ਨਵਰਾਤਰੇ ਆਏ, ਲੋਕਾਂ ਮਾਸਕ ਲਾਹ ਸੁੱਟੇ! ਆਮ ਭਾਰਤੀ ਮਾਸਕ ਤੋਂ ਜ਼ਿਆਦਾ ਡਰਦਾ ਹੈ, ਕੋਰੋਨਾ ਤੋਂ ਘੱਟ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਜੇ ਪਤਾ ਨਹੀਂ ਕਿ ਕੋਰੋਨਾ ਦੀ ਵੈਕਸੀਨ ਕਦੋਂ ਆਵੇਗੀ ਪਰ ਜਦ ਵੀ ਆਵੇਗੀ ਇਕ ਗੱਲ ਤਾਂ ਤੈਅ ਹੈ ਕਿ ਪਹਿਲਾਂ ਇਹ ਦਵਾਈ ਖ਼ਾਸਮ-ਖ਼ਾਸ ਵਿਅਕਤੀਆਂ ਨੂੰ ਹੀ ਮਿਲੇਗੀ।

Navratri came, people took off their masks!

ਨਵਰਾਤਰੇ ਸ਼ੁਰੂ ਹੁੰਦੇ ਹੀ ਭਾਰਤ ਦੇ ਮੰਦਰਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਇਨ੍ਹਾਂ ਕਤਾਰਾਂ ਵਿਚ ਲੱਗੇ ਸ਼ਰਧਾਲੂਆਂ ਦੀ ਪ੍ਰਮਾਤਮਾ ਵਿਚ ਬੜੀ ਆਸਥਾ ਬਣੀ ਹੁੰਦੀ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਵਿਸ਼ਵਾਸ ਹੈ ਕਿ ਉਹ ਰੱਬ ਦੇ ਘਰ ਆਏ ਹਨ ਅਤੇ ਰੱਬ ਉਨ੍ਹਾਂ ਦੀ ਸ਼ਰਧਾ ਨੂੰ ਜ਼ਰੂਰ ਫੱਲ ਲਾਏਗਾ। ਇਸ ਵਿਸ਼ਵਾਸ ਸਦਕੇ ਉਹ ਅਪਣੀ ਸਿਹਤ ਦੀ ਸੁਰੱਖਿਆ ਲਈ ਤੇ  ਕੋਵਿਡ-19 ਤੋਂ ਬਚਾਅ ਲਈ ਮਾਸਕ ਪਾਏ ਬਿਨਾਂ ਹੀ ਅਜਿਹੇ ਇਕੱਠਾਂ ਵਿਚ ਜਾ ਰਹੇ ਹਨ।

ਨਵਰਾਤਰਿਆਂ ਦੇ ਨਾਲ ਨਾਲ ਬਜ਼ਾਰਾਂ ਵਿਚ ਖ਼ਰੀਦਦਾਰੀ ਵੀ ਸ਼ੁਰੂ ਹੋ ਗਈ ਹੈ। ਤਾਮਿਲਨਾਡੂ ਵਿਚ ਸਿਲਕ ਸਾੜੀਆਂ ਦੀ ਇਕ ਦੁਕਾਨ ਵਿਚ ਪੈਰ ਧਰਨ ਦੀ ਥਾਂ ਨਹੀਂ ਸੀ ਵਿਖਾਈ ਦੇ ਰਹੀ। ਉਥੇ ਆਏ ਗਾਹਕਾਂ ਵਿਚੋਂ ਕਿਸੇ ਨੇ ਵੀ ਸੁਰੱਖਿਆ ਲਈ ਮਾਸਕ ਤਕ ਨਹੀਂ ਸੀ ਪਾਇਆ ਹੋਇਆ। ਪੰਜਾਬ ਵਿਚ ਕਿਸਾਨ ਸੜਕਾਂ 'ਤੇ ਉਤਰੇ ਹੋਏ ਹਨ ਅਤੇ ਉਹ ਵੀ ਮਾਸਕ ਨਹੀਂ ਪਾ ਰਹੇ। ਇਨ੍ਹਾਂ ਤਣਾਅਪੂਰਨ ਹਾਲਾਤ ਵਿਚ ਕਿਸਾਨਾਂ ਨੂੰ ਜੁਰਮਾਨਾ ਲਗਾ ਕੇ ਉਨ੍ਹਾਂ ਦੀ ਲੜਾਈ ਨੂੰ ਕਮਜ਼ੋਰ ਵੀ ਨਹੀਂ ਕੀਤਾ ਜਾ ਸਕਦਾ।

