ਬੰਬਈਆ ਫ਼ਿਲਮਾਂ ਵਰਗਾ ਮਹਾਰਾਸ਼ਟਰ ਕਾਂਡ ਜਿਸ ਵਿਚ ਹਰ ਐਕਟਰ ਸਚਮੁਚ ਦਾ ਸਿਆਸਤਦਾਨ ਹੈ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਹ ਸਾਡੇ ਦੇਸ਼ ਦੀ ਅਸਲੀਅਤ ਹੈ, ਜਿਥੇ ਅਪਰਾਧ ਜਗਤ ਤੋਂ ਵੀ ਜ਼ਿਆਦਾ ਖ਼ਤਰਨਾਕ ਲੋਕਾਂ ਦੀ ਦੁਨੀਆਂ ਹੈ ਜਿਸ ਨੂੰ ਤਾਕਤਵਾਰ ਲੋਕ ਚਲਾਉਂਦੇ ਹਨ

Anil Deshmukh

ਜੋ ਕੁੱਝ ਮਹਾਰਾਸ਼ਟਰ ਵਿਚ ਵਾਪਰ ਰਿਹਾ ਹੈ, ਉਹ ਕਿਸੇ ਬੰਬਈਆ ਫ਼ਿਲਮ ਦੀ ਕਹਾਣੀ ਵਰਗਾ ਲਗਦਾ ਹੈ। ਇਹ ਕਹਾਣੀ ਉਦੋਂ ਬਾਹਰ ਨਿਕਲਣੀ ਸ਼ੁਰੂ ਹੁੰਦੀ ਹੈ ਜਦੋਂ ਭਾਰਤ ਦੇ ਸੱਭ ਤੋਂ ਅਮੀਰ ਹੀ ਨਹੀਂ ਬਲਕਿ ਦੁਨੀਆਂ ਦੇ ਪੰਜ ਵੱਡੇ ਅਮੀਰਾਂ ਦੀ ਸੂਚੀ ਵਿਚ ਆਉਣ ਵਾਲੇ ਮੁਕੇਸ਼ ਅੰਬਾਨੀ ਦੇ ਘਰ ਅੱਗੇ ਬਾਰੂਦੀ ਮਾਦੇ ਨਾਲ ਭਰੀ ਗੱਡੀ ਮਿਲਦੀ ਹੈ। ਜਿਸ ਬੰਦੇ ਦੀ ਇਹ ਗੱਡੀ ਸੀ, ਕੁੱਝ ਸਮੇਂ ਬਾਅਦ ਉਸ ਦੀ ਲਾਸ਼ ਵੀ ਮਿਲ ਜਾਂਦੀ ਹੈ। ਅਤਿਵਾਦੀ ਗਰੋਹ ਦੇ ਮਾਮਲਿਆਂ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਕਹਾਣੀ ਦਾ ਹੀਰੋ ਸਚਿਨ ਵਾਜੇ ਜੋ ਇਸ ਪੁਲਿਸ ਅਫ਼ਸਰ ਹੈ, ਇਸ ਕਹਾਣੀ ਵਿਚ ਮੁੱਖ ਕਿਰਦਾਰ ਵਜੋਂ ਸਾਹਮਣੇ ਆਉਂਦਾ ਹੈ।

ਜਿਸ ਸਚਿਨ ਵਾਜੇ ਨੂੰ ਇਸ ਕੇਸ ਦੀ ਜਾਂਚ ਪੜਤਾਲ ਲਈ ਲਗਾਇਆ ਗਿਆ, ਉਹ 17 ਸਾਲ ਤੋਂ ਮੁੰਬਈ ਪੁਲਿਸ ਫ਼ੋਰਸ ’ਚੋਂ ਨਿਲੰਬਤ ਰਿਹਾ ਕਿਉਂਕਿ ਉਸ ਵਲੋਂ ਇਕ ਕੈਦੀ ਤੇ ਏਨਾ ਤਸ਼ੱਦਦ ਕੀਤਾ ਗਿਆ ਕਿ ਉਸ ਕੈਦੀ ਦੀ ਮੌਤ ਹੋ ਗਈ। ਐਨਕਾਊਂਟਰ ਸਪੈਸ਼ਲਿਸਟ-67 