Editorial: ਪਾਕਿਸਤਾਨ ਵਿਚ ਅਪਣਿਆਂ ਉਪਰ ਹੀ ਬੰਬਾਰੀ
Editorial:ਪਾਕਿਸਤਾਨੀ ਹਵਾਈ ਸੈਨਾ ਦੇ ਲੜਾਕੂ ਜੈੱਟਾਂ ਵਲੋਂ ਕੀਤੀ ਗਈ ਬੰਬਾਰੀ, ਪਾਕਿਸਤਾਨ ਵਿਚ ਤਿੱਖੇ ਵਿਵਾਦ ਦਾ ਵਿਸ਼ਾ ਬਣ ਗਈ ਹੈ।
Bombing of their own people in Pakistan Editorial: ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੀ ਤੀਰਾਹ (ਸਥਾਨਕ ਪਸ਼ਤੋ ਉਚਾਰਣ ‘ਤੇਰ੍ਹਾ’) ਵਾਦੀ ਦੇ ਇਕ ਪਿੰਡ ਵਿਚ ਪਾਕਿਸਤਾਨੀ ਹਵਾਈ ਸੈਨਾ ਦੇ ਲੜਾਕੂ ਜੈੱਟਾਂ ਵਲੋਂ ਕੀਤੀ ਗਈ ਬੰਬਾਰੀ, ਪਾਕਿਸਤਾਨ ਵਿਚ ਤਿੱਖੇ ਵਿਵਾਦ ਦਾ ਵਿਸ਼ਾ ਬਣ ਗਈ ਹੈ। ਸਥਾਨਕ ਲੋਕਾਂ ਮੁਤਾਬਿਕ ਇਸ ਬੰਬਾਰੀ ਲਈ ਚਾਰ ਜੈੱਟ ਵਰਤੇ ਗਏ। ਉਨ੍ਹਾਂ ਵਲੋਂ ਸੁੱਟੇ ਗਏ ਅੱਠ ਬੰਬਾਂ ਤੇ ਗੋਲਾਬਾਰੀ ਕਾਰਨ 30 ਸਿਵਲੀਅਨ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਬਹੁਤੇ ਜ਼ਖ਼ਮੀ ਨਾਜ਼ੁਕ ਹਾਲਤ ’ਚ ਹਨ। ਲਿਹਾਜ਼ਾ, ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਮ੍ਰਿਤਕਾਂ ਵਿਚ 24 ਇਸਤਰੀਆਂ ਤੇ ਬੱਚੇ ਸ਼ਾਮਲ ਦੱਸੇ ਜਾਂਦੇ ਹਨ। ਇਹ ਘਟਨਾ ਸੋਮਵਾਰ ਦਿਨੇ 10 ਵਜੇ ਵਾਪਰੀ, ਪਰ ਪਾਕਿਸਤਾਨ ਸਰਕਾਰ ਵਲੋਂ ਮੰਗਲਵਾਰ ਦੁਪਹਿਰ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਸੀ ਕੀਤੀ ਗਈ।
