ਸੰਪਾਦਕੀ: ਕਿਸਾਨ ਅੰਦੋਲਨ ਵਿਚ ‘ਕਿਸਾਨਾਂ ਦੇ ਹਿਤ ਬਚਾਉਣ’ ਦੇ ਨਿਸ਼ਾਨੇ ਤੋਂ ਨਾ ਹਿਲਣਾ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਿੱਖ ਨਜ਼ਰੀਆ ਪੇਸ਼ ਕਰਨ ਲਈ ਪਹਿਲਾਂ ਸੱਚ ਨੂੰ ਭਾਵਨਾਵਾਂ ਤੋਂ ਉਪਰ ਉਠ ਕੇ ਪਰਖੋ ਤੇ ਫਿਰ ਜੋ ਅੱਖਾਂ ਵੇਖ ਰਹੀਆਂ ਹਨ, ਉਸ ਨੂੰ ਲਿਖਣਾ ਕਰਨਾ ਸ਼ੁਰੂ ਕਰੋ।

Farmers Protest

ਸਿਰਦਾਰ ਕਪੂਰ ਸਿੰਘ ਨੇ ਲਿਖਿਆ ਸੀ ਕਿ ਹਰ ਸਿੱਖ ਨੂੰ ਅਜੋਕੇ ਸਮੇਂ ’ਤੇ ਇਕ ਕਿਤਾਬ ਲਿਖਣੀ ਚਾਹੀਦੀ ਹੈ ਜਿਸ ਵਿਚ ਅੱਜ ਦੇ ਹਾਲਾਤ ਨੂੰ ਸਿੱਖ ਨਜ਼ਰੀਏ ਤੋਂ ਪੇਸ਼ ਕੀਤਾ ਜਾਵੇ। ਉਨ੍ਹਾਂ ਅਪਣੀ ਸੋਚ ਨੂੰ ਸਮਝਾਉਂਦਿਆਂ ਇਹ ਵੀ ਆਖਿਆ ਸੀ ਕਿ ਕੀ ਤੁਸੀ ਨਹੀਂ ਚਾਹੁੰਦੇ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਸੇ ਹੋਰ ਦੇ ਨਜ਼ਰੀਏ ਤੋਂ ਅੱਜ ਵਾਪਰ ਰਹੀਆਂ ਘਟਨਾਵਾਂ ਨੂੰ ਸਮਝਣ ਲਈ ਮਜ਼ਬੂਰ ਹੋਣ?

ਉਨ੍ਹਾਂ ਨੇ ਇਹ ਸ਼ਬਦ ਭਾਵੇਂ ਭਾਰਤ-ਪਾਕਿਸਤਾਨ ਦੀ ਵੰਡ, ਪੰਜਾਬ ਦੀ ਵੰਡ ਅਤੇ ਉਸ ਤੋਂ ਬਾਅਦ ਦੇ ਕਾਲੇ ਦੌਰ ਬਾਰੇ ਆਖੇ ਹੋਣ, ਪਰ ਉਹ ਅੱਜ ਦੇ ਸਮੇਂ ਤੇ ਵੀ ਪੂਰੀ ਤਰ੍ਹਾਂ ਢੁਕਦੇ ਹਨ। ਪਰ ਅਫ਼ਸੋਸ ਉਨ੍ਹਾਂ ਦੀਆਂ ਗੱਲਾਂ ਨੂੰ ਅੱਜ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਵੇਂ ਪਹਿਲਾਂ ਵੀ ਕੀਤਾ ਗਿਆ ਸੀ। ਅੱਜ ਵੀ ਸਾਡੇ ਕੋਲ ਪੰਜਾਬ ਵਿਚ ਵਾਪਰੇ ਸਾਕਾ ਨੀਲਾ ਤਾਰਾ ਅਤੇ ਉਸ ਤਕ ਪਹੁੰਚਣ ਦੇ ਹਾਲਾਤ ਬਾਰੇ ਇਕ ਸਪੱਸ਼ਟ ਸਿੱਖ ਨਜ਼ਰੀਆ ਨਹੀਂ ਹੈ।