ਨਾਮੀ ਅਪਰਾਧੀ ਨੂੰ ਮਾਰਨ ਵਾਲੇ ਸਚਿਨ ਵਾਜੇ ਨੂੰ ਕੁੱਝ ਮਹੀਨਿਆਂ ਬਾਅਦ ਜ਼ਮਾਨਤ ਮਿਲ ਗਈ ਸੀ ਜਿਸ ਤੋਂ ਬਾਅਦ ਉਹ ਸ਼ਿਵ ਸੈਨਾ ਦਾ ਹਿੱਸਾ ਬਣ ਗਿਆ। ਵਾਜੇ ਸਿਰਫ਼ ਮਾਰਨ ਲਈ ਹੀ ਮਸ਼ਹੂਰ ਨਹੀਂ ਸੀ ਬਲਕਿ ਉਹ ਅਪਣੇ ਸਮੇਂ ਦਾ ਸਾਈਬਰ ਮਾਹਰ ਵੀ ਮੰਨਿਆ ਜਾਂਦਾ ਸੀ। ਉਸ ਦੀ ਸਫ਼ਲਤਾ ਦਾ ਕਾਰਨ ਇਸ ਤਕਨੀਕ ਦਾ ਵਿਕਾਸ ਤੇ ਉਸ ਵਲੋਂ ਇਸ ਦੀ ਵਰਤੋਂ ਹੈ। ਇਕ ਸ੍ਰੋਤ ਇਹ ਵੀ ਦਾਅਵਾ ਕਰਦਾ ਹੈ ਕਿ ਸਚਿਨ ਵਾਜੇ ਨੂੰ ਖ਼ਵਾਜਾ ਯੂਸਫ਼ ਦੇ ਕਤਲ ਦੇ ਮਾਮਲੇ ਵਿਚ ਅਪਰਾਧ ਜਗਤ ਨੇ ਫਸਾਇਆ ਸੀ ਕਿਉਂਕਿ ਵਾਜੇ ਉਥੇ ਪਹੁੰਚ ਰਿਹਾ ਸੀ ਜਿਥੇ ਲੋਕ ਘੱਟ ਹੀ ਪਹੁੰਚਣ ਦਾ ਹੌਸਲਾ ਰਖਦੇ ਹਨ।

ਜਿਸ ਸਮੇਂ ਅੰਬਾਨੀ ਦੇ ਘਰ ਅੱਗੇ ਬਾਰੂਦੀ ਅਸਲੇ ਵਾਲੀ ਗੱਡੀ ਦੇ ਮਾਮਲੇ ਦੀ ਵਾਜੇ ਜਾਂਚ ਪੜਤਾਲ ਕਰ ਰਹੇ ਸਨ, ਜੋ ਐਨਆਈਏ ਅਧੀਨ ਆਉਂਦੀ ਹੈ, ਉਹ ਸਚਿਨ ਵਾਜੇ ਨੂੰ ਉਸੇ ਬਾਰੂਦੀ ਗੱਡੀ ਦੇ ਮਾਲਕ, ਹੀਰਨ ਦੇ ਕਤਲ ਦੇ ਮਾਮਲੇ ਵਿਚ ਚੁੱਕ ਲੈਂਦੀ ਹੈ। ਫਿਰ ਅਫ਼ਵਾਹ ਫੈਲਦੀ ਹੈ ਕਿ ਸਚਿਨ ਵਾਜੇ ਨੂੰ ਮੁੱਖ ਮੰਤਰੀ ਆਪ ਚੁਣ ਕੇ ਵਾਪਸ ਮੁੰਬਈ ਸਪੈਸ਼ਲ ਬ੍ਰਾਂਚ ਵਿਚ ਲੈ ਕੇ ਆਏ ਸਨ ਕਿਉਂਕਿ ਉਹ ਉਨ੍ਹਾਂ ਦਾ ਖ਼ਾਸਮ ਖ਼ਾਸ ਸੀ। ਬਹਾਲ ਹੋਣ ਤੋਂ ਬਾਅਦ ਜਦ ਇਲਜ਼ਾਮ ਮੁੱਖ ਮੰਤਰੀ ਤੇ ਲੱਗ ਰਹੇ ਸਨ ਤਾਂ ਵਾਜੇ ਰਿਪਬਲਿਕ ਟੀਵੀ ਟੀਆਰਪੀ ਘੁਟਾਲੇ ਵਰਗੇ ਕੇਸ ਤੇ ਕੰਮ ਕਰ ਰਿਹਾ ਸੀ। ਮੁੰਬਈ ਦੇ ਡੀਜੀਪੀ ਦੀ ਇਕ ਹੋਰ ਚਿੱਠੀ ਸਾਹਮਣੇ ਆਉਂਦੀ ਹੈ ਜਿਸ ਵਿਚ ਲਿਖਿਆ ਹੁੰਦਾ ਹੈ ਕਿ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਉਨ੍ਹਾਂ ਨੂੰ ਹਰ ਹਫ਼ਤੇ 100 ਕਰੋੜ ਇਕੱਠਾ ਕਰ ਕੇ ਦੇਣ ਦੀ ਮੰਗ ਕੀਤੀ ਸੀ। ਇਹ ਚਿੱਠੀ ਡੀਜੀਪੀ ਨੂੰ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਤਬਦੀਲ ਕਰਨ ਮਗਰੋਂ ਹੀ ਸਾਹਮਣੇ ਆਈ।

ਇਸ ਤੋਂ ਬਾਅਦ ਇਹ ਮਾਮਲਾ ਪੇਚੀਦਾ ਹੀ ਹੁੰਦਾ ਜਾ ਰਿਹਾ ਹੈ ਅਤੇ ਹੁਣ ਭਾਰਤੀ ਸਦਨ ਵਿਚ ਮੁੱਖ ਮੰਤਰੀ ਠਾਕਰੇ ਦਾ ਅਸਤੀਫ਼ਾ ਮੰਗਣ ਤਕ ਪਹੁੰਚ ਗਿਆ ਹੈ। ਹੁਣ ਅਸਲੀਅਤ  ਕੀ ਹੈ, ਉਸ ਬਾਰੇ ਕੋਈ ਕੁੱਝ ਨਹੀਂ ਆਖ ਸਕਦਾ ਕਿਉਂਕਿ ਇਹ ਸੱਭ ਸ਼ਿਵ ਸੈਨਾ ਤੇ ਭਾਜਪਾ ਵਿਚਕਾਰ ਰਿਸ਼ਤੇ ਤਿੜਕਣ ਤੋਂ ਬਾਅਦ ਸਾਹਮਣੇ ਆਇਆ ਹੈ। ਭਾਜਪਾ ਲਈ ਮਹਾਰਾਸ਼ਟਰ ਦੀ ਚੋਣ ਹਾਰਨੀ ਇਕ ਵੱਡੀ ਸੱਟ ਸੀ ਤੇ ਸ਼ਿਵ ਸੈਨਾ ਦੇ ਰਾਜ ਵਿਚ ਮਹਾਰਾਸ਼ਟਰ, ਭਾਜਪਾ ਲਈ ਇਕ ਬਾਗ਼ੀ ਸੂਬਾ ਹੀ ਮੰਨਿਆ ਜਾਂਦਾ ਹੈ। ਕਿਸੇ ਹੋਰ ਸੂਬੇ ਦੀ ਸਰਕਾਰ ਨੇ ਅਰਨਬ ਗੋਸਵਾਮੀ ਵਿਰੁਧ ਕਦਮ ਚੁੱਕਣ ਦੀ ਹਿੰਮਤ ਨਹੀਂ ਸੀ ਕਰਨੀ। ਪਰ ਅਫ਼ਸੋਸ ਕਿ ਇਹ ਕਿਸੇ ਲੇਖਕ ਵਲੋਂ ਲਿਖੀ ਜਾਂ ਤਿਆਰ ਕੀਤੀ ਬਾਲੀਵੁਡ ਫ਼ਿਲਮ ਨਹੀਂ ਸਗੋਂ ਸੱਚੀਮੁੱਚੀ ਵਾਪਰੀ ਘਟਨਾ ਹੈ ਜੋ ਸ਼ਾਇਦ ਦੋ ਸਿਆਸੀ ਤਾਕਤਾਂ ਦੀ ਆਪਸੀ ਰੰਜਿਸ਼ ਕਾਰਨ ਫ਼ਿਲਮੀ ਕਹਾਣੀ ਦਾ ਰੂਪ ਲੈਂਦੀ ਜਾਪ ਰਹੀ ਹੈ। ਇਸ ਦੇ ਨੰਗੇ ਹੋਣ ਪਿਛੇ ਦਾ ਅਸਲ ਕਾਰਨ ਵੀ ਇਹੀ ਹੈ ਕਿ ਇਹ ਸਿਆਸਤਦਾਨ ਇਕ ਦੂਜੇ ਦੀ ਕਮਜ਼ੋਰੀ ਪਛਾਣਦੇ ਹਨ ਕਿਉਂਕਿ ਉਹ ਆਪ ਵੀ ਉਸੇ ਦਰੱਖ਼ਤ ਦੇ ਟਾਹਣ ਹਨ ਜਿਸ ਦਰੱਖ਼ਤ ਵਿਚੋਂ ਉਨ੍ਹਾਂ ਦੇ ‘ਸ਼ਰੀਕ’ ਉਗਮੇ ਸਨ।

