ਬਹੁਤੇ ਕਲਾਕਾਰ ਮੋਮ ਦੇ ਪੁਤਲੇ ਬਣ ਚੁੱਕੇ ਹਨ - ਅਕਸ਼ੈ ਕੁਮਾਰ ਵਾਂਗ ਕਲਾ ਵੇਚੋ ਤੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਨੁਪਮ ਖੇਰ ਵਲੋਂ ਡਾ. ਮਨਮੋਹਨ ਸਿੰਘ ਦਾ ਫ਼ਿਲਮੀ ਕਿਰਦਾਰ ਨਿਭਾਉਣ ਵਿਚ ਅਪਣੇ ਹੁਨਰ ਦਾ ਦੁਰਉਪਯੋਗ ਵੇਖਣ ਤੋਂ ਬਾਅਦ ਹੁਣ ਕਿਸੇ ਵੀ ਕਲਾਕਾਰ ਤੋਂ ਜ਼ਿਆਦਾ

Pic-1

ਅਨੁਪਮ ਖੇਰ ਵਲੋਂ ਡਾ. ਮਨਮੋਹਨ ਸਿੰਘ ਦਾ ਫ਼ਿਲਮੀ ਕਿਰਦਾਰ ਨਿਭਾਉਣ ਵਿਚ ਅਪਣੇ ਹੁਨਰ ਦਾ ਦੁਰਉਪਯੋਗ ਵੇਖਣ ਤੋਂ ਬਾਅਦ ਹੁਣ ਕਿਸੇ ਵੀ ਕਲਾਕਾਰ ਤੋਂ ਜ਼ਿਆਦਾ ਉਮੀਦ ਨਹੀਂ ਰਹਿ ਗਈ ਸੀ ਪਰ ਅਕਸ਼ੈ ਕੁਮਾਰ ਨਾਲ ਪ੍ਰਧਾਨ ਮੰਤਰੀ ਦੀ 'ਇੰਟਰਵਿਊ' ਵੇਖ ਕੇ ਹੈਰਾਨੀ ਹੋ ਰਹੀ ਹੈ। ਅਕਸ਼ੈ ਕੁਮਾਰ ਭਾਵੇਂ ਬੜੇ ਵਧੀਆ ਕਲਾਕਾਰ ਹਨ ਪਰ ਉਨ੍ਹਾਂ ਦਾ ਹੁਨਰ ਇਕ ਵਸਤੂ ਵਾਂਗ ਕੀਮਤ ਦੇ ਕੇ ਖ਼ਰੀਦਿਆ ਜਾ ਸਕਦਾ ਹੈ ਅਤੇ ਹੁਣ ਸਾਰੇ ਸਿਤਾਰੇ ਅਪਣਾ ਹੁਨਰ ਵੇਚਣ ਵਿਚ ਲੱਗੇ ਹੋਏ ਹਨ। ਵਿਵੇਕ ਉਬਰਾਏ ਵਲੋਂ ਨਰਿੰਦਰ ਮੋਦੀ ਦਾ ਪ੍ਰਚਾਰ ਅਪਣੇ ਵਾਸਤੇ ਇਕ ਸਿਆਸੀ ਥਾਂ ਬਣਾਉਣ ਦੀ ਕੋਸ਼ਿਸ਼ ਹੈ।

ਅਨੁਪਮ ਖੇਰ ਨੇ 'ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ' 'ਚ ਕੰਮ ਕਰ ਕੇ ਅਪਣੀ ਪਤਨੀ ਦੀ ਉਮੀਦਵਾਰੀ ਪੱਕੀ ਕਰ ਲਈ, ਭਾਵੇਂ ਉਨ੍ਹਾਂ ਦੀ ਪਤਨੀ ਨੇ ਪੰਜ ਸਾਲਾਂ ਵਿਚ ਦੇਸ਼ ਦੇ ਸੱਭ ਤੋਂ ਸਾਫ਼ ਅਤੇ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਨੂੰ 30ਵੇਂ ਸਥਾਨ ਤੇ ਪਹੁੰਚਾ ਦਿਤਾ। ਪ੍ਰਧਾਨ ਮੰਤਰੀ  ਫ਼ਿਲਮੀ ਸਿਤਾਰਿਆਂ ਰਾਹੀਂ ਚਮਕਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਸੱਭ ਠੀਕ ਠਾਕ ਹੈ ਤਾਂ ਪ੍ਰਧਾਨ ਮੰਤਰੀ ਇਕ ਵੀ ਪ੍ਰੈੱਸ ਕਾਨਫ਼ਰੰਸ ਵਿਚ ਆ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕਿਉਂ ਕਤਰਾਉਂਦੇ ਹਨ?

