ਕੁੜੀਆਂ ਦਾ ਵਿਆਹ 21 ਸਾਲ ਤੋਂ ਘੱਟ ਉਮਰ 'ਚ ਨਾ ਹੋਵੇ ਜਾਂ ਇਹ ਉਨ੍ਹਾਂ ਦੀ ਮਰਜ਼ੀ 'ਤੇ ਛੱਡ ਦਿਤਾ ਜਾਵੇ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੁੜੀਆਂ ਦੇ ਵਿਆਹ ਦੀ ਉਮਰ 21 ਸਾਲ ਜਾਂ 18 ਜਾਂ 25 ਤੈਅ ਕਰਨ ਤੋਂ ਪਹਿਲਾਂ ਸਥਿਤੀ ਨੂੰ ਸਮਝਣ ਦੀ ਲੋੜ ਹੈ।

File Photo

 

ਕੁੜੀਆਂ ਦੀ ਵਿਆਹ ਦੀ ਘੱਟੋ ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ ਜਾਂ ਉਨ੍ਹਾਂ ਦੀ ਮਰਜ਼ੀ ਮੁਤਾਬਕ? ਸਾਰੀਆਂ ਪਾਰਟੀਆਂ ਇਸ ਸਵਾਲ ਨੂੰ ਲੈ ਕੇ ਆਪਸ ਵਿਚ ਉਲਝ ਰਹੀਆਂ ਹਨ। ਇਸ ਕਾਨੂੰਨ ਤੇ ਸਹਿਮਤੀ ਨਹੀਂ ਬਣ ਸਕੀ ਤੇ ਵਿਚਾਰ ਵਟਾਂਦਰੇ ਵਾਸਤੇ ਪੈਨਲ ਨੂੰ ਭੇਜ ਦਿਤਾ ਗਿਆ ਹੈ। ਕਾਨੂੰਨ ਲਿਆਂਦਾ ਜਾ ਰਿਹਾ ਹੈ ਕਿ ਧਰਮ ਜਾਂ ਜਾਤ ਦੀ ਪ੍ਰਵਾਹ ਕੀਤੇ ਬਿਨਾਂ 21 ਸਾਲ ਤੋਂ ਪਹਿਲਾਂ ਵਿਆਹ ਗ਼ੈਰ ਕਾਨੂੰਨੀ ਹੋਣਾ ਚਾਹੀਦਾ ਹੈ।

ਧਾਰਮਕ ਪ੍ਰੰਪਰਾਵਾਂ ਨੂੰ ਲੈ ਕੇ, ਜੋ ਲੋਕ ਇਤਰਾਜ਼ ਕਰ ਰਹੇ ਹਨ, ਸਪੱਸ਼ਟ ਹੈ ਕਿ ਉਹ ਲੋਕ ਕੁੜੀਆਂ ਨੂੰ ਚਾਰ ਦੀਵਾਰੀ ਵਿਚ ਹੀ ਰਖਣਾ ਚਾਹੁੰਦੇ ਹਨ ਜਾਂ ਜੋ ਲੋਕ ਕੁੜੀਆਂ ਦੀ ਆਜ਼ਾਦੀ ਨੂੰ ਬਹਾਨਾ ਬਣਾ ਕੇ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਕੁੜੀਆਂ ਦੀ ਆਜ਼ਾਦੀ ਬਾਰੇ ਸ਼ਾਇਦ ਜਾਣਕਾਰੀ ਹੀ ਨਹੀਂ। ਕੁੜੀਆਂ ਦੇ ਵਿਆਹ ਦੀ ਉਮਰ 21 ਸਾਲ ਜਾਂ 18 ਜਾਂ 25 ਤੈਅ ਕਰਨ ਤੋਂ ਪਹਿਲਾਂ ਸਥਿਤੀ ਨੂੰ ਸਮਝਣ ਦੀ ਲੋੜ ਹੈ। ਅੱਜ ਜਦ ਕੁੜੀਆਂ ਦੇ ਵਿਆਹ ਦੀ ਉਮਰ 18 ਸਾਲ ਹੈ, ਕੀ ਉਸ ਕਾਨੂੰਨ ਦੀ ਪਾਲਣਾ ਹੋ ਰਹੀ ਹੈ? ਜੇ ਪਿਛਲੇ ਸਾਲ ਨਾਬਾਲਗ਼ ਕੁੜੀਆਂ ਯਾਨੀ 16-17 ਸਾਲ ਦੀਆਂ ਕੁੜੀਆਂ ਦੇ ਲੱਖਾਂ ਵਿਆਹ ਕੀਤੇ ਗਏ ਸੀ

