‘ਕਾਂਗਰਸ ਬਿਨਾਂ ਤੀਜੀ ਧਿਰ ਦਾ ਕੋਈ ਮਤਲਬ ਨਹੀਂ’ ਗੱਲ ਤਾਂ ਠੀਕ ਹੈ ਪਰ ਫਿਰ ਮੀਟਿੰਗ ਬੁਲਾਉਣ ਤੋਂ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਈ ਵੱਡੇ ਆਗੂ ਸਨ, ਜੋ ਅਪਣੇ-ਅਪਣੇ ਸੂਬਿਆਂ ਦੇ ਵੱਡੇ ‘ਰਾਜੇ’ ਹਨ। ਹੁਣ ਇਨ੍ਹਾਂ ਸਾਰਿਆਂ ਵਾਸਤੇ ਕਿਸੇ ਇਕ ਆਗੂ ਦੀ ਅਗਵਾਈ ਕਬੂਲ ਕਰਨਾ ਮੁਸ਼ਕਲ ਵੀ ਹੈ।

Sonia Gandhi, Rahul Gandhi, Captain Amarinder Singh

ਤੀਜੀ ਧਿਰ ਆਪਸੀ ਵਿਚਾਰ ਵਟਾਂਦਰੇ ਮਗਰੋਂ ਇਸ ਫ਼ੈਸਲੇ ਉਤੇ ਪੁੱਜੀ ਹੈ ਕਿ ਉਹ ਕਾਂਗਰਸ ਬਿਨਾਂ ਇਕ ਤਾਕਤਵਰ ਵਿਰੋਧੀ ਧਿਰ ਨਹੀਂ ਬਣ ਸਕਦੀ। ਪਰ ਉਨ੍ਹਾਂ ਵਲੋਂ ਇਕ ਥਾਂ ਤੇ ਇਕੱਠੇ ਹੋ ਕੇ ਇਸ ਮੁੱਦੇ ਤੇ ਪਹਿਲ ਕਰਨੀ ਵੀ ਕਾਬਲੇ ਤਾਰੀਫ਼ ਹੈ। ਕਈ ਵੱਡੇ ਆਗੂ ਸਨ, ਜੋ ਅਪਣੇ-ਅਪਣੇ ਸੂਬਿਆਂ ਦੇ ਵੱਡੇ ‘ਰਾਜੇ’ ਹਨ। ਹੁਣ ਇਨ੍ਹਾਂ ਸਾਰਿਆਂ ਵਾਸਤੇ ਕਿਸੇ ਇਕ ਆਗੂ ਦੀ ਅਗਵਾਈ ਕਬੂਲ ਕਰਨਾ ਮੁਸ਼ਕਲ ਵੀ ਹੈ।

ਮਮਤਾ ਬੈਨਰਜੀ ਵਰਗੀ ਲੀਡਰ ਜੋ ਕਾਂਗਰਸ ਦਾ ਹਿੱਸਾ ਰਹਿ ਚੁੱਕੀ ਹੈ, ਹੁਣੇ ਹੁਣੇ ਅਜਿਹੀ ਜੰਗ ਵਿਚ ਜੇਤੂ ਹੋ ਕੇ ਆਈ ਹੈ ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦਿਨੇ ਤਾਰੇ ਵਿਖਾ ਦਿਤੇ ਸਨ। ਸ਼ਰਦ ਪਵਾਰ, ਮਹਾਰਾਸ਼ਟਰ ਵਿਚ ਭਾਜਪਾ ਦੀ ਨੱਕ ਹੇਠ ਜਿੱਤ ਪ੍ਰਾਪਤ ਕਰਨ ਮਗਰੋਂ ਸ਼ਿਵ ਸੈਨਾ ਨਾਲ ਭਾਈਵਾਲੀ ਪਾ ਕੇ ਸੱਤਾ ਵਿਚ ਆਏ ਸਨ ਜੋ ਕਿ ਉਨ੍ਹਾਂ ਨੂੰ ਸਿਆਸਤ ਵਿਚ ਇਕ ਖ਼ਾਸ ਦਰਜਾ ਹਾਸਲ ਹੋਣ ਦਾ ਦਾਅਵੇਦਾਰ ਬਣਾਉਂਦਾ ਹੈ।

