ਪੰਜਾਬ ਦੀ ਸਿਆਸੀ ਫ਼ਿਜ਼ਾ ਵਿਚ ਗੱਲ-ਘੋਟੂ ਗਰਮੀ ਆਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਦੀ ਫ਼ਿਜ਼ਾ ਨੂੰ ਹੋਰ ਗਰਮ ਕਰਨ ਲਈ ਅੰਮ੍ਰਿਤਪਾਲ ਸਿੰਘ ਨੇ ਅਪਣੀ ਤਾਕਤ ਵੀ ਝੋਕ ਦਿਤੀ ਹੈ।

photo

 

ਪੰਜਾਬ ਵਿਚ ਮੌਸਮੀ ਸਰਦੀ ਹੀ ਖ਼ਤਮ ਨਹੀਂ ਹੋ ਰਹੀ ਸਗੋਂ ਇਸ ਦੀ ਫ਼ਿਜ਼ਾ ਵਿਚ ਸਿਆਸੀ ਗਰਮੀ ਵੀ ਇਕਦੰਮ ਏਨੀ ਵੱਧ ਗਈ ਹੈ ਕਿ ਸਿਆਸੀ ਸਿਆਣਿਆਂ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਇਸ ਅਚਾਨਕ ਆਈ ਗਰਮੀ ਦਾ ਅੰਤ ਨਤੀਜਾ ਕੀ ਨਿਕਲੇਗਾ? ‘ਆਪ’ ਸਰਕਾਰ ਦੇ ਵਿਰੋਧੀ ਤਾਂ ਖੁਲ੍ਹ ਕੇ ਕਹਿ ਰਹੇ ਹਨ ਕਿ ਉਹ ਹੁਣ ਪੰਜਾਬ ਵਿਚ ਗਵਰਨਰੀ ਰਾਜ ਲਗਵਾ ਕੇ ਰਹਿਣਗੇ ਜਦਕਿ ‘ਆਪ’ ਸਰਕਾਰ ਦੇ ਹਮਾਇਤੀ ਸਪੱਸ਼ਟ ਹਨ ਕਿ ਮਾਮਲਾ ਹਾਈ ਕੋਰਟ ਤੇ ਸੁਪ੍ਰੀਮ ਕੋਰਟ ਵਿਚ ਜਾ ਕੇ ਹੀ ਸੁਲਝੇਗਾ। ਉਨ੍ਹਾਂ ਦਾ ਕਹਿਣਾ ਇਹ ਹੈ ਕਿ ਕੇਂਦਰ ਵਲੋਂ ਗਵਰਨਰ ਨੂੰ ਉਸ ਤਰ੍ਹਾਂ ਹੀ ਮਾਨ ਸਰਕਾਰ ਵਿਰੁਧ ਵਰਤਿਆ ਜਾ ਰਿਹਾ ਹੈ ਜਿਸ ਤਰ੍ਹਾਂ ਲੈਫ਼ਟੀਨੈਂਟ ਗਵਰਨਰ ਨੂੰ ਦਿੱਲੀ ਵਿਚ ‘ਆਪ’ ਸਰਕਾਰ ਵਿਰੁਧ ਵਰਤਿਆ ਜਾ ਰਿਹਾ ਸੀ ਤੇ ਦੂਜੇ ਗ਼ੈਰ-ਭਾਜਪਾਈ ਰਾਜਾਂ ਵਿਰੁਧ ਉਥੋਂ ਦੇ ਗਵਰਨਰਾਂ ਨੂੰ ਵਰਤਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਹਾਲੇ ਤਕ ਇਸ ਮਾਮਲੇ ਤੇ ਚੁੱਪੀ ਹੀ ਧਾਰੀ ਹੋਈ ਹੈ ਭਾਵੇਂ ਸੁਪ੍ਰੀਮ ਕੋਰਟ ਨੇ ਜ਼ਰੂਰ ਇਕ ਦੋ ਮਾਮਲਿਆਂ ਵਿਚ ਗਵਰਨਰਾਂ ਨੂੰ ਅਪਣੀਆਂ ਸਰਕਾਰਾਂ ਦਾ ਰਾਹ ਰੋਕਣ ਤੋਂ ਟੋਕਿਆ ਹੈ।

