2019 ਦੀ ਚੋਣ : ਰਾਹੁਲ ਬਨਾਮ ਮੋਦੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਾਰਲੀਮੈਂਟ ਵਿਚ ਦੁਹਾਂ ਦੀਆਂ ਤਕਰੀਰਾਂ ਨੇ ਸਥਿਤੀ ਸਪੱਸ਼ਟ ਕਰ ਦਿਤੀ...........

Narendra Modi

ਪ੍ਰਧਾਨ ਮੰਤਰੀ ਨੇ ਬੇਭਰੋਸਗੀ ਮਤੇ ਤੇ ਬੋਲਦਿਆਂ ਅਪਣੇ ਜਵਾਬ ਵਿਚ ਅਪਣੀ ਸਰਕਾਰ ਦੇ ਕੰਮਾਂ ਦੀ ਤਾਰੀਫ਼ ਤਾਂ ਕੀਤੀ ਪਰ ਉਨ੍ਹਾਂ ਰਾਹੁਲ ਗਾਂਧੀ ਵਲੋਂ ਚੁੱਕੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰ ਕੇ ਅਪਣੀ ਕਮਜ਼ੋਰੀ ਦਾ ਸਬੂਤ ਵੀ ਦਿਤਾ। ਰਾਹੁਲ ਗਾਂਧੀ ਨੇ ਲੋਕਾਂ ਸਾਹਮਣੇ ਉਹ ਤੱਥ ਲਿਆ ਖੜੇ ਕੀਤੇ ਜਿਨ੍ਹਾਂ ਬਾਰੇ ਅੱਜ ਦਾ ਮੀਡੀਆ ਗੱਲ ਕਰਨ ਤੋਂ ਵੀ ਕਤਰਾਉਂਦਾ ਹੈ। ਫ਼ਰਾਂਸ ਨਾਲ ਰਾਫ਼ੇਲ ਹਵਾਈ ਜਹਾਜ਼ ਦਾ ਸੌਦਾ ਮਹਿੰਗਾ ਤਾਂ ਪਿਆ ਹੀ ਪਰ ਉਨ੍ਹਾਂ ਨੂੰ ਅਨਿਲ ਅੰਬਾਨੀ ਨੂੰ ਦੇਣ ਦੀ ਬੁਝਾਰਤ ਤਾਂ ਸਮਝਾਉਣੀ ਚਾਹੀਦੀ ਸੀ। ਕਰਜ਼ੇ ਹੇਠ ਆ ਕੇ ਅਪਣਾ ਸੱਭ ਕੁੱਝ ਗਵਾ ਦੇਣ ਵਾਲੇ ਨੂੰ 5400 ਹਜ਼ਾਰ ਕਰੋੜ ਰੁਪਏ ਦਾ ਠੇਕਾ ਸੰਭਾਲਣ ਦਾ ਕੀ ਮਤਲਬ? 

ਰਾਹੁਲ ਗਾਂਧੀ ਨੂੰ ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਅਪਣਾ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਮਨੋਨੀਤ ਕਰ ਕੇ ਇਹ ਗੱਲ ਸਾਫ਼ ਕਰ ਦਿਤੀ ਹੈ ਕਿ ਜਿਸ ਕਿਸੇ ਨੇ ਵੀ ਉਨ੍ਹਾਂ ਦੇ ਗਠਜੋੜ ਵਿਚ ਸ਼ਾਮਲ ਹੋਣਾ ਹੈ, ਉਸ ਨੂੰ ਇਹ ਸ਼ਰਤ ਤਾਂ ਕਬੂਲਣੀ ਹੀ ਪਵੇਗੀ। ਉਨ੍ਹਾਂ ਦੇ ਇਸ ਐਲਾਨ ਦਾ, ਸਮਾਜਵਾਦੀ ਪਾਰਟੀ, ਜਨਤਾ ਦਲ (ਐਸ), ਰਾਸ਼ਟਰੀ ਜਨਤਾ ਦਲ ਤੇ ਨੈਸ਼ਨਲ ਕਾਨਫ਼ਰੰਸ ਵਲੋਂ ਵਿਰੋਧ ਨਹੀਂ ਹੋਣ ਵਾਲਾ। ਵਿਰੋਧ ਦੀ ਸੱਭ ਤੋਂ ਵੱਡੀ ਆਵਾਜ਼ ਪਛਮੀ ਬੰਗਾਲ 'ਚੋਂ ਮਮਤਾ ਬੈਨਰਜੀ ਵਾਲੇ ਪਾਸਿਉਂ ਆ ਸਕਦੀ ਹੈ। ਉਹ ਹੁਣ ਪੂਰੇ ਦੇਸ਼ ਵਿਚ ਅਪਣੀ ਤਾਕਤ ਵਿਖਾਉਣ ਵਾਸਤੇ ਸਾਰੇ ਸੂਬਿਆਂ ਵਿਚ ਰੈਲੀਆਂ ਕਰਨ ਲੱਗੇ ਹਨ।

