ਡੋਨਾਲਡ ਟਰੰਪ ਵਰਗੇ ‘ਸਮਝਦਾਰ’ ਦੁਨੀਆਂ ਨੂੰ ਕੀ ਅਗਵਾਈ ਦੇਣਗੇ?
ਡੋਨਾਲਡ ਟਰੰਪ ਨੇ ਇਕ ਵਾਰ ਫਿਰ ਤੋਂ ਅਪਣੀ ਵਿਗੜੀ ਸੋਚ ਦਾ ਨਮੂਨਾ ਪੇਸ਼ ਕੀਤਾ ਹੈ
ਡੋਨਾਲਡ ਟਰੰਪ ਨੇ ਇਕ ਵਾਰ ਫਿਰ ਤੋਂ ਅਪਣੀ ਵਿਗੜੀ ਸੋਚ ਦਾ ਨਮੂਨਾ ਪੇਸ਼ ਕੀਤਾ ਹੈ। ਹੁਣ ਦੁਨੀਆਂ ਦੇ ਸੱਭ ਤੋਂ ਤਾਕਤਵਰ ਇਨਸਾਨ ਨੇ ਸੁਝਾਅ ਦਿਤਾ ਹੈ ਕਿ ਸ਼ਾਇਦ ਸੈਨੇਟਾਈਜ਼ਰ ਦਾ ਟੀਕਾ ਲਾਉਣ ਨਾਲ ਜਾਂ ਇਕਦਮ ਬਹੁਤ ਸਾਰੀ ਰੌਸ਼ਨੀ ਜਾਂ ਗਰਮੀ ਸੁੱਟਣ ਨਾਲ ਇਨਸਾਨ ’ਚੋਂ ਕੋਰੋਨਾ ਵਾਇਰਸ ਖ਼ਤਮ ਹੋ ਸਕਦਾ ਹੈ। ਇਹ ਹਾਲਤ ਹੈ ਦੁਨੀਆਂ ਦੀ ਸੱਭ ਤੋਂ ਵੱਡੀ ਤਾਕਤ ਦੇ ਮੁਖੀਏ ਦੀ। ਦੁਨੀਆਂ ਭਰ ਦੇ ਡਾਕਟਰਾਂ ਨੇ ਬਹੁਤ ਛੇਤੀ ਇਸ ਬੇਤੁਕੇ ਅਤੇ ਬੇਵਕੂਫ਼ੀ ਵਾਲੇ ਸੁਝਾਅ ਨੂੰ ਨਕਾਰਦਿਆਂ ਆਖਿਆ ਹੈ ਕਿ ਇਹ ਰਾਹ ਸਗੋਂ ਜਾਨਲੇਵਾ ਜਾਂ ਹਾਨੀਕਾਰਕ ਸਾਬਤ ਹੋ ਸਕਦਾ ਹੈ।
ਜਦੋਂ ਡੋਨਾਲਡ ਟਰੰਪ ਵਰਗੇ ਆਗੂਆਂ ਵਲ ਵੇਖਿਆ ਜਾਂਦਾ ਹੈ ਤਾਂ ਅਪਣਿਆਂ ਉਤੇ ਏਨੀ ਸ਼ਰਮ ਨਹੀਂ ਆਉਂਦੀ। ਆਖ਼ਰ ਇਸ ਤਰ੍ਹਾਂ ਦੇ ਲੋਕ ਨਾ ਹੋਣ ਤਾਂ ਜੀਵਨ ਕਿੰਨਾ ਸ਼ਾਂਤ ਹੋ ਜਾਵੇ। ਸਮਝਦਾਰ ਲੋਕਾਂ ਦੀ ਕਦਰ ਇਸ ਤਰ੍ਹਾਂ ਦੇ ਲੋਕਾਂ ਕਰ ਕੇ ਹੀ ਹੁੰਦੀ ਹੈ। ਜੇ ਸਾਰੇ ਹੀ ਸਮਝਦਾਰੀ ਵਾਲੀਆਂ ਗੱਲਾਂ ਹੀ ਕਰਨ ਲੱਗ ਜਾਣ ਤਾਂ ਖ਼ਬਰ ਕੀ ਬਣੇਗੀ? ਖ਼ਬਰ ਦੀ ਗੱਲ ਕਰਦਿਆਂ ਸਾਹਮਣੇ ਆਉਂਦੇ ਹਨ ਆਧੁਨਿਕ ਟੀ.ਵੀ. ਪੱਤਰਕਾਰੀ ਦੇ ਸੰਨੀ ਲਿਓਨੀ ‘ਅਰਨਬ ਗੋਸਵਾਮੀ’।
