ਪੰਜਾਬੀ ਗੀਤਕਾਰਾਂ ਦੀ ਪੰਜਾਬੀ ਘੱਟ ਵਿਕਦੀ ਹੈ ਤਾਂ ਉਹ ਹਿੰਦੀ ਦਾ ਛਾਬਾ ਲੈ ਬਹਿੰਦੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬੀ-ਪਿਆਰ ਦੀ ਗੱਲ ਤਾਂ ਐਵੇਂ ਛਲਾਵਾ ਹੀ ਹੁੰਦੀ ਹੈ!

Elly Mangat - Gurdas Maan

ਪੰਜਾਬ ਦੇ ਦੋ ਗਾਇਕਾਂ ਨੇ ਅੱਜਕਲ੍ਹ ਸਾਰਿਆਂ ਦਾ ਧਿਆਨ ਅਪਣੇ ਵਲ ਖਿਚਿਆ ਹੋਇਆ ਹੈ। ਉਨ੍ਹਾਂ ਦੀ ਸ਼ਬਦਾਵਲੀ ਅਤੇ ਉਨ੍ਹਾਂ ਦੀ ਸੋਚ ਉਤੇ ਤਿੱਖੀਆਂ ਟਿਪਣੀਆਂ ਹੋ ਰਹੀਆਂ ਹਨ। ਇਕ ਪਾਸੇ ਗਾਇਕ ਐਲੀ ਮਾਂਗਟ ਅਤੇ ਰੰਮੀ ਦੀ ਸੱਤ ਸਮੁੰਦਰੋਂ ਪਾਰ ਦੀ ਲੜਾਈ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਬੜੇ ਪ੍ਰਸਿੱਧ 'ਮਾਨ ਸਾਬ੍ਹ'। ਗੁਰਦਾਸ ਮਾਨ ਨੂੰ ਪੰਜਾਬੀ ਗਾਇਕੀ ਦਾ ਥੰਮ੍ਹ ਮੰਨਿਆ ਜਾਂਦਾ ਹੈ ਜਿਨ੍ਹਾਂ ਤੋਂ ਬਗ਼ੈਰ ਪੰਜਾਬੀ ਸੰਗੀਤ ਅਧੂਰਾ ਪੈ ਜਾਂਦਾ ਹੈ। ਐਲੀ ਮਾਂਗਟ ਅਤੇ ਰੰਮੀ ਦੀ ਲੜਾਈ ਪੰਜਾਬੀ ਦੀ ਫੁਕਰੀ ਸੋਚ ਦੀ ਪ੍ਰਤੀਕ ਹੈ ਜੋ ਗੱਲ ਗੱਲ ਤੇ ਡਾਂਗਾਂ ਕੱਢਣ ਨੂੰ ਤਿਆਰ ਹੋ ਜਾਂਦੀ ਹੈ।

ਐਲੀ ਮਾਂਗਟ ਅਪਣੀ ਡਾਂਗ ਦਾ ਜ਼ੋਰ ਵਿਖਾਉਣ ਲਈ ਨਿਊਜ਼ੀਲੈਂਡ ਤੋਂ ਮੋਹਾਲੀ ਆ ਗਿਆ ਕਿਉਂਕਿ ਉਸ ਨੂੰ ਦੂਜੇ ਗਾਇਕ ਰੰਮੀ ਨੇ ਲਲਕਾਰਿਆ ਸੀ, 'ਆਜਾ ਤੇ ਵੇਖ ਲੈ' ਅਤੇ ਉਹ ਅਪਣੀ ਜਾਨ ਤਲੀ ਉਤੇ ਰੱਖ ਕੇ ਆ ਗਿਆ। ਇਸੇ ਐਲੀ ਨੂੰ ਲਲਕਾਰ ਕੇ ਅੱਜ ਅਸੀ ਵੀ ਕਹਿੰਦੇ ਹਾਂ ਕਿ ਜੇ ਸਚਮੁਚ ਹੀ ਵੱਡਾ ਜਿਗਰਾ ਹੈ ਤਾਂ ਦਸ ਕਿਸਾਨਾਂ ਦਾ ਕਰਜ਼ਾ ਹੀ ਚੁਕਾ ਦੇ, ਸੱਭ ਨੂੰ ਪਤਾ ਲੱਗ ਜਾਏਗਾ ਤੇ ਉਹ ਵੀ ਡਾਂਗ ਚਲਾਏ ਬਿਨਾਂ ਹੀ। ਅਮਿਤਾਭ ਬੱਚਨ ਨੇ ਅਪਣੇ ਜੱਦੀ ਇਲਾਕੇ ਦੇ ਕਈ ਕਿਸਾਨਾਂ ਦੇ ਕਰਜ਼ੇ ਆਪ ਦਿਤੇ ਹਨ। ਪੰਜਾਬੀ ਗਾਇਕਾਂ ਤੇ ਕਲਾਕਾਰਾਂ 'ਚੋਂ ਵੀ ਬੜੇ ਕਰੋੜਪਤੀ ਹਨ, ਕਿਸੇ ਨੂੰ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦਾ ਕਰਜ਼ਾ ਅਪਣੇ ਉਪਰ ਲੈ ਕੇ ਵੱਡਾ ਜਿਗਰਾ ਵਿਖਾਣ ਦੀ ਯਾਦ ਨਹੀਂ ਆਈ।

