ਪੰਜਾਬ ਵਿਚ ਕਰਫ਼ਿਊ ਕਿਉਂ ਲਾਉਣਾ ਪਿਆ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਿਉਂਕਿ ਕੋਰੋਨਾ ਵਿਰੁਧ ਜੰਗ ਲੜਨ ਸਮੇਂ ਪੰਜਾਬੀ 'ਅਟੈਨਸ਼ਨ' (ਸਾਵਧਾਨ) ਨਹੀਂ ਸਨ ਹੋ ਰਹੇ!

File Photo

ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਉਸ ਨੌਜੁਆਨ ਦੀ ਕੁਰਬਾਨੀ ਨੂੰ ਯਾਦ ਕਰ ਕੇ ਅੰਤ ਅੱਜ ਦੀ ਪੜ੍ਹੀ-ਲਿਖੀ ਨੌਜੁਆਨ ਪੀੜ੍ਹੀ ਨੂੰ ਵੇਖ ਕੇ ਸੋਚਣਾ ਪੈਂਦਾ ਹੈ ਕਿ ਕਿਥੇ ਆ ਕੇ ਭਟਕ ਗਏ ਹਾਂ ਅਸੀਂ? ਭਗਤ ਸਿੰਘ ਵਰਗੇ ਨੌਜੁਆਨ ਦੇਸ਼ ਨੂੰ ਆਜ਼ਾਦੀ ਦਿਵਾ ਕੇ ਗਏ ਸਨ ਤਾਕਿ ਆਉਣ ਵਾਲੀ ਪੀੜ੍ਹੀ ਆਜ਼ਾਦ ਹਵਾ ਵਿਚ ਸਾਹ ਲੈ ਸਕੇ। ਉਹ ਦੇਸ਼ ਦੀ ਗ਼ੁਲਾਮੀ ਦੀਆਂ ਕੜੀਆਂ ਬੇੜੀਆਂ ਤੋੜ ਕੇ ਗਏ ਸਨ ਤਾਕਿ ਉਨ੍ਹਾਂ ਦੀ ਸੋਚ ਆਜ਼ਾਦ ਹੋਵੇ। ਭਾਵੇਂ ਕੁੱਝ ਨੌਜੁਆਨ ਦੇਸ਼ ਦੀ ਆਵਾਜ਼ ਬਣ ਵੀ ਰਹੇ ਹਨ 

ਪਰ ਜ਼ਿਆਦਾਤਰ ਲੋਕਾਂ ਦਾ ਸੱਚ ਇਸ ਜਨਤਾ ਕਰਫ਼ੀਊ ਵਿਚ ਸਾਹਮਣੇ ਆ ਗਿਆ। ਬੰਦੂਕ ਦੀ ਨੋਕ ਨੂੰ ਵੇਖ ਕੇ ਵੀ ਭਗਤ ਸਿੰਘ ਵਰਗੇ ਗ਼ਲਤ ਨੂੰ ਗ਼ਲਤ ਆਖਣ ਦੀ ਹਿੰਮਤ ਰਖਦੇ ਸਨ। ਪਰ ਅੱਜ ਦੇ ਨੌਜੁਆਨਾਂ ਵਿਚ ਏਨੀ ਹਿੰਮਤ ਨਹੀਂ ਰਹੀ ਕਿ ਉਹ ਆਖ ਸਕਣ ਕਿ ਤਾੜੀਆਂ ਤੇ ਥਾਲੀਆਂ ਵਜਾਉਣ ਦਾ ਸਮਾਂ ਅਜੇ ਨਹੀਂ ਆਇਆ। ਸਾਰੇ ਦੇ ਸਾਰੇ ਫ਼ਿਲਮੀ ਸਿਤਾਰੇ ਅਪਣੇ ਘਰਾਂ ਵਿਚ ਖਲੋ ਕੇ ਥਾਲੀਆਂ ਵਜਾ ਰਹੇ ਸਨ,