ਪਿਛਲੇ ਛੇ ਮਹੀਨਿਆਂ ਤੋਂ ਲੋਕ ਘਰਾਂ ਵਿਚ ਬੈਠੇ ਹੋਏ ਹਨ ਅਤੇ ਉਹ ਮਾਸਕ ਪਾ-ਪਾ ਕੇ ਬੁਰੀ ਤਰ੍ਹਾਂ ਅੱਕੇ ਹੋਏ ਹਨ। ਜਿਸ ਤਰ੍ਹਾਂ ਪੰਜਾਬ ਵਿਚ ਪਿਛਲੇ ਮਹੀਨੇ ਤੋਂ ਕੋਵਿਡ ਦੇ ਅੰਕੜੇ ਘੱਟ ਹੁੰਦੇ ਜਾ ਰਹੇ ਹਨ, ਇਸ ਤੋਂ ਇੰਝ ਜਾਪਦਾ ਹੈ ਕਿ ਕੋਵਿਡ ਦਾ ਡਰ ਬੇਵਕੂਫ਼ੀ ਸੀ। ਹੁਣ ਜਦੋਂ ਸਾਰੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਤਾਂ ਕੋਵਿਡ ਦਾ ਅੰਕੜਾ ਘਟਦਾ ਜਾ ਰਿਹਾ ਹੈ, ਜਿਸ ਤੋਂ ਲਗਦਾ ਹੈ ਕਿ ਕੋਵਿਡ ਦੇ ਫੈਲਾਅ ਵਿਚ ਡਰ ਜ਼ਿਆਦਾ ਖ਼ਤਰਨਾਕ ਸੀ ਅਤੇ ਲੋਕਾਂ ਵਿਚ ਡਰ ਖ਼ਤਮ ਹੋਣ ਨਾਲ ਕੋਵਿਡ ਦਾ ਅੰਕੜਾ ਵੀ ਘਟ ਗਿਆ ਹੈ।

ਜਿੰਨੀ ਦੇਸ਼ ਵਿਚ ਆਵਾਜਾਈ ਵਧ ਰਹੀ ਹੈ, ਉਸ ਨਾਲ ਤਾਂ ਅੰਕੜਾ ਵਧਣਾ ਸੁਭਾਵਕ ਹੀ ਸੀ। ਪਰ ਇਸ ਗੱਲ ਨਾਲ ਸੰਤੁਸ਼ਟ ਹੋਣਾ ਸਾਡੇ ਲਈ ਫ਼ਾਇਦੇਮੰਦ ਸਾਬਤ ਨਹੀਂ ਹੋਵੇਗਾ ਅਤੇ ਇਸ ਲਈ ਸਾਨੂੰ ਕੁੱਝ ਤੱਥ ਸਮਝਣੇ ਪੈਣਗੇ। ਇੰਗਲੈਂਡ ਵਿਚ ਵੀ ਅਸੀ ਇਸ ਤਰ੍ਹਾਂ ਪਹਿਲਾਂ ਸਖ਼ਤੀ ਅਤੇ ਫਿਰ ਢਿਲ ਦਿਤੀ ਜਾਂਦੀ ਵੇਖੀ, ਜਿਸ ਨਾਲ ਕੋਰੋਨਾ ਦੇ ਅੰਕੜੇ ਹੁਣ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ ਅਤੇ ਇੰਗਲੈਂਡ ਨੂੰ ਫਿਰ ਤੋਂ ਸਖ਼ਤੀ ਕਰਨੀ ਪੈ ਰਹੀ ਹੈ। ਡੋਨਲਡ ਟਰੰਪ ਸਦਕਾ ਅਮਰੀਕਾ ਵਿਚ ਸਖ਼ਤੀ ਕਰਨੀ ਮੁਮਕਿਨ ਨਹੀਂ ਅਤੇ ਕੋਰੋਨਾ ਦੇ ਅੰਕੜੇ ਉਥੇ ਵੱਧ ਰਹੇ ਹਨ।

