Editorial: ਜਵਾਬਦੇਹੀ ਮੰਗਦਾ ਹੈ ਪਹਿਲਗਾਮ ਦੁਖਾਂਤ...
ਮੀਡੀਆ ਰਿਪੋਰਟਾਂ ਅਨੁਸਾਰ ਕੁੱਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ।
Editorial: ਜੰਮੂ-ਕਸ਼ਮੀਰ ਵਿਚ ਪਹਿਲਗਾਮ ਨੇੜਲੀ ਇਕ ਰਮਣੀਕ ਸੈਰਗਾਹ ’ਚ ਸੈਲਾਨੀਆਂ ਉੱਤੇ ਮੰਗਲਵਾਰ ਨੂੰ ਹੋਇਆ ਦਹਿਸ਼ਤੀ ਹਮਲਾ ਵਹਿਸ਼ੀਆਨਾ ਕਾਰਾ ਹੈ ਜਿਸ ਦਾ ਕਾਰਗਰ ਜਵਾਬ ਦਿਤਾ ਜਾਣਾ ਚਾਹੀਦਾ ਹੈ। ਇਸ ਹਮਲੇ ਵਿਚ 26 ਤੋਂ ਵੱਧ ਲੋਕ ਮਾਰੇ ਗਏ ਅਤੇ 15 ਸਖ਼ਤ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਕੁੱਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ।
2019 ਵਿਚ ਪੁਲਵਾਮਾ ਨੇੜੇ ਕੇਂਦਰੀ ਪੁਲੀਸ ਬਲਾਂ ਦੇ ਕਾਫ਼ਲੇ ਉੱਤੇ ਹੋਏ ਹਮਲੇ ’ਚ 40 ਜਾਨਾਂ ਜਾਣ ਤੋਂ ਬਾਅਦ ਪਹਿਲਗਾਮ ਕਾਂਡ, ਕਸ਼ਮੀਰ ਵਾਦੀ ਵਿਚ ਪਹਿਲਾ ਏਨਾ ਵੱਡਾ ਦਹਿਸ਼ਤੀ ਕਾਰਾ ਹੈ ਜਿਸ ਵਿਚ ਦੋ ਦਰਜਨ ਤੋਂ ਵੱਧ ਇਨਸਾਨੀ ਜਾਨਾਂ ਗਈਆਂ। ਇਸ ਹਮਲੇ ਦਾ ਇਕੋ-ਇਕ ਮਕਸਦ ਕਸ਼ਮੀਰ ਵਿਚ ਸਥਿਤੀ ਆਮ ਵਰਗੀ ਹੋਣ ਦੇ ਅਮਲ ਨੂੰ ਰੋਕਣਾ ਅਤੇ ਸੈਰ-ਸਪਾਟਾ ਸਨਅਤ ਦੀ ਸੁਰਜੀਤੀ ਨੂੰ ਖੋਰਾ ਲਾਉਣਾ ਹੈ।
ਜ਼ਿਕਰਯੋਗ ਹੈ ਕਿ ਵਾਦੀ ਵਿਚ ਅਮਨ-ਕਾਨੂੰਨ ਦੀ ਸਥਿਤੀ ਸੁਧਰਨ ਮਗਰੋਂ ਭਾਰਤੀ ਸੈਲਾਨੀਆਂ ਨੇ ਵੱਡੀ ਗਿਣਤੀ ਵਿਚ ਜੰਮੂ-ਕਸ਼ਮੀਰ ਜਾਣਾ ਸ਼ੁਰੂ ਕਰ ਦਿਤਾ ਸੀ। ਸਰਕਾਰੀ ਅਨੁਮਾਨਾਂ ਮੁਤਾਬਿਕ ਸਾਲ 2018 ਦੌਰਾਨ 1.7 ਕਰੋੜ ਸੈਲਾਨੀ ਕਸ਼ਮੀਰ ਆਏ ਸਨ। 2021 ਵਿਚ ‘ਕੋਵਿਡ-19’ ਵਰਗੀ ਮਹਾਂਮਾਰੀ ਦੇ ਬਾਵਜੂਦ ਸੈਲਾਨੀਆਂ ਦੀ ਸੰਖਿਆ 1.10 ਕਰੋੜ ਰਹੀ। 