ਸਿਰਫ਼ ਇਹ ਵਿਖਾਉਣ ਲਈ ਕਿ ਅਸੀਂ ਹਾਕਮ ਦਾ ਹਰ ਹੁਕਮ ਮੰਨਣ ਵਾਲੇ ਲੋਕ ਹਾਂ, ਸਾਡੀਆਂ ਫ਼ਿਲਮਾਂ ਨਾ ਰੋਕੋ। ਇਹੀ ਭੇਡਚਾਲ ਵੱਡੇ ਉਦਯੋਗਪਤੀਆਂ ਅਤੇ ਨਾਮਵਰ ਹਸਤੀਆਂ ਵਿਚ ਵੀ ਨਜ਼ਰ ਆਈ। ਇਸ ਦਾ ਸਿੱਟਾ ਕੀ ਨਿਕਲਿਆ? ਜਨਤਾ ਕਰਫ਼ੀਊ ਤੇ ਜਨਤਾ ਰੈਲੀਆਂ ਜਸ਼ਨ ਮਨਾਏ ਜਾਣ ਦਾ ਰੂਪ ਧਾਰ ਗਏ। ਲੋਕਾਂ ਦੇ ਮਨਾਂ ਵਿਚ ਵਹਿਮ ਪੈਦਾ ਕੀਤਾ ਗਿਆ ਕਿ ਘੰਟੀ ਵਜਾਉਣ ਨਾਲ ਕੋਰੋਨਾ ਵਾਇਰਸ ਚਲਾ ਜਾਵੇਗਾ

ਅਤੇ ਲੋਕਾਂ ਨੇ ਇਸ ਵਹਿਮ ਦੇ ਅਸਰ ਹੇਠ ਕਰਫ਼ੀਊ ਦੀਆਂ ਧੱਜੀਆਂ ਉਡਾਈਆਂ। 100 ਤੋਂ ਲੈ ਕੇ 500 ਲੋਕ ਇਕੱਠੇ ਹੋ ਕੇ ਤਾੜੀਆਂ, ਭਾਂਡੇ ਵਜਾਉਂਦੇ ਨਜ਼ਰ ਆਏ। ਜਲੂਸ ਕੱਢੇ ਗਏ ਅਤੇ ਇਨ੍ਹਾਂ 'ਚ ਸੱਭ ਦੇ ਅੱਗੇ ਨੌਜੁਆਨ ਨੱਚ ਰਹੇ ਸਨ। ਫ਼ੋਨ ਦੀਆਂ ਘੰਟੀਆਂ ਨੂੰ ਬਦਲ ਕੇ ਹਰ ਵਾਰ ਚੇਤਾਵਨੀ ਦੁਹਰਾਈ ਗਈ ਕਿ ਇਕ-ਦੂਜੇ ਤੋਂ ਦੂਰੀ ਬਣਾਉ। ਸਾਨੂੰ ਨਹੀਂ ਪਤਾ ਕਿ ਅੱਜ ਕਿਸੇ ਨੂੰ ਇਹ ਵਾਇਰਸ ਹੈ ਵੀ ਜਾਂ ਨਹੀਂ।