ਕਿੰਨੇ ਦਹਾਕਿਆਂ ਬਾਅਦ ਇਸ ਨੂੰ ਸਿੱਖ ਨਸਲਕੁਸ਼ੀ ਵਜੋਂ ਸਮਝਿਆ ਤੇ ਸਮਝਾਇਆ ਜਾ ਸਕਿਆ ਹੈ ਭਾਵੇਂ ਅੱਜ ਵੀ ਕਈ ਵਾਰ ਕੁੱਝ ਸਿੱਖ ਆਪ ਹੀ ਉਸ ਸਮੇਂ ਦੇ ਕ੍ਰਾਂਤੀਕਾਰੀਆਂ ਨੂੰ ਅਤਿਵਾਦੀ ਆਖ ਦਿੰਦੇ ਹਨ। ਫਿਰ ਜਦ ਸਿੱਖ ਨਜ਼ਰੀਆ ਹੀ ਸਾਫ਼ ਤੇ ਸਪੱਸ਼ਟ ਨਹੀਂ ਤਾਂ ਬਾਹਰ ਦੇ ਲੋਕ ਤਾਂ ਸਿੱਖਾਂ ਨੂੰ ਅਤਿਵਾਦੀ ਆਖਣਗੇ ਹੀ। ਜੇ ਸਿੱਖ ਨਜ਼ਰੀਆ ਸਾਫ਼ ਤੇ ਸਪੱਸ਼ਟ ਹੁੰਦਾ ਤਾਂ ਕੀ ਅੱਜ ਪੰਜਾਬ ਦਾ ਬੱਚਾ ਬੱਚਾ ਉਸ ਸਮੇਂ ਦੇ ਵਰਤਾਰੇ ਤੋਂ ਵਾਕਫ਼ ਨਾ ਹੁੰਦਾ? ਜੇਕਰ ਸਪੱਸ਼ਟ ਸੋਚ ਹੁੰਦੀ ਤਾਂ ਸਿਆਸਤਦਾਨ ਸਿੱਖਾਂ ਦੀ ਨਸਲਕੁਸ਼ੀ ਦੇ ਜ਼ਖ਼ਮਾਂ ਨੂੰ ਹੋਰ ਡੂੰਘੇ ਕਰ ਕੇ ਤੇ ਅਪਣੇ ਸਵਾਰਥੀ ਹਿਤਾਂ ਲਈ ਵਰਤ ਕੇ ਅਪਣੇ ਵੱਡੇ ਮਹਿਲ ਨਾ ਉਸਾਰ ਸਕਦੇ।

ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਘਰਾਂ ਵਿਚੋਂ ਕੱਢ ਕੱਢ ਕੇ ਮਾਰਿਆ ਗਿਆ, ਜਿਸ ਦਾ ਸੱਚ ਅੱਜ ਵੀ ਨਿਆਂ ਦੀ ਉਡੀਕ ਕਰ ਰਿਹਾ ਹੈ। ਉਹੀ ਪੁਲਿਸ ਅਫ਼ਸਰ ਜੋ ਸਿੱਖ ਨੌਜਵਾਨਾਂ ਨੂੰ ਘਰੋਂ ਕੱਢ ਕੱਢ ਕੇ ਮਾਰਦਾ ਸੀ, ਉਸ ਨੂੰ ਹੀ ਪੰਜਾਬ ਦਾ ਡੀਜੀਪੀ ਬਣਾਇਆ ਗਿਆ, ਜਿਸ ਦਾ ਕਾਰਨ ਇਹੀ ਸੀ ਕਿ ਸਿੱਖਾਂ ਕੋਲ ਅਪਣਾ ਸਿੱਖ ਨਜ਼ਰੀਆ ਨਹੀਂ ਸੀ ਜੋ ਉਨ੍ਹਾਂ ਦੇ ਦਰਦ ਨੂੰ ਦੁਨੀਆਂ ਸਾਹਮਣੇ ਸਹੀ ਤਰੀਕੇ ਨਾਲ ਪੇਸ਼ ਕਰਦਾ ਤੇ ਦਸਦਾ ਕਿ ਉਨ੍ਹਾਂ ’ਤੇ ਕੀ-ਕੀ ਕਹਿਰ ਢਾਹਿਆ ਗਿਆ ਅਤੇ ਕਿਸ ਤਰ੍ਹਾਂ ਢਾਹਿਆ ਗਿਆ।

