ਕੋਰੋਨਾ ਮਹਾਂਮਾਰੀ ਵੀ ਸਾਡੇ ਸਵਾਰਥੀ ਸੁਭਾਅ ਨੂੰ ਕਿਉਂ ਨਹੀਂ ਮਾਰ ਰਹੀ ਤੇ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਹਰ ਔਖੀ ਘੜੀ ਇਕ ਸਬਕ ਸਿਖਣ ਦਾ ਜ਼ਰੀਆ ਬਣਦੀ ਹੈ ਪਰ ਕੀ ਭਾਰਤ ਦੀ ਆਬਾਦੀ ਹਮਦਰਦੀ ਦਾ ਸਬਕ ਸਿਖਣ ਲਈ ਤਿਆਰ ਹੈ?                          

Coronavirus

ਹਰ ਪਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਨਾਲ ਦੇਸ਼ ਵਿਚ ਕਈ ਸ਼ਖ਼ਸੀਅਤਾਂ ਦੇ ਵੱਖ ਵੱਖ ਕਿਰਦਾਰ ਵੀ ਸਾਹਮਣੇ ਆ ਰਹੇ ਹਨ। ਸਿਆਸਤਦਾਨਾਂ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਲੋਕ ਹਨ ਜੋ ਇਸ ਕੋਰੋਨਾ ਦੇ ਫੈਲਾਅ ਦਾ ਕਾਰਨ ਬਣ ਰਹੇ ਹਨ। ਡਾਕਟਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੀ ਬੇਬਸੀ ਵੇਖ ਕੇ ਸਾਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਦਾ ਫ਼ਰਜ਼, ਮਰੀਜ਼ ਦੀ ਸੇਵਾ ਕਰਨ ਤੋਂ ਇਲਾਵਾ, ਦੂਜਾ ਕੋਈ ਰਾਹ ਹੀ ਨਹੀਂ ਛਡਦਾ। ਪਰ ਉਨ੍ਹਾਂ ਦੀ ਹਾਲਤ ਵੇਖ ਕੇ ਦਿਲ ਕੰਬ ਜਾਂਦਾ ਹੈ।

ਕਈ ਡਾਕਟਰ ਮਰੀਜ਼ਾਂ ਨੂੰ ਅਪਣੀਆਂ ਅੱਖਾਂ ਸਾਹਮਣੇ ਤੜਫ਼ ਤੜਫ਼ ਕੇ ਮਰਦਿਆਂ ਵੇਖ ਕੇ ਆਪ ਵੀ ਟੁਟ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਦੇ ਨਾਲ ਨਾਲ ਮਾਨਸਿਕ ਸਥਿਤੀ ਤੇ ਵੀ ਅਸਰ ਪੈ ਰਿਹਾ ਹੈ। ਡਾਕਟਰ ਪਿਛਲੇ ਸਾਲ ਤੋਂ ਸਰਕਾਰਾਂ ਅਤੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਰਹੇ ਹਨ ਕਿ ਸਿਹਤ ਸਹੂਲਤਾਂ ਵਲ ਜ਼ਿਆਦਾ ਧਿਆਨ ਦਿਤਾ ਜਾਵੇ, ਮਾਸਕ ਪਾਇਆ ਜਾਵੇ, ਲੋਕਾਂ ਨਾਲ ਘੱਟ ਮੇਲ ਜੋਲ ਰਖਿਆ ਜਾਵੇ ਪਰ ਉਨ੍ਹਾਂ ਦੀ ਗੱਲ ਨਾ ਤਾਂ ਸਰਕਾਰ ਨੇ ਸੁਣੀ ਅਤੇ ਨਾ ਹੀ ਲੋਕਾਂ ਨੇ, ਸਗੋਂ ਡਾਕਟਰਾਂ ਨੂੰ ਕੋਵਿਡ ਦੇ ਨਾਮ ਤੇ ਪੈਸੇ ਲੁੱਟਣ ਦੇ ਇਲਜ਼ਾਮਾਂ ਦਾ ਵੀ ਸਾਹਮਣਾ ਕਰਨਾ ਪਿਆ।