ਅਰਨਬ ਗੋਸਵਾਮੀ, ਡੋਨਾਲਡ ਟਰੰਪ, ਸੰਨੀ ਲਿਓਨੀ (ਜੋ ਕਿ ਪੋਰਨ ਫਿਲਮਾਂ ਦੀ ਅਦਾਕਾਰਾ ਸੀ ਅਤੇ ਹੁਣ ਬਾਲੀਵੁੱਡ ਦੀ ਹੀਰੋਇਨ ਹੈ) ਵਿਚ ਇਕ ਚੀਜ਼ ਬਿਲਕੁਲ ਸਾਂਝੀ ਹੈ ਕਿ ਇਹ ਲੋਕ ਪ੍ਰਸਿੱਧੀ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ ਅਤੇ ਜਦੋਂ ਇਨ੍ਹਾਂ ਦਾ ਨਾਂ ਲਿਆ ਹੈ ਤਾਂ ਰਾਖੀ ਸਾਵੰਤ ਨੂੰ ਵੀ ਨਹੀਂ ਭੁਲਿਆ ਜਾ ਸਕਦਾ। ਹੋਰ ਕਿੰਨੇ ਇਹੋ ਜਿਹੇ ਲੋਕ ਹਨ ਜੋ ਅਪਣੇ ਬੇਤੁਕੇ ਵਿਚਾਰਾਂ ਨੂੰ ਬਗ਼ੈਰ ਕਿਸੇ ਝਿਜਕ ਤੋਂ ਬੜੀ ਦਲੇਰੀ ਨਾਲ ਦੁਨੀਆਂ ਸਾਹਮਣੇ ਪੇਸ਼ ਕਰਦੇ ਹਨ। ਜਿਸ ਤਰ੍ਹਾਂ ਸੰਨੀ ਲਿਓਨੀ ਅਪਣੇ ਜਿਸਮ ਦੀ ਨੁਮਾਇਸ਼ ਕਰ ਕੇ ਦੁਨੀਆਂ ਦੇ ਹਬਸ਼ੀਆਂ ਤੋਂ ਪੈਸੇ ਕਮਾਉਂਦੀ ਰਹੀ,
ਅਰਨਬ ਗੋਸਵਾਮੀ ਅਪਣੀਆਂ ਬੇਤੁਕੀਆਂ ਟਿਪਣੀਆਂ ਨੂੰ ਨਫ਼ਰਤ ਭਰੇ ਅੰਦਾਜ਼ ’ਚ ਪੇਸ਼ ਕਰ ਕੇ ਭਾਰਤ ਦਾ ਸੱਭ ਤੋਂ ਚਹੇਤਾ ਪੱਤਰਕਾਰ ਬਣ ਗਿਆ। ਜਦੋਂ ਪੱਤਰਕਾਰੀ ਮਰ ਰਹੀ ਹੈ, ਇਹੋ ਜਿਹੇ ਪੱਤਰਕਾਰਾਂ ਨੂੰ ਮਹੀਨੇ ਦੀ ਇਕ ਕਰੋੜ ਰੁਪਏ ਤਕ ਤਨਖ਼ਾਹ ਮਿਲਦੀ ਹੈ। ਰਾਖੀ ਸਾਵੰਤ ਇਕ ਹੋਰ ਨਮੂਨਾ ਹੈ ਜੋ ਸੋਸ਼ਲ ਮੀਡੀਆ ਉਤੇ ਰੂਬਰੂ ਹੁੰਦੀ ਹੈ ਤਾਂ ਪਲਾਂ ਵਿਚ ਸੈਂਕੜੇ ਲੋਕ ਉਸ ਨਾਲ ਜੁੜ ਜਾਂਦੇ ਹਨ। ਜਦੋਂ ਇਨ੍ਹਾਂ ਸਾਰਿਆਂ ਨੂੰ ਚਮਕਦੇ-ਦਮਕਦੇ ਵੇਖੀਦਾ ਹੈ ਤਾਂ ਸੋਚਣਾ ਪੈਂਦਾ ਹੈ ਕਿ ਦੁਨੀਆਂ ਕਿਸ ਦੀ ਮੁੱਠੀ ਵਿਚ ਹੈ?
