ਸ਼੍ਰੋਮਣੀ ਕਮੇਟੀ, ਬਾਬਾ ਬਾਗੇਸ਼ਵਰ ਨਿੱਕੂ ਵਾਲਾ ਅਤੇ ਸਿੱਖੀ ਦਾ ਨਿਆਰਾਪਨ
‘ਬਾਬਾ’ ਮਜ਼ਾਕ ਵਿਚ ਸਾਡੀ ਕਮਜ਼ੋਰੀ ਨੰਗੀ ਕਰ ਗਿਆ ਜਦ ਉਸ ਨੇ ਕਿਹਾ ਕਿ ਉਸ ਨੇ ਦਸਤਾਰ ਸਜਾਈ ਹੈ ਤੇ ਉਹ ‘ਸਰਦਾਰ ਜੀ’ ਵਾਂਗ ਲੱਗ ਰਿਹਾ ਹੈ
ਬਾਬਾ ਬਾਗੇਸ਼ਵਰ ਹਾਲ ਹੀ ਵਿਚ ਪੰਜਾਬ ਆਏ ਤੇ ਦਰਬਾਰ ਸਾਹਿਬ ਵਿਖੇ ਵੀ ਮੱਥਾ ਟੇਕਣ ਚਲੇ ਗਏ। ਇਨ੍ਹਾਂ ਨੂੰ ਨਿੱਕੂ ਵਾਲਾ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਸ ਨੇ ਕਈ ਵਿਵਾਦਤ ਟਿਪਣੀਆਂ ਵੀ ਕੀਤੀਆਂ ਹਨ ਜੋ ਸਿੱਖੀ ਸੋਚ ਨੂੰ ਠੇਸ ਪਹੁੰਚਾਉਂਦੀਆਂ ਹਨ। ਇਸ ਨੇ ਸਿੱਖਾਂ ਨੂੰ ਸਨਾਤਨ ਧਰਮ ਦੀ ਫ਼ੌਜੀ ਬਾਂਹ ਕਹਿ ਦਿਤਾ।
ਪਰ ਇਸ ਦੇ ਕੁੱਝ ਵੀ ਕਹਿ ਦੇਣ ਨਾਲ ਸਿੱਖੀ ਦਾ ਅਸਲ ਰੂਪ ਬਦਲ ਨਹੀਂ ਜਾਂਦਾ ਕਿਉਂਕਿ ਬਾਬੇ ਨਾਨਕ ਦੀ ਸਿੱਖੀ ਇਕ ਛੋਟੇ ਜਹੇ ਇਨਸਾਨ ਦੇ ਛੋਟੇ ਜਹੇ ਕਥਨ ਨਾਲ ਅਪਣੇ ਅਸਲ ਧੁਰੇ ਤੋਂ ਹਿਲ ਜਾਣ ਵਾਲਾ ਕੱਚਾ ਫ਼ਲਸਫ਼ਾ ਨਹੀਂ। ਇਸ ‘ਬਾਬੇ’ ਦੇ ਦਰਬਾਰ ਸਾਹਿਬ ਵਿਚ ਆਉਣ ਤੇ ਰੋਕ ਕੋਈ ਨਹੀਂ ਸੀ ਤੇ ਨਾ ਹੋਣੀ ਹੀ ਚਾਹੀਦੀ ਹੈ
ਪਰ ਇਸ ਦੀ ਯਾਤਰਾ ਨਾਲ ਜੁੜੇ ਕੁੱਝ ਪਹਿਲੂਆਂ ਬਾਰੇ ਸਾਨੂੰ ਇਤਰਾਜ਼ ਜ਼ਰੂਰ ਹੈ। ਐਸ.ਜੀ.ਪੀ.ਸੀ. ਵਲੋਂ ਇਸ ਨੂੰ ਕੋਈ ਖ਼ਾਸ ਮਾਣ ਸਨਮਾਨ ਨਹੀਂ ਦਿਤਾ ਗਿਆ ਤੇ ਇਸ ਗੱਲ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਪੰਜਾਬ ਦੇ ਮੀਡੀਆ ਦੀਆਂ ਤੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਇਸ ਦੀ ਯਾਤਰਾ ਦੇ ਨਜ਼ਾਰੇ ਲੈ ਰਹੀਆਂ ਸਨ, ਉਸ ’ਚੋਂ ਸਿੱਖਾਂ ਦੀ ਕਮਜ਼ੋਰੀ ਨਜ਼ਰ ਆ ਰਹੀ ਸੀ।