2023 ਵਿਚ ਇਹ ਗਿਣਤੀ 2.1 ਕਰੋੜ ਤੇ 2024 ਵਿਚ 2.30 ਕਰੋੜ ’ਤੇ ਜਾ ਪਹੁੰਚੀ। ਇਸ ਵਰ੍ਹੇ (2025 ’ਚ) ਇਸ ਦੇ ਪੰਜ ਕਰੋੜ ਤਕ ਪੁੱਜਣ ਦਾ ਅੰਦਾਜ਼ਾ ਲਾਇਆ ਗਿਆ ਸੀ ਕਿਉਂਕਿ 2.20 ਕਰੋੜ ਤਾਂ ਪਹਿਲਾਂ ਹੀ ਵਾਦੀ ਵਿਚ ਇਕ ਤੋਂ ਸੱਤ ਦਿਨਾਂ ਤਕ ਦਾ ਸਮਾਂ ਬਿਤਾ ਚੁੱਕੇ ਹਨ।
ਸੈਰ-ਸਪਾਟਾ ਸਨਅਤ ਨੂੰ ਮਿਲੇ ਇਸ ਕਿਸਮ ਦੇ ਹੁਲਾਰੇ ਤੇ ਹੁੰਗਾਰੇ ਨੂੰ ਭਾਰਤ ਸਰਕਾਰ ਵਲੋਂ ਉਸ ਕੇਂਦਰੀ ਪ੍ਰਦੇਸ਼ ਵਿਚ ਅਮਨ-ਚੈਨ ਤੇ ਸੁਖਾਵੇਂ ਹਾਲਾਤ ਦੀ ਵਾਪਸੀ ਵਜੋਂ ਪ੍ਰਚਾਰਿਆ ਜਾ ਰਿਹਾ ਸੀ। ਦਹਿਸ਼ਤੀਆਂ ਨੇ ਪਹਿਲਗਾਮ ਹਮਲੇ ਰਾਹੀਂ ਇਸੇ ਪ੍ਰਚਾਰ-ਪ੍ਰਭਾਵ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਹਮਲੇ ਦੀ ਚੁਪਾਸਿਉਂ ਨਿੰਦਾ ਹੋਈ ਹੈ। ਨਿੰਦਾ ਕਰਨ ਵਾਲਿਆਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਪ ਰਾਸ਼ਟਰਪਤੀ ਜੇਮਜ਼ ਡੇਵਿਡ ਵੈਂਸ, ਰੂਸੀ ਸਦਰ ਵਲਾਦੀਮੀਰ ਪੂਤਿਨ, ਯੂਰੋਪੀਅਨ ਯੂਨੀਅਨ ਦੇ ਵੱਖ-ਵੱਖ ਆਗੂ ਅਤੇ ਦਰਜਨਾਂ ਹੋਰ ਰਾਸ਼ਟਰ-ਪ੍ਰਮੁਖ ਸ਼ਾਮਲ ਹਨ। ਭਾਰਤ ਵਿਚ ਵੀ ਸਾਰੀਆਂ ਰਾਜਸੀ ਧਿਰਾਂ ਵਲੋਂ ਦਹਿਸ਼ਤੀ ਹਮਲੇ ਦੀ ਜ਼ੋਰਦਾਰ ਮਜ਼ੱਮਤ ਕੀਤੀ ਜਾਣੀ ਅਤੇ ਸਰਕਾਰ ਖ਼ਿਲਾਫ਼ ਤੋਹਮਤਬਾਜ਼ੀ ਤੋਂ ਪਰਹੇਜ਼ ਕੀਤਾ ਜਾਣਾ, ਦਹਿਸ਼ਤਵਾਦ ਨਾਲ ਜੁੜੀਆਂ ਚੁਣੌਤੀਆਂ ਖ਼ਿਲਾਫ਼ ਰਾਸ਼ਟਰੀ ਇਕਮੁੱਠਤਾ ਦਾ ਸਿਹਤਮੰਦ ਪ੍ਰਤੀਕ ਹੈ। ਇਸੇ ਤਰ੍ਹਾਂ ਕਸ਼ਮੀਰ ਅੰਦਰਲੀਆਂ ਸਾਰੀਆਂ ਰਾਜਸੀ, ਸਮਾਜਿਕ ਤੇ ਧਾਰਮਿਕ ਧਿਰਾਂ ਨੇ ਵੀ ਹਮਲੇ ਨੂੰ ਨਿੰਦਣ ਦੇ ਨਾਲ ਨਾਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ ਹੈ। ਇਹ ਵੀ ਇਕ ਸੁਖਾਵੀਂ ਪਿਰਤ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਊਦੀ ਅਰਬ ਦੇ ਸਰਕਾਰੀ ਦੌਰੇ ਵਿਚ ਕਟੌਤੀ ਕਰ ਕੇ ਵਤਨ ਪਰਤਣਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸਥਿਤੀ ਦੇ ਜਾਇਜ਼ੇ ਲਈ ਫੌਰੀ ਕਸ਼ਮੀਰ ਜਾਣਾ ਦਰਸਾਉਂਦਾ ਹੈ ਕਿ ਕਸ਼ਮੀਰ ਵਾਦੀ ਵਿਚ ਅਮਨ-ਚੈਨ ਦੀ ਵਾਪਸੀ ਉਨ੍ਹਾਂ ਵਾਸਤੇ ਕਿੰਨੀ ਪ੍ਰਮੁਖ ਸਿਆਸੀ ਤੇ ਪ੍ਰਸ਼ਾਸਨਿਕ ਤਰਜੀਹ ਹੈ। ਭਾਵੇਂ ਕਿ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ-ਆਧਾਰਿਤ ਦਹਿਸ਼ਤੀ ਜਮਾਤ ‘ਲਸ਼ਕਰ-ਇ-ਤਾਇਬਾ’ ਨਾਲ ਜੁੜੇ ਇਕ ਖ਼ੂਨੀ ਗੁੱਟ ਨੇ ਲਈ ਹੈ, ਫਿਰ ਵੀ ਭਾਰਤ ਸਰਕਾਰ ਨੇ ਅਪਣੀ ਮੁੱਢਲੀ ਪ੍ਰਤੀਕਿਰਿਆ ਦੌਰਾਨ ਪਾਕਿਸਤਾਨ ਵਲ ਉਂਗਲ ਨਾ ਉਠਾਉਣੀ ਵਾਜਬ ਸਮਝੀ ਹੈ।
ਅਜਿਹੀ ਭਾਰਤੀ ਪਹੁੰਚ ਦੇ ਬਾਵਜੂਦ ਪਾਕਿਸਤਾਨ ਦਾ ਸਰਕਾਰੀ ਪ੍ਰਤੀਕਰਮ ਤਹਿਜ਼ੀਬੀ ਮਰਿਆਦਾ ਦੀ ਪਾਲਣਾ ਕਰਨ ਵਾਲਾ ਨਹੀਂ। ਉਸ ਦੇਸ਼ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਜਿੱਥੇ ਹਰ ਕਿਸਮ ਦੇ ਦਹਿਸ਼ਤਵਾਦ ਦੇ ਖ਼ਿਲਾਫ਼ ਹੈ, ਉੱਥੇ ਇਹ ਮਹਿਸੂਸ ਕਰਦਾ ਹੈ ਕਿ ਪਹਿਲਗਾਮ ਹਮਲਾ ‘‘ਕਸ਼ਮੀਰ ਤੋਂ ਨਾਗਾਲੈਂਡ ਤਕ ਮੋਦੀ ਸਰਕਾਰ ਖ਼ਿਲਾਫ਼ ਉਭਰੀ ਬੇਚੈਨੀ ਦੀ ਪੈਦਾਇਸ਼ ਹੈ।
ਇਹ ਭਾਰਤ ਵਿਚੋਂ ਹੀ ਉਪਜੇ-ਉਭਰੇ ਇੰਤਹਾਪਸੰਦਾਂ ਦਾ ਕਾਰਾ ਹੈ ਅਤੇ ਪਾਕਿਸਤਾਨ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ।’’ ਸਫ਼ਾਰਤੀ ਤੇ ਸਦਾਰਤੀ ਤਕਾਜ਼ਿਆਂ ਤੋਂ ਅਜਿਹੀ ਸ਼ਬਦਾਵਲੀ ਨੂੰ ਸੁਹਜਮਈ ਨਹੀਂ ਕਿਹਾ ਜਾ ਸਕਦਾ। ਉਂਜ ਵੀ, ਸ਼ਰੀਕੇਬਾਜ਼ੀ ਵਾਲੇ ਆਲਮ ਵਿਚ ਸੁਰ ਸੰਜਮੀ ਹੀ ਰਹਿਣੀ ਚਾਹੀਦੀ ਹੈ, ਖ਼ਾਸ ਤੌਰ ’ਤੇ ਜਦੋਂ ਪ੍ਰਤੀਕਰਮ ਕਿਸੇ ਦੁਖਾਂਤ ਬਾਰੇ ਹੋਵੇ। ਬਹਰਹਾਲ, ਪਹਿਲਗਾਮ ਵਿਚ ਜੋ ਦੁਖਾਂਤ ਵਾਪਰਿਆ ਹੈ, ਉਹ ਦਰਸਾਉਂਦਾ ਹੈ ਕਿ ਦਹਿਸ਼ਤਵਾਦ ਖ਼ਿਲਾਫ਼ ਘੋਲ ਵਿਚ ਕਾਮਯਾਬੀ ਹਾਸਲ ਕਰਨ ਲਈ ਭਾਰਤ ਸਰਕਾਰ ਅਤੇ ਭਾਰਤੀ ਸੁਰੱਖਿਆ ਬਲਾਂ ਵਲੋਂ ਬਹੁਤ ਕੁੱਝ ਕਰਨਾ ਅਜੇ ਬਾਕੀ ਹੈ।
ਮੀਡੀਆ ਰਿਪੋਰਟਾਂ ਦਸਦੀਆਂ ਹਨ ਕਿ ਸੂਹੀਆ ਏਜੰਸੀਆਂ ਨੇ ਸੁਰੱਖਿਆ ਅਧਿਕਾਰੀਆਂ ਨੂੰ ਜੇ.ਡੀ. ਵੈਂਸ ਦੀ ਭਾਰਤ ਫੇਰੀ ਸਮੇਂ ਕਸ਼ਮੀਰ ’ਚ ਕੋਈ ਵੱਡਾ ਕਾਰਾ ਵਾਪਰਨ ਦੇ ਅੰਦੇਸ਼ਿਆਂ ਪ੍ਰਤੀ ਚੌਕਸ ਕੀਤਾ ਹੋਇਆ ਸੀ, ਫਿਰ ਵੀ ਪਹਿਲਗਾਮ ਅੰਦਰਲੀ ਰਮਣੀਕ ਸੈਰਗਾਹ ’ਤੇ ਪੁਲੀਸ ਜਾਂ ਨੀਮ ਫ਼ੌਜੀ ਬਲਾਂ ਦੀ ਪੋਸਟ ਤਕ ਨਾ ਹੋਣਾ ਅਵੇਸਲਾਪਣ ਨਹੀਂ ਤਾਂ ਹੋਰ ਕੀ ਹੈ? ਅਜਿਹੇ ਕਈ ਸਵਾਲਾਂ ਦੇ ਜਵਾਬ ਅਗਲੇ ਦਿਨਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰ ਸਰਕਾਰੀ ਤਰਜਮਾਨਾਂ ਨੂੰ ਦੇਣੇ ਹੀ ਪੈਣਗੇ।
ਇਸ ਅਖ਼ਬਾਰ ਨੇ ਇਨ੍ਹਾਂ ਕਾਲਮਾਂ ਵਿਚ ਕੁੱਝ ਦਿਨ ਪਹਿਲਾਂ ਦਰਜ ਕੀਤਾ ਸੀ ਕਿ ਕਸ਼ਮੀਰ ਦੀ ਸਥਿਤੀ ਬਾਰੇ ਸੀਨੇ ਫੁਲਾਉਣ ਦਾ ਅਜੇ ਸਮਾਂ ਨਹੀਂ ਆਇਆ ਅਤੇ ਭਾਜਪਾ ਤੇ ਮੋਦੀ ਸਰਕਾਰ ਦੇ ਸਰਕਰਦਾ ਆਗੂਆਂ, ਖ਼ਾਸ ਕਰ ਕੇ ਅਮਿਤ ਸ਼ਾਹ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਹੁਣ ਪਹਿਲਗਾਮ ਦੁਖਾਂਤ ਤੋਂ ਬਾਅਦ ਉਨ੍ਹਾਂ ਦਾ ਕੰਮ ਬੋਲਣਾ ਚਾਹੀਦਾ ਹੈ, ਜ਼ੁਬਾਨ ਨਹੀਂ।