ਡਾਕਟਰ ਦੀ ਲੋੜ ਤਾਂ ਉਹ ਮਰੀਜ਼ ਜਾਂ ਉਹ ਪਰਵਾਰ ਹੀ ਸਮਝ ਸਕਦਾ ਹੈ ਜੋ ਅੱਜ ਹਸਪਤਾਲ ਦੇ ਬਾਹਰ ਲੰਮੀਆਂ ਲਾਈਨਾਂ ਵਿਚ ਅਪਣੀ ਵਾਰੀ ਲਈ ਤਰਲੇ ਲੈ ਰਿਹਾ ਹੈ। ਵੈਕਸੀਨ ਵਿਰੁਧ ਬੜਾ ਜ਼ੋਰਦਾਰ ਪ੍ਰਚਾਰ ਕੀਤਾ ਗਿਆ ਜਿਸ ਵਿਚ ਕੋਵਿਡ ਨੂੰ ਇਕ ਮਾਨਸਕ ਕਮਜ਼ੋਰੀ ਕਿਹਾ ਗਿਆ ਤੇ ਜਦ ਸਰਕਾਰ ਨੇ ਕੋਵਾਸ਼ੀਲਡ ਦਾ ਪ੍ਰਚਾਰ ਵਕਤ ਤੋਂ ਪਹਿਲਾਂ ਸ਼ੁਰੂ ਕਰ ਦੇਣ ਦੀ ਕਾਹਲ ਕੀਤੀ ਤਾਂ ਲੋਕਾਂ ਨੂੰ ਇਹ ਪ੍ਰਚਾਰ ਵੈਕਸੀਨ ਤੋਂ ਦੂਰ ਵੀ ਕਰ ਗਿਆ। ਪਰ ਹੁਣ ਲੋਕ ਵੈਕਸੀਨ ਲਗਵਾਉਣ ਲਈ ਕਾਹਲੇ ਪੈ ਰਹੇ ਹਨ ਜਦਕਿ ਹੁਣ ਕੋਰੋਨਾ ਦੀ ਇਸ ਵਿਸ਼ਾਲ ਦੂਜੀ ਲਹਿਰ ਤੋਂ ਬਚਾਉਣ ਲਈ ਵੈਕਸੀਨ ਕੰਮ ਨਹੀਂ ਆ ਸਕਦੀ ਪਰ ਅਗਲੇ ਪੜਾਅ ਤੋਂ ਜ਼ਰੂਰ ਬਚਾਵੇਗੀ ਜਿਸ ਤੋਂ ਬਚਣ ਲਈ ਇਹ ਹੁਣੇ ਲਗਾਉਣੀ ਜ਼ਰੂਰੀ ਹੈ।

ਲੋਕਾਂ ਵਲੋਂ ਡਾਕਟਰਾਂ ਦੀ ਨਸੀਹਤ ਨੂੰ ਨਜ਼ਰਅੰਦਾਜ਼ ਕਰਨ ਦੇ ਬਾਵਜੂਦ ਡਾਕਟਰ ਅਪਣੇ ਫ਼ਰਜ਼ ਨਿਭਾਉਂਦੇ ਆ ਰਹੇ ਹਨ ਅਤੇ ਇਹੀ ਉਨ੍ਹਾਂ ਦਾ ਅਸਲੀ ਕਿਰਦਾਰ ਹੈ। ਆਮ ਲੋਕਾਂ ਦੇ ਕਿਰਦਾਰ ਵਿਚੋਂ ਜੋ ਸੁਆਰਥ ਨਿਕਲ ਕੇ ਸਾਹਮਣੇ ਆ ਰਿਹਾ ਹੈ, ਉਹ ਸਿਆਸਤਦਾਨਾਂ ਨੂੰ ਵੀ ਕਾਫ਼ੀ ਪਿਛੇ ਛੱਡ ਗਿਆ ਹੈ। ਅੱਜ ਅਸੀ ਵੇਖ ਰਹੇ ਹਾਂ ਕਿ ਕਈ ਲੋਕ ਤਾਂ ਰੋਟੀ ਰੋਜ਼ੀ ਦੀ ਕਮਾਈ ਖਾਤਰ ਘਰੋਂ ਬਾਹਰ ਨਿਕਲਣ ਲਈ ਮਜਬੂਰ ਹਨ ਪਰ ਅਪਣੇ ਸਵਾਰਥ ਲਈ ਦੂਜਿਆਂ ਦੀ ਜਾਨ ਖ਼ਤਰੇ ਵਿਚ ਪਾਉਣ ਵਾਲੇ ਵੀ ਥੋੜੇ ਨਹੀਂ।

ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਘਰ ਵਿਚ ਕੋਵਿਡ ਦਾ ਮਰੀਜ਼ ਪਿਆ ਹੈ ਪਰ ਇਸ ਬਾਰੇ ਉਹ ਕਿਸੇ ਨੂੰ ਨਹੀਂ ਦਸਦੇ ਤੇ ਆਪ ਵੀ ਬਾਹਰ ਨਿਕਲ ਜਾਂਦੇ ਹਨ ਤਾਕਿ ਲੋਕ ਉਨ੍ਹਾਂ ਤੋਂ ਦੂਰੀ ਨਾ ਬਣਾਉਣ। ਵੈਕਸੀਨ ਵਿਰੁਧ ਇਕ ਚਿੰਤਾ ਇਹ ਜਤਾਈ ਗਈ ਹੈ ਕਿ ਉਸ ਨੂੰ ਲਗਾਉਂਦੇ ਹੀ ਕੋਰੋਨਾ ਟੈਸਟ ਪਾਜ਼ੇਟਿਵ ਆ ਰਿਹਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਇਹ ਉਹ ਲੋਕ ਹਨ ਜੋ ਵੈਕਸੀਨ ਲਗਾਉਣ ਤੋਂ ਪਹਿਲਾਂ ਹੀ ਕਿਸੇ ਤਰ੍ਹਾਂ ਕੋਵਿਡ ਮਰੀਜ਼ ਦੇ ਸੰਪਰਕ ਵਿਚ ਆ ਚੁਕੇ ਹਨ ਪਰ ਉਹ ਕਿਸੇ ਨੂੰ ਅਪਣੀ ਅਸਲੀਅਤ ਨਹੀਂ ਦਸਦੇ ਸਗੋਂ ਜਨਤਾ ਵਿਚ ਵੈਕਸੀਨ ਵਿਰੁਧ ਭੁਲੇਖਾ ਪਾਉਣ ਦਾ ਸ਼ੁਗ਼ਲ ਸ਼ੁਰੂ ਕਰ ਦੇਂਦੇ ਹਨ।