ਦੂਜੇ ਪਾਸੇ ਮਾਨ ਸਾਬ੍ਹ ਨੇ ਹਿੰਦੀ ਨੂੰ ਪੰਜਾਬੀ ਦੀ ਮਾਸੀ ਆਖ ਕੇ ਕਹਿ ਦਿਤਾ ਕਿ ਉਹ 'ਇਕ ਦੇਸ਼ ਇਕ ਭਾਸ਼ਾ' ਦਾ ਅਸੂਲ ਮੰਨਦੇ ਹਨ ਜਦਕਿ ਭਾਸ਼ਾਈ ਆਧਾਰ ਤੇ ਸੂਬੇ ਬਣਾਉਣ ਵੇਲੇ ਅਸੂਲ 'ਇਕ ਦੇਸ਼ 22 ਰਾਸ਼ਟਰ ਭਾਸ਼ਾਵਾਂ' ਦਾ ਮੰਨਿਆ ਗਿਆ ਸੀ। ਜ਼ਾਹਰ ਹੈ ਕਿ ਲੋਕ ਉਨ੍ਹਾਂ ਨਾਲ ਨਾਰਾਜ਼ ਹੋਣੇ ਹੀ ਸਨ ਅਤੇ ਜਦ ਉਨ੍ਹਾਂ ਨੇ ਵਿਦੇਸ਼ ਵਿਚ ਜਾ ਕੇ ਮੰਚ ਉਤੇ ਅਪਣਾ ਵਿਰੋਧ ਵੇਖਿਆ ਤਾਂ ਉਹ ਅਪਣਾ ਆਪਾ ਗੁਆ ਬੈਠੇ। ਅਮਲੀ, ਵਿਹਲੇ ਵਰਗੇ ਸ਼ਬਦਾਂ ਨਾਲ ਉਨ੍ਹਾਂ ਨੇ ਇਸ ਤਰ੍ਹਾਂ ਦੀ ਗੱਲ ਮੰਚ ਉਤੇ ਕਹਿ ਦਿਤੀ ਕਿ ਸਾਰੀ ਉਮਰ ਦੀ ਕਮਾਈ ਇਕ ਪਲ ਵਿਚ ਸਵਾਹ ਹੋ ਕੇ ਰਹਿ ਗਈ। ਲੋਕ ਬੜੇ ਹੈਰਾਨ ਹਨ। ਪਰ ਕਿਉਂ?

ਜੋ ਗਾਇਕ ਲੋਕ ਗਾਇਕੀ ਨੂੰ ਇਕ ਵਪਾਰ ਵਾਂਗ ਚਲਾਉਂਦੇ ਹਨ ਤਾਂ ਉਨ੍ਹਾਂ ਤੋਂ ਪੰਜਾਬੀ ਦੀ 'ਸੇਵਾ' ਦੀ ਉਮੀਦ ਕਿਉਂ ਕੀਤੀ ਜਾ ਰਹੀ ਸੀ? ਗੁਰਦਾਸ ਮਾਨ ਨੇ ਅਪਣੇ ਕਰੀਅਰ 'ਚ ਚੜ੍ਹਤ 'ਘਰ ਦੀ ਸ਼ਰਾਬ' ਵਰਗੇ ਗੀਤਾਂ ਨਾਲ ਪ੍ਰਾਪਤ ਕੀਤੀ ਸੀ ਅਤੇ ਅੱਜ ਵੀ ਉਹ ਵਿਦੇਸ਼ੀ ਮੰਚਾਂ ਤੇ ਖੜਾ ਹੋ ਕੇ 'ਚਿੱਟੇ' ਦੇ ਗੀਤ ਹੀ ਉਚਾਰ ਰਿਹਾ ਹੈ। ਐਲੀ ਮਾਂਗਟ ਤੇ ਗੁਰਦਾਸ ਮਾਨ ਅੱਜ ਅਪਣੀਆਂ ਹਰਕਤਾਂ ਕਾਰਨ ਇਕੋ ਹੀ ਰੰਗ ਵਿਚ ਰੰਗੇ ਹੋਏ ਨਜ਼ਰ ਆ ਰਹੇ ਹਨ ਅਤੇ ਉਹ ਹੈ ਵਪਾਰ ਦਾ ਰੰਗ, ਪੈਸਾ ਕਮਾਉਣ ਦਾ ਰੰਗ, ਮਸ਼ਹੂਰੀ ਪ੍ਰਾਪਤ ਕਰਨ ਲਈ ਹਰ ਢੰਗ ਅਪਨਾਉਣ ਦਾ ਰੰਗ। ਕੀ ਕੋਈ ਗੁਜਰਾਤੀ ਅਪਣੇ ਸਭਿਆਚਾਰ ਦੀ ਸੰਭਾਲ ਦੀ ਉਮੀਦ ਮੁਕੇਸ਼ ਅੰਬਾਨੀ ਤੋਂ ਕਰ ਸਕਦਾ ਹੈ? ਨਹੀਂ, ਕਿਉਂਕਿ ਉਹ ਕਾਰੋਬਾਰ ਕਰਦਾ ਹੈ, ਪੈਸੇ ਕਮਾਉਂਦਾ ਹੈ ਅਤੇ ਇਹ ਗਾਇਕ ਅਪਣੇ ਹੁਨਰ ਦਾ ਇਸਤੇਮਾਲ ਕਰ ਕੇ ਪੈਸਾ ਕਮਾ ਰਹੇ ਹਨ, ਪੰਜਾਬੀ ਨਹੀਂ ਵਿਕਦੀ ਜਾਂ ਘੱਟ ਵਿਕਦੀ ਹੈ ਤਾਂ ਹਿੰਦੀ ਦਾ ਛਾਬਾ ਲਾ ਲੈਣਗੇ।

ਗ਼ਲਤੀ ਸਾਡੀ ਹੈ ਕਿ ਅਸੀਂ ਇਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਇਨ੍ਹਾਂ ਨੂੰ ਏਨਾ ਵੱਡਾ ਦਰਜਾ ਦੇ ਦੇਂਦੇ ਹਾਂ ਅਤੇ ਭੁੱਲ ਜਾਂਦੇ ਹਾਂ ਕਿ ਜੇ ਲੋਕ ਵਿਆਹਾਂ, ਸ਼ਾਦੀਆਂ ਮੌਕੇ ਖ਼ੁਸ਼ੀਆਂ ਵਧਾਉਣ ਵਾਸਤੇ ਗਾਉਂਦੇ ਹਨ ਉਹ ਕਰਤਬੀ ਹੁੰਦੇ ਹਨ, ਕਲਾਕਾਰ ਨਹੀਂ। ਅਤੇ ਪੰਜਾਬੀ, ਪੰਜਾਬੀ ਸਭਿਆਚਾਰ ਇਨ੍ਹਾਂ ਦੀਆਂ ਗਲਾਸੀਆਂ 'ਚੋਂ ਨਹੀਂ ਨਿਕਲ ਸਕਦੇ। ਇਹ ਦੋਵੇਂ ਹਾਦਸੇ ਲੋਕਾਂ ਨੂੰ ਪੈਸੇ ਵਾਲੇ ਵਪਾਰ ਗਾਇਕਾਂ ਦੀ ਅਸਲੀਅਤ ਸਮਝਣ ਵਿਚ ਮਦਦ ਕਰਨਗੇ ਅਤੇ ਇਹ ਵੀ ਸਮਝ ਆਵੇਗੀ ਕਿ ਇਨ੍ਹ 'ਚੋਂ ਕਿਹੜਾ ਹੈ ਜੋ ਅਪਣੇ ਹੁਨਰ ਨੂੰ ਧੰਦਾ ਨਹੀਂ ਬਣਾ ਰਿਹਾ।