ਇਕ ਪੁਲਿਸ ਕਮਿਸ਼ਨਰ ਕਿਸ ਤਰ੍ਹਾਂ ਅਪਣੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਿਰੁਧ ਆਵਾਜ਼ ਚੁੱਕਣ ਦਾ ਹੌਂਸਲਾ ਕਰ ਸਕਦੇ ਹਨ? ਉਨ੍ਹਾਂ ਪਿਛੇ ਵੀ ਕੋਈ ਤਾਕਤ ਹੋਵੇਗੀ। ਕੀ ਉਹ ਵਾਜੇ ਨਾਲ ਮਿਲ ਕੇ ਅੰਬਾਨੀ ਨੂੰ ਠੱਗ ਕੇ ਪੈਸੇ ਲੈਣ ਦਾ ਯਤਨ ਕਰ ਰਹੇ ਸਨ? ਐਨਆਈਏ ਨੂੰ ਵਿਚ ਕਿਉਂ ਆਉਣਾ ਪਿਆ? ਅਜਿਹੀਆਂ ਅਟਕਲਾਂ ਤੋਂ ਇਲਾਵਾ ਕੋਈ ਹੋਰ ਕਾਰਨ ਤਾਂ ਨਹੀਂ ਸੀ? ਦਿੱਕਤ ਇਹ ਹੈ ਕਿ ਦੋਵੇਂ ਧਿਰਾਂ ਹੀ ਸਾਫ਼ ਨਹੀਂ ਜਾਪਦੀਆਂ। ਦੋਹਾਂ ਦੀ ਕਹਾਣੀ ਵਿਚ ਕਈ ਸਵਾਲ ਅਣਸੁਲਝੇ ਖੜੇ ਹਨ ਪਰ ਤਕਲੀਫ਼ ਇਸ ਗੱਲ ਦੀ ਹੈ ਕਿ ਇਹ ਕੋਈ ਫ਼ਿਲਮ ਨਹੀਂ ਸੱਚੀ ਵਾਰਤਾ ਹੈ। ਫ਼ਿਲਮ ਹੁੰਦੀ ਤਾਂ ਵੇਖਣ ਵਾਲੇ ਸਵਾਲਾਂ ਦੀ ਚਰਚਾ ਕਰਦੇ ਵਾਪਸ ਘਰ ਆ ਜਾਂਦੇ ਤੇ ਕੁੱਝ ਸਮੇਂ ਬਾਅਦ ਭੁੱਲ ਜਾਂਦੇ। ਪਰ ਇਹ ਸਾਡੇ ਦੇਸ਼ ਦੀ ਅਸਲੀਅਤ ਹੈ, ਜਿਥੇ ਅਪਰਾਧ ਜਗਤ ਤੋਂ ਵੀ ਜ਼ਿਆਦਾ ਖ਼ਤਰਨਾਕ ਲੋਕਾਂ ਦੀ ਦੁਨੀਆਂ ਹੈ ਜਿਸ ਨੂੰ ਤਾਕਤਵਾਰ ਲੋਕ ਚਲਾਉਂਦੇ ਹਨ ਤੇ ਜਿਸ ਪਿਛੇ ਅਰਬਾਂ ਦੀ ਖੇਡ ਚਲਦੀ ਹੈ। ਅਸੀ ਇਹ ਖੇਡ ਖੇਡੀ ਜਾਂਦੀ ਵੇਖ ਕੇ ਹੈਰਾਨ ਪ੍ਰੇਸ਼ਾਨ ਹੀ ਹੋ ਸਕਦੇ ਹਾਂ ਕਿਉਂਕਿ ਅਸੀ ਆਮ ਭਾਰਤੀ ਹਾਂ ਜੋ ਤਮਾਸ਼ਬੀਨ ਬਣਨ ਤੋਂ ਵੱਧ ਕੁੱਝ ਨਹੀਂ ਕਰ ਸਕਦੇ।   -                                             ਨਿਮਰਤ ਕੌਰ