ਜਿਸ ਬੇਵਿਸ਼ਵਾਸੀ ਤੋਂ ਸਰਕਾਰਾਂ ਪੀੜਤ ਹਨ, ਉਸੇ ਬੇਵਿਸ਼ਵਾਸੇ ਕਿਰਦਾਰ ਵਾਲੇ ਲੋਕਾਂ ਤੋਂ ਜ਼ਿਆਦਾਤਰ ਆਬਾਦੀ ਵੀ ਪੀੜਤ ਹੈ। ਭਾਰਤ ਵਿਚ ਸ਼ਾਇਦ ਸਦੀਆਂ ਦੀ ਗ਼ੁਲਾਮੀ, ਗ਼ਰੀਬੀ ਅਤੇ ਵਧਦੀ ਆਬਾਦੀ ਕਾਰਨ ਲੋਕਾਂ ਵਿਚ ਇਕ ਅਜਿਹੀ ਭੁੱਖ ਘਰ ਬਣਾ ਚੁਕੀ ਹੈ ਜੋ ਸਾਨੂੰ ਇਕ ਜ਼ਿੰਮੇਵਾਰ ਇਨਸਾਨ ਬਣਨ ਤੋਂ ਰੋਕਦੀ ਹੈ। ਹਰ ਇਨਸਾਨ ਅਪਣੇ ਬਚਾਅ ਅਤੇ ਨਿਜੀ ਜ਼ਰੂਰਤਾਂ ਨੂੰ ਪੂਰਾ ਕਰਨ ਬਾਰੇ ਹੀ ਚਿੰਤਤ ਹੈ ਤੇ ਉਸ ਚਿੰਤਾ ਵਿਚ ਉਹ ਸਮਾਜ ਪ੍ਰਤੀ ਅਪਣੀ ਜ਼ਿੰਮੇਵਾਰੀ ਨੂੰ ਭੁਲ ਗਿਆ ਲਗਦਾ ਹੈ। ਡਾਕਟਰਾਂ ਤੋਂ ਇਸ ਦਾ ਇਲਾਜ ਪੁਛਿਆ ਜਾਏ ਤਾਂ ਉਹ ਹੱਥ ਖੜੇ ਕਰ ਦਿੰਦੇ ਹਨ ਕਿ ਇਹ ਤਾਂ ਕੁੱਖੋਂ ਹੀ ਉਪਜਣ ਵਾਲੀ ਹਮਦਰਦੀ ਹੈ ਅਤੇ ਇੲ ਸਿਖਾਈ ਨਹੀਂ ਜਾ ਸਕਦੀ।

ਇਥੇ ਜੀਂਦ ਦੇ ਉਸ ਚੋਰ ਦਾ ਖ਼ਿਆਲ ਆਉਂਦਾ ਹੈ ਜਿਸ ਨੇ ਹਸਪਤਾਲ ਵਿਚੋਂ ਦਵਾਈਆਂ ਚੋਰੀ ਕਰ ਲਈਆਂ ਪਰ ਜਦ ਉਸ ਨੂੰ ਪਤਾ ਚਲਿਆ ਕਿ ਇਹ ਤਾਂ ਕੋਵਿਡ ਵੈਕਸੀਨ ਹੈ ਤਾਂ ਉਸ ਨੇ ਮੁਨਾਫ਼ਾ ਕਮਾਉਣ ਦੀ ਬਜਾਏ ਇਕ ਮਾਫ਼ੀ ਦੀ ਚਿੱਠੀ ਲਿਖ ਕੇ ਵੈਕਸੀਨ ਵਾਪਸ ਕਰ ਦਿਤੀ। ਜੇਕਰ ਇਕ ਚੋਰ ਨੂੰ ਵੀ ਇਸ ਮਹਾਂਮਾਰੀ ਵਿਚ ਅਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਸਕਦਾ ਹੈ ਤਾਂ ਆਮ ਲੋਕਾਂ ਅੰਦਰ ਦੂਜਿਆਂ ਪ੍ਰਤੀ ਹਮਦਰਦੀ ਪੈਦਾ ਕਰਨੀ ਏਨੀ ਮੁਸ਼ਕਲ ਤਾਂ ਨਹੀਂ ਹੋਣੀ ਚਾਹੀਦੀ। ਹਰ ਔਖੀ ਘੜੀ ਇਕ ਸਬਕ ਸਿਖਣ ਦਾ ਜ਼ਰੀਆ ਬਣਦੀ ਹੈ ਪਰ ਕੀ ਭਾਰਤ ਦੀ ਆਬਾਦੀ ਹਮਦਰਦੀ ਦਾ ਸਬਕ ਸਿਖਣ ਲਈ ਤਿਆਰ ਹੈ?                          
- ਨਿਮਰਤ ਕੌਰ