ਸਿੱਖਾਂ ਦੇ ਉਹ ਆਗੂ ਅੱਗੇ ਲਿਆਉ ਜੋ ਸਿੱਖਾਂ ਦਾ ਨਾਂ ਉਜਵਲ ਕਰਨ ਵਾਲੇ ਆਮ ਕਿਰਤੀ ਸਿੱਖਾਂ ਵਰਗੇ......

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ 'ਚ ਜਿਥੇ ਕਿਤੇ ਸਰਕਾਰੀ ਸਿਸਟਮ ਫ਼ੇਲ੍ਹ ਹੋਇਆ, ਉਥੇ ਨੌਜੁਆਨਾਂ ਨੇ ਹਸਪਤਾਲਾਂ 'ਚ ਬੈੱਡ ਤੋਂ ਲੈ ਕੇ ਆਕਸੀਜਨ ਦੀ ਕਮੀ ਦੂਰ ਕਰਨ ਦੇ ਉਪਰਾਲੇ ਆਪ ਅੱਗੇ ਹੋ ਕੇ ਕੀਤੇ।

Khalsa Aid

ਇਕ ਪਾਸੇ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਸਿੱਖ ਕੌਮ ਦਾ ਅਪਣੇ ਆਗੂਆਂ ਉਤੇ ਭਰੋਸਾ ਪੂਰੀ ਤਰ੍ਹਾਂ ਉਠ ਗਿਆ ਹੈ ਅਤੇ ਦੂਜੇ ਪਾਸੇ ਅਜਿਹੀਆਂ ਉਦਾਹਰਣਾਂ ਵੀ ਵੇਖਣ ਨੂੰ ਮਿਲੀਆਂ ਹਨ ਜਿਥੇ ਸੱਤਾ ਤੋਂ ਦੂਰ ਰਹਿਣ ਵਾਲੇ ਤੇ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇ ਆਮ ਸਾਧਾਰਣ ਸਿੱਖ ਮਨੁੱਖਤਾ ਲਈ ਮਸੀਹਾ ਬਣ ਕੇ ਇਕ ਰੋਸ਼ਨੀ ਦਾ ਮੀਨਾਰ ਬਣ ਕੇ ਚਮਕੇ ਹਨ। ਇਹ ਤਸਵੀਰਾਂ ਸਿਰਫ਼ ਦਿੱਲੀ ਵਿਚ ਹੀ ਆਕਸੀਜਨ ਦੀ ਕਮੀ ਨੂੰ ਪੂਰਾ ਕਰਦੇ ਸਿੱਖਾਂ ਦੀਆਂ ਨਹੀਂ, ਬਲਕਿ ਪੂਰੀ ਦੁਨੀਆਂ ਵਿਚ ਹੀ ਯੂਨਾਈਟਿਡ ਸਿੱਖ ਤੇ ਖ਼ਾਲਸਾ ਏਡ ਵਰਗੀਆਂ ਹੋਰ ਕਈ ਛੋਟੀਆਂ ਵੱਡੀਆਂ ਜਥੇਬੰਦੀਆਂ ਦੇ ਝੰਡਿਆਂ ਹੇਠ, ਆਮ ਸਿੱਖ ਨੌਜੁਆਨ ਮਾਨਵਤਾ ਦੇ ਮਸੀਹੇ ਬਣ ਕੇ ਲੋਕਾਂ ਦੇ ਦੁਖ ਵੰਡਾਉਣ ਦਾ ਕੰਮ ਕਰ ਰਹੇ ਹਨ।

ਪੰਜਾਬ ਵਿਚ ਜਿਥੇ ਕਿਤੇ ਸਰਕਾਰੀ ਸਿਸਟਮ ਫ਼ੇਲ੍ਹ ਹੋਇਆ, ਉਥੇ ਨੌਜੁਆਨਾਂ ਨੇ ਹਸਪਤਾਲਾਂ ਵਿਚ ਬੈੱਡ ਤੋਂ ਲੈ ਕੇ ਆਕਸੀਜਨ ਦੀ ਕਮੀ ਦੂਰ ਕਰਨ ਤਕ ਦੇ ਉਪਰਾਲੇ ਆਪ ਅੱਗੇ ਹੋ ਕੇ ਕੀਤੇ। ਲੰਗਰ ਤਾਂ ਹਰ ਸਮੇਂ ਚਲਦਾ ਹੀ ਹੈ ਪਰ ਤਾਲਾਬੰਦੀ ਦੌਰਾਨ ਸਿਰਫ਼ ਪੰਜਾਬ ਹੀ ਇਕ ਅਜਿਹਾ ਸੂਬਾ ਸੀ ਜਿਥੇ ਇਕ ਵੀ ਰਾਤ ਕੋਈ ਮਜ਼ਦੂਰ ਭੁੱਖਾ ਨਹੀਂ ਸੁੱਤਾ ਹੋਵੇਗਾ। ਇਥੇ ਤਾਂ ਘਰ-ਘਰ ਲੰਗਰ ਚਲਦਾ ਸੀ। ਇਕ ਪਾਸੇ ਸਿਆਸਤਦਾਨ ਥੋੜੀ ਜਹੀ ਮਦਦ ਦੇ ਕੇ ਅਪਣੀਆਂ ਤਸਵੀਰਾਂ ਖਿਚਵਾ ਕੇ ਬੱਲੇ ਬੱਲੇ ਕਰਵਾਉਂਦੇ ਰਹੇ ਤੇ ਦੂਜੇ ਪਾਸੇ ਆਮ ਸਿੱਖ ਪੂਰੇ ਮਨ ਨਾਲ ਸਿੱਖ ਫ਼ਲਸਫ਼ੇ ਤੋਂ ਪ੍ਰੇਰਤ ਹੋ ਕੇ ਚੁਪ ਚਾਪ ਅਪਣਾ ਧਰਮ ਨਿਭਾਉਂਦੇ ਰਹੇ ਤੇ ਨਿਜ ਲਈ ‘ਧਨਵਾਦ’ ਦੇ ਦੋ ਲਫ਼ਜ਼ ਵੀ ਨਾ ਮੰਗੇ।।

ਸਾਡੀ ਰੂਹਾਨੀ ਬਣਤਰ ਵਿਚ ਹੀ ਇਹ ਸੋਚ ਇਸ ਤਰ੍ਹਾਂ ਬਣੀ ਹੋਈ ਹੈ ਕਿ ਸਾਡਾ ਬੱਲੇ-ਬੱਲੇ ਕਰਵਾਉਣ ਵਾਲਾ ਏਜੰਡਾ ਹੀ ਨਹੀਂ ਬਣਦਾ ਤੇ ਨਿਸ਼ਕਾਮ ਸੇਵਾ ਹੀ ਸਿੱਖੀ ਵਿਚ ਪ੍ਰਵਾਨ ਹੁੰਦੀ ਹੈ। ਅਸੀ ਇਸ ਤਰ੍ਹਾਂ ਦੀ ਸੋਚ ਨਾਲ, ਮਨੁੱਖਤਾ ਦੇ ਸੇਵਾਦਾਰ ਬਣ ਜਾਂਦੇ ਹਾਂ, ਕਿਸੇ ਵਿਅਕਤੀ ਦੇ ਨਹੀਂ।ਕਈ ਵਾਰ ਛਬੀਲਾਂ ਤੇ ਗੁੱਸਾ ਵੀ ਆਉਂਦਾ ਹੈ ਕਿ ਕਿਉਂ ਅਸੀ ਲੰਗਰ ਨੂੰ ਸਿਰਫ਼ ਖਾਣ ਪੀਣ ਤਕ ਹੀ ਸੀਮਤ ਕੀਤਾ ਹੋਇਆ ਹੈ ਤੇ ਅੱਗੇ ਕਿਉਂ ਨਹੀਂ ਵੱਧ ਸਕੇ? ਲੰਗਰ ਨੂੰ ਸਿਖਿਆ ਤੇ ਹੋਰ ਸਮੱਸਿਆਵਾਂ ਵਲ ਕਿਉਂ ਨਹੀਂ ਲਿਜਾਂਦੇ?

ਕਿਉਂ ਅਪਣੇ ਬੱਚਿਆਂ ਨੂੰ ਅਫ਼ਸਰ ਬਣਾਉਣ ਵਾਸਤੇ ਅੱਗੇ ਨਹੀਂ ਲਿਆਉਂਦੇ ਤਾਕਿ ਉਹ ਵਿਦੇਸ਼ਾਂ ਵਿਚ ਟੈਕਸੀ, ਟਰੱਕ ਡਰਾਈਵਰ ਤੇ ਸਕਿਉਰਟੀ ਗਾਰਡ ਹੀ ਨਾ ਬਣੇ ਰਹਿ ਜਾਣ? ਪਰ ਸ਼ਾਇਦ ਉਹ ਇਕ ਟ੍ਰੇਨਿੰਗ ਗਰਾਊਂਡ ਸੀ ਜਿਸ ਵਿਚ ਪ੍ਰਾਪਤ ਕੀਤੀ ਮੁਹਾਰਤ ਸਦਕਾ ਅਸੀ ਮਹਾਂਮਾਰੀ ਵਿਚ ਲੋਕਾਂ ਦੇ ਕੰਮ ਆ ਸਕੇ। ਸੋ ਫ਼ਰਕ ਤਾਂ ਹੁੰਦਾ ਹੈ ਪਰ ਫਿਰ ਇਕ ਬੁਨਿਆਦੀ ਸਵਾਲ ਉਠਦਾ ਹੈ ਕਿ ਜਿਹੜੀ ਕੌਮ ਅਪਣੇ ਆਪ ਨੂੰ ਨਹੀਂ ਬਚਾ ਪਾਏਗੀ, ਉਹ ਕਦੋਂ ਤਕ ਦੂਜਿਆਂ ਦੀ ਮਦਦ ਕਰ ਕਰਦੀ ਰਹੇਗੀ? 