ਤਾਂ ਕਿਸੇ ਕਾਨੂੰਨ ਨੇ ਉਨ੍ਹਾਂ ਨੂੰ ਰੋਕਿਆ ਸੀ? ਜੇ ਨਹੀਂ ਤਾਂ ਇਸ ਕਾਨੂੰਨ ਨਾਲ ਗ਼ਲਤ ਪ੍ਰੰਪਰਾ ਕਿਸ ਤਰ੍ਹਾਂ ਬਦਲੇਗੀ? 18 ਸਾਲ ਦੀਆਂ ਬੱਚੀਆਂ ਦਾ ਵਿਆਹ, ਉਨ੍ਹਾਂ ਦਾ ਮਾਂ ਬਣਨਾ, ਉਨ੍ਹਾਂ ਵਾਸਤੇ ਤੇ ਨਵਜੰਮੇ ਬੱਚੇ ਵਾਸਤੇ ਹਾਨੀਕਾਰਕ ਹੈ। ਘੱਟ ਉਮਰ ਦੀਆਂ ਮਾਵਾਂ ਦੇ ਬੱਚੇ ਜਲਦੀ ਮਰ ਜਾਂਦੇ ਹਨ, ਖ਼ਾਸ ਕਰ ਕੇ ਪਿੰਡਾਂ ਵਿਚ ਜਿਥੇ 75 ਫ਼ੀ ਸਦੀ ਬੱਚੇ ਪਹਿਲੇ ਸਾਲ ਵਿਚ ਹੀ ਮਰ ਜਾਂਦੇ ਹਨ। ਕੱਚੀ ਉਮਰ ਵਿਚ ਮਾਵਾਂ ਬਣੀਆਂ ਕੁੜੀਆਂ ਵੀ ਜਨਮ ਦਿੰਦੇ ਸਾਰ ਮਰ ਜਾਂਦੀਆਂ ਹਨ ਜਾਂ ਕਈ ਕਮਜ਼ੋਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਪਰ ਕੀ ਅੱਜ ਕਾਨੂੰਨ ਦੀ ਕਮਜ਼ੋਰੀ ਕਾਰਨ ਇਹ ਸੱਭ ਹੋ ਰਿਹਾ ਹੈ ਜਾਂ ਪਹਿਲਾਂ ਬਣਾਏ ਕਾਨੂੰਨ ਲਾਗੂ ਹੀ ਨਹੀਂ ਹੋ ਰਹੇ? ਜਦ ਪਹਿਲਾਂ ਬਣਾਏ ਕਾਨੂੰਨ ਲਾਗੂ ਨਹੀਂ ਹੋ ਰਹੇੇ ਤਾਂ ਨਵੇਂ ਬਣਾਉਣ ਵਿਚ ਕਿਹੜੀ ਸਿਆਣਪ ਵੇਖੀ ਗਈ ਹੈ?

ਜੇ ਅਜੇ ਵੀ ਕੋਈ ਦਿੱਕਤ ਹੈ ਤਾਂ ਉਹ ਹੈ ਕੁੜੀਆਂ ਨੂੰ ਬੋਝ ਸਮਝੇ ਜਾਣ ਵਾਲੀ ਸੋਚ ਦੀ। ਜਿਹੜੇ ਪ੍ਰਵਾਰਾਂ ਦੀਆਂ ਬੱਚੀਆਂ ਘੱਟ ਉਮਰੇ ਵਿਆਹੀਆਂ ਜਾਂਦੀਆਂ ਹਨ, ਉਹ ਧਰਮ ਦੇ ਅਸਰ ਹੇਠ ਨਹੀਂ, ਗ਼ਰੀਬੀ ਦੇ ਅਸਰ ਹੇਠ, ਛੇਤੀ ਵਿਆਹ ਦਿਤੀਆਂ ਜਾਂਦੀਆਂ ਹਨ। ਹਰ ਧਰਮ ਵਿਚ ਗ਼ਰੀਬ ਔਰਤ ਸੱਭ ਤੋਂ ਵੱਧ ਖ਼ਤਰੇ ਵਿਚ ਹੁੰਦੀ ਹੈ ਕਿਉਂਕਿ ਉਸ ਦੀ ਸਿਖਿਆ ਤੇ ਕੋਈ ਪੈਸਾ ਨਹੀਂ ਖ਼ਰਚਦਾ। ਉਸ ਨੂੰ ਪਰਾਇਆ ਧਨ ਸਮਝ ਕੇ ਪਾਲਿਆ ਜਾਂਦਾ ਹੈ ਤੇ ਮੌਕਾ ਮਿਲਦਿਆਂ ਹੀ ਗਲੋਂ ਲਾਹ ਦਿਤਾ ਜਾਂ ਵਿਆਹ ਦਿਤਾ ਜਾਂਦਾ ਹੈ। ਅੱਜ ਜਦ ਅਫ਼ਗ਼ਾਨਿਸਤਾਨ ਵਿਚ ਲੋਕ ਭੁਖਮਰੀ ਤੇ ਮੌਤ ਨਾਲ ਜੂਝ ਰਹੇ ਹਨ, 6 ਸਾਲ ਤਕ ਦੀਆਂ ਕੁੜੀਆਂ, ਵਿਆਹ ਦੇ ਨਾਂ ਤੇ ਵੇਚੀਆਂ ਜਾ ਰਹੀਆਂ ਹਨ।

ਸਮਾਜ ਦੀ ਸੋਚ ਅਜਿਹੀ ਹੈ ਕਿ ਗ਼ਰੀਬੀ, ਤਣਾਅ, ਜੰਗ ਵਿਚ ਔਰਤ ਇਕ ਵਸਤੂ ਬਣ ਜਾਂਦੀ ਹੈ ਜਿਸ ਦਾ ਵਪਾਰ ਕੀਤਾ ਜਾਂਦਾ ਹੈ। ਰਾਜੇ ਤਾਂ ਹਾਰ ਤੋਂ ਬਾਅਦ ਜੇਤੂ ਨੂੰ ਅਪਣੀ ਬੇਟੀ ਦੇ ਦਿੰਦੇ ਸਨ ਤਾਕਿ ਉਹ ਅਪਣਾ ਤਾਜ ਬਚਾ ਲੈਣ। ਇਸੇ ਤਰ੍ਹਾਂ ਇਕ ਗ਼ਰੀਬ ਪ੍ਰਵਾਰ ਅਪਣੇ ਬਾਕੀ ਜੀਆਂ ਨੂੰ ਪਾਲਣ ਵਾਸਤੇ ਅਪਣੀਆਂ ਧੀਆਂ ਦਾ ਵਪਾਰ ਕਰਨ ਨੂੰ ਦੁਨੀਆਂ ਦਾ ਦਸਤੂਰ ਮਨ ਲੈਂਦਾ ਹੈ। ਇਹੀ ਸਾਡੇ ਦੇਸ਼ ਵਿਚ ਹੁੰਦਾ ਆ ਰਿਹਾ ਹੈ ਤੇ ਕੋਰੋਨਾ ਵਿਚਕਾਰ ਜਦ ਅਤਿ ਦੀ ਗ਼ਰੀਬੀ ਆਈ, ਕੁੜੀਆਂ ਨੂੰ ਘੱਟ ਉਮਰ ਵਿਚ ਹੀ ਵਿਆਹ ਦਿਤਾ ਗਿਆ।

ਇਸ ਰੀਤ ਦਾ ਕਾਨੂੰਨ ਨਾਲ ਘੱਟ ਅਤੇ ਉਸ ਸੋਚ ਨਾਲ ਜ਼ਿਆਦਾ ਸਬੰਧ ਹੈ ਜੋ ਕੁੜੀਆਂ ਨੂੰ ਘਾਟੇ ਵਾਲੇ ਸੌਦੇ ਦੀ ਸਮਗਰੀ ਸਮਝਦੀ ਹੈ। 21 ਸਾਲ ਦੀ ਉਮਰ ਵਿਚ ਵਿਆਹ ਕਰਨ ਵਿਚ ਨੁਕਸਾਨ ਕੋਈ ਨਹੀਂ, ਕੁੱਝ ਫ਼ਾਇਦਾ ਹੀ ਹੋ ਸਕਦਾ ਹੈ ਪਰ ਅਸਲ ਫ਼ਾਇਦੇ ਵਾਸਤੇ ਪਹਿਲਾਂ ਜਿਹੜੇ ਕਾਨੂੰਨ ਬਣਾਏ ਗਏ ਸਨ, ਉਨ੍ਹਾਂ ਦੀ ਪਾਲਣਾ ਸਖ਼ਤੀ ਨਾਲ ਹੋਣੀ ਚਾਹੀਦੀ ਹੈ। 

ਕੁੜੀਆਂ ਦੀ ਜ਼ਿੰਦਗੀ ਦੀ ਕੀਮਤ ਪੈਣੀ ਚਾਹੀਦੀ ਹੈ। ਜੇ ਪਿਤਾ ਦੀ ਜਾਇਦਾਦ ਤੇ ਹੱਕ ਹੈ ਤਾਂ ਜ਼ਰੂਰੀ ਤੌਰ ’ਤੇ ਬਿਨਾਂ ਕਿਸੇ ਔਕੜ ਦੇ ਮਿਲਣਾ ਚਾਹੀਦਾ ਹੈ। ਜੇ ਵਿਆਹ ਵਿਚ ਮੁਸ਼ਕਲਾਂ ਆ ਰਹੀਆਂ ਹਨ ਤਾਂ ਵੈਸਟਰਨ ਸੋਚ ਵਾਂਗ, ਘਰ ਤੇ ਪਹਿਲਾ ਹੱਕ ਔਰਤ ਤੇ ਬੱਚਿਆਂ ਦਾ ਹੋਣਾ ਚਾਹੀਦਾ ਹੈ। ਕੁੜੀਆਂ ਦੀ ਸ਼ਮੂਲੀਅਤ ਸਿਰਫ਼ ਸਿਖਿਆ ਤਕ ਹੀ ਨਹੀਂ ਬਲਕਿ ਹਰ ਤਰ੍ਹਾਂ ਦੀ ਨੌਕਰੀ ਵਿਚ ਹੋਣੀ ਚਾਹੀਦੀ ਹੈ। ਸੋਚ ਬਦਲਣੀ ਪਵੇਗੀ ਪਰ ਉਸ ਵਾਸਤੇ ਇੱਛਾ ਦਿਲ ਵਿਚ ਪੈਦਾ ਹੋਣੀ ਚਾਹੀਦੀ ਹੈ। ਕਾਨੂੰਨ ਬਦਲਣਾ ਪਹਿਲਾ ਕਦਮ ਹੈ ਪਰ ਅਜੇ ਬੜਾ ਲੰਮਾ ਸਫ਼ਰ ਬਾਕੀ ਹੈ ਜਿਸ ਨੂੰ ਨੰਗੇ ਪੈਰੀਂ ਤੈਅ ਕਰਨ ਤੋਂ ਬਾਅਦ ਹੀ ਔਰਤ ਇਕ ਸੰਪੂਰਨ ਇਨਸਾਨ ਵਾਲਾ ਜੀਵਨ ਬਤੀਤ ਕਰ ਸਕੇਗੀ।           
 -ਨਿਮਰਤ ਕੌਰ