ਬਚਾਅ ਸਿਰਫ਼ ਇਕ ਦੂਜੇ ਤੋਂ ਦੂਰੀ ਰੱਖਣ 'ਚ ਹੈ। ਪਰ ਸਾਰਾ ਦਿਨ ਘਰ ਅੰਦਰ ਰਹਿ ਕੇ ਲੋਕਾਂ ਨੇ ਸਾਰੀ ਅਹਿਤਿਆਤ ਨੂੰ ਪੰਜ ਵਜੇ ਤਾਕ ਤੇ ਰੱਖ ਦਿਤਾ। ਗ਼ਲਤੀ ਕਿਸ ਦੀ ਹੈ? ਕੀ ਇਹ ਸਮਾਂ ਤਾੜੀਆਂ ਮਾਰਨ ਦਾ ਸੀ? ਪ੍ਰਧਾਨ ਮੰਤਰੀ ਉਤੇ ਲੋਕਾਂ ਦਾ ਵਿਸ਼ਵਾਸ ਵੇਖ ਕੇ ਉਨ੍ਹਾਂ ਦੀ ਲੀਡਰਸ਼ਿਪ ਕੁਆਲਟੀ ਲਈ ਤਾੜੀਆਂ ਵਜਾਉਣੀਆਂ ਬਣਦੀਆਂ ਹਨ। ਕਾਰਨ ਇਹ ਕਿ ਪ੍ਰਧਾਨ ਮੰਤਰੀ ਵੀ ਅਪਣੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਉਹ ਆਮ ਲੋਕਾਂ ਵਿਚੋਂ ਹੀ ਉਠ ਕੇ ਆਏ ਹਨ ਅਤੇ ਅਪਣੀ ਜਨਤਾ ਦੀ ਰਗ-ਰਗ ਨੂੰ ਪਛਾਣਦੇ ਹਨ। ਉਹ ਆਮ ਲੋਕਾਂ ਦੇ ਦਿਲ ਦੀ ਜ਼ੁਬਾਨ ਨੂੰ ਸਮਝਦੇ ਹੋਣ ਕਰ ਕੇ, ਉਨ੍ਹਾਂ ਨੂੰ ਅਸਲ ਮਸਲਾ ਸਮਝਾਉਣ ਦੀ ਥਾਂ, ਇਕ ਦਿਨ ਨੂੰ ਰਸਮ ਦੇ ਤੌਰ ਤੇ 'ਮਨਾਉਣ' ਲਈ ਉਤਸ਼ਾਹਤ ਕਰ ਗਏ ਜੋ ਭਾਰਤੀਆਂ ਨੂੰ ਚੰਗਾ ਲਗਦਾ ਹੈ। ਜਦਕਿ ਅੱਜ ਲੋੜ ਇਸ ਗੱਲ ਦੀ ਸੀ ਕਿ ਲੋਕਾਂ ਦੇ ਮਨਾਂ ਉਤੇ ਮੁੜ ਤੋਂ ਇਕ ਜੰਗ ਦੇ ਸਿਪਾਹੀ ਹੋਣ ਦਾ ਅਹਿਸਾਸ ਜਗਾਇਆ ਜਾਵੇ

ਅਤੇ ਘਰ ਅੰਦਰ ਬੈਠਣ ਨੂੰ ਵੀ ਸਰਹੱਦ ਤੇ ਤਾਇਨਾਤ ਇਕ ਫ਼ੌਜੀ ਦੀ ਡਿਊਟੀ ਵਜੋਂ ਸਮਝਾਇਆ ਜਾਵੇ ਜਿਸ ਵਿਚ ਤਾੜੀਆਂ ਮਾਰਨ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਇਸ ਦੇਸ਼ ਵਿਚ ਸੱਭ ਤੋਂ ਵੱਡੀ ਮੁਸ਼ਕਲ ਹੈ ਅੰਧਵਿਸ਼ਵਾਸ ਅਤੇ ਰਾਜਸੀ ਲੋਕਾਂ ਵਲੋਂ ਉਸ ਦੀ ਦੁਰਵਰਤੋਂ ਕਰਨਾ। ਸਾਡੇ ਸਿਆਸਤਦਾਨ ਚਾਹੁੰਦੇ ਹੀ ਨਹੀਂ ਕਿ ਦੇਸ਼ ਦੇ ਨਾਗਰਿਕ ਜਾਗਰੂਕ ਹੋਣ। ਜਾਗਰੂਕ ਨਾਗਰਿਕ ਸਵਾਲ ਪੁਛਦੇ ਹਨ, ਤੱਥਾਂ ਨੂੰ ਟਟੋਲਦੇ ਹਨ, ਅਤੇ ਸਰਕਾਰ ਨੂੰ ਕੰਮ ਕਰਨ ਲਈ ਮਜਬੂਰ ਕਰਦੇ ਹਨ।

ਪਰ ਅੱਜ ਜਾਗਰੂਕਤਾ ਤੇ ਸਵਾਲ ਪੁੱਛਣ ਨੂੰ ਦੇਸ਼-ਵਿਰੋਧੀ ਕੰਮ ਸਮਝਿਆ ਜਾਣ ਲੱਗਾ ਹੈ। ਹਰ ਧਰਮ ਇਸ ਕੋਰੋਨਾ ਦੇ ਸਿਰ ਤੇ ਚੜ੍ਹ ਕੇ ਅਪਣੀ ਚੜ੍ਹਤ ਬਣਾ ਰਿਹਾ ਹੈ। ਇਕ ਮੁਸਲਮਾਨ ਸਮਾਜਸੇਵੀ ਕੈਮਰੇ ਸਾਹਮਣੇ ਇਹ ਕਹਿੰਦੀ ਸੁਣਾਈ ਦਿਤੀ ਕਿ ਕੋਰੋਨਾ ਤੇ ਕੁਰਾਨ ਕੱਕੇ ਅੱਖਰ ਨਾਲ ਸ਼ੁਰੂ ਹੁੰਦੇ ਹਨ, ਇਸ ਲਈ ਕੋਰੋਨਾ ਬੀਮਾਰੀ ਮੁਸਲਮਾਨਾਂ ਨੂੰ ਨਹੀਂ ਲੱਗ ਸਕਦੀ।

ਗੁਰੂਘਰਾਂ, ਮਸਜਿਦਾਂ, ਮੰਦਰਾਂ ਅਤੇ ਗਿਰਜਾਂ ਘਰਾਂ 'ਚ ਲੋਕ ਦੁਆਵਾਂ ਮੰਗਣ ਜਾ ਰਹੇ ਹਨ ਪਰ ਅੱਜ ਇਨ੍ਹਾਂ ਨੂੰ ਅਗਵਾਈ ਕਿਸੇ ਧਰਮ ਅਸਥਾਨ ਤੋਂ ਨਹੀਂ ਮਿਲ ਰਹੀ, ਕੁਝ ਅਸਥਾਨਾਂ ਤੋਂ ਅੰਧ-ਵਿਸ਼ਵਾਸ ਤੇ ਝੂਠੇ ਦਿਲਾਸੇ ਜ਼ਰੂਰ ਮਿਲ ਰਹੇ ਹਨ। ਰੱਬ ਕੀ ਕਰੇਗਾ ਜੇ ਤੁਸੀ ਅਪਣੀ ਮਦਦ ਆਪ ਨਹੀਂ ਕਰੋਗੇ? ਸੜਕਾਂ ਉਤੇ ਘੁੰਮਣ ਵਾਲਿਆਂ ਸਦਕਾ, ਪੰਜਾਬ ਸਰਕਾਰ ਕੋਲ ਕਰਫ਼ੀਊ ਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਬਚਿਆ। ਭਾਰਤ ਵਿਚ ਕੋਵਿਡ-19 ਸੱਭ ਤੋਂ ਅਖ਼ੀਰ ਵਿਚ ਆਇਆ।

ਕੁਦਰਤ ਚਾਹੁੰਦੀ ਸੀ ਕਿ ਇਹ ਦੇਸ਼ ਦੁਨੀਆਂ ਦੇ ਤਜਰਬੇ ਤੋਂ ਸਿਖ ਲਵੇ। ਪਰ ਜੋ ਲੋਕ ਅਪਣੇ 70 ਸਾਲ ਪਹਿਲਾਂ ਹੋਏ ਸ਼ਹੀਦਾਂ ਨੂੰ ਵੀ ਭੁਲ ਗਏ ਹਨ, ਉਨ੍ਹਾਂ ਨੂੰ ਅਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੋ ਸਕਦਾ। ਅਜੇ ਵੀ ਕੋਵਿਡ-19 ਨੂੰ ਰੋਕਣ ਵਾਸਤੇ ਸਾਰਾ ਪੰਜਾਬ ਜ਼ਿੰਮਵਾਰੀ ਨਾਲ ਕਰਫ਼ੀਊ ਦੀ ਪਾਲਣਾ ਕਰ ਸਕਦਾ ਹੈ ਅਤੇ ਅਪਣੇ ਆਪ ਨੂੰ ਬਚਾ ਸਕਦਾ ਹੈ।  -ਨਿਮਰਤ ਕੌਰ