ਅਕਸ਼ੈ ਕੁਮਾਰ ਨਾਲ 'ਏ.ਐਨ.ਆਈ.' ਦੀ ਇਕ ਖ਼ਾਸ ਗੱਲਬਾਤ ਵਿਚ ਦੇਸ਼ ਨੂੰ ਦਰਪੇਸ਼ ਕਿਸੇ ਸਵਾਲ ਦਾ ਜਵਾਬ ਨਹੀਂ ਆਇਆ। ਜਿਸ ਦੇਸ਼ ਵਿਚ ਹਾਲ ਹੀ ਵਿਚ ਇਕ ਵੱਡਾ ਅਤਿਵਾਦੀ ਹਮਲਾ ਹੋਇਆ ਹੋਵੇ, ਉਸ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਚਿੰਤਾਵਾਂ ਕੁੱਝ ਹੋਰ ਹੋਣੀਆਂ ਚਾਹੀਦੀਆਂ ਹਨ। ਸ੍ਰੀਲੰਕਾ ਸਰਕਾਰ ਵਲ ਵੇਖ ਕੇ ਹੈਰਾਨੀ ਹੁੰਦੀ ਹੈ। ਉਸ ਛੋਟੇ ਜਿਹੇ ਟਾਪੂ ਦੀ ਪੁਲਿਸ ਏਨੀ ਚੌਕਸ ਹੈ ਕਿ 24 ਘੰਟਿਆਂ ਅੰਦਰ ਅਪਰਾਧੀ ਗ੍ਰਿਫ਼ਤਾਰ ਵੀ ਹੋ ਗਏ ਅਤੇ ਪੁਲਵਾਮਾ ਹਮਲੇ ਨੂੰ ਬੀਤਿਆਂ ਦੋ ਮਹੀਨੇ ਹੋ ਚੁੱਕੇ ਹਨ ਤੇ ਅੱਜ ਤਕ ਸਰਕਾਰ ਨੇ ਇਹ ਜਵਾਬ ਨਹੀਂ ਦਿਤਾ ਕਿ 550 ਕਿਲੋਗ੍ਰਾਮ ਆਰ.ਡੀ.ਐਕਸ. ਦੇਸ਼ ਦੀ ਸਰਹੱਦ ਅੰਦਰ ਆਇਆ ਕਿਸ ਤਰ੍ਹਾਂ?

ਸਾਰੇ ਮੁਲਜ਼ਮਾਂ ਨੂੰ ਫੜਨ ਤੋਂ ਬਾਅਦ 48 ਘੰਟਿਆਂ ਅੰਦਰ ਸ੍ਰੀਲੰਕਾ ਦੀ ਸਰਕਾਰ ਨੇ ਅਪਣੇ ਨਾਗਰਿਕਾਂ ਤੋਂ ਮਾਫ਼ੀ ਮੰਗੀ ਅਤੇ ਅਪਣੀ ਗ਼ਲਤੀ ਮੰਨੀ ਕਿ ਦੇਸ਼ਵਾਸੀਆਂ ਦੀ ਰਾਖੀ ਵਿਚ ਉੁਸ ਤੋਂ ਕੁਤਾਹੀ ਹੋਈ। ਸਾਡੇ ਪ੍ਰਧਾਨ ਮੰਤਰੀ ਗ਼ਲਤੀ ਮੰਨਣੋਂ ਤਾਂ ਦੂਰ, ਅਪਣੀ ਛਾਤੀ ਠੋਕ ਕੇ ਫ਼ੌਜ ਦੀਆਂ ਕੁਰਬਾਨੀਆਂ ਬਦਲੇ ਵੋਟਾਂ ਮੰਗਣ ਲੱਗੇ ਹੋਏ ਹਨ। ਅਕਸ਼ੈ ਕੁਮਾਰ ਦੀ ਐਕਟਿੰਗ ਕਲਾ ਨੂੰ ਵਰਤ ਕੇ, ਪ੍ਰਧਾਨ ਮੰਤਰੀ ਅਪਣੇ ਆਪ ਨੂੰ ਇਕ ਸਨਿਆਸੀ ਵਜੋਂ ਪੇਸ਼ ਕਰਨਾ ਚਾਹੁੰਦੇ ਹਨ ਪਰ ਕੀ ਉਹ ਸਚਮੁਚ ਹੀ ਸਨਿਆਸੀ ਹਨ ਵੀ? ਕੀ ਇਕ ਸਨਿਆਸੀ ਸਿਆਸਤ ਦੀ ਪੌੜੀ ਚੜ੍ਹ ਸਕਦਾ ਹੈ? ਉਹ ਅਪਣੇ ਪ੍ਰਵਾਰ ਨਾਲ ਅਪਣੇ ਸਾਰੇ ਮੋਹ, ਮਾਇਆ ਦੀਆਂ ਤੰਦਾਂ ਤੋੜ ਦੇਣ ਦੀ ਤਸਵੀਰ ਪੇਸ਼ ਕਰਦੇ ਹਨ।

