ਕਾਂਗਰਸ ਤੇ ਬੀ.ਜੇ.ਪੀ. ਦੋਵੇਂ 'ਹਿੰਦੂ' ਹੋਣ ਬਦਲੇ ਵੋਟਾਂ ਮੰਗ ਰਹੀਆਂ ਹਨ, ਕੰਮ ਬਦਲੇ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਤੇ ਹੁਣ ਜਦੋਂ ਉਨ੍ਹਾਂ ਕੋਲ ਅਪਣੇ ਵਿਕਾਸ ਦੇ ਕੰਮ ਵਿਖਾਉਣ ਵਾਸਤੇ ਕੁੱਝ ਵੀ ਨਹੀਂ ਤਾਂ ਚਰਚਾਵਾਂ ਇਹ ਚਲ ਰਹੀਆਂ ਹਨ..........

Rahul Gandhi And PM Narendra Modi

ਅਤੇ ਹੁਣ ਜਦੋਂ ਉਨ੍ਹਾਂ ਕੋਲ ਅਪਣੇ ਵਿਕਾਸ ਦੇ ਕੰਮ ਵਿਖਾਉਣ ਵਾਸਤੇ ਕੁੱਝ ਵੀ ਨਹੀਂ ਤਾਂ ਚਰਚਾਵਾਂ ਇਹ ਚਲ ਰਹੀਆਂ ਹਨ ਕਿ ਮੁਸਲਮਾਨਾਂ ਦੀ ਪਾਰਟੀ ਕਿਹੜੀ ਹੈ, ਜੈ ਸ੍ਰੀ ਰਾਮ ਬੋਲੋ, ਜੇ ਹਿੰਦੂ ਧਰਮ ਨੂੰ ਮੰਨਦੇ ਹੋ ਤਾਂ ਹੀ ਭਾਰਤੀ ਹੋ। ਅਤੇ ਹੁਣ ਭਾਜਪਾ ਵਲ ਵੇਖ ਕੇ, ਕਾਂਗਰਸ ਦੇ ਆਗੂਆਂ ਅਤੇ ਬੁਲਾਰਿਆਂ ਨੇ ਵੀ ਅਪਣੇ ਆਪ ਨੂੰ ਕੱਟੜ ਹਿੰਦੂ ਸਾਬਤ ਕਰਨ ਲਈ, ਨਾ ਸਿਰਫ਼ ਮੰਦਰਾਂ ਦੇ ਚੱਕਰ ਵਧਾ ਦਿਤੇ ਹਨ

ਬਲਕਿ ਅਪਣੀਆਂ ਕਲਾਈਆਂ ਉਤੇ ਦਬਾਦਬ ਧਾਗੇ (ਮੌਲੀਆਂ) ਵੀ ਸਜਾ ਲਏ ਹਨ। ਸੋ ਕਾਂਗਰਸ ਅਤੇ ਭਾਜਪਾ ਦੁਹਾਂ ਕੋਲ, ਵਿਕਾਸ ਦੇ ਦਾਅਵਿਆਂ ਤੋਂ ਅੱਗੇ ਜਾ ਕੇ ਦੂਜੀ ਧਿਰ ਨੂੰ ਘੇਰਨ ਵਾਸਤੇ ਕੋਈ ਖ਼ਾਸ ਤੇ ਵੱਡਾ ਸੱਚ ਨਹੀਂ ਹੈ। ਸੋ ਦੋਹਾਂ ਦੀ ਦੌੜ ਮੰਦਰ, ਗਊ, ਮੌਲੀਆਂ, ਬਾਬਿਆਂ ਵਲ ਲੱਗੀ ਹੈ ਤਾਕਿ ਇਹੀ ਚੀਜ਼ਾਂ ਉਨ੍ਹਾਂ ਨੂੰ ਜਿਤਾ ਦੇਣ, ਕੰਮ ਤਾਂ ਜਿਤਾ ਨਹੀਂ ਸਕਦਾ। 

ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਚੋਣ ਪ੍ਰਚਾਰ ਚਲ ਰਿਹਾ ਹੈ ਅਤੇ ਇਸ ਤੋਂ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਸੰਕੇਤ ਮਿਲਦੇ ਹਨ। ਕਾਂਗਰਸ ਵਾਸਤੇ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਇਕ ਹੋਰ ਚੋਣ ਹਾਰਨੀ ਉਨ੍ਹਾਂ ਦੇ ਅਕਸ ਵਾਸਤੇ ਘਾਤਕ ਸਾਬਤ ਹੋਵੇਗੀ। ਜੇ ਰਾਹੁਲ ਗਾਂਧੀ ਕਾਂਗਰਸ ਦੀ ਅਗਵਾਈ ਕਰਨ ਦੇ ਕਾਬਲ ਨਹੀਂ ਤਾਂ ਕੋਈ ਹੋਰ ਆਗੂ ਵੀ ਅਜੇ ਤਕ ਅੱਗੇ ਆਉਣ ਵਾਸਤੇ ਤਿਆਰ ਨਹੀਂ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਹਾਰ ਜਾਣ ਦੀ ਗੱਲ ਸੁਣਨ ਵਾਸਤੇ ਵੀ ਤਿਆਰ ਨਹੀਂ। ਉਨ੍ਹਾਂ ਵਾਸਤੇ ਹਾਰ ਸ਼ਬਦ ਹੁਣ ਉਨ੍ਹਾਂ ਦੇ ਸ਼ਬਦਕੋਸ਼ ਵਿਚ ਹੈ ਹੀ ਨਹੀਂ।

ਭਾਜਪਾ ਜਿੱਤ ਪ੍ਰਾਪਤ ਕਰਨ ਵਾਸਤੇ ਕਿਸੇ ਵੀ ਹੱਦ ਤਕ ਜਾ ਸਕਦੀ ਹੈ। ਇਹ ਉਨ੍ਹਾਂ ਨੇ ਵਾਰ ਵਾਰ ਸਿੱਧ ਵੀ ਕਰ ਵਿਖਾਇਆ ਹੈ। ਪਰ ਅੱਜ ਜਿਨ੍ਹਾਂ ਪੱਧਰਾਂ 'ਤੇ ਚੋਣਾਂ ਦੀ ਤਿਆਰੀ ਹੋ ਰਹੀ ਹੈ, ਉਸ ਬਾਰੇ ਵਿਚਾਰ ਵਟਾਂਦਰਾ ਕਰਨਾ ਸਿਆਸਤਦਾਨਾਂ ਦਾ ਕੰਮ ਨਹੀਂ ਸਗੋਂ ਅੱਜ ਦੋਵੇਂ ਹੀ ਪਾਰਟੀਆਂ ਧਰਮ ਤੋਂ ਅੱਗੇ ਸੋਚ ਹੀ ਨਹੀਂ ਪਾ ਰਹੀਆਂ। ਜੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ 15 ਸਾਲ ਦੇ ਰਾਜ ਤੋਂ ਬਾਅਦ ਅੱਜ ਭਾਜਪਾ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਕੋਲ ਅਪਣੀਆਂ ਪ੍ਰਾਪਤੀਆਂ ਦੱਸਣ ਲਈ ਦਾਅਵਿਆਂ ਤੋਂ ਅੱਗੇ ਜਾ ਕੇ, ਸਬੂਤ ਦੇਣ ਲਈ ਕੁੱਝ ਵੀ ਨਹੀਂ ਸੀ।

ਸੂਬੇ ਵਿਚ ਬੇਰੁਜ਼ਗਾਰੀ ਪਿਛਲੇ ਦੋ ਸਾਲਾਂ ਵਿਚ 53% ਵਧੀ ਹੈ। ਸਰਕਾਰੀ ਅੰਕੜੇ ਇਹ ਦਸਦੇ ਹਨ ਕਿ 2016-17 ਵਿਚ ਸਰਕਾਰ ਵਲੋਂ 129 ਨੌਕਰੀਆਂ ਪੈਦਾ ਕੀਤੀਆਂ ਗਈਆਂ ਅਤੇ 2015-16 ਵਿਚ 334 ਨਵੀਆਂ ਨੌਕਰੀਆਂ ਕਢੀਆਂ ਗਈਆਂ। ਇਸ ਸਾਲ ਜਦੋਂ 738 ਚਪੜਾਸੀਆਂ ਦੀਆਂ ਨੌਕਰੀਆਂ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਤਾਂ 3 ਲੱਖ ਅਰਜ਼ੀਆਂ ਆਈਆਂ ਜਿਨ੍ਹਾਂ ਵਿਚ ਐਮ.ਏ., ਐਮ.ਫ਼ਿਲ. ਪਾਸ ਉਮੀਦਵਾਰ ਵੀ ਸ਼ਾਮਲ ਸਨ। ਕਿਸਾਨ ਤੇ ਛੋਟੇ ਉਦਯੋਗ ਮਾੜੀ ਹਾਲਤ ਵਿਚ ਹਨ। 

