ਬਰਗਾੜੀ ਕਾਂਡ 'ਚੋਂ ਕਿਸੇ ਦੋਸ਼ੀ ਦਾ ਨਾਂ ਕੱਢਣ ਲਈ ਇਕ ਪ੍ਰੇਮੀ ਦੀ ਹਤਿਆ ਨੂੰ ਕਾਰਨ ਨਾ ਬਣਾਉ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

'ਸੌਦਾ ਸਾਧ' ਤੇ ਉਸ ਦਾ ਡੇਰਾ ਇਕੱਲਾ ਅਜਿਹਾ ਡੇਰਾ ਨਹੀਂ ਜੋ ਅਪਣੇ ਸ਼ਰਧਾਲੂਆਂ ਦੀ ਸੋਚ ਉਤੇ ਅਪਣਾ ਕਬਜ਼ਾ ਕਮਾ ਕੇ, ਉਨ੍ਹਾਂ ਦੀ ਆਜ਼ਾਦ ਸੋਚਣੀ ਨੂੰ ਖ਼ਤਮ ਕਰ ਦੇਂਦਾ ਹੈ

Bargari Kand

ਬਾਦਲਾਂ ਦੇ ਰਾਜ ਵੇਲੇ ਬਰਗਾੜੀ-ਕੋਟਕਪੂਰਾ ਵਰਗੇ ਕਾਂਡ ਹੋਏ ਜੋ ਅੱਜ ਤਕ ਕਿਸੇ ਸਿਰੇ ਬੰਨੇ ਨਹੀਂ ਲੱਗ ਸਕੇ ਕਿਉਂਕਿ ਸਰਕਾਰ ਭਾਵੇਂ ਕੋਈ ਵੀ ਆ ਜਾਵੇ,ਉਹ ਅਪਣੇ 'ਵੋਟ ਬੈਂਕ' ਨੂੰ ਧਿਆਨ ਵਿਚ ਰੱਖ ਕੇ, ਸਾਰੇ ਪੁੱਠੇ ਸਿੱਧੇ ਕਦਮ ਚੁੱਕਣ ਲਗਦੀ ਹੈ ਅਤੇ ਨਿਆਂ ਕਰਨ ਦੀ ਗੱਲ ਨੂੰ ਬਿਲਕੁਲ ਹੀ ਭੁਲਾ ਦੇਂਦੀ ਹੈ। 'ਵੋਟ ਬੈਂਕ' ਦੇ ਹਿਸਾਬ ਕਿਤਾਬ ਵਿਚ ਕਿਸੇ ਮਨੁੱਖ ਨੂੰ ਪੂਜਾ ਦਾ ਕੇਂਦਰ ਬਣਾਉਣ ਵਾਲੇ ਡੇਰੇ, ਉਸ ਮਨੁੱਖ ਬਾਰੇ ਇਹ ਪ੍ਰਭਾਵ ਬਣਾਉਣ ਵਿਚ ਸਫ਼ਲ ਰਹਿੰਦੇ ਹਨ ਕਿ ਇਹ ਮਨੁੱਖ ਦਿਨ ਨੂੰ ਦਿਨ ਕਹੇ ਤਾਂ ਸ਼ਰਧਾਲੂ ਵੀ ਦਿਨ ਕਹਿਣ ਤੇ ਰਾਤ ਕਹਿਣ ਤਾਂ ਦਿਨ ਨੂੰ ਵੀ ਰਾਤ ਕਹਿਣ ਲੱਗ ਜਾਣ।

ਇਸੇ ਤਰ੍ਹਾਂ ਜੇ ਇਹ 'ਪੂਜਨੀਕ ਮਨੁੱਖ' ਹੁਕਮ ਕਰੇ ਕਿ ਵੋਟਾਂ ਫ਼ਲਾਣੀ ਪਾਰਟੀ ਨੂੰ ਪਾਉਣੀਆਂ ਹਨ ਤਾਂ ਸ਼ਰਧਾਲੂ ਲੋਕ ਅੱਖਾਂ ਬੰਦ ਕਰ ਕੇ ਵੋਟਾਂ ਕੇਵਲ ਉਸ ਪਾਰਟੀ ਨੂੰ ਹੀ ਦੇ ਦੇਣ। ਜਿਸ ਮਨੁੱਖ ਨੂੰ ਕਈ ਠੀਕ ਗ਼ਲਤ ਢੰਗ ਵਰਤ ਕੇ 'ਪੂਜਨੀਕ' ਬਣਾਇਆ ਜਾਂਦਾ ਹੈ, ਉਸ ਦਾ ਆਖਿਆ ਪ੍ਰਵਾਨ ਨਾ ਕਰਨਾ ਇਕ 'ਪਾਪ' ਬਣਾ ਦਿਤਾ ਜਾਂਦਾ ਹੈ ਜਿਸ ਪਾਪ ਦੀ ਬੜੀ ਡਾਢੀ 'ਸਜ਼ਾ' ਮਿਲਣ ਦਾ ਡਰ ਵੀ ਪਾ ਦਿਤਾ ਜਾਂਦਾ ਹੈ।