ਟਰੰਪ ਆਪ ਵੀ ਮਾਸਕ ਪਾ ਕੇ ਨਹੀਂ ਰਖਦਾ ਅਤੇ ਉਸ ਨੂੰ ਕੋਵਿਡ ਹੋਇਆ ਸੀ ਜਿਸ ਕਾਰਨ ਉਸ ਨੇ ਅਪਣੇ ਨਾਲ ਦੇ ਕਈਆਂ ਨੂੰ ਬਿਮਾਰ ਵੀ ਕੀਤਾ। ਟਰੰਪ ਕੋਲ 100 ਡਾਕਟਰ ਅਤੇ ਸੱਭ ਤੋਂ ਵਧੀਆ ਸਿਹਤ ਸਹੂਲਤਾਂ ਸਨ। ਇੰਗਲੈਂਡ ਵਿਚ ਵੀ ਕਾਫ਼ੀ ਚੰਗੀਆਂ ਸਿਹਤ ਸਹੂਲਤਾਂ ਹਨ ਪਰ ਅਸੀ ਅਪਣੇ ਦੇਸ਼ ਦੀਆਂ ਸਿਹਤ ਸਹੂਲਤਾਂ ਬਾਰੇ ਭਾਲੀਭਾਂਤ ਜਾਣੂ ਹਾਂ। ਤੁਸੀ ਸਰਕਾਰ ਨੂੰ ਜਿੰਨਾ ਮਰਜ਼ੀ ਮਾੜਾ ਕਹਿ ਲਵੋ ਪਰ ਅੱਜ ਦੀ ਤਰੀਕ ਵਿਚ ਕੁੱਝ ਖ਼ਾਸ ਨਹੀਂ ਬਦਲਣ ਵਾਲਾ।

ਬਦਲਾਅ ਲਿਆਉਣ ਲਈ ਸਰਕਾਰਾਂ ਬਦਲੀਆਂ ਜਾਂਦੀਆਂ ਹਨ ਪਰ ਅਜਿਹਾ ਕਰਨ ਮਗਰੋਂ ਵੀ ਪਤਾ ਚਲਦਾ ਹੈ ਕਿ ਤਸਵੀਰ ਉਹੀ ਪਹਿਲਾਂ ਵਾਲੀ ਹੀ ਹੈ। ਪਿਛਲੇ 6 ਸਾਲਾਂ ਤੋਂ ਸਿਹਤ ਸਹੂਲਤਾਂ 'ਤੇ ਖ਼ਰਚਾ ਘਟਿਆ ਹੀ ਹੈ, ਵਧਿਆ ਨਹੀਂ। ਆਮ ਵੇਖਣ ਨੂੰ ਮਿਲਦਾ ਹੈ ਕਿ ਕੋਰੋਨਾ ਨਾਲ ਮਰੇ ਵਿਅਕਤੀਆਂ ਦੇ ਪਰਵਾਰ ਅਪਣਿਆਂ ਦੀਆਂ ਲਾਸ਼ਾਂ ਨੂੰ ਸਾਈਕਲਾਂ 'ਤੇ ਚੁੱਕ ਕੇ ਸ਼ਮਸ਼ਾਨਘਾਟ ਲੈ ਕੇ ਜਾਂਦੇ ਹਨ ਪਰ ਸਰਕਾਰਾਂ ਨੂੰ ਇਹ ਵੇਖ ਕੇ ਵੀ ਸ਼ਰਮ ਨਹੀਂ ਆਉਂਦੀ।