ਮੱਧ ਪ੍ਰਦੇਸ਼ ਦੀ ਗੱਲ ਕਰੀਏ ਜਾਂ ਕਿਸੇ ਹੋਰ ਸੂਬੇ ਦੀ, ਸਰਕਾਰਾਂ ਕੋਲ ਅਪਣੀ ਕਾਰਗੁਜ਼ਾਰੀ ਵਿਖਾਉਣ ਲਈ ਸਿਰਫ਼ ਸੜਕਾਂ ਹੀ ਰਹਿ ਜਾਂਦੀਆਂ ਹਨ। ਇਹ ਅਸੀ ਪੰਜਾਬ ਵਿਚ ਵੀ ਵੇਖਿਆ ਸੀ ਕਿ 10 ਸਾਲ ਦੇ ਕਾਰਜਕਾਲ ਤੋਂ ਬਾਅਦ ਸੜਕਾਂ ਦੀਆਂ ਹੀ ਫੜਾਂ ਮਾਰੀਆਂ ਜਾ ਰਹੀਆਂ ਸਨ। ਪਰ ਸੜਕਾਂ ਵੀ ਨਹੀਂ ਬਣਾਉਣਗੇ ਤਾਂ ਹਰ ਨਾਗਰਿਕ ਤੋਂ ਰੋਡ ਟੈਕਸ ਕਿਹੜੇ ਮੂੰਹ ਨਾਲ ਲੈਣਗੇ? ਸੜਕਾਂ ਵੀ ਕੁੱਝ ਸਮੇਂ ਵਾਸਤੇ ਹੀ ਠੀਕ ਚਲਦੀਆਂ ਹਨ, ਉਹ ਵੀ ਸਰਕਾਰਾਂ ਦੇ ਵਾਅਦਿਆਂ ਵਾਂਗ, ਕਮਜ਼ੋਰ ਹੀ ਸਾਬਤ ਹੁੰਦੀਆਂ ਹਨ। 

ਅਤੇ ਹੁਣ ਜਦੋਂ ਉਨ੍ਹਾਂ ਕੋਲ ਅਪਣੇ ਵਿਕਾਸ ਦੇ ਕੰਮ ਵਿਖਾਉਣ ਵਾਸਤੇ ਕੁੱਝ ਵੀ ਨਹੀਂ ਤਾਂ ਚਰਚਾਵਾਂ ਇਹ ਚਲ ਰਹੀਆਂ ਹਨ ਕਿ 'ਮੁਸਲਮਾਨਾਂ ਦੀ ਪਾਰਟੀ ਕਿਹੜੀ ਹੈ, ਜੈ ਸ੍ਰੀ ਰਾਮ ਬੋਲੋ, ਜੇ ਹਿੰਦੂ ਧਰਮ ਨੂੰ ਮੰਨਦੇ ਹੋ ਤਾਂ ਹੀ ਭਾਰਤੀ ਹੋ' ਅਤੇ ਹੁਣ ਭਾਜਪਾ ਵਲ ਵੇਖ ਕੇ, ਕਾਂਗਰਸ ਦੇ ਆਗੂਆਂ ਅਤੇ ਬੁਲਾਰਿਆਂ ਨੇ ਵੀ ਅਪਣੇ ਆਪ ਨੂੰ ਕੱਟੜ ਹਿੰਦੂ ਸਾਬਤ ਕਰਨ ਲਈ, ਨਾ ਸਿਰਫ਼ ਮੰਦਰਾਂ ਦੇ ਚੱਕਰ ਵਧਾ ਦਿਤੇ ਹਨ ਬਲਕਿ ਅਪਣੀਆਂ ਕਲਾਈਆਂ ਉਤੇ ਦਬਾਦਬ ਧਾਗੇ (ਮੌਲੀਆਂ) ਵੀ ਸਜਾ ਲਏ ਹਨ। ਕਾਂਗਰਸ ਅਤੇ ਭਾਜਪਾ ਦੁਹਾਂ ਕੋਲ, ਵਿਕਾਸ ਦੇ ਦਾਅਵਿਆਂ ਤੋਂ ਅੱਗੇ ਜਾ ਕੇ ਦੂਜੀ ਧਿਰ ਨੂੰ ਘੇਰਨ ਵਾਸਤੇ ਕੋਈ ਖ਼ਾਸ ਤੇ ਵੱਡਾ ਸੱਚ ਨਹੀਂ ਹੈ।

