ਲਾਲ ਕਿਲ੍ਹੇ ਤੋਂ ਮੋਦੀ ਜੀ ਨੇ ਦੇਸ਼-ਵਾਸੀਆਂ ਨੂੰ 2022 ਲਈ ਨਵਾਂ ਸੁਪਨਾ ਵਿਖਾਇਆ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਜਪਾ ਕੋਲ ਅਜੇ ਵੀ ਦੋ ਸਾਲ ਬਾਕੀ ਹਨ। ਅਪਣੇ ਕੀਤੇ ਕਿਸੇ ਇਕ ਵੀ ਵਾਅਦੇ ਨੂੰ ਪੂਰਾ ਕਰ ਕੇ ਆਮ ਭਾਰਤੀ ਅੱਗੇ ਅਪਣਾ 'ਚਮਤਕਾਰ' ਰੱਖ ਵਿਖਾਏ।

Narendra Modi

 

2014 ਵਿਚ ਮੋਦੀ ਜੀ ਭਾਰਤ ਨੂੰ ਇਕ ਵੱਡਾ ਸੁਪਨਾ ਵਿਖਾ ਕੇ, ਅਪਣੀ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਉਣ ਵਿਚ ਸਫ਼ਲ ਰਹੇ ਸਨ। 2017 ਦੇ ਆਜ਼ਾਦੀ ਦਿਵਸ ਨੇ ਭਾਜਪਾ ਨੂੰ 2019 ਦੀਆਂ ਚੋਣਾਂ ਲਈ ਇਕ ਨਵਾਂ ਨਾਹਰਾ ਦੇ ਦਿਤਾ ਹੈ ¸ 2022 ਵਿਚ ਨਵਾਂ ਭਾਰਤ ਪ੍ਰਗਟ ਹੋਵੇਗਾ। ਹਰ ਗ਼ਰੀਬ ਕੋਲ ਘਰ ਹੋਵੇਗਾ, ਬਿਜਲੀ ਪਾਣੀ ਹੋਣਗੇ (ਪਰ ਰਹੇਗਾ ਉਹ ਗ਼ਰੀਬ ਹੀ), ਕਿਸਾਨਾਂ ਦੀ ਆਮਦਨ ਦੁਗਣੀ ਹੋਵੇਗੀ (ਖ਼ਰਚਾ ਚਾਰ ਗੁਣਾ ਅਤੇ ਦੁਗਣੇ ਦੀ ਤੁਲਨਾ ਅਸੀ 1947 ਦੀ ਆਮਦਨ ਨਾਲ ਕਰਾਂਗੇ।) ਇਸ ਤਰ੍ਹਾਂ ਦੇ ਕਿੰਨੇ ਹੀ ਨਵੇਂ ਵਾਅਦੇ ਸਨ ਪਰ ਪਹਿਲਾਂ ਜ਼ਰਾ 2014 ਵਿਚ ਕੀਤੇ ਵਾਅਦਿਆਂ ਨੂੰ ਤਾਂ ਯਾਦ ਕਰ ਲਈਏ ਜਿਨ੍ਹਾਂ ਨੂੰ ਮੋਦੀ ਜੀ ਭੁੱਲ ਗਏ ਲਗਦੇ ਹਨ।
ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਵਾਅਦਾ ਕਰ ਕੇ ਸੱਤਾ 'ਚ ਆਈ ਭਾਜਪਾ ਅਪਣੇ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਵਾਅਦੇ ਬਾਰੇ ਭੁੱਲ ਗਈ ਲਗਦੀ ਹੈ। ਭ੍ਰਿਸ਼ਟਾਚਾਰ ਨੂੰ 2022 ਵਿਚ ਖ਼ਤਮ ਕਰਨ ਵਾਲੇ ਨਵੇਂ ਵਾਅਦੇ ਤੋਂ ਪਹਿਲਾਂ ਹੁਣ ਤਕ ਕੁੱਝ ਮਾਮਲਿਆਂ ਬਾਰੇ ਇਕ ਸੱਚੀ ਰੀਪੋਰਟ ਪੇਸ਼ ਕਰਨ ਦੀ ਜ਼ਰੂਰਤ ਹੈ। ਵਿਆਪਮ ਘਪਲਾ ਭਾਜਪਾ ਸਰਕਾਰ ਹੇਠ ਚਲਦਾ ਆ ਰਿਹਾ ਸੱਭ ਤੋਂ ਵੱਡਾ ਧੱਬਾ ਹੈ ਜਿਸ ਨੂੰ ਲੁਕਾਉਣ ਲਈ 60 ਤੋਂ ਵੱਧ ਜਾਨਾਂ ਲਈਆਂ ਜਾ ਚੁਕੀਆਂ ਹਨ। ਭ੍ਰਿਸ਼ਟਾਚਾਰ ਨੂੰ ਪਹਿਲਾਂ ਭਾਜਪਾ ਦੇ ਵਿਹੜੇ 'ਚੋਂ ਬਾਹਰ ਕੱਢਣ ਦੀ ਜ਼ਰੂਰਤ ਹੈ। ਦੂਜਾ ਜੋ ਦੋ ਤਰ੍ਹਾਂ ਦੇ ਨਵੇਂ ਨੋਟ ਛਾਪਣ ਦਾ ਇਲਜ਼ਾਮ ਸੰਸਦ ਵਿਚ ਲਾਇਆ ਗਿਆ ਹੈ, ਉਸ ਬਾਰੇ ਸਪੱਸ਼ਟੀਕਰਨ ਦੇਣਾ ਜ਼ਰੂਰੀ ਹੈ। ਭਾਰਤ ਦਾ ਮੱਧ ਵਰਗ ਅਤੇ ਗ਼ਰੀਬ ਹੀ ਕੇਂਦਰ ਸਰਕਾਰ ਦੀਆਂ ਸਫ਼ਾਈ ਸਕੀਮਾਂ ਦਾ ਸ਼ਿਕਾਰ ਬਣਿਆ ਆ ਰਿਹਾ ਹੈ ਅਤੇ ਵੱਡੇ ਉਦਯੋਗਿਕ ਘਰਾਣੇ ਅਤੇ ਸਿਆਸਤਦਾਨ ਅਪਣੀ ਲੁੱਟ ਵਿਚ ਬੇਫ਼ਿਕਰ ਹੋ ਕੇ ਚਲਦੇ ਜਾ ਰਹੇ ਹਨ। ਪਾਨਾਮਾ ਪੇਪਰ ਦਾ ਮਾਮਲਾ ਜਿਸ ਵਿਚ ਅਦਾਨੀ ਤੋਂ ਲੈ ਕੇ ਅਮਿਤਾਬ ਬੱਚਨ ਤਕ ਵਰਗੇ ਭਾਜਪਾ ਸਮਰਥਕਾਂ ਦੇ ਨਾਂ ਵੀ ਸ਼ਾਮਲ ਹਨ, ਉਨ੍ਹਾਂ ਬਾਰੇ ਕੀ ਕੀਤਾ ਜਾ ਰਿਹਾ ਹੈ? ਭਾਰਤ ਦਾ ਇਕ ਚਮਕਦਾ ਭਵਿੱਖ ਵੇਖਣ ਵਾਲੇ ਸਾਡੇ ਪ੍ਰਧਾਨ ਮੰਤਰੀ ਉਚਾਈਆਂ ਤੋਂ ਉਤਰ ਕੇ ਸਾਡੇ ਨਾਲ ਜ਼ਮੀਨ ਤੇ ਆ ਕੇ ਵੇਖਣ ਤਾਂ ਸ਼ਾਇਦ ਕੁੱਝ ਸਮਝ ਸਕਣ ਕਿ ਭਾਰਤ ਦੀ ਅਸਲੀਅਤ ਕੀ ਹੈ।
ਪ੍ਰਧਾਨ ਮੰਤਰੀ ਦੇ ਭਾਸ਼ਣ 'ਚ ਸੱਭ ਤੋਂ ਜ਼ਿਆਦਾ ਜ਼ੋਰ ਕਸ਼ਮੀਰ ਉਤੇ ਟਿਕਿਆ ਰਿਹਾ। ਸਾਡੇ ਪਿਆਰ ਵੰਡਦੇ ਪ੍ਰਧਾਨ ਮੰਤਰੀ ਕਸ਼ਮੀਰ ਨੂੰ ਵੀ ਜੱਫੀਆਂ ਪਾ ਕੇ ਭਾਰਤ ਨਾਲ ਜੋੜਨਾ ਚਾਹੁੰਦੇ ਹਨ। ਭਾਰਤ ਨੂੰ ਜੋੜਨ ਦਾ ਫ਼ੈਸਲਾ ਲੈਣ ਵਾਲੇ ਪ੍ਰਧਾਨ ਮੰਤਰੀ ਦੀ ਸੱਭ ਤੋਂ ਪਹਿਲੀ ਉਲੰਘਣਾ ਉਨ੍ਹਾਂ ਦੇ ਅਪਣੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਵਿਚ ਕੀਤੀ ਹੈ। ਜਿਸ ਦਿਨ ਪ੍ਰਧਾਨ ਮੰਤਰੀ ਕਸ਼ਮੀਰ ਅਤੇ ਉਸ ਨਾਲ ਜੁੜੇ ਮੁਸਲਮਾਨਾਂ ਨੂੰ ਗਲ ਨਾਲ ਲਾਉਣ ਦੀ ਗੱਲ ਕਰ ਰਹੇ ਸਨ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਜ਼ਾਦੀ ਦੇ 70 ਸਾਲਾਂ ਵਿਚ ਪਹਿਲੀ ਵਾਰ ਮਦਰੱਸਿਆਂ ਨੂੰ ਆਜ਼ਾਦੀ ਦਿਵਸ ਮਨਾਉਣ ਦੇ ਹੁਕਮ ਦਿਤੇ ਅਤੇ ਫਿਰ ਉਸ ਦਾ ਸਬੂਤ ਸਰਕਾਰ ਨੂੰ ਪੇਸ਼ ਕਰਨ ਵਾਸਤੇ ਆਖਿਆ। ਮਦਰੱਸਿਆਂ ਵਿਚ ਪੜ੍ਹਨ ਵਾਲੇ ਮੁਸਲਮਾਨ ਬੱਚੇ ਉਨ੍ਹਾਂ ਪ੍ਰਵਾਰਾਂ ਵਿਚੋਂ ਹਨ ਜਿਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਦੀ ਵੰਡ ਮਗਰੋਂ ਭਾਰਤ ਨੂੰ ਅਪਣੀ ਮਰਜ਼ੀ ਨਾਲ ਅਪਣਾਇਆ। ਮਦਰੱਸਿਆਂ ਵਿਚ ਹਰ ਸਾਲ ਇਹ ਦਿਵਸ ਮਨਾਇਆ ਜਾਂਦਾ ਸੀ ਪਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੂੰ ਅਪਣੇ ਦੇਸ਼ ਪਿਆਰ ਦਾ ਸਬੂਤ ਦੇਣ ਦਾ ਹੁਕਮ ਦਿਤਾ ਗਿਆ। ਕਸ਼ਮੀਰ ਵਿਚ ਚਲ ਰਹੀ ਜੰਗ ਨੂੰ ਦੇਸ਼ ਵਿਚ ਮੁਸਲਮਾਨਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਤੇਜ਼ ਕਰਦਾ ਹੈ। ਕਸ਼ਮੀਰ ਵਿਚ ਫ਼ੌਜੀ ਕਸੂਰਵਾਰ ਨਹੀਂ ਕਿਉਂਕਿ ਉਹ ਸਰਕਾਰ ਦਾ ਹੁਕਮ ਮੰਨਦੇ ਹਨ ਅਤੇ ਸਰਕਾਰ ਦੇ ਹੁਕਮ ਗੋਲੀਆਂ ਵਰਸਾਉਣ ਦੇ ਹਨ ਨਾਕਿ ਜੱਫੀਆਂ ਪਾਉਣ ਦੇ। ਮੋਦੀ ਜੀ ਦੀ ਨਵੀਂ ਰਾਜਨੀਤੀ ਜੱਫੀਆਂ ਉਤੇ ਬੜਾ ਭਰੋਸਾ ਕਰਦੀ ਹੈ ਪਰ ਪਾਕਿਸਤਾਨ ਨੂੰ ਉਨ੍ਹਾਂ ਜੱਫੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਅੱਜ ਸਰਹੱਦਾਂ ਉਤੇ ਬਣਿਆ ਤਣਾਅ ਸੱਭ ਦੇ ਸਾਹਮਣੇ ਹੈ। ਕਸ਼ਮੀਰ ਦੀ ਅਸਲ ਲੋੜ ਨੂੰ ਸਮਝਣ ਦਾ ਜਿਗਰਾ ਅਜੇ ਤਕ ਕਿਸੇ ਸਿਆਸਤਦਾਨ ਨੇ ਨਹੀਂ ਵਿਖਾਇਆ।
ਫਿਰ ਗੱਲ ਆਈ ਸਾਡੇ ਬੇਰੁਜ਼ਗਾਰ ਨੌਜਵਾਨਾਂ ਦੀ। ਹਰ ਮਹੀਨੇ 10 ਲੱਖ ਲੋਕ ਰੁਜ਼ਗਾਰ ਪ੍ਰਾਪਤੀ ਦੀ ਉਮਰ ਵਿਚ ਪਹੁੰਚਦੇ ਹਨ ਅਤੇ ਭਾਜਪਾ ਸਰਕਾਰ ਉਨ੍ਹਾਂ ਨੂੰ ਕੰਮ ਰੁਜ਼ਗਾਰ ਦੇਣ ਵਿਚ ਅਸਮਰੱਥ ਰਹੀ ਹੈ। ਆਉਣ ਵਾਲੇ ਸਾਲਾਂ ਵਿਚ 30 ਕਰੋੜ ਨੌਜੁਆਨ ਨੌਕਰੀ ਦੀ ਭਾਲ ਵਿਚ ਭਾਰਤ ਦੀਆਂ ਸੜਕਾਂ ਉਤੇ ਉਤਰਨਗੇ ਅਤੇ ਮੋਦੀ ਜੀ ਉਨ੍ਹਾਂ ਨੂੰ ਨੌਕਰੀ ਪੈਦਾ ਕਰਨ ਵਾਲੀ ਫ਼ੌਜ ਕਹਿ ਰਹੇ ਹਨ ਪਰ ਹਕੀਕਤ ਇਹ ਹੈ ਕਿ ਇਨ੍ਹਾਂ ਵਾਸਤੇ ਨਾ ਕੋਈ ਨੌਕਰੀ ਹੋਵੇਗੀ ਅਤੇ ਨਾ ਕੋਈ ਨੌਕਰੀ ਪੈਦਾ ਕਰਨ ਦਾ ਤਰੀਕਾ।
ਲਫ਼ਜ਼ਾਂ ਨੂੰ ਤੋੜ-ਮਰੋੜ ਕੇ ਲੱਛੇਦਾਰ ਭਾਸ਼ਣ ਦੇਣਾ, ਬੁਲਾਰੇ ਜਾਂ ਲੀਡਰ ਦੀ ਕਾਬਲੀਅਤ ਦਾ ਲੋਹਾ ਤਾਂ ਮਨਵਾ ਲੈਂਦਾ ਹੈ ਅਤੇ ਪ੍ਰਧਾਨ ਮੰਤਰੀ ਤੋਂ ਵਧੀਆ ਸੁਪਨਿਆਂ ਦਾ ਸੌਦਾਗਰ ਤਾਂ ਕੋਈ ਹੋ ਹੀ ਨਹੀਂ ਸਕਦਾ ਪਰ ਜਦੋਂ ਜਨਤਾ ਸੁਪਨਿਆਂ ਦੀ ਦੁਨੀਆਂ 'ਚੋਂ ਬਾਹਰ ਨਿਕਲ ਕੇ ਵੇਖਣ ਲੱਗ ਪਈ ਤਾਂ ਹਕੀਕਤ ਵੇਖ ਕੇ ਉਸ ਦੀ ਹਾਲਤ ਵੇਖਣ ਵਾਲੀ ਹੀ ਹੋਵੇਗੀ। ਭਾਜਪਾ ਕੋਲ ਅਜੇ ਵੀ ਦੋ ਸਾਲ ਬਾਕੀ ਹਨ। ਅਪਣੇ ਵਲੋਂ ਕੀਤੇ ਕਿਸੇ ਇਕ ਵੀ ਵਾਅਦੇ ਨੂੰ ਪੂਰਾ ਕਰ ਕੇ ਆਮ ਭਾਰਤੀ ਅੱਗੇ ਅਪਣਾ 'ਚਮਤਕਾਰ' ਰੱਖ ਵੇਖਣ। ਡਾ. ਮਨਮੋਹਨ ਸਿੰਘ ਦੀਆਂ ਬਣਾਈਆਂ ਯੋਜਨਾਵਾਂ ਨੂੰ ਲਾਗੂ ਕਰਨ ਸਮੇਂ ਵੀ ਅਮਲ ਦੇ ਮੈਦਾਨ ਵਿਚ, ਬੜਾ ਕੁੱਝ ਅਫ਼ਸੋਸਨਾਕ ਵੇਖਣ ਨੂੰ ਮਿਲ ਰਿਹਾ ਹੈ। ਹਰ ਪਲ ਵਧਦੀ ਆਬਾਦੀ ਅਤੇ ਗ਼ਰੀਬੀ ਨਾਲ ਜੁੜੀਆਂ ਸਮੱਸਿਆਵਾਂ ਜਾਂ ਨਫ਼ਰਤ ਤੇ ਦੂਰੀਆਂ ਨੂੰ ਘਟਾਉਣ ਲਈ, ਮੋਦੀ ਜੀ ਦਾ ਇਹ ਭਾਸ਼ਣ ਉਨ੍ਹਾਂ ਨੂੰ ਜਨਤਾ ਦਾ ਪਹਿਲਾਂ ਵਰਗਾ ਸਾਥ ਨਹੀਂ ਦਿਵਾ ਸਕੇਗਾ।  -ਨਿਮਰਤ ਕੌਰ