Editorial: ਸੱਚ ਪਛਾਨਣ ਤੋਂ ਇਨਕਾਰੀ ਹੈ ਸੁਖਬੀਰ ਧੜਾ...
ਅਕਾਲ ਤਖ਼ਤ ਦੇ ਜਥੇਦਾਰ ਨੇ ਅਕਾਲੀ ਦਲ 'ਚ ਭਰਤੀ ਦੇ ਪ੍ਰਸੰਗ 'ਚ ਚੱਲ ਰਹੇ ਵਿਵਾਦ ਦੇ ਖ਼ਾਤਮੇ ਲਈ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ 28 ਜਨਵਰੀ ਨੂੰ ਕੀਤੀ ਤਲਬ
Sukhbir faction refuses to recognize the truth... Editorial: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਵਿਚ ਭਰਤੀ ਦੇ ਪ੍ਰਸੰਗ ਵਿਚ ਚੱਲ ਰਹੇ ਵਿਵਾਦ ਤੇ ਰੋਲ-ਘਚੋਲੇ ਦੇ ਖ਼ਾਤਮੇ ਲਈ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ 28 ਜਨਵਰੀ ਨੂੰ ਤਲਬ ਕਰ ਲਈ ਹੈ। ਇਹ ਇਕ ਚੰਗਾ ਕਦਮ ਹੈ। ਭਰਤੀ ਮੁਹਿੰਮ ਨੂੰ ਲੈ ਕੇ ਸੁਖਬੀਰ ਬਾਦਲ ਧੜਾ ਜਿਸ ਆਪਹੁਦਰੇ ਢੰਗ ਨਾਲ ਚੱਲ ਰਿਹਾ ਸੀ, ਉਸ ਕਾਰਨ ਜਿੱਥੇ ਅਕਾਲ ਤਖ਼ਤ ਦੇ ਵਕਾਰ ਨੂੰ ਖੋਰਾ ਲੱਗ ਰਿਹਾ ਸੀ, ਉੱਥੇ ਪੰਥਕ ਹਲਕਿਆਂ ਵਿਚ ਵੀ ਕਸ਼ਮਕਸ਼ ਵਾਲੀ ਸਥਿਤੀ ਬਣੀ ਹੋਈ ਸੀ।
ਜ਼ਿਕਰਯੋਗ ਹੈ ਕਿ 2 ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਜਾਰੀ ਆਦੇਸ਼ਾਂ ਵਿਚ ਜਿੱਥੇ ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲ ਦੇ ਤੱਤਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਨੂੰ ਉਨ੍ਹਾਂ ਦੇ ‘ਪੰਥਕ ਗੁਨਾਹਾਂ’ ਲਈ ਸਜ਼ਾ ਵਜੋਂ ਤਨਖ਼ਾਹ ਲਾਈ ਸੀ, ਉੱਥੇ ਸਾਰੇ ਅਕਾਲੀ ਧੜੇ ਭੰਗ ਕਰ ਕੇ ਸਾਂਝੀ ਪਾਰਟੀ ਕਾਇਮ ਕਰਨ ਅਤੇ ਇਸ ਦੀ ਭਰਤੀ ਮੁਹਿੰਮ ਜਥੇਬੰਦ ਕਰਨ ਵਾਸਤੇ 7-ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਵੀ ਕੀਤਾ ਸੀ। ਸੁਖਬੀਰ ਬਾਦਲ ਦੀ ਲੀਡਰਸ਼ਿਪ ਤੋਂ ਆਕੀ ਹੋਏ ਆਗੂਆਂ ਨੇ ਤਾਂ ਅਪਣੇ ਵਲੋਂ ਸਥਾਪਿਤ ਅਕਾਲੀ ਦਲ (ਸੁਧਾਰ ਲਹਿਰ) ਭੰਗ ਕਰ ਦਿੱਤਾ, ਪਰ ਮੁਖ ਪਾਰਟੀ ਪਹਿਲਾਂ ਤਾਂ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਭੱਜਦੀ ਰਹੀ, ਫਿਰ ਜਦੋਂ ਪੰਥ-ਪ੍ਰੇਮੀਆਂ ਦੇ ਦਬਾਅ ਕਾਰਨ ਇਹ ਮਨਜ਼ੂਰ ਕਰਨਾ ਪਿਆ ਤਾਂ ਸੱਤ-ਮੈਂਬਰੀ ਕਮੇਟੀ ਨੂੰ ਪਾਰਟੀ ਦੀ ਵਾਗਡੋਰ ਸੌਂਪਣ ਤੋਂ ਇਨਕਾਰੀ ਹੋ ਗਈ। ਅਕਾਲ ਤਖ਼ਤ ਦੇ ਆਦੇਸ਼ਾਂ ਦੀ ਇਸ ਕਿਸਮ ਦੀ ਅਣਦੇਖੀ ਲਈ ਤਰਕ ਇਹ ਦਿੱਤਾ ਗਿਆ ਕਿ ਪਾਰਟੀ ਦੇ ਸੰਚਾਲਣ ਤੇ ਮੈਂਬਰਸ਼ਿਪ ਦੀ ਭਰਤੀ ਸਬੰਧੀ ਸਿੰਘ ਸਾਹਿਬਾਨ ਦੇ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਪਾਰਟੀ ਵਜੋਂ ਮਾਨਤਾ ਖ਼ਤਮ ਕਰਵਾ ਸਕਦਾ ਹੈ। ਉਸ ਸੂਰਤ ਵਿਚ ਪਾਰਟੀ, ਪੰਜਾਬ ਜਾਂ ਦੇਸ਼ ਵਿਚ ਚੋਣਾਂ ਨਹੀਂ ਲੜ ਸਕੇਗੀ ਅਤੇ ਇਸ ਦਾ ਵਜੂਦ ਹੀ ਖ਼ਤਮ ਹੋ ਜਾਵੇਗਾ।
ਇਸੇ ਪ੍ਰਸੰਗ ਵਿਚ ਪਾਰਟੀ ਦੇ ਇਕ ਵਫ਼ਦ ਨੇ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਇਕ ਮੈਮੋਰੰਡਮ ਸੌਂਪਿਆ ਜਿਸ ਵਿਚ ਪੰਜਾਬ ਦੇ ਇਕ ਸਾਬਕਾ ਐਡਵੋਕੇਟ ਜਨਰਲ ਦੀ ‘ਕਾਨੂੰਨੀ ਰਾਇ’ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਪਾਰਟੀ ਨੇ ਅਪਣੀ ਤਰਫ਼ੋਂ ਸੱਤ-ਮੈਂਬਰੀ ਕਮੇਟੀ ਸਥਾਪਿਤ ਕੀਤੀ ਜਿਸ ਵਿਚ ਪੰਜ ਮੈਂਬਰ ਤਾਂ ਅਕਾਲ ਤਖ਼ਤ ਵਲੋਂ ਨਾਮਜ਼ਦ ਕਮੇਟੀ ਵਾਲੇ ਸ਼ਾਮਿਲ ਕੀਤੇ ਗਏ ਜਦਕਿ ਦੋ ਹੋਰਨਾਂ - ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸਤਵੰਤ ਕੌਰ ਨੂੰ ਇਸ ਕਮੇਟੀ ਵਿਚ ਥਾਂ ਨਹੀਂ ਦਿੱਤੀ ਗਈ।
ਇਹ ਵੱਖਰੀ ਗੱਲ ਹੈ ਕਿ ਬਾਦਲ ਧੜੇ ਵਲੋਂ ਹੀ ਨਾਮਜ਼ਦ ਕਮੇਟੀ ਦੇ ਤਿੰਨ ਮੈਂਬਰਾਂ - ਇਕਬਾਲ ਸਿੰਘ ਝੂੰਦਾਂ, ਮਨਪ੍ਰੀਤ ਸਿੰਘ ਅਯਾਲੀ ਤੇ ਸੰਤਾ ਸਿੰਘ ਉਮੈਦਪੁਰੀ ਨੇ ਇਸ ਕਮੇਟੀ ਨਾਲ ਜੁੜਨ ਤੋਂ ਇਸ ਆਧਾਰ ’ਤੇ ਇਨਕਾਰ ਕਰ ਦਿੱਤਾ ਕਿ ਉਹ ਅਕਾਲ ਤਖ਼ਤ ਦੀ ਹੁਕਮ-ਅਦੂਲੀ ਨਹੀਂ ਕਰ ਸਕਦੇ। ਅਜਿਹਾ ਇਖ਼ਲਾਕੀ ਸਟੈਂਡ ਸੁਖਬੀਰ ਧੜੇ ਲਈ ਚਿਤਾਵਨੀ ਸੀ ਕਿ ਉਹ ਮਨਮਰਜ਼ੀਆਂ ਜਾਂ ਮਨਮੱਤੀਆਂ ਕਰਨ ਦੀ ਥਾਂ ਅਕਾਲ ਤਖ਼ਤ ਦੇ ਆਦੇਸ਼ਾਂ ’ਤੇ ਫੁੱਲ ਚੜ੍ਹਾਏ। ਪਰ ਇਸ ਧੜੇ ਨੇ ਪੇਤਲੀ ਰਾਜਨੀਤੀ ਜਾਰੀ ਰੱਖੀ ਅਤੇ ਨੁਕਤਾਚੀਨਾਂ ਦੇ ਮੂੰਹ ਬੰਦ ਕਰਨ ਲਈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫ਼ਰੀਦਕੋਟ ਜ਼ਿਲ੍ਹੇ ਵਿਚ ਭਰਤੀ ਮੁਹਿੰਮ ਦਾ ਨਿਗ਼ਰਾਨ ਥਾਪਣ ਦਾ ਐਲਾਨ ਕਰ ਦਿੱਤਾ। ਵਡਾਲਾ ਨੂੰ ‘ਸੁਧਾਰ ਲਹਿਰ’ ਦੇ ਹੋਰਨਾਂ ਆਗੂਆਂ ਦੇ ਨਾਲ ਕਈ ਮਹੀਨੇ ਪਹਿਲਾਂ ਅਕਾਲੀ ਦਲ ਤੋਂ ਬਰਤਰਫ਼ ਕੀਤਾ ਜਾ ਚੁੱਕਾ ਸੀ। ਲਿਹਾਜ਼ਾ, ਸੁਖਬੀਰ ਧੜੇ ਦਾ ਨਵਾਂ ਪੈਂਤੜਾ ਜਿੱਥੇ ਹਾਸੋਹੀਣਾ ਸੀ, ਉੱਥੇ ਗ਼ੈਰਇਖ਼ਲਾਕੀ ਤੇ ਗ਼ੈਰਕਾਨੂੰਨੀ ਵੀ। ਵਡਾਲਾ ਨੇ ਤਾਂ ਇਸ ਨੂੰ ਰੱਦ ਕਰਨਾ ਹੀ ਸੀ।