ਉਸ ਸਮੇਂ ਦੀ ਕਮਜ਼ੋਰੀ ਅੱਜ ਦੇ ਕਿਸਾਨੀ ਅੰਦੋਲਨ ਵਿਚ ਵੀ ਨਜ਼ਰ ਆਉਣ ਲਗ ਪਈ ਹੈ ਉਨ੍ਹਾਂ ਅੰਦਰ ਦਰਾੜਾਂ ਪਾ ਰਹੀ ਹੈ। ਸਮਝ ਲੈਣਾ ਚਾਹੀਦਾ ਹੈ ਕਿ ਅੱਜ ਦਾ ਅੰਦੋਲਨ, ਕਿਸਾਨ ਅੰਦੋਲਨ ਹੈ ਪਰ ਇਸ ਦਾ ਜਨਮ ਪੰਜਾਬ ਵਿਚ ਜਨਮੀ ਤੇ ਪਲੀ ਸਿੱਖ ਵਿਚਾਰਧਾਰਾ ਦੇ ਪ੍ਰਭਾਵ ਹੇਠ ਹੋਇਆ ਹੈ। ਸੋ ਜੇ ਅੱਜ ਸਿੱਖ ਇਸ ਨੂੰ ਅਪਣਾ ਅੰਦੋਲਨ ਮੰਨਦੇ ਹਨ ਤਾਂ ਇਸ ਵਿਚ ਕੋਈ ਗਲਤ ਗੱਲ ਵੀ ਨਹੀਂ ਪਰ ਉਨ੍ਹਾਂ ਨੂੰ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਇਸ ਅੰਦੋਲਨ ਨੂੰ ਉਨ੍ਹਾਂ ਅਪਣੇ ਸੂਬੇ ਜਾਂ ਅਪਣੇ ਪੁਰਾਣੇ ਜ਼ਖ਼ਮਾਂ ਨੂੰ ਮਲ੍ਹਮ ਲਗਾਉਣ ਲਈ ਸ਼ੁਰੂ ਨਹੀਂ ਕੀਤਾ।

ਇਸ ਦਾ ਅਸਲ ਮਕਸਦ ਕਿਸਾਨੀ ਨੂੰ ਬਚਾਉਣਾ ਹੈ ਜੋ ਸਿਰਫ਼ ਪੰਜਾਬ ਤਕ ਹੀ ਸੀਮਤ ਨਹੀਂ ਹੈ। ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਕੁੱਝ ਕਾਮਰੇਡ ਯੂਨੀਅਨਾਂ ਵਾਲਿਆਂ ਨੇ ਕਿਸਾਨ ਅੰਦੋਲਨ ਨੂੰ ਅਪਣੀ ਸਿਆਸੀ ਵਿਚਾਰਧਾਰਾ ਦੇ ਪ੍ਰਚਾਰ ਲਈ ਵਰਤਣ ਦੀ ਪਹਿਲ ਕਰ ਕੇ, ਸਿੱਖ ਨੌਜੁਆਨਾਂ ਨੂੰ ਭੜਕਾ ਦਿਤਾ ਤੇ ਉਹ ਜਵਾਬੀ ਤੌਰ ਤੇ ਉਠ ਖੜੇ ਹੋਏ। ਬੀਜੇਪੀ ਸਰਕਾਰ ਕਾਮਰੇਡਾਂ ਦਾ ਨਾਚ ਵੇਖ ਕੇ ਤਾਂ ਚੁਪ ਰਹੀ ਪਰ 26 ਜਨਵਰੀ ਨੂੰ ਸਿੱਖ ਨੌਜੁਆਨਾਂ ਦੀ ਇਕ ਮਾੜੀ ਜਹੀ ‘ਹਿੰਸਕ ਕਾਰਵਾਈ’ ਨੂੰ ਬਹਾਨਾ ਬਣਾ ਕੇ ਟੁਟ ਕੇ ਪੈ ਗਈ।