‘ਬਾਬਾ’ ਮਜ਼ਾਕ ਵਿਚ ਸਾਡੀ ਕਮਜ਼ੋਰੀ ਨੰਗੀ ਕਰ ਗਿਆ ਜਦ ਉਸ ਨੇ ਕਿਹਾ ਕਿ ਉਸ ਨੇ ਦਸਤਾਰ ਸਜਾਈ ਹੈ ਤੇ ਉਹ ‘ਸਰਦਾਰ ਜੀ’ ਵਾਂਗ ਲੱਗ ਰਿਹਾ ਹੈ। ਅਸਲ ਵਿਚ ਉਸ ਦੇ ਆਸ ਪਾਸ ਚਲ ਰਹੇ ‘ਨਿੱਕੂ’ ਵਰਗੇ ਵੀ ਬਾਬੇ ਵਾਂਗ ‘ਸਰਦਾਰ ਜੀ’ ਹੀ ਲਗਦੇ ਸਨ ਪਰ ਅਸਲ ਵਿਚ ਉਹ ‘ਸਰਦਾਰ ਜੀ’ ਹੈ ਨਹੀਂ ਸਨ ਕਿਉਂਕਿ ਜੇ ਸੰਗੀਤਕਾਰ ਨਿੱਕੂ ਸਿੱਖੀ ਸਿਧਾਂਤਾਂ ਨਾਲ ਜੁੜਿਆ ਹੁੰਦਾ ਤਾਂ ਉਹ ਜਾਣਦਾ ਕਿ ਬਾਬਾ ਨਾਨਕ ਇਸ ਤਰ੍ਹਾਂ ਦੇ ਬਾਬਿਆਂ ਬਾਰੇ ਕੀ ਆਖ ਗਏ ਸਨ।
ਨਿੱਕੂ ਦੀ ਕਮਜ਼ੋਰੀ ਜੇ ਉਸ ਨੂੰ ਰੱਬ ਤੋਂ ਦੂਰ ਕਰ ਕੇ ਉਸ ਨੂੰ ਦਰ-ਦਰ ਭਟਕਣ ਵਾਸਤੇ ਮਜਬੂਰ ਕਰਦੀ ਹੈ ਤਾਂ ਇਹ ਸਿਰਫ਼ ਨਿੱਕੂ ਹੀ ਨਹੀਂ ਬਲਕਿ ਪੰਜਾਬ ਵਿਚ ਬੈਠੇ ਕਈ ਦਸਤਾਰ ਸਜਾਈ ਸਿੱਖਾਂ ਦੀ ਕਮਜ਼ੋਰੀ ਬਣ ਗਈ ਹੈ। ਇਸੇ ਪੰਜਾਬ ਵਿਚੋਂ ਹੀ ਇਕ ਬਲਾਤਕਾਰੀ, ਕਾਤਲ ਸੌਦਾ ਸਾਧ ਨੇ ਅਪਣੇ ਪਿਛੇ ਕਈ ਦਸਤਾਰਧਾਰੀਆਂ ਨੂੰ ਲੱਗਣ ਲਈ ਤਿਆਰ ਕਰ ਦਿਤਾ ਹੈ।
ਅੱਜ ਗੁਰੂ ਨਾਨਕ ਦੇ ਸਿੱਖ ਮਿਲ ਹੀ ਨਹੀਂ ਰਹੇ ਤੇ ਇਥੇ ਸਾਡੀ ਐਸ.ਜੀ.ਪੀ.ਸੀ. ਸੱਭ ਤੋਂ ਵੱਧ ਕਸੂਰਵਾਰ ਹੈ। ਗੁਰੂ ਘਰਾਂ ਵਿਚ ਸਿੱਖੀ ਤਾਂ ਮਿਲ ਹੀ ਨਹੀਂ ਰਹੀ ਬਲਕਿ ਗੋਲਕਾਂ ਵਿਚ ਲੋਕਾਂ ਤੋਂ ਪੈਸੇ ਭਰਵਾ ਕੇ ਸਿਆਸਤਦਾਨਾਂ ਦੀ ਗ਼ੁਲਾਮੀ ਦੀ ਸੋਚ ਹੀ ਉਥੇ ਛਾਈ ਹੋਈ ਹੈ। ਅੱਜ ਐਸ.