ਅਜਿਹੀ ਹੀ ਪੈਂਤੜੇਬਾਜ਼ੀ ਅਕਾਲ ਤਖ਼ਤ ਵਾਲੀ ਕਮੇਟੀ ਦੀ ਇਕ ਹੋਰ ਮੈਂਬਰ ਬੀਬੀ ਸਤਵੰਤ ਕੌਰ ਬਾਰੇ ਅਪਣਾਈ ਗਈ। ਉਹ ਦਮਦਮੀ ਟਕਸਾਲ ਦੇ 13ਵੇਂ ਮੁਖੀ, ਸਵਰਗੀ ਗਿਆਨੀ ਕਰਤਾਰ ਸਿੰਘ ਭਿੰਡਰਾਂ ਦੀ ਪੋਤੀ ਤੇ ਸਾਕਾ ਨੀਲਾ ਤਾਰਾ ਦੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹਨ ਅਤੇ ਇਸ ਵੇਲੇ ਸ਼੍ਰੋਮਣੀ ਕਮੇਟੀ ਵਿਚ ਸਹਾਇਕ ਡਾਇਰੈਕਟਰ (ਸਕੂਲਜ਼) ਦੇ ਅਹੁਦੇ ਉੱਤੇ ਨਿਯੁਕਤ ਹਨ। ਇਸ ਪੈਂਤੜੇਬਾਜ਼ੀ ਨੇ ਵੀ ਸੁਖਬੀਰ ਧੜੇ ਦੀ ਕੱਚਘਰੜ ਸਿਆਸਤ ਬੇਪਰਦ ਕੀਤੀ।
ਅਕਾਲ ਤਖ਼ਤ ਪ੍ਰਤੀ ‘ਪੂਰੀ ਤਰ੍ਹਾਂ ਸਮਰਪਿਤ’ ਹੋਣ ਅਤੇ ਸਿੰਘ ਸਾਹਿਬਾਨ ਦੇ ਫ਼ੈਸਲੇ ਸਿਰ-ਮੱਥੇ ਕਬੂਲਣ ਦੇ ਦਾਅਵੇ ਕਰਨ ਵਾਲੀ ਰਾਜਸੀ ਧਿਰ ਪਿਛਲੇ ਡੇਢ ਮਹੀਨਿਆਂ ਤੋਂ ਜਿਹੜੀਆਂ ਚਾਲਾਕੀਆਂ ਖੇਡਦੀ ਆ ਰਹੀ ਹੈ, ਉਹ ਇਸ ਦੀ ਸਾਖ਼-ਸਲਾਮਤੀ ਵਿਚ ਸਾਜ਼ਗਾਰ ਹੋਣ ਦੀ ਥਾਂ ਇਸ ਦੇ ਅਕਸ ਨੂੰ ਲਗਾਤਾਰ ਖੋਰਾ ਲਾ ਰਹੀਆਂ ਹਨ।
ਜਦੋਂ ਇਕ ਵਾਰ ਅਕਾਲ ਤਖ਼ਤ ਨੂੰ ਸਮਰਪਿਤ ਹੋ ਗਏ ਤਾਂ ਸਿਆਸੀ ਮਾਨਤਾ ਖ਼ਤਮ ਹੋਣ ਦਾ ਭੈਅ ਕਿਉਂ? ਅਕਾਲ ਤਖ਼ਤ ਦੀ ਹੁਕਮ-ਅਦੂਲੀ ਕਾਰਨ ਜਿਹੜੀ ਰਾਜਸੀ, ਧਾਰਮਿਕ ਤੇ ਇਖ਼ਲਾਕੀ ਸਾਖ ਖੁਰਦੀ ਜਾ ਰਹੀ ਹੈ, ਕੀ ਇਸ ਅਕਾਲੀ ਧਿਰ ਨੇ ਉਸ ਬਾਰੇ ਕੁੱਝ ਸੋਚਿਆ ਹੈ? ਬਹਰਹਾਲ, ਇਸ ਵੇਲੇ ਇਸ ਧਿਰ ਦੀ ਜੋ ਸਥਿਤੀ ਹੈ, ਉਹ ‘ਵਿਨਾਸ਼ ਕਾਲੇ ਵਿਪਰੀਤ ਬੁੱਧੀ’ ਵਾਲੇ ਪੌਰਾਣਿਕ ਕਥਨ ਅੰਦਰਲੇ ਸੱਚ ਵਲ ਸੈਨਤ ਕਰਦੀ ਹੈ। ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ ਇਸ ‘ਵਿਪਰੀਤ ਬੁੱਧੀ’ ਨੂੰ ਕਿਹੜੀ ਦਿਸ਼ਾ ਦਿਖਾਉਂਦੀ ਹੈ, ਇਸ ਦਾ ਪਤਾ 28 ਜਨਵਰੀ ਨੂੰ ਲੱਗੇਗਾ।