ਇਨ੍ਹਾਂ ਸੂਬਾ ਪਧਰੀ ਸ਼ਾਤਰ ਸਿਆਸਤਦਾਨਾਂ ਨਾਲ ਜਾਵੇਦ ਅਖ਼ਤਰ ਵਰਗੇ ਸਾਹਿਤ ਅਤੇ ਕਲਾ ਜਗਤ ਦੇ ਸਿਤਾਰੇ ਵੀ ਹਨ, ਜੋ ਭਾਰਤ ਦੇ ਸਭਿਆਚਾਰ ਵਿਚਲੀ ਪੁਰਾਣੀ ਸਾਂਝ ਨੂੰ ਸੁਰਜੀਤ ਕਰਨਾ ਚਾਹੁੰਦੇ ਹਨ। ਇਸ ਵਿਚ ਉਮਰ ਅਬਦੁੱਲਾ ਵਰਗੇ ਆਗੂ ਵੀ ਸਨ, ਜੋ ਅਜੇ ਵੀ ਕੇਂਦਰ ਕੋਲੋਂ ਕਸ਼ਮੀਰ ਦਾ ਪੁਰਾਣਾ ਸੰਵਿਧਾਨਕ ਦਰਜਾ ਬਹਾਲ ਕਰਵਾਉਣਾ ਚਾਹੁੰਦੇ ਹਨ।

ਉਨ੍ਹਾਂ ਨੂੰ ਅਪਣੇ ਸੂਬੇ ਵਿਚ ਤਾਕਤਵਰ ਹੋਣ ਵਾਸਤੇ ਅਜੇ ਇਸ ਤਰ੍ਹਾਂ ਦੀ ਵੱਡੀ ਧਿਰ ਕੰਮ ਆ ਸਕਦੀ ਹੈ। ਇਸ ਵਿਚ ਏ.ਏ.ਏ., ਆਰ.ਐਲ.ਡੀ., ਸੀ.ਪੀ.ਆਈ., ਸੀ.ਪੀ.ਐਮ. ਦੀ ਹਾਜ਼ਰੀ ਵੀ ਸੀ ਤੇ ਇਕ ਸਿਆਸੀ ਮਾਹਰ ਜਿਸ ਨੇ ਨਰਿੰਦਰ ਮੋਦੀ ਨੂੰ ਪਹਿਲੀ ਜਿੱਤ ਦਿਵਾਈ ਸੀ, ਪ੍ਰਸ਼ਾਂਤ ਕਿਸ਼ੋਰ ਵੀ ਹਾਜ਼ਰ ਸੀ। ਕਿਸ਼ੋਰ ਨਾ ਸਿਰਫ਼ ਹਾਜ਼ਰ ਸਨ, ਉਹ ਇਸ ਗਠਜੋੜ ਨੂੰ ਇਕਤਰਿਤ ਕਰਨ ਲਈ ਕਾਫ਼ੀ ਚਿਰ ਤੋਂ ਲੱਗੇ ਹੋਏ ਸਨ ਤੇ ਭਾਵੇਂ ਇਸ ਧਿਰ ਵਲੋਂ ਆਖਿਆ ਗਿਆ ਹੈ ਕਿ ਇਹ ਭਾਜਪਾ ਵਿਰੁਧ ਮੰਚ ਨਹੀਂ, ਅਸਲ ਵਿਚ ਭਾਜਪਾ ਦੇ ਕਾਰਨ ਹੀ ਇਹ ਸਾਰੇ ਇਕੱਠੇ ਹੋਏ ਸਨ।

