੇ ਕੁਰਸੀਆਂ ਲੈ ਕੇ ਦੌੜ ਰਹੇ ਹਨ।     -ਨਿਮਰਤ ਕੌਰ