ਉਂਜ, ਕੌਮੀ ਮੀਡੀਆ ਨੇ ਸਰਕਾਰੀ ਹਲਕਿਆਂ ਦੇ ਹਵਾਲੇ ਨਾਲ ਇਹ ਦਾਅਵਾ ਜ਼ਰੂਰ ਕੀਤਾ ਸੀ ਕਿ ਤੀਰਾਹ ਵਿਚ ਮੌਤਾਂ ਟੀ.ਟੀ.ਪੀ. ਨਾਲ ਸਬੰਧਤ ਬੰਬ ਫ਼ੈਕਟਰੀ ਵਿਚ ਧਮਾਕਾ ਹੋਣ ਕਾਰਨ ਹੋਈਆਂ। ਇਹ ਵੱਖਰੀ ਗੱਲ ਹੈ ਕਿ ਘਟਨਾ-ਸਥਾਨ ਦੀਆਂ ਵੀਡੀਓਜ਼ ਸਰਕਾਰੀ ਦਾਅਵੇ ਦੀ ਪੁਸ਼ਟੀ ਨਹੀਂ ਕਰਦੀਆਂ। ਚਾਰੋਂ ਘਰ ਇਕ ਦੂਜੇ ਤੋਂ ਫ਼ਾਸਲੇ ’ਤੇ ਸਨ। ਉਨ੍ਹਾਂ ਦਾ ਇਕੋ ਜਿਹਾ ਨੁਕਸਾਨ ਹੋਣਾ ਦਰਸਾਉਂਦਾ ਹੈ ਕਿ ਹਮਲੇ ਲਈ ਪ੍ਰੀਸੀਜ਼ਨ ਗਾਈਡਿਡ ਚੀਨੀ ਬੰਬਾਂ ਦੀ ਵਰਤੋਂ ਕੀਤੀ ਗਈ। ਇਸੇ ਲਈ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ (ਐਚ.ਆਰ.ਸੀ.ਪੀ.) ਨੇ ਮਾਮਲੇ ਦੀ ਨਿਰਪੱਖ ਤੇ ਆਜ਼ਾਦਾਨਾ ਜਾਂਚ ਕਰਵਾਏ ਜਾਣ ਅਤੇ ਭਵਿੱਖ ਵਿਚ ਅਜਿਹੇ ਦੁਖਾਂਤਾਂ ਦੀ ਰੋਕਥਾਮ ਲਈ ਢੁਕਵੀਆਂ ਪੇਸ਼ਬੰਦੀਆਂ ਕੀਤੇ ਜਾਣ ਦੀ ਮੰਗ ਕੀਤੀ ਹੈ। ਬਹੁਤੇ ਵਿਰੋਧੀ ਨੇਤਾਵਾਂ, ਖ਼ਾਸ ਕਰ ਕੇ ਇਮਰਾਨ ਖ਼ਾਨ ਦੀ ਪਾਰਟੀ ਪੀ.ਟੀ.ਆਈ ਨੇ ਇਸ ਦੁਖਾਂਤ ਲਈ ਮੁਲਕ ਦੀ ਫ਼ੌਜ ਤੇ ਇਸ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਦੋਸ਼ੀ ਦਸਿਆ ਹੈ।
ਖ਼ੈਬਰ-ਪਖ਼ਤੂਨਖ਼ਵਾ ਸੂਬੇ ਵਿਚ ਪੀ.ਟੀ.ਆਈ. ਦੀ ਸਰਕਾਰ ਹੈ। ਇਸ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਸਾਰੇ ਸਿਵਲੀਅਨ ਮ੍ਰਿਤਕਾਂ ਦੇ ਵਾਰਿਸਾਂ ਨੂੰ ਇਕ-ਇਕ ਕਰੋੜ ਰੁਪਏ ਦੀ ਮੁਆਵਜ਼ਾ-ਰਕਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਾਰੇ ਸਿਵਲੀਅਨਾਂ ਦੀ ਮੌਤ ਨੂੰ ‘ਸ਼ਹਾਦਤ’ ਕਰਾਰ ਦਿਤਾ, ਪਰ ਇਨ੍ਹਾਂ ‘ਸ਼ਹਾਦਤਾਂ’ ਲਈ ਜ਼ਿੰਮੇਵਾਰ ਕੌਣ ਹੈ, ਇਸ ਬਾਰੇ ਖ਼ਾਮੌਸ਼ੀ ਧਾਰੀ ਰੱਖੀ। ਅਜਿਹਾ ਰੁਖ਼ ਸੂਬਾਈ ਅਸੈਂਬਲੀ ਦੇ ਸਪੀਕਰ ਬਾਬਰ ਸਲੀਮ ਸਵਾਤੀ ਦਾ ਨਹੀਂ ਰਿਹਾ। ਉਨ੍ਹਾਂ ਨੇ ‘‘ਪਾਕਿਸਤਾਨੀ ਫ਼ੌਜ ਉੱਤੇ ਨਿਰਦੋਸ਼ਾਂ ’ਤੇ ਕਹਿਰ ਢਾਹੁਣ ਦੇ ਦੋਸ਼ ਲਾਉਂਦਿਆਂ ਤੀਰਾਹ ਬੰਬਾਰੀ ਕਾਂਡ ਨੂੰ ਖ਼ੈਬਰ-ਪਖ਼ਤੂਨਖ਼ਵਾ ਸੂਬੇ ਲਈ ਕਾਲਾ ਦਿਨ’’ ਦਸਿਆ।
ਤੀਰਾਹ ਵਾਦੀ, ਓੜਕਜ਼ਈ ਜ਼ਿਲ੍ਹੇ ਵਿਚ ਪੈਂਦੀ ਹੈ। ਇਸ ਜ਼ਿਲ੍ਹੇ ਤੋਂ ਇਲਾਵਾ ਸ਼ੁਮਾਲੀ (ਉੱਤਰੀ) ਵਜ਼ੀਰਿਸਤਾਨ ਤੇ ਜਨੂਬੀ (ਦੱਖਣੀ) ਵਜ਼ੀਰਿਸਤਾਨ ਜ਼ਿਲ੍ਹੇ ਵੀ ਪਸ਼ਤੂਨ ਭਾਈਚਾਰੇ ਦਾ ਗੜ੍ਹ ਮੰਨੇ ਜਾਂਦੇ ਹਨ।
ਇਸ ਇਲਾਕੇ ਵਿਚ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.), ਜਿਸ ਨੂੰ ਪਾਕਿਸਤਾਨ ਸਰਕਾਰ ਨੇ ਦਹਿਸ਼ਤਗ਼ਰਦ ਜਥੇਬੰਦੀ ਕਰਾਰ ਦਿਤਾ ਹੋਇਆ ਹੈ, ਦੇ ਹਮਾਇਤੀ ਕਾਫ਼ੀ ਵੱਡੀ ਗਿਣਤੀ ਵਿਚ ਹਨ। ਇਹ ਇਕ ਅਜਬ ਵਿਡੰਬਨਾ ਹੈ ਕਿ ਕਦੇ ਇਹ ਜਥੇਬੰਦੀ, ਭਾਰਤ ਤੇ ਖ਼ਾਸ ਕਰ ਕੇ ਕਸ਼ਮੀਰ ਵਿਚ ਭਾਰਤ-ਵਿਰੋਧੀ ਦਹਿਸ਼ਤਗ਼ਰਦੀ ਵਿਚ ਮੁਹਰੈਲ ਹੋਇਆ ਕਰਦੀ ਸੀ, ਪਰ ਹੁਣ ਪਾਕਿਸਤਾਨੀ ਮੀਡੀਆ ਇਸ ਨੂੰ ‘ਭਾਰਤੀ ਹਮਾਇਤ ਵਾਲੇ ਤਾਲਿਬਾਨ’ (ਇੰਡੀਅਨ-ਬੈਕਡ ਤਾਲਿਬਾਨ) ਦੱਸਦਾ ਹੈ। ਇਸੇ ਜਥੇਬੰਦੀ ਨੇ ‘ਤੀਰਾਹ ਹੱਤਿਆ ਕਾਂਡ’ ਦਾ ਢੁਕਵੇਂ ਜਵਾਬ ਦੇਣ ਦੀ ਧਮਕੀ ਦਿਤੀ ਹੈ। ਇਸ ਤੋਂ ਇਹੋ ਪ੍ਰਭਾਵ ਬਣਦਾ ਹੈ ਕਿ ਤੀਰਾਹ ਵਾਦੀ ਵਿਚ ਖ਼ੂਨੀ ਦੌਰ-ਦੌਰਾ ਅਜੇ ਛੇਤੀ ਮੁੱਕਣ ਵਾਲਾ ਨਹੀਂ।