ਪਰ ਜਿਸ ਤਰ੍ਹਾਂ ਦਿੱਲੀ ਵਿਚ 2014 ਵਿਚ ਮਮਤਾ ਦੀ ਰੈਲੀ ਲੋਕਾਂ ਤੋਂ ਸਖਣੀ ਰਹਿ ਗਈ ਸੀ, ਇਸ ਵਾਰ ਵੀ ਪੂਰੇ ਦੇਸ਼ ਵਿਚ ਮਮਤਾ ਬੈਨਰਜੀ ਨੂੰ ਵੱਡਾ ਹੁੰਗਾਰਾ ਮਿਲਣਾ ਮੁਸ਼ਕਲ ਹੈ। ਜਿਸ ਤਰ੍ਹਾਂ ਬੰਗਾਲ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਬੰਗਾਲ ਦੀ ਸ਼ੇਰਨੀ ਵਲੋਂ ਬੰਦੂਕਾਂ ਅਤੇ ਡਾਂਗਾਂ ਦਾ ਜ਼ੋਰ ਵਿਖਾਇਆ ਗਿਆ, ਉਸ ਨੂੰ ਵੇਖਣ ਵਾਲੇ ਦੇਸ਼ਵਾਸੀਆਂ ਦੀ ਸਬਰਕੱਤੀ ਹਮਾਇਤ ਉਨ੍ਹਾਂ ਨੂੰ ਮਿਲਣੀ ਮੁਸ਼ਕਲ ਹੈ।  ਰਾਹੁਲ ਗਾਂਧੀ ਨੇ ਸੰਸਦ ਵਿਚ ਬੇਭਰੋਸਗੀ ਮਤੇ ਤੇ ਚਰਚਾ ਦੌਰਾਨ ਅਪਣੇ ਭਾਸ਼ਣ ਵਿਚ ਯਕੀਨ ਕਰਵਾ ਦਿਤਾ ਕਿ ਇਸ 'ਪੱਪੂ' ਨੇ ਅਪਣੀ ਸਿਆਸਤ ਨੂੰ ਸਮਝ ਲਿਆ ਹੈ।

ਰਾਹੁਲ ਗਾਂਧੀ ਪਹਿਲਾਂ ਵੀ ਅਕਸਰ ਗਰਜਦੇ ਰਹੇ ਹਨ ਪਰ ਫਿਰ ਗ਼ਾਇਬ ਹੋ ਜਾਂਦੇ ਸਨ। ਪਰ ਇਸ ਵਾਰ ਰਾਹੁਲ ਦਾ ਭਾਸ਼ਨ ਸਿਰਫ਼ ਆਮ ਕਿਸਮ ਦਾ ਸਿਆਸੀ ਭਾਸ਼ਨ ਨਹੀਂ ਸੀ। ਇੰਜ ਜਾਪਦਾ ਸੀ ਜਿਵੇਂ ਰਾਹੁਲ ਗਾਂਧੀ ਨੇ ਅਪਣੇ ਅਕਸ ਨੂੰ ਪਛਾਣ ਲਿਆ ਹੈ। ਉਸ ਦੇ ਭਾਸ਼ਨ ਸਾਹਮਣੇ ਸ਼ਾਇਦ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਭਾਸ਼ਨ ਫਿੱਕਾ ਪੈ ਗਿਆ ਲਗਦਾ ਸੀ। ਇਨ੍ਹਾਂ ਭਾਸ਼ਨਾਂ ਨੇ 2019 ਵਿਚ ਭਾਜਪਾ ਦੇ ਸੱਭ ਤੋਂ ਤਾਕਤਵਰ ਪ੍ਰਚਾਰਕ ਨੂੰ ਅਪਣੇ ਵਿਰੋਧੀ ਦਾ ਨਵਾਂ ਰੂਪ ਵਿਖਾ ਦਿਤਾ ਹੈ। ਰਾਹੁਲ ਗਾਂਧੀ ਨੇ ਅਪਣੇ ਆਪ ਨੂੰ 'ਪੱਪੂ' ਅਖਵਾ ਕੇ ਮਜ਼ਾਕ ਉਡਾਉਂਦੇ ਹੋਏ ਵਿਰੋਧੀਆਂ ਨੂੰ ਅਪਣੀ ਸਹਿਣਸ਼ੀਲਤਾ ਦਾ ਸਬੂਤ ਦੇ ਦਿਤਾ

ਅਤੇ ਜਦੋਂ ਰਾਹੁਲ ਨੇ ਅਪਣੇ ਆਪ ਨੂੰ ਸ਼ਿਵ ਭਗਤ, ਹਿੰਦੂ, ਕਾਂਗਰਸ ਅਤੇ ਪਿਆਰ ਵਿਚ ਵਿਸ਼ਵਾਸ ਰੱਖਣ ਵਾਲਾ ਹੋਣ ਦਾ ਐਲਾਨ ਕੀਤਾ ਤਾਂ ਉਸ ਨੇ ਇਸ ਤਰ੍ਹਾਂ ਕਹਿ ਕੇ ਕੱਟੜ ਹਿੰਦੂ ਵੋਟ ਨੂੰ ਵੀ ਵੰਡ ਦਿਤਾ ਕਿਉਂਕਿ ਕੱਟੜ ਹਿੰਦੂ ਵੀ ਨਫ਼ਰਤ ਨੂੰ ਨਹੀਂ ਬਲਕਿ ਅਪਣੇ ਧਰਮ ਦੀਆਂ ਚੰਗਿਆਈਆਂ ਨੂੰ ਦੁਨੀਆਂ ਅੱਗੇ ਪੇਸ਼ ਕਰਨਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਬੇਭਰੋਸਗੀ ਮਤੇ ਤੇ ਬੋਲਦਿਆਂ ਅਪਣੇ ਜਵਾਬ ਵਿਚ ਅਪਣੀ ਸਰਕਾਰ ਦੇ ਕੰਮਾਂ ਦੀ ਤਾਰੀਫ਼ ਤਾਂ ਕੀਤੀ ਪਰ ਉਨ੍ਹਾਂ ਰਾਹੁਲ ਗਾਂਧੀ ਵਲੋਂ ਚੁੱਕੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰ ਕੇ ਅਪਣੀ ਕਮਜ਼ੋਰੀ ਦਾ ਸਬੂਤ ਵੀ ਦਿਤਾ।

ਰਾਹੁਲ ਗਾਂਧੀ ਨੇ ਲੋਕਾਂ ਸਾਹਮਣੇ ਉਹ ਤੱਥ ਲਿਆ ਖੜੇ ਕੀਤੇ ਜਿਨ੍ਹਾਂ ਬਾਰੇ ਅੱਜ ਦਾ ਮੀਡੀਆ ਗੱਲ ਕਰਨ ਤੋਂ ਵੀ ਕਤਰਾਉਂਦਾ ਹੈ। ਫ਼ਰਾਂਸ ਨਾਲ ਰਾਫ਼ੇਲ ਹਵਾਈ ਜਹਾਜ਼ ਦਾ ਸੌਦਾ ਮਹਿੰਗਾ ਤਾਂ ਪਿਆ ਹੀ ਪਰ ਉਨ੍ਹਾਂ ਨੂੰ ਅਨਿਲ ਅੰਬਾਨੀ ਨੂੰ ਦੇਣ ਦੀ ਬੁਝਾਰਤ ਤਾਂ ਸਮਝਾਉਣੀ ਚਾਹੀਦੀ ਸੀ। ਕਰਜ਼ੇ ਹੇਠ ਆ ਕੇ ਅਪਣਾ ਸੱਭ ਕੁੱਝ ਗਵਾ ਦੇਣ ਵਾਲੇ ਨੂੰ 5400 ਹਜ਼ਾਰ ਕਰੋੜ ਰੁਪਏ ਦਾ ਠੇਕਾ ਸੰਭਾਲਣ ਦਾ ਕੀ ਮਤਲਬ? ਅਪਣੇ ਯਾਰਾਂ ਮਿੱਤਰਾਂ ਨੂੰ ਵੱਡੇ ਵੱਡੇ ਫ਼ਾਇਦੇ ਪਹੁੰਚਾਉਣ ਦੀ ਭਾਜਪਾ ਦੀ ਸੋਚ ਨੇ ਭਾਰਤ ਵਿਚ ਅਮੀਰ-ਗ਼ਰੀਬ ਵਿਚਲਾ ਫ਼ਰਕ ਬਹੁਤ ਡੂੰਘਾ ਕਰ ਦਿਤਾ ਹੈ।

ਪਰ ਪ੍ਰਧਾਨ ਮੰਤਰੀ ਨੇ ਨਾ ਇਸ ਨੂੰ ਸੰਬੋਧਨ ਕੀਤਾ, ਨਾ ਦੇਸ਼ ਵਿਚ ਵਧਦੀ ਨਫ਼ਰਤ ਦੀਆਂ ਹਵਾਵਾਂ ਬਾਰੇ ਕੁੱਝ ਕਿਹਾ। ਰਾਜਨਾਥ ਸਿੰਘ ਨੇ ਜ਼ਰੂਰ ਕਿਹਾ ਕਿ ਅੱਜ ਜਿਵੇਂ ਭੀੜਾਂ ਵਲੋਂ ਕਤਲ ਹੋ ਰਹੇ ਹਨ, ਉਹ ਅਸਲੋਂ ਨਵੇਂ ਨਹੀਂ ਅਤੇ ਇੰਦਰਾ ਗਾਂਧੀ ਹੇਠ ਸਿੱਖਾਂ ਨੂੰ ਇਸੇ ਤਰ੍ਹਾਂ ਮਾਰਿਆ ਗਿਆ ਸੀ। ਸਾਫ਼ ਹੈ ਕਿ ਹਰ ਵਾਰ ਕਿਸੇ ਗ਼ਲਤ ਪ੍ਰਥਾ ਦੀ ਗੱਲ ਕਰਦੇ ਹੋਏ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਗੱਲ ਕਰਨੀ ਸ਼ੁਰੂ ਕਰ ਦੇਂਦੇ ਹਨ। ਫਿਰ ਨਹਿਰੂ ਅਤੇ ਜਿਨਾਹ ਦੀ ਸਿਆਸਤ ਸ਼ੁਰੂ ਹੋ ਜਾਂਦੀ ਹੈ। ਪਰ ਕਦੇ ਵੀ ਡਾ. ਮਨਮੋਹਨ ਸਿੰਘ, ਨਰਸਿਮ੍ਹਾ ਰਾਉ, ਵੀ.ਪੀ. ਸਿੰਘ ਦੀ ਵਿਰਾਸਤ ਬਾਰੇ ਗੱਲ ਨਹੀਂ ਕਰਦੇ।

ਭਾਜਪਾ ਨੂੰ ਅਪਣੇ ਟੀਚੇ ਚੁਣਨ ਦਾ ਹੱਕ ਹੈ, ਪਰ ਜੇ ਇੰਦਰਾ ਗਾਂਧੀ ਵਰਗਿਆਂ ਦੀ ਗੱਲ ਕਰਨੀ ਹੈ ਤਾਂ ਯਾਦ ਰੱਖਣ ਉਨ੍ਹਾਂ ਦਾ ਅੰਤ ਉਨ੍ਹਾਂ ਦੀ ਜ਼ਿੰਦਗੀ ਵਿਚ ਫੈਲਾਈ ਗਈ ਨਫ਼ਰਤ ਦਾ ਨਤੀਜਾ ਹੀ ਸੀ। ਭਾਰਤ ਉਨ੍ਹਾਂ ਕਾਲੇ ਵੇਲਿਆਂ ਤੋਂ ਅੱਗੇ ਵਧਣਾ ਚਾਹੁੰਦਾ ਹੈ ਅਤੇ ਭਾਜਪਾ ਨੂੰ ਇਕ ਮੌਕਾ 'ਅੱਛੇ ਦਿਨਾਂ' ਨੂੰ ਮੋੜ ਲਿਆਉਣ ਵਾਸਤੇ ਦਿਤਾ ਗਿਆ ਸੀ। ਇਕ ਮਾਹਰ ਵਲੋਂ ਬੇਭਰੋਸਗੀ ਵੋਟ ਦੇ ਅੰਕੜਿਆਂ ਨੂੰ ਲੈ ਕੇ ਸਿੱਧ ਕੀਤਾ ਗਿਆ ਹੈ

ਕਿ ਅੱਜ ਦੇ ਦਿਨ ਭਾਵੇਂ ਭਾਜਪਾ ਕੋਲ 325 ਸੀਟਾਂ ਹਨ, ਪਰ ਉਨ੍ਹਾਂ ਕੋਲ ਲੋਕਾਂ ਦੀਆਂ 37% ਵੋਟਾਂ ਹਨ ਅਤੇ ਉਨ੍ਹਾਂ ਵਿਰੁਧ 49% ਵੋਟਾਂ ਹਨ। ਇਸ ਤਰ੍ਹਾਂ ਦੇ ਅੰਕੜੇ ਇਹ ਸਿੱਧ ਕਰਦੇ ਹਨ ਕਿ ਭਾਰਤ ਨੂੰ ਕੋਈ ਸਿਆਸਤਦਾਨ ਅਪਣੀ ਮਲਕੀਅਤ ਨਾ ਸਮਝ ਬੈਠੇ। ਨਾ ਇੰਦਰਾ ਗਾਧੀ ਸਫ਼ਲ ਹੋਈ ਸੀ ਅਤੇ ਨਾ ਕੋਈ ਹੋਰ ਹੋਵੇਗਾ। ਜੇ ਰਾਹੁਲ ਗਾਂਧੀ ਦਾ ਹੌਸਲਾ ਇਸੇ ਤਰ੍ਹਾਂ ਕਾਇਮ ਰਿਹਾ ਤਾਂ 2019 ਵਿਚ ਤਸਵੀਰ ਬਦਲ ਵੀ ਸਕਦੀ ਹੈ।  -ਨਿਮਰਤ ਕੌਰ