'ਸੌਦਾ ਸਾਧ' ਤੇ ਉਸ ਦਾ ਡੇਰਾ ਇਕੱਲਾ ਅਜਿਹਾ ਡੇਰਾ ਨਹੀਂ ਜੋ ਅਪਣੇ ਸ਼ਰਧਾਲੂਆਂ ਦੀ ਸੋਚ ਉਤੇ ਅਪਣਾ ਕਬਜ਼ਾ ਕਮਾ ਕੇ, ਉਨ੍ਹਾਂ ਦੀ ਆਜ਼ਾਦ ਸੋਚਣੀ ਨੂੰ ਖ਼ਤਮ ਕਰ ਦੇਂਦਾ ਹੈ ਬਲਕਿ ਸਿੱਖ ਪੰਥ ਦੇ ਹਮਾਇਤੀ ਅਖਵਾਉਂਦੇ ਡੇਰੇਦਾਰ ਤੇ ਸਾਰੇ ਧਰਮਾਂ ਦੇ ਸਾਂਝੇ ਡੇਰੇਦਾਰ ਵੀ ਇਹੀ ਕੁੱਝ ਕਰਦੇ ਹਨ ਤੇ ਕਾਫ਼ੀ ਸਾਰੇ ਸ਼ਰਧਾਲੂਆਂ ਦੀ ਸੋਚ ਨੂੰ ਖੁੰਢੀ ਕਰ ਕੇ, ਅਪਣੇ ਮਨਚਾਹੇ 'ਹੁਕਮ' ਉਨ੍ਹਾਂ ਕੋਲੋਂ ਮਨਵਾ ਲੈਂਦੇ ਹਨ। ਸਿਆਸਤਦਾਨ ਲਈ 'ਵੋਟ ਬੈਂਕ' ਸੱਭ ਤੋਂ ਵੱਡਾ ਤੋਹਫ਼ਾ ਹੈ ਜੋ ਉਨ੍ਹਾਂ ਨੂੰ ਕੋਈ ਦੇ ਸਕਦਾ ਹੈ।

ਇਸ ਲਈ ਇਨ੍ਹਾਂ ਵੋਟ ਬੈਂਕਾਂ ਉਤੇ ਕਾਬਜ਼ 'ਬਾਬਿਆਂ' ਨੂੰ ਖ਼ੁਸ਼ ਕਰਨ ਲਈ ਬਾਕੀ ਸੱਭ ਕੁੱਝ ਵਾਰ ਦੇਂਦੇ ਹਨ। ਬਰਗਾੜੀ ਵਰਗੇ ਮਾਮਲੇ ਤੇ ਗੁਰਬਾਣੀ ਦੀ ਬੇਅਦਬੀ ਵਰਗੇ ਸਾਰੇ ਮਾਮਲੇ ਇਸੇ 'ਵੋਟ ਬੈਂਕ ਰਾਜਨੀਤੀ' ਕਰ ਕੇ ਸਾਲਾਂ ਅਤੇ ਦਹਾਕਿਆਂ ਤਕ ਲਟਕੇ ਰਹਿਣ ਮਗਰੋਂ ਵੀ ਕਿਸੇ ਤਣ-ਪੱਤਣ ਨਹੀਂ ਲਗਦੇ। ਡੈਮੋਕਰੇਸੀ ਜਾਂ ਲੋਕ-ਰਾਜ ਦੀ ਕਾਮਯਾਬੀ ਦੀ ਪਹਿਲੀ ਸ਼ਰਤ ਹੀ ਇਹ ਹੁੰਦੀ ਹੈ ਕਿ ਵੋਟਰ ਪੂਰੀ ਤਰ੍ਹਾਂ ਆਜ਼ਾਦ ਸੋਚਣੀ ਨਾਲ, ਗੁਪਤ ਵੋਟ ਰਾਹੀਂ ਅਪਣੀ ਰਾਏ ਦੇਵੇ। ਇਸੇ ਆਜ਼ਾਦ ਸੋਚਣੀ ਨਾਲ ਦਿਤੀ ਵੋਟ ਹੀ ਲੋਕ-ਰਾਜ ਨੂੰ ਮਜ਼ਬੂਤ ਅਤੇ ਸਫ਼ਲ ਬਣਾ ਸਕਦੀ ਹੈ।