ਪ੍ਰਸ਼ਾਂਤ ਕਿਸ਼ੋਰ, ਨਰਿੰਦਰ ਮੋਦੀ ਨੂੰ ਗੁਜਰਾਤ ਮਾਡਲ ਨਾਲ ਮਿਲਵਾਉਣ ਵਾਲੇ ਸ਼ਖ਼ਸ ਹੀ ਹਨ। ਉਨ੍ਹਾਂ ਦੀ ਅਪਣੀ ਨਿਜੀ ਨਾਰਾਜ਼ਗੀ ਪੀ.ਐਮ. ਮੋਦੀ ਨਾਲ ਹੈ ਕਿਉਂਕਿ ਕਿਸ਼ੋਰ ਨੇ ਉਮੀਦ ਕੀਤੀ ਸੀ ਜਾਂ ਉਸ ਨਾਲ ਭਾਜਪਾ ਦਾ ਵਾਅਦਾ ਸੀ ਕਿ ਉਹ ਨੀਤੀ ਆਯੋਗ ਦੇ ਕੁਲ ਕਲਾਂ ਹੋਣਗੇ। ਪੰਜਾਬ ਵਿਚ ਕਾਂਗਰਸ ਨੂੰ ਜਿਤਾਉਣ ਵਾਲੇ, ਦਿੱਲੀ ਵਿਚ ‘ਆਪ’ ਦੀ, ਬੰਗਾਲ ਵਿਚ ਟੀ.ਐਮ.ਸੀ ਦੀ ਤੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਦੀ ਤਾਜਪੋਸ਼ੀ ਪਿੱਛੇ ਵੀ ਪ੍ਰਸ਼ਾਂਤ ਦੀ ਸੋਚ ਹੀ ਕੰਮ ਕਰਦੀ ਸੀ। ਇਸੇ ਤਰ੍ਹਾਂ ਰਾਹੁਲ ਗਾਂਧੀ ਨੂੰ ‘ਪੱਪੂ’ ਬਣਾਉਣ ਵਾਲੀ ਸੋਚ ਵੀ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਦੀ ਹੀ ਰਹੀ ਹੋਵੇਗੀ।

ਸੋ ਇਹ ਇਕ ਦਿਮਾਗ਼ ਹੈ ਜੋ ਅਸਲ ਵਿਚ ਅਮਿੱਤ ਸ਼ਾਹ ਨੂੰ ਵੀ ਮਾਤ ਪਾ ਦੇਂਦਾ ਆ ਰਿਹਾ ਹੈ ਤੇ ਇਕ ਮੰਚ ਤੇ ਵਿਰੋਧੀਆਂ ਨੂੰ ਇਕੱਠਾ ਕਰਨ ਦਾ ਸਿਹਰਾ ਵੀ ਪ੍ਰਸ਼ਾਂਤ ਦੇ ਸਿਰ ਹੀ ਬੱਝਦਾ ਹੈ। ਕਾਂਗਰਸ ਭਾਵੇਂ ਸ਼ਾਮਲ ਨਹੀਂ ਹੋਈ, ਇਹ ਜੋ ਬਿਆਨ ਦਿਤਾ ਗਿਆ ਹੈ ਕਿ ਵਿਰੋਧੀ ਧਿਰ ਦਾ ਕਾਂਗਰਸ ਬਿਨਾਂ ਕੋਈ ਮਤਲਬ ਹੀ ਨਹੀਂ, ਇਹ ਵੀ ਪ੍ਰਸ਼ਾਂਤ ਦੀ ਹੀ ਸੋਚ ਹੈ ਜੋ ਉਹ ਨਾ ਸਿਰਫ਼ ਕਾਂਗਰਸ ਨੂੰ ਖ਼ੁਸ਼ ਕਰਨ ਲਈ ਅਖਵਾ ਰਿਹਾ ਹੈ ਸਗੋਂ ਇਸ ਨੂੰ ਸਾਰੀਆਂ ਖੇਤਰੀ ਪਾਰਟੀਆਂ ਦੇ ਮਨ ਵਿਚ ਵੀ ਬਿਠਾ ਰਿਹਾ ਹੈ। ਸਿਆਸਤ ਅੰਕੜਿਆਂ ਦੀ ਖੇਡ ਹੈ ਤੇ ਰਾਸ਼ਟਰ ਪੱਧਰ ਤੇ ਕਾਂਗਰਸ ਅੱਜ ਵੀ ਭਾਜਪਾ ਤੋਂ ਬਾਅਦ ਸੱਭ ਤੋਂ ਵੱਡੀ ਧਿਰ ਹੈ।