26 ਜਨਵਰੀ ਨੂੰ ਜੋ ਕੁੱਝ ਗਰਮਾ ਗਰਮੀ ਦੌਰਾਨ ਵਾਪਰਿਆ, ਉਸ ਬਾਰੇ ਪਹਿਲਾਂ ਹੀ ਚੇਤਾਵਨੀਆਂ ਦਿਤੀਆਂ ਗਈਆਂ ਸਨ, ਨੌਜਵਾਨਾਂ ਨੂੰ ਜ਼ਬਤ ਵਿਚ ਰਹਿਣ ਤੇ ਸਿਆਸੀ ਵਖਰੇਵਿਆਂ ਨੂੰ ਨੇੜੇ ਨਾ ਆਉਣ ਦੇਣ ਲਈ ਆਖਿਆ ਗਿਆ ਸੀ। ਕਿਉਂਕਿ ’84 ਵਿਚ ਨੌਜਵਾਨਾਂ ਨੂੰ ਅਤਿਵਾਦੀ ਆਖ ਕੇ ਉਨ੍ਹਾਂ ਦਾ ਘਾਣ ਕੀਤਾ ਗਿਆ ਸੀ, ਇਸ ਲਈ ਸਿਆਣੇ ਲੋਕ ਨਹੀਂ ਸਨ ਚਾਹੁੰਦੇ ਕਿ ਫਿਰ ਤੋਂ ਦੇਸ਼ ਦਾ ਇਕ ਵੀ ਨੌਜਵਾਨ ਕੁਰਬਾਨ ਹੋਵੇ। ਪਰ ਫਿਰ ਤੋਂ ਉਹੀ ਕੁੱਝ ਹੋਇਆ।

ਅੱਜ ਕੇਂਦਰ ਸਰਕਾਰ ਵਲੋਂ ਚੁਣ-ਚੁਣ ਕੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਹ ਭਾਵੇਂ ਨੌਦੀਪ ਕੌਰ ਹੋਵੇ, ਦੀਪ ਸਿੱਧੂ ਹੋਵੇ ਜਾਂ ਲੱਖਾ ਸਿਧਾਣਾ ਹੋਵੇ, ਸਿਆਣਿਆਂ ਨੂੰ ਸਾਰਿਆਂ ਦੀਆਂ ਸ਼ਕਲਾਂ ਵਿਚ ’84 ਦੇ ਨੌਜਵਾਨਾਂ ਦੀਆਂ ਸ਼ਕਲਾਂ ਹੀ ਝਲਕਦੀਆਂ ਹਨ। ਜਿਹੜੇ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲਹਿਰਾਉਣ ਗਏ ਸੀ, ਉਸ ਦਾ ਨਤੀਜਾ ਕੀ ਨਿਕਲਿਆ? ਕੀ ਜਿੱਤ ਮਿਲੀ?