ਪੰਜਾਬ ਦੀ ਗਰਮ ਹਵਾ ਵਿਚ, ਗਵਰਨਰ ਨੇ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਉਣ ਤੋਂ ਹਾਲ ਦੀ ਘੜੀ, ਨਾਂਹ ਕਹਿ ਕੇ, ਫ਼ਿਜ਼ਾ ਵਿਚ ਤਪਸ਼ ਹੋਰ ਜ਼ਿਆਦਾ ਵਧਾ ਦਿਤੀ ਹੈ। ਸੈਸ਼ਨ ਦਾ ਬੁਲਾਇਆ ਜਾਣਾ, ਪੰਜਾਬ ਦੀ ਆਰਥਕਤਾ ਦੇ ਅਥਰੇ ਘੋੜੇ ਨੂੰ ਕਾਬੂ ਹੇਠ ਰੱਖਣ ਲਈ ਬਹੁਤ ਜ਼ਰੂਰੀ ਹੈ। ਜੇ ਸੈਸ਼ਨ ਠੀਕ ਸਮੇਂ ਤੇ ਨਾ ਬੁਲਾਇਆ ਗਿਆ ਤਾਂ ਆਰਥਕ ਐਮਰਜੈਂਸੀ ਵਰਗੇ ਹਾਲਾਤ ਵੀ ਬਣ ਸਕਦੇ ਹਨ। ਖ਼ਬਰਾਂ ਹਨ ਕਿ ਅਦਾਲਤ ਵਿਚ ਜਾ ਕੇ ਦਸਿਆ ਜਾਏਗਾ ਕਿ ਗਵਰਨਰ ਲਈ ਬਰਤਾਨਵੀ ਬਾਦਸ਼ਾਹ ਨੂੰ ‘ਸਤਿਕਾਰ ਵਜੋਂ’ ਦਿਤੀਆਂ ਕੁੱਝ ਰਸਮੀ ਤਾਕਤਾਂ ਜ਼ਰੂਰ ਰਾਖਵੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਇਕ ਇਹ ਹੈ ਕਿ ਸੈਸ਼ਨ ਗਵਰਨਰ ਸਦਦਾ ਹੈ ਪਰ ਉਹ ਅਪਣੇ ਬੁਲਾਏ ਸੈਸ਼ਨ ਵਿਚ ਅਪਣੇ ‘ਮਨ ਕੀ ਬਾਤ’ ਨਹੀਂ ਕਰ ਸਕਦਾ ਸਗੋਂ ਉਸ ਨੂੰ ਉਹੀ ਕੁੱਝ ਬੋਲਣਾ ਪੈਂਦਾ ਹੈ ਜੋ ਰਾਜ ਸਰਕਾਰ ਵਲੋਂ ਉਸ ਨੂੰ ਲਿਖ ਕੇ ਦਿਤਾ ਗਿਆ ਹੁੰਦਾ ਹੈ।

ਮਤਲਬ ਸਾਫ਼ ਹੈ ਗਵਰਨਰ ਨੂੰ ਕੇਵਲ ਇਕ ਰਸਮੀ ਜਹੀ ਤਾਕਤ ਹੀ ਦਿਤੀ ਗਈ ਹੈ ਕਿ ਸੈਸ਼ਨ ਉਸ ਵਲੋਂ ਰਸਮੀ ਤੌਰ ਤੇ ਬੁਲਾਇਆ ਜਾਂਦਾ ਹੈ ਪਰ ਡੈਮੋਕਰੇਸੀ ਜਾਂ ਲੋਕ-ਰਾਜ ਦਾ ਸੱਚ ਇਹੀ ਹੈ ਕਿ ਅਪਣੇ ਵਲੋਂ ਸੱਦੇ ਗਏ ਸੈਸ਼ਨ ਵਿਚ ਗਵਰਨਰ ਦੀ ਤਾਕਤ  ਇਕ ਬਜ਼ੁਰਗ ਦੇ ਗੋਡੇ ਹੱਥ ਲਾਉਣ ਤੋਂ ਵੱਧ ਜ਼ੀਰੋ ਤੋਂ ਅੱਗੇ ਕੋਈ ਨਹੀਂ ਹੁੰਦੀ। ਇਸੇ ਲਈ ਆਪ ਸਰਕਾਰ ਅਦਾਲਤ ਨੂੰ ਕਹੇਗੀ ਸਤਿਕਾਰ ਦਾ ਮਤਲਬ ਇਹ ਨਹੀਂ ਕਿ ਗਵਰਨਰ ਨੂੰ ਡੈਮੋਕਰੇਸੀ ਦੀ ਗੱਡੀ ਨੂੰ ਪਟੜੀ ਤੋਂ ਲਾਹੁਣ ਦੀ ਆਗਿਆ ਵੀ ਦਿਤੀ ਜਾ ਸਕਦੀ ਹੈ। ਅਦਾਲਤ ਜੋ ਵੀ ਫ਼ੈਸਲਾ ਦੇਵੇਗੀ, ਫ਼ਿਜ਼ਾ ਵਿਚ ਗਰਮੀ ਘਟਣ ਦੀ ਕੋਈ ਆਸ ਨਹੀਂ ਰੱਖੀ ਜਾਣਾ ਚਾਹੀਦੀ। ਲਗਭਗ ਸਾਰੀਆਂ ਵਿਰੋਧੀ ਪਾਰਟੀਆਂ, ਅਪਣੇ ਨਿਜੀ ਹਿਤਾਂ ਦੀ ਰਾਖੀ ਕਰਦਿਆਂ, ਆਪ ਸਰਕਾਰ ਨੂੰ ਤੋੜਨ ਦੇ ਹਰ ਯਤਨ ਨੂੰ ਉਛਲ ਉਛਲ ਕੇ ਅਪਣੀ ਹਮਾਇਤ ਦੇਣ ਲਗਦੀਆਂ ਹਨ। ਇਸ ਦੇ ਨਾਲ ਹੀ, ਬਰਗਾੜੀ ਮਾਮਲੇ ਵਿਚ ਅਖ਼ੀਰ ਚਾਰਜਸ਼ੀਟ ਦਾਖ਼ਲ ਕਰ ਦਿਤੀ ਗਈ ਹੈ ਜਿਸ ਵਿਚ ਸ.ਪ੍ਰਕਾਸ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਨਾਂ ਵੀ ਲੈ ਲਏ ਗਏ ਹਨ। ਕੁਦਰਤੀ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੀ ਮਦਦ ਨਾਲ ਪੰਜਾਬ ਦੀ ਫ਼ਿਜ਼ਾ ਵਿਚ ਹੋਰ ਜ਼ਿਆਦਾ ਗਰਮੀ ਪੈਦਾ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ।