ਪਰ ਜੇ ਵੋਟਰ ਦੀ ਸੋਚਣੀ ਉਤੇ ਧਾਰਮਕ ਫ਼ਿਰਕੂਵਾਦ, ਭਾਸ਼ਾ, ਬਾਬਾਵਾਦ ਅਤੇ ਅੰਧ-ਵਿਸ਼ਵਾਸ ਕਾਬਜ਼ ਹੋ ਜਾਣ ਤਾਂ ਲੋਕ-ਰਾਜ ਲਾਜ਼ਮੀ ਤੌਰ ਉਤੇ ਨਾਕਾਮ ਹੋ ਜਾਂਦਾ ਹੈ, ਜਿਵੇਂ ਭਾਰਤ ਵਿਚ ਹੋ ਰਿਹਾ ਹੈ। ਪੰਜਾਬ ਵਿਚ ਤਾਂ ਵੋਟਰ ਦੀ ਅਸਲ ਸੋਚ ਉਤੇ ਹਮੇਸ਼ਾ ਹੀ ਬਾਬਾਵਾਦ, ਅੰਧ-ਵਿਸ਼ਾਵਾਸ ਅਤੇ ਫ਼ਿਰਕੂ ਸੋਚ ਛਾ ਜਾਂਦੇ ਰਹੇ ਹਨ ਤੇ ਇਥੇ ਲੋਕ-ਰਾਜ ਵੀ ਡਗਮਗਾਇਆ ਰਹਿੰਦਾ ਹੈ ਤੇ ਨਿਆਂ ਦਾ ਰਾਹ ਵੀ ਰੁਕ ਜਿਹਾ ਜਾਂਦਾ ਹੈ।

ਸੌਦਾ ਸਾਧ (ਰਾਮ ਰਹੀਮ) ਜੋ ਅੱਜ ਜੇਲ ਵਿਚ ਬੰਦ ਹੈ, ਉਹ ਵੀ ਇਕ ਵੱਡੇ 'ਵੋਟ ਬੈਂਕ' ਦੀ ਸੋਚ ਨੂੰ ਅਪਣੇ ਕਬਜ਼ੇ ਵਿਚ ਕਰਨ ਵਿਚ ਸਫ਼ਲ ਰਿਹਾ ਹੈ ਜਿਸ ਕਰ ਕੇ ਸਿਆਸਤਦਾਨ ਉਸ ਦੇ ਗੇੜੇ ਕਟਦੇ ਰਹਿੰਦੇ ਹਨ ਤੇ ਉਸ ਦੀ ਹਰ ਗੱਲ ਮੰਨਦੇ ਆਏ ਹਨ ਤਾਕਿ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਉਸ ਦੇ 'ਸ਼ਰਧਾਲੂ ਪ੍ਰੇਮੀਆਂ' ਦੀਆਂ ਵੋਟਾਂ ਹਾਸਲ ਕਰ ਸਕਣ।

 

'ਬੇਅਦਬੀ ਮਾਮਲਿਆਂ' ਦਾ ਆਰੰਭ ਵੀ ਸੌਦਾ ਸਾਧ ਦੇ 'ਪ੍ਰੇਮੀਆਂ' ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਲਿਜਾਣ ਅਤੇ ਗੁਰਬਾਣੀ ਦੇ ਵਰਕੇ ਪਾੜਨ ਮਗਰੋਂ ਉੱਚੀ ਆਵਾਜ਼ ਵਿਚ ਇਹ ਐਲਾਨ ਕਰਨ ਨਾਲ ਹੋਇਆ ਕਿ 'ਤੁਹਾਡਾ ਗੁਰੂ ਅਸੀ ਫੜ ਲਿਆ ਜੇ, ਹਿੰਮਤ ਹੈ ਤਾਂ ਇਸ ਨੂੰ ਆਜ਼ਾਦ ਕਰਵਾ ਲਉ' ਜਾਂ ਇਹੋ ਜਹੇ ਕੁੱਝ ਸ਼ਬਦ ਹੀ ਸਨ। ਸੋ ਪੁਲਿਸ ਨੇ ਕੁੱਝ ਪ੍ਰੇਮੀਆਂ ਉਤੇ ਕੇਸ ਦਾਇਰ ਕਰ ਦਿਤੇ।