ਪੰਜਾਬ ਵਿਚ ਵੀ ਤਾਕਤਵਰ ਨਮੂਨੇ ਹਨ ਜੋ ਅਪਣੇ ਰੁਤਬੇ ਦੀ ਨਾਜਾਇਜ਼ ਵਰਤੋਂ ਕਰ ਕੇ ’ਤੇ ਕਰਫ਼ੀਊ ਪਾਸ ਲੈ ਕੇ ਜੂਆ ਖੇਡਦੇ ਰਹੇ ਅਤੇ ਪਟਿਆਲਾ ਵਿਚ ਕੋਰੋਨਾ ਦਾ ਜਾਲ ਵਿਛਾ ਬੈਠੇ। ਪੰਜਾਬ ਵਿਚ ਇਹੋ ਜਿਹੇ ਹੋਰ ਕਾਫ਼ੀ ਹੋਣਗੇ ਜੋ ਇਸੇ ਤਰ੍ਹਾਂ ਜ਼ਿੰਦਗੀ ਦੀ ਮਸਤ ਚਾਲ ਚਲਦੇ ਪਏ ਹਨ। ਪਰ ਜਿਹੜੇ ਅਪਣੇ ਆਪ ਨੂੰ ਸਿਆਣਾ ਜਾਂ ਹਮਦਰਦ ਸਾਬਤ ਕਰਨ ਵਿਚ ਜੁਟੇ ਹਨ, ਉਨਾਂ ਦਾ ਵੀ ਤਾਂ ਦੁਨੀਆਂ ਉਤੇ ਕੋਈ ਹੱਕ ਹੈ। ਪਰ ਦੁਨੀਆਂ ਆਖ਼ਰ ਕਿਸ ਦੀ ਹੈ? ਹੈ ਤਾਂ ਕਿਸੇ ਦੀ ਮੁੱਠੀ ਵਿਚ ਵੀ ਨਹੀਂ ਪਰ ਇਨ੍ਹਾਂ ਅੱਲ੍ਹੜਾਂ ਦੀ ਤਾਕਤ ਅਪਣੇ ਆਪ ਨੂੰ ਸੂਝਵਾਨ ਮੰਨਣ ਵਾਲਿਆਂ ਤੋਂ ਜ਼ਿਆਦਾ ਹੈ।
ਅੱਜ ਭੁੱਖਮਰੀ ਤੋਂ ਕਈ ਗ਼ਰੀਬਾਂ ਨੂੰ ਬਚਾਉਣ ਵਾਸਤੇ ਗਰਮੀ ਵਿਚ ਸੜਕਾਂ ਉਤੇ ਉਤਰੇ ਹੋਏ ਹਨ ਅਤੇ ਕਈ ਅਪਣੇ ਮਹਿਲਾਂ ਵਿਚ ਸੁਰੱਖਿਅਤ ਹੋ ਕੇ ਬੈਠੇ ਹਨ। ਜਦੋਂ ਵੋਟਾਂ ਦਾ ਸਮਾਂ ਆਵੇਗਾ ਤਾਂ ਇਹ ਪੰਜਾਬ ਦੇ ਧੀ-ਪੁੱਤਰ ਅੱਜ ਦੇ ਬਚਾਏ ਪੈਸੇ ਨਾਲ ਵੋਟਾਂ ਖ਼ਰੀਦ ਕੇ ਫਿਰ ਤੋਂ ਰਾਜ ਕਰਨਗੇ। ਕੋਰੋਨਾ ਸਦਕਾ ਜ਼ਿੰਦਗੀ ਦੇ ਬੜੇ ਰੰਗ ਵੇਖਣ ਨੂੰ ਮਿਲ ਰਹੇ ਹਨ। ਦਿਸਦੀ ਤਾਂ ਹਰਦਮ ਹੀ ਸੀ ਪਰ ਕੋਰੋਨਾ ਨੇ ਵੀ ਜ਼ਿੰਦਗੀ ਦੇ ਬੜੇ ਪਰਦੇ ਹਟਾ ਕੇ ਸ਼ੀਸ਼ਾ ਸਾਫ਼ ਕਰ ਦਿਤਾ ਹੈ। ਜ਼ਿੰਦਗੀ ਦੀ ਨੱਠ-ਭੱਜ ਵਿਚ ਹਰ ਇਨਸਾਨ ਦੀ ਅਸਲ ਫ਼ਿਤਰਤ ਕਈ ਪਰਦਿਆਂ ਪਿੱਛੇ ਲੁਕ ਜਾਂਦੀ ਹੈ। ਪਰ ਅੱਜ ਇਕ ਧੁੰਦਲਾ ਸ਼ੀਸ਼ਾ ਸਾਫ਼ ਚਮਕ ਰਿਹਾ ਹੈ।
ਸੋਚਣ ਅਤੇ ਸਮਝਣ ਦਾ ਮੌਕਾ ਮਿਲ ਰਿਹਾ ਹੈ। ਅਪਣੇ ਆਪ ਨੂੰ ਸੰਜੀਦਗੀ ਨਾਲ ਲੈਣ ਵਾਲਿਆਂ ਨੂੰ ਵੀ ਅਤੇ ਅਪਣੀ ਹਰ ਗੱਲ ਨੂੰ ਪੱਥਰ ਉਤੇ ਲਕੀਰ ਮੰਨਣ ਵਾਲਿਆਂ ਨੂੰ ਵੀ। ਇਕ ਗੱਲ ਤਾਂ ਸਹੀ ਜਾਪਦੀ ਹੈ ਕਿ ਸਾਰੇ ਹੀ ਕਿਸੇ ਨਾ ਕਿਸੇ ਥਾਂ ਤੇ ਗ਼ਲਤ ਜ਼ਰੂਰ ਸਨ। ਜੇ ਸਹੀ ਹੁੰਦੇ ਤਾਂ ਕੁਦਰਤ ਸਾਰਿਆਂ ਨਾਲ ਨਾਰਾਜ਼ ਨਾ ਹੁੰਦੀ। ਕੁਦਰਤ ਦੀ ਨਾਰਾਜ਼ਗੀ ਤੋਂ ਹੀ ਸ਼ਾਇਦ ਇਸ ਸਮੇਂ ਦਾ ਸਬਕ ਮਿਲ ਜਾਵੇ। -ਨਿਮਰਤ ਕੌਰ