ਤੇ ਅੰਤ ਵਿਚ ਪੰਜਾਬ ਦੀ ਫ਼ਿਜ਼ਾ ਨੂੰ ਹੋਰ ਗਰਮ ਕਰਨ ਲਈ ਅੰਮ੍ਰਿਤਪਾਲ ਸਿੰਘ ਨੇ ਅਪਣੀ ਤਾਕਤ ਵੀ ਝੋਕ ਦਿਤੀ ਹੈ। ਅਪਣੇ ਇਕ ਗ੍ਰਿਫ਼ਤਾਰ ਕੀਤੇ ਸਾਥੀ ਨੂੰ ਪੁਲਿਸ ਕੋਲੋਂ ਛੁਡਾਉਣ ਲਈ ਉਸ ਨੇ ਲਾਠੀਆਂ, ਡੰਡਿਆਂ ਨਾਲ ਲੈਸ ਭੀੜ ਸਮੇਤ ਪੁਲਿਸ ਥਾਣੇ ਉਤੇ ਜਾ ਹਮਲਾ ਬੋਲਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਰੱਖ ਕੇ ਥਾਣੇ ਵਲ ਮਾਰਚ ਕੀਤਾ। ਨਤੀਜੇ ਵਜੋਂ ਪੁਲਿਸ ਨੇ ਮਾਰ ਖਾ ਕੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ ਅਪਣੇ ਉਪਰ ਲਗਣੋਂ ਬਚਾ ਲਿਆ ਪਰ ਵਿਰੋਧੀ ਪਾਰਟੀਆਂ ਨੂੰ ਧੂਆਂਧਾਰ ਬਿਆਨਬਾਜ਼ੀ ਕਰਨ ਦਾ ਇਕ ਹੋਰ ਮੌਕਾ ਵੀ ਮਿਲ ਗਿਆ।

ਇਹ ਸੱਭ ਕੁੱਝ ਤੇ ਹੋਰ ਕਈ ਕੁੱਝ ਸਮੇਤ ਉਬਾਲੇ ਖਾਂਦੀਆਂ ਦੇਗਾਂ ’ਚੋਂ ਨਿਕਲਦੀ ਭਾਫ਼ ਛੇਤੀ ਠੰਢੀ ਨਹੀਂ ਪਵੇਗੀ ਤੇ ਕੋਈ ਨਹੀਂ ਜਾਣਦਾ ਕਿ ਏਨੀ ਜ਼ਿਆਦਾ ਗਰਮੀ, ਪੰਜਾਬ ਦਾ ਅਖ਼ੀਰ ਕਿੰਨਾ ਨੁਕਸਾਨ ਕਰ ਕੇ ਸ਼ਾਂਤ ਹੋਵੇਗੀ। ਪੰਜਾਬ ਨੂੰ ਇਸ ਵੇਲੇ ਏਨੀ ਜ਼ਿਆਦਾ ਸਿਆਸੀ ਗਰਮੀ ਦੀ ਨਹੀਂ, ਰੱਬ ਦੀ ਮਿਹਰ ਦੀ ‘ਪੁਰੇ ਦੀ ਵਾਅ’ ਤੇ ਠੰਢੀ ਫੁਹਾਰ ਦੀ ਲੋੜ ਹੈ ਜਿਸ ਲਈ ਹਰ ਆਮ ਪੰਜਾਬੀ ਅਰਦਾਸ ਕਰਦਾ ਵੇਖਿਆ ਜਾ ਸਕਦਾ ਹੈ - ਸਿਵਾਏ ਗੱਦੀ ਲਈ ਜੂਝਣ ਵਾਲੇ ਸਿਆਸਤਦਾਨਾਂ ਦੇ।