ਅੱਜ ਨਿਸ਼ਾਨ ਸਾਹਿਬ ਸਬੂਤ ਵਜੋਂ ਲਿਫ਼ਾਫ਼ੇ ਵਿਚ ਬੰਦ ਕਰ ਕੇ ਤੀਸ ਹਜ਼ਾਰੀ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ ਤੇ ਉਸ ਨੂੰ ਸਿੱਖ ਦੀ ਖ਼ਾਲਸ ਸੋਚ ਨਾਲ ਨਹੀਂ ਬਲਕਿ ਮੁੱਠੀ ਭਰ ਵਿਦੇਸ਼ਾਂ ਵਿਚ ਬੈਠੇ ਖ਼ਾਲਿਸਤਾਨੀਆਂ ਦੀ ਸੋਚ ਨਾਲ ਮਿਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕੋਈ ਨਹੀਂ ਚਾਹੁੰਦਾ ਕਿ ਲੱਖਾ ਸਿਧਾਣਾ ਜਾਂ ਕੋਈ ਵੀ ਹੋਰ ਕਿਸਾਨਾਂ ਨਾਲ ਖੜਾ ਸਿੱਖ ਨੌਜਵਾਨ ਜੇਲ੍ਹ ਵਿਚ ਜਾਵੇ ਪਰ ਸਿਆਸੀ ਚਾਲਾਂ ਨੂੰ ਸਮਝਣ ਲਈ ਸਿੱਖਾਂ ਨੂੰ ਆਪਸੀ ਲੜਾਈ ਬੰਦ ਕਰ ਕੇ ਅਪਣੇ ਨਜ਼ਰੀਏ ਦੀ ਸਪੱਸ਼ਟਤਾ ਜ਼ਰੂਰ ਬਣਾਉਣੀ ਪਵੇਗੀ।

ਮਹਿਰਾਜ ਪਿੰਡ ਵਿਚ ਅੱਜ ਦੀ ਰੈਲੀ ਨੂੰ ਕਿਸਾਨ ਜਥੇਬੰਦੀਆਂ ਵਲੋਂ ਅਪਣੇ ਤੋਂ ਅਲੱਗ ਦਸਣਾ ਉਸੇ ਤਰ੍ਹਾਂ ਦੀ ਕਮਜ਼ੋਰੀ ਹੈ ਜਿਸ ਤਰ੍ਹਾਂ ਦੀ ਕਮਜ਼ੋਰੀ ਨੌਜਵਾਨਾਂ ਨੇ ਕਿਸਾਨ ਜਥੇਬੰਦੀਆਂ ਤੋਂ ਅਲੱਗ ਰੈਲੀ ਕਰ ਕੇ ਅਪਣੀ ਤਾਕਤ ਦਾ ਪ੍ਰਦਰਸ਼ਨ ਕਰ ਵਿਖਾਇਆ ਹੈ। ਅੱਜ ਅਸੀ ਅਪਣੇ ਆਪ ਵਿਚ ਹੀ ਵੰਡੇ ਜਾ ਰਹੇ ਹਾਂ ਜਦਕਿ ਸਾਡਾ ਟੀਚਾ ਇਕ ਹੀ ਹੈ ਤੇ ਉਹ ਹੈ ਪੰਜਾਬ ਦਾ ਵਿਕਾਸ ਤੇ ਭਲਾ ਜਿਸ ਵਿਚ ਪਹਿਲਾ ਨੰਬਰ ਕਿਸਾਨ ਦਾ ਹੀ ਆਉਂਦਾ ਹੈ।

ਸਿੱਖ ਨਜ਼ਰੀਆ ਪੇਸ਼ ਕਰਨ ਲਈ ਪਹਿਲਾਂ ਸੱਚ ਨੂੰ ਭਾਵਨਾਵਾਂ ਤੋਂ ਉਪਰ ਉਠ ਕੇ ਪਰਖੋ ਤੇ ਫਿਰ ਜੋ ਅੱਖਾਂ ਵੇਖ ਰਹੀਆਂ ਹਨ, ਉਸ ਨੂੰ ਲਿਖਣਾ ਕਰਨਾ ਸ਼ੁਰੂ ਕਰੋ। ਜੇ ਅੱਜ ਵੀ ਅਸੀ ਸਿੱਖ ਨਜ਼ਰੀਆ ਸਪੱਸ਼ਟ ਨਾ ਕਰ ਸਕੇ ਤਾਂ ਇਸ ਵਾਰ ਦੀ ਹਾਰ ਹੋਰ ਵੀ ਮਾਰੂ ਸਾਬਤ ਹੋਵੇਗੀ।
- ਨਿਮਰਤ ਕੌਰ