ਬਲੋਚਿਸਤਾਨ ਵਾਂਗ ਖ਼ੈਬਰ-ਪਖ਼ਤੂਨਖ਼ਵਾ ਸੂਬਾ ਵੀ ਕਈ ਦਹਾਕਿਆਂ ਤੋਂ ਦਹਿਸ਼ਤਗ਼ਰਦੀ ਨਾਲ ਜੂਝਦਾ ਆ ਰਿਹਾ ਹੈ। ਇਕ ਸਰਕਾਰੀ ਰਿਪੋਰਟ ਅਨੁਸਾਰ ਇਸ ਸਾਲ ਅਗੱਸਤ ਮਹੀਨੇ ਤਕ ਇਸ ਸੂਬੇ ਵਿਚ 605 ਦਹਿਸ਼ਤੀ ਘਟਨਾਵਾਂ ਹੋਈਆਂ ਜਿਨ੍ਹਾਂ ਵਿਚ 138 ਸਿਵਲੀਅਨ ਤੇ 79 ਸੁਰੱਖਿਆ ਕਰਮੀ ਮਰੇ। ਜ਼ਖ਼ਮੀ ਸਿਵਲੀਅਨਾਂ ਦੀ ਗਿਣਤੀ 352 ਦੱਸੀ ਗਈ ਹੈ। ਸੁਰੱਖਿਆ ਬਲਾਂ ਨੇ ਇਸ ਅਰਸੇ ਦੌਰਾਨ 32 ਦਹਿਸ਼ਤੀ ਹਲਾਕ ਕੀਤੇ ਅਤੇ 5 ਗ੍ਰਿਫ਼ਤਾਰ ਕੀਤੇ ਗਏ। ਅਜਿਹੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਪਿਛਲੇ ਪੰਜ ਵਰਿ੍ਹਆਂ ਦੌਰਾਨ ਦਹਿਸ਼ਤਗ਼ਰਦਾਂ ਖ਼ਿਲਾਫ਼ ਸਖ਼ਤਾਈ ਦੀ ਮੁਹਿੰਮ ਬਾਦਸਤੂਰ ਜਾਰੀ ਰੱਖੇ ਜਾਣ ਦੇ ਬਾਵਜੂਦ ਦਹਿਸ਼ਤੀ ਘਟਨਾਵਾਂ ਵਿਚ ਕਮੀ ਆਉਣ ਦੀ ਥਾਂ ਇਜ਼ਾਫ਼ਾ ਹੀ ਦੇਖਣ ਨੂੰ ਮਿਲਿਆ ਹੈ।
ਜ਼ਾਹਿਰ ਹੈ ਕਿ ਪਾਕਿਸਤਾਨੀ ਹੁਕਮਰਾਨਾਂ, ਖ਼ਾਸ ਕਰ ਕੇ ਫ਼ੌਜੀ ਲੀਡਰਸ਼ਿਪ ਨੂੰ ਅਪਣੀ ਪਹੁੰਚ ਬਦਲਣ ਦੀ ਲੋੜ ਹੈ। ਅਪਣਿਆਂ ਨੂੰ ਦੁਸ਼ਮਣ ਦੱਸਣ ਅਤੇ ਘਰਾਂ ਉੱਤੇ ਜਹਾਜ਼ਾਂ ਨਾਲ ਬੰਬਾਰੀ ਕਰਨ ਵਰਗੀ ਪਹੁੰਚ ਅਮਨ-ਚੈਨ ਪਰਤਾਉਣ ਵਾਲੀ ਨਹੀਂ, ਬਦਲੇ ਵਾਲੇ ਬਲਵਈ ਜਜ਼ਬੇ ਨੂੰ ਬਲ ਬਖ਼ਸ਼ਣ ਵਾਲੀ ਹੈ। ਦੋ ਸੂਬਿਆਂ ਦੀ ਲੋਕਾਈ ਅੰਦਰਲਾ ਇਹ ਜਜ਼ਬਾ ਪਹਿਲਾਂ ਹੀ ਪਾਕਿਸਤਾਨ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ।