ਨਹਿਰੂ ਯੁਗ ਦੀਆਂ ਯਾਦਾਂ ਮਿਟਾਉਣ ਵਾਲਿਆਂ ਲਈ ਪ੍ਰਿਯੰਕਾ ਗਾਂਧੀ ਇਕ ਨਹਿਰੂ-ਚੁਨੌਤੀ ਬਣ ਕੇ ਨਿਤਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਾਂਗਰਸ ਪਾਰਟੀ ਨੂੰ ਗਾਂਧੀ ਪ੍ਰਵਾਰ ਤੋਂ ਵੱਖ ਕਰਨਾ ਨਾਮੁਮਕਿਨ ਜਾਪਦਾ ਹੈ ਅਤੇ ਹੁਣ ਇਸ ਨਵੇਂ 'ਗਾਂਧੀ' ਦੇ ਆਉਣ ਨਾਲ ਪ੍ਰਵਾਰਵਾਦ ਦੇ ਇਲਜ਼ਾਮ ਤਾਂ ਜ਼ਰੂਰ......

Priyanka Gandhi

ਕਾਂਗਰਸ ਪਾਰਟੀ ਨੂੰ ਗਾਂਧੀ ਪ੍ਰਵਾਰ ਤੋਂ ਵੱਖ ਕਰਨਾ ਨਾਮੁਮਕਿਨ ਜਾਪਦਾ ਹੈ ਅਤੇ ਹੁਣ ਇਸ ਨਵੇਂ 'ਗਾਂਧੀ' ਦੇ ਆਉਣ ਨਾਲ ਪ੍ਰਵਾਰਵਾਦ ਦੇ ਇਲਜ਼ਾਮ ਤਾਂ ਜ਼ਰੂਰ ਲੱਗਣਗੇ ਪਰ ਸਾਰੇ ਏਸ਼ੀਆ ਵਿਚ ਹੀ ਆਮ ਤੌਰ ਤੇ ਅਤੇ ਭਾਰਤ ਵਿਚ ਖ਼ਾਸ ਤੌਰ ਤੇ ਪ੍ਰਵਾਰਵਾਦ ਨੂੰ ਲੋਕ ਓਨੀ ਨਫ਼ਰਤ ਨਹੀਂ ਕਰਦੇ ਜਿੰਨੀ ਪੱਛਮ ਵਾਲੇ ਕਰਦੇ ਹਨ। ਪ੍ਰਵਾਰਵਾਦ ਵਿਰੁਧ ਨਾਹਰੇ ਵੀ ਲਗਦੇ ਰਹਿੰਦੇ ਹਨ ਤੇ ਨਾਲੋ ਨਾਲ ਇਸ ਨੂੰ ਪ੍ਰਵਾਨ ਵੀ ਕਰ ਲਿਆ ਜਾਂਦਾ ਹੈ। ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਇਸ ਨਾਲ ਜੋਸ਼ ਬਹੁਤ ਵੱਧ ਜਾਏਗਾ।

ਪ੍ਰਿਯੰਕਾ ਗਾਂਧੀ ਨੇ ਆਖ਼ਰਕਾਰ ਲਾਇਕ ਬੇਟੀ ਅਤੇ ਮਾਂ ਦਾ ਕਿਰਦਾਰ ਤਿਆਗ ਕੇ ਚੋਣਾਂ ਵਿਚ ਲੜਨ ਦੀ ਤਿਆਰੀ ਸ਼ੁਰੂ ਕਰ ਲਈ ਹੈ। ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਪਾਰਟੀ ਦੇ ਵੱਡੇ ਆਗੂ, ਰਾਹੁਲ ਗਾਂਧੀ ਨਾਲੋਂ ਜ਼ਿਆਦਾ ਜ਼ਹੀਨ ਮੰਨਦੇ ਹਨ ਅਤੇ ਚਾਹੁੰਦੇ ਸਨ ਕਿ 2014 ਵਿਚ ਮੋਦੀ ਲਹਿਰ ਨਾਲ ਟੱਕਰ ਲੈਣ ਲਈ ਰਾਹੁਲ ਦੀ ਬਜਾਏ ਪ੍ਰਿਯੰਕਾ ਨੂੰ ਪਾਰਟੀ ਦਾ ਮੁੱਖ ਚਿਹਰਾ ਬਣਾਇਆ ਜਾਵੇ। ਉਸ ਸਮੇਂ ਪ੍ਰਿਯੰਕਾ ਨੇ ਸਿਰਫ਼ ਇਕ ਸਹਾਇਕ ਦਾ ਕਿਰਦਾਰ ਚੁਣਿਆ। ਪਰ ਅੱਜ ਉਨ੍ਹਾਂ ਨੇ ਸਰਗਰਮ ਰਾਜਨੀਤੀ ਵਿਚ ਪੈਰ ਰੱਖ ਕੇ ਤੇ ਇਕ ਵੱਡੇ ਆਗੂ ਦੀ ਕੁਰਸੀ ਤੇ ਬੈਠ ਕੇ, ਇਕ ਨਵੀਂ ਚੁਨੌਤੀ ਨੂੰ ਕਬੂਲ ਕਰਦਿਆਂ ਦਸ ਦਿਤਾ ਹੈ

ਕਿ ਜਿਸ ਨਹਿਰੂ ਯੁਗ ਦੇ ਖ਼ਾਤਮੇ ਦਾ ਐਲਾਨ, ਮੋਦੀ ਜੀ ਤੇ ਪੂਰੀ ਭਾਜਪਾ ਪਾਰਟੀ ਕਰ ਰਹੀ ਸੀ, ਉਸ ਦੇ ਦੋ ਜੀਅ¸ਭੈਣ-ਭਰਾ, ਭਾਜਪਾ ਯੁਗ ਲਈ ਹੀ ਵੱਡੀ ਚੁਨੌਤੀ ਬਣ ਚੁੱਕੇ ਹਨ। ਹਾਲ ਦੀ ਘੜੀ ਪ੍ਰਿਯੰਕਾ ਨੇ ਉੱਤਰ ਪ੍ਰਦੇਸ਼ ਦੀਆਂ ਉਨ੍ਹਾਂ ਸੀਟਾਂ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਲਈ ਹੈ ਜੋ ਕਿ ਦੇਸ਼ ਦੀਆਂ ਸੱਭ ਤੋਂ ਜ਼ਿਆਦਾ ਮੁਕਾਬਲੇ ਵਾਲੀਆਂ ਸੀਟਾਂ ਸਾਬਤ ਹੋਣ ਵਾਲੀਆਂ ਹਨ। ਪ੍ਰਿਯੰਕਾ ਗਾਂਧੀ ਹੁਣ ਭਾਜਪਾ ਦੇ ਦੋ ਵੱਡੇ ਆਗੂਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਆਦਿਤਿਆਨਾਥ ਨੂੰ ਟੱਕਰ ਦੇਣਗੇ।

ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਦੇ ਛੁਪਾ ਕੇ ਰੱਖੇ ਸ਼ਸਤਰ ਵਾਂਗ ਇਸਤੇਮਾਲ ਕਰ ਕੇ, ਮਹਾਂਗਠਜੋੜ ਨੂੰ ਇਕ ਸੁਨੇਹਾ ਵੀ ਦੇ ਦਿਤਾ ਗਿਆ ਹੈ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੇ ਮਹਾਂਗਠਜੋੜ ਵਿਚ ਕਾਂਗਰਸ ਨੂੰ ਚੁਨੌਤੀ ਦਿਤੀ ਸੀ ਅਤੇ ਇਹ ਆਖਿਆ ਜਾ ਰਿਹਾ ਸੀ ਕਿ ਮਾਇਆਵਤੀ ਹੀ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਹਨ। ਕਾਂਗਰਸ ਵਲੋਂ ਪ੍ਰਿਯੰਕਾ ਨੂੰ ਉੱਤਰ ਪ੍ਰਦੇਸ਼ ਦੇ ਚੋਣ ਅਖਾੜੇ ਵਿਚ ਉਤਾਰ ਕੇ ਇਹ ਸੁਨੇਹਾ ਦੇ ਦਿਤਾ ਗਿਆ ਹੈ ਕਿ ਕਾਂਗਰਸ ਭਾਜਪਾ ਦੇ ਨਾਲ ਨਾਲ, ਕਾਂਗਰਸ ਐਸ.ਪੀ.-ਬੀ.ਐਸ.ਪੀ. ਜੋੜੀ ਨਾਲ ਟੱਕਰ ਲੈਣ ਲਈ ਵੀ ਤਿਆਰ ਹੈ।

ਕਾਂਗਰਸ ਪਾਰਟੀ ਨੂੰ ਗਾਂਧੀ ਪ੍ਰਵਾਰ ਤੋਂ ਵੱਖ ਕਰਨਾ ਨਾਮੁਮਕਿਨ ਜਾਪਦਾ ਹੈ ਅਤੇ ਹੁਣ ਇਸ ਨਵੇਂ 'ਗਾਂਧੀ' ਦੇ ਆਉਣ ਨਾਲ ਪ੍ਰਵਾਰਵਾਦ ਦੇ ਇਲਜ਼ਾਮ ਤਾਂ ਜ਼ਰੂਰ ਲੱਗਣਗੇ ਪਰ ਸਾਰੇ ਏਸ਼ੀਆ ਵਿਚ ਹੀ ਆਮ ਤੌਰ ਤੇ ਅਤੇ ਭਾਰਤ ਵਿਚ ਖ਼ਾਸ ਤੌਰ ਤੇ ਪ੍ਰਵਾਰਵਾਦ ਨੂੰ ਲੋਕ ਓਨੀ ਨਫ਼ਰਤ ਨਹੀਂ ਕਰਦੇ ਜਿੰਨੀ ਪੱਛਮ ਵਾਲੇ ਕਰਦੇ ਹਨ। ਪ੍ਰਵਾਰਵਾਦ ਵਿਰੁਧ ਨਾਹਰੇ ਵੀ ਲਗਦੇ ਰਹਿੰਦੇ ਹਨ ਤੇ ਨਾਲੋ ਨਾਲ ਇਸ ਨੂੰ ਪ੍ਰਵਾਨ ਵੀ ਕਰ ਲਿਆ ਜਾਂਦਾ ਹੈ। ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਇਸ ਨਾਲ ਜੋਸ਼ ਬਹੁਤ ਵੱਧ ਜਾਏਗਾ। -ਨਿਮਰਤ ਕੌਰ