ਸੋ ਦੋਹਾਂ ਦੀ ਦੌੜ ਮੰਦਰ, ਗਊ, ਮੌਲੀਆਂ, ਬਾਬਿਆਂ ਵਲ ਹੀ ਲੱਗੀ ਹੋਈ ਹੈ ਤਾਕਿ ਇਹੀ ਚੀਜ਼ਾਂ ਉਨ੍ਹਾਂ ਨੂੰ ਜਿਤਾ ਦੇਣ, ਕੰਮ ਤਾਂ ਜਿਤਾ ਨਹੀਂ ਸਕਦਾ। ਕਾਂਗਰਸ ਨੂੰ ਪੰਜਾਬ ਵਿਚ ਅਪਣੇ ਵਿਕਾਸ ਦੇ ਕੰਮਾਂ ਦਾ ਨਮੂਨਾ ਵਿਖਾਉਣ ਦਾ ਜਿਹੜਾ ਮੌਕਾ ਮਿਲਿਆ ਸੀ, ਉਹ ਤਾਂ ਉਨ੍ਹਾਂ ਗਵਾ ਲਿਆ ਲਗਦਾ ਹੈ। ਪੰਜਾਬ ਵਿਚ ਕਾਂਗਰਸ ਰਾਜ ਦੇ ਦੋ ਸਾਲ ਸਾਰੇ ਭਾਰਤ ਵਾਸਤੇ ਵਿਕਾਸ ਦੀ ਕਹਾਣੀ ਹੋ ਸਕਦੇ ਸਨ ਜੇ ਪੰਜਾਬ ਵਿਚ ਕਿਤੇ ਚੋਣ ਵਾਅਦੇ ਪੂਰ ਕੀਤੇ ਜਾਂਦੇ। ਜੇ ਪੰਜਾਬ ਨੌਕਰੀਆਂ ਹੀ ਦੇ ਸਕਦਾ ਤਾਂ ਭਾਜਪਾ ਨੂੰ ਵਿਕਾਸ ਦੇ ਅੰਕੜਿਆਂ ਤੇ ਠੋਸ ਮਿਸਾਲਾਂ ਨਾਲ ਘੇਰ ਲੈਂਦਾ।

ਪਰ ਅਫ਼ਸੋਸ ਕਿ ਕਾਂਗਰਸ ਵੀ ਭਾਜਪਾ ਵਾਂਗ ਧਰਮ ਦੀ ਸਿਆਸਤ ਵਲ ਜ਼ਿਆਦਾ ਧਿਆਨ ਦੇ ਰਹੀ ਹੈ ਨਾਕਿ ਅਪਣੇ ਵਿਕਾਸ ਦੇ ਦਾਅਵਿਆਂ ਉਤੇ। ਪੰਜਾਬ ਵਿਚ ਇਕ ਧਾਰਮਕ ਮੁੱਦੇ ਨੂੰ ਲੈ ਕੇ ਅਕਾਲੀਆਂ ਨੂੰ ਟੰਗਣ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਵੀ ਟੰਗਿਆ ਹੋਇਆ ਹੈ। ਗੋਲੀ ਕਾਂਡ ਦੀ ਜਾਂਚ ਹੁਣ ਐਸ.ਆਈ.ਟੀ. ਵਲੋਂ ਇਕ ਮਜ਼ਾਕ ਦਾ ਰੂਪ ਧਾਰਨ ਕਰ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਇਹ ਤਾਂ ਸੱਚ ਹੀ ਕਿਹਾ ਹੈ ਕਿ ਜਾਪਦਾ ਹੈ ਐਸ.ਆਈ.ਟੀ. ਨੇ ਅਕਸ਼ੈ ਕੁਮਾਰ ਨਾਲ ਤਸਵੀਰਾਂ ਖਿੱਚਵਾਉਣ ਵਾਸਤੇ ਹੀ ਉਨ੍ਹਾਂ ਨੂੰ ਬੁਲਾਇਆ ਸੀ।

ਪਰ ਤਰਸ ਤਾਂ ਆਮ ਜਨਤਾ ਉਤੇ ਆਉਂਦਾ ਹੈ ਜੋ ਇਸ ਸਿਆਸੀ ਖੇਡ ਵਿਚ ਫਸੀ ਹੋਈ ਹੈ। ਅੱਜ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪਾਰਟੀ ਦੂਜੀਆਂ ਨਾਲੋਂ ਵਧੀਆ ਹੈ ਪਰ ਜਨਤਾ ਸਿਰਫ਼ ਇਹੀ ਫ਼ੈਸਲਾ ਕਰ ਸਕਦੀ ਹੈ ਕਿ ਕਿਹੜੀ ਪਾਰਟੀ ਘੱਟ ਮਾੜੀ ਹੈ। ਅੰਨ੍ਹਿਆਂ 'ਚੋਂ ਕਾਣਾ ਰਾਜਾ ਵਾਲੀ ਚੋਣ ਕਰਨ ਲਈ ਮਜਬੂਰ ਜਨਤਾ ਨੂੰ ਅਪਣਾ ਭਵਿੱਖ ਵੀ ਧੁੰਦਲਾ ਹੀ ਜਾਪਦਾ ਹੈ।  -ਨਿਮਰਤ ਕੌਰ