ਇਨ੍ਹਾਂ ਵਿਚ 'ਪ੍ਰੇਮੀਆਂ' ਦੇ ਗੁਰੂ ਸੌਦਾ ਸਾਧ ਦਾ ਨਾਂ ਵੀ ਸੀ। ਹੁਣ ਇਕ ਦੋਸ਼ੀ ਦੇ ਪਿਤਾ ਨੂੰ ਕਿਸੇ ਨੇ ਗੋਲ ਮਾਰ ਦਿਤੀ ਤਾਂ ਉਸ ਦੀ ਲਾਸ਼ ਨੂੰ ਸੜਕਾਂ ਉਤੇ ਰੱਖ ਕੇ ਮੰਗ ਇਹ ਵੀ ਕੀਤੀ ਜਾ ਰਹੀ ਹੈ ਕਿ ਪੁਲਿਸ ਕੇਸਾਂ ਵਿਚੋਂ ਸੌਦਾ ਸਾਧ ਅਤੇ ਦੂਜੇ ਪ੍ਰੇਮੀਆਂ ਦੇ ਨਾਂ ਕੱਢ ਦਿਤੇ ਜਾਣ। ਇਨ੍ਹਾਂ ਦੋ ਗੱਲਾਂ ਦਾ ਆਪਸ ਵਿਚ ਕੀ ਮੇਲ ਹੋਇਆ? ਜੇ ਇਹ ਮੰਗ ਕੀਤੀ ਜਾਏ ਕਿ ਮਾਰੇ ਗਏ ਪ੍ਰੇਮੀ ਨੂੰ ਕੁੱਝ ਮੁਆਵਜ਼ਾ ਦਿਤਾ ਜਾਵੇ ਜਾਂ ਪ੍ਰਵਾਰ ਨੂੰ ਸੁਰੱਖਿਆ ਦਿਤੀ ਜਾਵੇ ਤਾਂ ਇਹ ਮੰਗ ਤਾਂ ਸਾਧਾਰਣ ਅਤੇ ਠੀਕ ਵੀ ਹੈ

ਪਰ ਕਿਸੇ ਦੂਜੇ ਕੇਸ ਵਿਚੋਂ ਸੌਦਾ ਸਾਧ ਤੇ ਉਸ ਦੇ ਪ੍ਰੇਮੀਆਂ ਦੇ ਨਾਂ ਕੱਢਣ ਦਾ ਇਸ ਕਤਲ ਦੇ ਮਾਮਲੇ ਨਾਲ ਕੀ ਸਬੰਧ ਹੋਇਆ? ਕੁੱਝ ਵੀ ਨਹੀਂ। ਪ੍ਰੇਮੀਆਂ ਨੂੰ ਲਗਦਾ ਹੈ ਕਿ 2022 ਦੀਆਂ ਚੋਣਾਂ ਆ ਰਹੀਆਂ ਹਨ, ਇਸ ਲਈ ਕੋਈ ਵੀ ਮੰਗ ਰੱਖ ਲਉ, 'ਵੋਟ ਬੈਂਕ' ਦੇ ਲਾਲਚ ਹੇਠ, ਸਿਆਸਤਦਾਨ ਹਰ ਨਾਜਾਇਜ਼ ਮੰਗ ਵੀ ਜ਼ਰੂਰ ਮੰਨ ਲੈਣਗੇ। ਉਨ੍ਹਾਂ ਦਾ ਪਿਛਲਾ ਤਜਰਬਾ ਇਹੀ ਹੈ। ਪਰ ਇਸ ਨਾਲ ਨਿਆਂ ਹਾਰ ਜਾਏਗਾ, ਸਿੱਖਾਂ ਅੰਦਰ ਨਿਰਾਸ਼ਾ ਵਧੇਗੀ ਅਤੇ ਇਹ ਸੱਭ ਕੁੱਝ ਪੰਜਾਬ ਅਤੇ ਦੇਸ਼ ਲਈ ਚੰਗਾ ਨਹੀਂ ਹੋਵੇਗਾ। ਇਸ ਤੋਂ ਬਚਣਾ ਚਾਹੀਦਾ ਹੈ।     -ਨਿਮਰਤ ਕੌਰ