ਐਲੀ ਮਾਂਗਟ ਦੇ ਮਾਮਲੇ 'ਚ ਦੋਹਾਂ ਗਾਇਕਾਂ ਦੀ ਲੜਾਈ ਤਾਂ ਫੋਕੀ ਸੀ, ਸੋ ਖ਼ਤਮ ਹੋ ਗਈ ਪਰ ਉਹ ਵੀ ਪੰਜਾਬ ਪੁਲਿਸ ਦੇ ਰਵਈਏ ਉਤੇ ਰੌਸ਼ਨੀ ਪਾ ਗਈ। ਪੰਜਾਬ ਪੁਲਿਸ ਨੂੰ ਨੌਜੁਆਨਾਂ ਉਤੇ ਤਸ਼ੱਦਦ ਕਰਨ ਦਾ ਸ਼ੌਕ ਅਜਿਹਾ ਪੈ ਗਿਆ ਹੈ ਜਿਵੇਂ ਕਿਸੇ ਜਾਨਵਰ ਨੂੰ ਖ਼ੂਨ ਦੀ ਲਤ ਲੱਗ ਗਈ ਹੋਵੇ। ਜਿਸ ਤਰ੍ਹਾਂ ਤਸ਼ੱਦਦ ਉਨ੍ਹਾਂ ਐਲੀ ਮਾਂਗਟ ਉਤੇ ਕੀਤਾ, ਉਹ ਉਸ ਦੇ ਕਸੂਰ ਨਾਲ ਮੇਲ ਹੀ ਨਹੀਂ ਸੀ ਖਾਂਦਾ। ਪਰ ਇਹ ਪੰਜਾਬ ਪੁਲਿਸ ਦੀ ਪੁਰਾਣੀ ਆਦਤ ਹੈ ਕਿ ਜੇ ਕਿਸੇ ਨੌਜੁਆਨ ਨੂੰ ਵੇਖਦੀ ਹੈ ਤਾਂ ਉਸ ਨੂੰ ਛੱਲੀਆਂ ਵਾਂਗ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਦਿੰਦੀ ਹੈ।

ਪੰਜਾਬ ਪੁਲਿਸ ਅਤੇ ਗੁਰਦਾਸ ਮਾਨ ਦਾ ਗਾਲ ਕੱਢਣ ਦਾ ਤਰੀਕਾ ਇਕੋ ਜਿਹਾ ਹੀ ਹੈ ਪਰ ਪੰਜਾਬ ਪੁਲਿਸ ਅਮਲ ਵਿਚ ਵੀ ਬਹੁਤ ਕੁੱਝ ਕਰ ਕੇ ਵਿਖਾ ਦੇਂਦੀ ਹੈ। ਇਸ ਸਾਰੇ ਮਾਮਲੇ 'ਚੋਂ ਇਹ ਗੱਲ ਨਿਕਲ ਕੇ ਆਈ ਹੈ ਕਿ ਐਲੀ ਮਾਂਗਟ ਹੁਣ ਰੰਮੀ ਨਾਲ ਨਹੀਂ ਬਲਕਿ ਪੰਜਾਬ ਪੁਲਿਸ ਦੇ ਗ਼ੈਰ-ਮਨੁੱਖੀ ਰਵਈਏ ਨਾਲ ਲੜਾਈ ਕਰੇਗਾ। ਜੇ ਉਸ ਲੜਾਈ ਵਿਚ ਪਿੱਛੇ ਨਾ ਹਟ ਕੇ ਤੇ ਡੱਟ ਕੇ ਮਨੁੱਖੀ ਅਧਿਕਾਰਾਂ ਦੀ ਲੜਾਈ ਸਾਰੇ ਪੰਜਾਬ ਦੇ ਨੌਜੁਆਨਾਂ ਵਾਸਤੇ ਲੜਨ ਅਤੇ ਅੰਜਾਮ ਤਕ ਲਿਜਾਣ ਦੀ ਠਾਨ ਲੈਣ ਤਾਂ ਉਨ੍ਹਾਂ ਦੀ ਇਸ ਲੜਾਕੀ ਸੋਚ ਵਾਸਤੇ ਧਨਵਾਦ।  -ਨਿਮਰਤ ਕੌਰ