ਸ਼ਾਇਦ ਇਸ ਰਾਹੀਂ ਉਹ ਅਪਣੀ ਪਤਨੀ ਨੂੰ ਛੱਡਣ ਦੇ ਅਪਰਾਧ ਨੂੰ ਸਹੀ ਦੱਸਣ ਦੀ ਕੋਸ਼ਿਸ਼ ਕਰਦੇ ਹਨ ਪਰ ਸਾਡੇ ਪ੍ਰਧਾਨ ਮੰਤਰੀ ਵਰਗਾ 'ਫ਼ੈਸ਼ਨੇਬਲ' ਕੋਈ ਨਹੀਂ ਹੋ ਸਕਦਾ। ਕੀ ਇਕ ਸਨਿਆਸੀ ਅਪਣੇ ਆਈਨੇ ਨਾਲ ਏਨਾ ਮੋਹ ਕਰ ਸਕਦਾ ਹੈ? ਬੇਟੀਆਂ ਵਾਸਤੇ ਅਪਣੀ ਤਨਖ਼ਾਹ ਦਾਨ ਕਰਨ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਬੇਟੀ ਬਚਾਉ, ਬੇਟੀ ਪੜ੍ਹਾਉ ਦੀ ਰਕਮ ਅਪਣੇ ਇਸ਼ਤਿਹਾਰਾਂ ਉਤੇ ਕਿਉਂ ਖ਼ਰਚ ਕੀਤੀ? ਅੱਜ ਤਕ ਕਿਸੇ ਪ੍ਰਧਾਨ ਮੰਤਰੀ ਨੇ ਨਿਜੀ ਇਸ਼ਤਿਹਾਰਬਾਜ਼ੀ ਉਤੇ ਏਨਾ ਖ਼ਰਚਾ ਨਹੀਂ ਕੀਤਾ ਹੋਵੇਗਾ। ਇਹ ਸਨਿਆਸੀ ਦੇ ਲੱਛਣ ਨਹੀਂ ਹੋ ਸਕਦੇ। 

ਭਾਰਤ ਨੂੰ ਭਾਵੁਕ ਕਰਨ ਵਾਸਤੇ ਪ੍ਰਧਾਨ ਮੰਤਰੀ ਹਰ ਢੰਗ ਦਾ ਪ੍ਰਯੋਗ ਕਰ ਰਹੇ ਹਨ। ਕੀ ਸਿਤਾਰਿਆਂ ਦੀ ਚਮਕ ਪਿੱਛੇ ਭਾਰਤ ਦੀ ਅਸਲੀਅਤ ਦਾ ਹਨੇਰਾ ਪੱਖ ਲੁਕ ਜਾਵੇਗਾ? ਪ੍ਰਧਾਨ ਮੰਤਰੀ ਇਕ ਵਾਰ ਤਾਂ ਦਸ ਦੇਣ ਕਿ ਨੋਟਬੰਦੀ ਦਾ ਅਸਲ ਫ਼ਾਇਦਾ ਕੀ ਹੋਇਆ ਸੀ? ਅੱਜ ਕਿਉਂ ਭਾਰਤ ਦੇ ਉਦਯੋਗਪਤੀ ਦੇਸ਼ 'ਚੋਂ ਪੈਸਾ ਲੈ ਕੇ ਦੌੜ ਰਹੇ ਹਨ? ਇਕ ਵਧਦੇ ਅਰਥਚਾਰੇ ਵਿਚ ਪੰਜ ਸਾਲਾਂ ਅੰਦਰ ਦੋ ਕੌਮੀ ਪੱਧਰ ਦੀਆਂ ਹਵਾਈ ਕੰਪਨੀਆਂ ਠੱਪ ਹੋ ਚੁਕੀਆਂ ਹਨ। ਦੇਸ਼ ਅੰਦਰ ਅਤਿਵਾਦੀ ਘਟਨਾਵਾਂ ਆਮ ਵਾਪਰਦੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਪੱਤਰਕਾਰਾਂ ਦਾ ਕੰਮ ਇਕ ਕਲਾਕਾਰ ਤੋਂ ਕਿਉਂ ਕਰਵਾ ਰਹੇ ਹਨ? ਕੀ ਸਾਡੇ ਪ੍ਰਧਾਨ ਮੰਤਰੀ ਨੂੰ ਸਾਡੇ ਪੱਤਰਕਾਰਾਂ ਉਤੇ ਯਕੀਨ ਨਹੀਂ? ਬਿਨਾਂ ਕਿਸੇ ਰੋਕ ਟੋਕ ਦੇ, ਇਕ ਪ੍ਰੈੱਸ ਕਾਨਫ਼ਰੰਸ ਕਰਨ ਦੀ ਹਿੰਮਤ ਕਦੋਂ ਵਿਖਾਉਣਗੇ?  - ਨਿਮਰਤ ਕੌਰ