ਜੇ ਸਾਡੇ ਆਗੂਆਂ ਵਿਚ ਇਸ ਤਰ੍ਹਾਂ ਦੀ ਗਿਰਾਵਟ ਚਲਦੀ ਰਹੀ ਤਾਂ ਕੀ ਆਮ ਲੋਕਾਂ ਵਿਚ ਸਿੱਖ ਸੋਚ ਜ਼ਿੰਦਾ ਰਹਿ ਵੀ ਸਕੇਗੀ? ਸਿਆਸੀ ਆਗੂਆਂ ਵਿਚ ਹੀ ਨਹੀਂ ਸਗੋਂ ਸਾਡੇ ਧਾਰਮਕ ਆਗੂਆਂ ਵਿਚ ਵੀ ਗਿਰਾਵਟ ਹੈ ਜੋ ਲਗਾਤਾਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਅੱਜ ਜੇਕਰ ਅਸੀ ਅਪਣੀਆਂ ਜੜ੍ਹਾਂ ਵਿਚ ਫੈਲਦੀ ਦੀਮਕ ਨੂੰ ਰੋਕ ਨਾ ਪਾਏ ਤਾਂ ਬਾਬਾ ਨਾਨਕ ਜੀ ਦਾ ਲਗਾਇਆ ਬੂਟਾ ਕਿਸ ਤਰ੍ਹਾਂ ਬੱਚ ਸਕੇਗਾ? ਜਿਵੇਂ ਅਸੀ ਅਪਣੇ ਸਿਆਸੀ ਲੀਡਰਾਂ ਵਿਚੋਂ ਕਿਸੇ ਇਕ ਵੀ ਕਿਰਦਾਰ ਤੇ ਫ਼ਖ਼ਰ ਨਹੀਂ ਕਰ ਸਕਦੇ, ਕੀ ਤੁਸੀ ਕਿਸੇ ਧਾਰਮਕ ਆਗੂ ਤੇ ਫ਼ਖ਼ਰ ਕਰ ਸਕਦੇ ਹੋ?

ਕਿਸੇ ਨੂੰ ਵੇਖ ਕੇ ਤੁਹਾਨੂੰ ਲਗਦਾ ਹੈ ਕਿ ਇਹ ਆਗੂ ਬਾਬਾ ਨਾਨਕ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾ ਰਿਹਾ ਹੈ? ਕੁੱਝ ਲੋਕ ਕਿਸੇ ਭੋਰੇ ਵਿਚ ਬੈਠੇ ਸੰਤ ਦਾ ਨਾਮ ਲੈ ਲੈਣਗੇ ਪਰ ਕੀ ਉਹ ਗੁਰਬਾਣੀ ਵਿਚ ਦਰਸਾਏ ਗਏ ਮਾਰਗ ਨੂੰ ਠੀਕ ਨਹੀਂ ਸਮਝਦੇ? ਸੱਭ ਤੋਂ ਵੱਡਾ ਸੰਕਟ ਜੋ ਸਿੱਖ ਕੌਮ ਦੀ ਬੁਨਿਆਦ ਨੂੰ ਹਿਲਾ ਗਿਆ ਹੈ, ਉਸ ਦੀ ਸ਼ੁਰੂਆਤ ਹੀ ਅਕਾਲੀ ਦਲ (ਪੰਥਕ ਪਾਰਟੀ) ਜਾਂ ਅਕਾਲ ਤਖ਼ਤ ਤੇ ਐਸ.ਜੀ.ਪੀ.ਸੀ ਤੋਂ ਹੁੰਦੀ ਹੈ। ਜੇ ਸੌਦਾ ਸਾਧ ਦੀਆਂ ਵੋਟਾਂ ਨਹੀਂ ਚਾਹੀਦੀਆਂ ਸਨ ਤਾਂ ਫਿਰ ਉਸ ਨੂੰ ਮਾਫ਼ੀ ਨਾ ਦਿੰਦੇ। ਜੇ ਇਹ ਪਾਪ ਨਾ ਕੀਤਾ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਨਾ ਤਾਂ ਬੇਅਦਬੀਆਂ ਹੁੰਦੀਆਂ ਤੇ ਨਾ ਸਾਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਜਨਰਲ ਡਾਇਰ ਵਾਲਾ ਰੂਪ ‘ਪੰਥਕ ਸਰਕਾਰ’ ਦੇ ਕਾਲ ਵਿਚ ਹੀ ਵੇਖਣਾ ਪੈਂਦਾ।