ਜੀ.ਪੀ.ਸੀ. ਦੀਆਂ ਚੋਣਾਂ ਵਾਸਤੇ ਵੋਟਰਾਂ ਨੂੰ ਰਜਿਸਟਰ ਕੀਤਾ ਜਾ ਰਿਹਾ ਹੈ ਤੇ ਆਖਿਆ ਜਾ ਰਿਹਾ ਹੈ ਕਿ ਜੋ ਸ਼ਰਾਬ ਪੀਂਦਾ ਹੈ, ਉਹ ਵੋਟ ਨਹੀਂ ਪਾ ਸਕਦਾ ਪਰ ਜਿਸ ਸੂਬੇ ਵਿਚ ਸ਼ਰਾਬ ਦੀ ਆਮਦਨ ਸਰਕਾਰ ਦੀ ਸੱਭ ਤੋਂ ਵੱਡੀ ਤਾਕਤ ਹੋਵੇ, ਉਥੇ ਵੋਟਰ ਤਾਂ ਝੂਠ ਬੋਲ ਕੇ ਹੀ ਵੋਟ ਪਾਵੇਗਾ।
ਸਿੱਖੀ ਵਿਚ ਕਿਸੇ ਧਰਮ ਵਿਰੁਧ ਕੁੱਝ ਨਹੀਂ, ਇਹ ਸਮੁੱਚੀ ਮਨੁੱਖਤਾ ਬਾਰੇ ਸੋਚਣਾ ਸਿਖਾਉਂਦੀ ਹੈ ਪਰ ਫਿਰ ਵੀ ਇਕ ਸਿੱਖ ਦਾ ਨਿਆਰਾਪਨ ਬਣਿਆ ਰਹਿੰਦਾ ਹੈ। ਉਹ ਕਿਸੇ ਧਰਮ ਦੀ ਬਾਂਹ ਨਹੀਂ ਬਲਕਿ ਉਹ ਅਪਣੀ ਸੋਚ ਕਾਰਨ ਵਖਰਾ ਹੈ। ਹੋਰ ਕੁੱਝ ਬਣਨ ਤੋਂ ਪਹਿਲਾਂ ਨਾਨਕ ਦਾ ਸਿੱਖ ਬਣਨਾ ਵੀ ਜ਼ਰੂਰੀ ਹੈ। ਉਹ ਸਿੱਖ ਜੋ ਸਮਝੇ ਕਿ ਗੁਰੂ (ਅਕਾਲ ਪੁਰਖ) ਦਾ ਸ਼ਬਦ ਕੀ ਆਖ ਰਿਹਾ ਹੈ
ਉਹ ਜੋ ਸਿੱਖ ਸਿਧਾਂਤਾਂ ਨੂੰ ਓਨਾ ਹੀ ਸਤਿਕਾਰ ਦੇਵੇ ਜਿੰਨਾ ਉਹ ਅਪਣੇ ਸਿੱਖ ਹੋਣ ਨੂੰ ਦਿੰਦਾ ਹੈ। ਕੀ ਇਹ ਜਾਪਦਾ ਹੈ ਕਿ ਨਿੱਕੂ ਵਰਗਿਆਂ ਵਿਚ ਸਿੱਖ ਸਿਧਾਂਤਾਂ ਦੀ ਸਮਝ ਹੈ? ਦਿੱਕਤ ਬਾਬਾ ਬਾਗੇਸ਼ਵਰ ਤੋਂ ਨਹੀਂ ਬਲਕਿ ਨਿੱਕੂ ਵਰਗਿਆਂ ਪ੍ਰਤੀ ਸਿੱਖਾਂ ਦੀ ਕਮਜ਼ੋਰੀ ਜਾਂ ਨਾਸਮਝੀ ਤਕਲੀਫ਼ ਦੇ ਰਹੀ ਹੈ ਤੇ ਜੇ ਐਸ.ਜੀ.ਪੀ.ਸੀ. ਵਿਚ ਐਸੇ ਲੋਕ ਅੱਗੇ ਨਾ ਆਏ ਜੋ ਇਸ ਸਮੱਸਿਆ ਤੇ ਕੰਮ ਕਰਨ ਵਾਲੀ ਸੋਚ ਰਖਦੇ ਹੋਣਗੇ ਤਾਂ ਆਉਣ ਵਾਲੇ ਸਮੇਂ ਵਿਚ ਮਹੰਤਾਂ ਦਾ ਰਾਜ ਤੈਅ ਹੈ। - ਨਿਮਰਤ ਕੌਰ