ਅਜੇ ਪਤਾ ਨਹੀਂ ਕਿ ਕੋਰੋਨਾ ਦੀ ਵੈਕਸੀਨ ਕਦੋਂ ਆਵੇਗੀ ਪਰ ਜਦ ਵੀ ਆਵੇਗੀ ਇਕ ਗੱਲ ਤਾਂ ਤੈਅ ਹੈ ਕਿ ਪਹਿਲਾਂ ਇਹ ਦਵਾਈ ਖ਼ਾਸਮ-ਖ਼ਾਸ ਵਿਅਕਤੀਆਂ ਨੂੰ ਹੀ ਮਿਲੇਗੀ। ਇਹ ਨਾ ਸੋਚਣਾ ਕਿ ਆਮ ਜਨਤਾ ਨੂੰ ਵੈਕਸੀਨ ਦੇਣ ਦੀ ਯੋਜਨਾ ਬਾਰੇ ਅੱਜ ਸਰਕਾਰ ਕੁੱਝ ਸੋਚ ਰਹੀ ਹੈ! ਸੋ 2022 ਤਕ ਵੀ ਤੁਹਾਡੀ ਸੁਰੱਖਿਆ ਲਈ ਸਿਰਫ਼ ਮਾਸਕ ਹੀ ਕੋਵਿਡ ਤੋਂ ਬਚਣ ਦਾ ਇਕੋ ਇਕ ਰਸਤਾ ਹੈ। ਕੋਵਿਡ ਜਿਸ ਨੂੰ ਹੁੰਦਾ ਹੈ ਉਹੀ ਦਸ ਸਕਦਾ ਹੈ ਕਿ ਇਹ ਆਮ ਬੁਖ਼ਾਰ ਨਹੀਂ ਹੁੰਦਾ।

ਇਹ ਬਿਮਾਰੀ ਜਿਸਮ ਨੂੰ ਤੋੜ ਕੇ ਰੱਖ ਦਿੰਦੀ ਹੈ ਅਤੇ ਜੇ ਤੁਹਾਡੀ ਕਮਜ਼ੋਰੀ ਇਸ ਬਿਮਾਰੀ ਦੇ ਹੱਥ ਲੱਗ ਜਾਵੇ ਤਾਂ ਇਹ ਜਾਨ ਲੈ ਵੀ ਸਕਦੀ ਹੈ। ਅੱਜ ਆਵਾਜਾਈ ਨਹੀਂ ਰੁਕ ਸਕਦੀ, ਸਾਨੂੰ ਕੰਮ ਕਰਨੇ ਪੈਣਗੇ ਅਤੇ ਬਾਹਰ ਨਿਕਲਣਾ ਹੀ ਪੈਣਾ ਹੈ। ਪਰ ਜੇ ਤੁਸੀ ਮਾਸਕ ਪਾ ਕੇ ਰੱਖੋਗੇ ਤਾਂ ਸੁਰੱਖਿਆ ਤੁਹਾਡੀ ਅਤੇ ਤੁਹਾਡੇ ਬਜ਼ੁਰਗਾਂ ਦੀ ਹੀ ਹੋਵੇਗੀ। ਪ੍ਰਧਾਨ ਮੰਤਰੀ ਦਾ ਕਹਿਣਾ ਸਹੀ ਹੈ ਕਿ 'ਲਾਪਰਵਾਹੀ ਤੁਹਾਡੀ ਖ਼ੁਸ਼ੀ ਨੂੰ ਖ਼ਤਮ ਨਾ ਕਰ ਦੇਵੇ'। ਸੋ ਮਾਸਕ ਪਾਉ ਅਤੇ ਅਪਣੀ ਸੁਰੱਖਿਆ ਬਰਕਰਾਰ ਰੱਖੋ।                                      - ਨਿਮਰਤ ਕੌਰ