ਅੱਜ ਅਫ਼ਸੋਸ ਨਾਲ ਮੰਨਣਾ ਪੈਂਦਾ ਹੈ ਕਿ ਨਸ਼ਾ, ਰੇਤ, ਸ਼ਰਾਬ  ਆਦਿ ਮਸਲਿਆਂ ਦੀਆਂ ਜੜ੍ਹਾਂ ਇਕ ਕਹੀ ਜਾਂਦੀ ਪੰਥਕ ਪਾਰਟੀ ਦੇ ਰਾਜ ਵਿਚ ਹੀ ਰਖੀਆਂ ਗਈਆਂ ਸਨ। ਗੁਰੂ ਘਰਾਂ ਵਿਚ ਅੱਜ ਬਾਬਾ ਨਾਨਕ ਦਾ ਫ਼ਲਸਫ਼ਾ ਨਹੀਂ ਬਲਕਿ ਕੁੱਝ ਹੋਰ ਹੀ ਨਜ਼ਰ ਆਉਂਦਾ ਹੈ। ਸੰਗਮਰਮਰ ਦੇ ਗੁਰਦਵਾਰਾ ਸਾਹਿਬ, ਇਤਿਹਾਸ ਨੂੰ ਤਬਾਹ ਕਰਨ ਦੀ ਸੋਚ, ਲਗਾਤਾਰ ਕਾਰ ਸੇਵਾ ਦੇ ਨਾਂ ਤੇ, ਮਾਇਆ ਨਾਲ ਆਫਰੀਆਂ ਕਾਰ-ਸੇਵਾ ਬਾਬਾ ਗੋਲਕਾਂ, ਸਿਆਸਤਦਾਨਾਂ ਅੱਗੇ ਝੁਕੇ ਹੋਏ ਸਿਰ, ਅੱਜ ਦੀ ਕਮਜ਼ੋਰ ਅਗਵਾਈ ਦਾ ਕਾਰਨ ਹਨ।

ਸੱਤਾ, ਤਾਕਤ, ਪੈਸਾ ਸਿੱਖ ਆਗੂਆਂ ਨੂੰ ਮਾਰਗ ਤੋਂ ਅਜਿਹਾ ਭਟਕਾਅ ਗਏ ਹਨ ਕਿ ਹੁਣ ਆਮ ਸਿੱਖ ਵੀ ਅਪਣੇ ਹੱਕਾਂ ਅਧਿਕਾਰਾਂ ਵਾਸਤੇ ਸਿੱਖ ਆਗੂਆਂ ਉਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੋ ਰਿਹਾ। ਜੇ ਆਮ ਸਿੱਖ ਫ਼ਖ਼ਰ ਦਾ ਕਾਰਨ ਬਣਿਆ ਤਾਂ ਇਹ ਇਕ ਛੋਟੀ ਜਹੀ ਕੌਮ ਵਾਸਤੇ ਗਦਗਦ ਹੋਣ ਵਾਲੀ ਗੱਲ ਹੈ ਪਰ ਹੁਣ ਸੋਚਣਾ ਪਵੇਗਾ ਕਿ ਕਿਸ ਤਰ੍ਹਾਂ ਆਮ ਸਿੱਖਾਂ ਵਰਗੇ ਸਿੱਖ ਆਗੂ ਹੀ ਅੱਗੇ ਆਉਣ ਨਾ ਕਿ ਸੱਤਾ ਤੇ ਪੈਸੇ ਦੇ ਭੁੱਖੇ ਆਗੂ ਜੋ ਸਿੱਖਾਂ ਦੇ ਅਕਸ ਨੂੰ ਤਹਿਸ ਨਹਿਸ ਕਰ ਰਹੇ ਹਨ।                                     -ਨਿਮਰਤ ਕੌਰ