ਭਾਜਪਾ ਦੀਆਂ 37.36 ਫ਼ੀ ਸਦੀ ਵੋਟਾਂ ਦੇ ਮੁਕਾਬਲੇ ਕਾਂਗਰਸ ਕੋਲ 19.49 ਫ਼ੀ ਸਦੀ ਵੋਟ ਸ਼ੇਅਰ 2019 ਦੀਆਂ ਚੋਣਾਂ ਵਿਚ ਰਿਹਾ ਸੀ ਤੇ ਜੇ ਰਾਸ਼ਟਰ ਮੰਚ ਵਿਚ ਬੈਠੇ ਸਾਰੇ ਧੜੇ ਅੱਜ ਦੀ ਕਾਂਗਰਸ ਨਾਲ ਜੁੜ ਜਾਣ ਤਾਂ ਭਾਜਪਾ ਨੂੰ ਜ਼ਬਰਦਸਤ ਟੱਕਰ ਦਿਤੀ ਜਾ ਸਕਦੀ ਹੈ। ਲੋਕਤੰਤਰ ਵਿਚ ਵਿਰੋਧੀ ਧਿਰ ਤਾਕਤਵਰ ਨਾ ਹੋਵੇ ਤਾਂ ਇੰਦਰਾ ਵਰਗੇ ਤਾਨਾਸ਼ਾਹ ਹੀ ਪੈਦਾ ਹੁੰਦੇ ਹਨ ਪਰ ਇਸ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਨੂੰ ਅਪਣੀ ਹੈਂਕੜ ਛੱਡ ਕੇ ਇਕ ਮੰਚ ਤੇ ਆਉਣਾ ਪਵੇਗਾ ਤੇ ਕਾਂਗਰਸ ਨੂੰ ਵੀ ਕਈ ਸੂਬਿਆਂ ਵਿਚ ਸੂਬਾ ਪੱਧਰੀ ਆਗੂਆਂ ਦੀ ਬਰਤਰੀ ਬਰਦਾਸ਼ਤ ਕਰਨੀ ਪਵੇਗੀ।

ਸੋ ਇਸ ਤੋਂ ਪਹਿਲਾਂ ਕਿ ਇਹ ਲੋਕ ਭਾਜਪਾ ਨੂੰ ਚੁਨੌਤੀ ਦੇ ਸਕਣ, ਇਨ੍ਹਾਂ ਨੂੰ ਪਹਿਲਾਂ ਅਪਣੀ ਹਉਮੈ ਨੂੰ ਪਿੱਛੇ ਛੱਡ ਕੇ ਇਕ ਆਗੂ ਪਿੱਛੇ ਲਗਣਾ ਪਵੇਗਾ। ਇਨ੍ਹਾਂ ਵਿਚੋਂ ਕਈ ਹਨ ਜੋ ਸੂਬਿਆਂ ਦੇ ਮੁੱਖ ਮੰਤਰੀ ਹਨ ਪਰ ਅਪਣੇ ਆਪ ਨੂੰ ਪ੍ਰਧਾਨ ਮੰਤਰੀ ਨਿਵਾਸ ਵਿਚ ਸਜਿਆ ਵੇਖਣ ਦੇ ਸੁਪਨੇ ਸੰਜੋਈ ਬੈਠੇ ਹਨ। ਸੋ ਅਜੇ ਇਸ ਮੰਚ ਵਿਚ ਅੰਦਰੋਂ ਵੀ ਕਈ ਵੱਡੀਆਂ ਜੰਗਾਂ ਹੋਣੀਆਂ ਹਨ ਜਿਸ ਤੋਂ ਬਾਅਦ ਹੀ ਇਸ ਦੀ ਹੋਂਦ ਦਾ ਪਤਾ ਚਲੇਗਾ। 
-ਨਿਮਰਤ ਕੌਰ