ਸੰਪਾਦਕੀ: ਅੰਮ੍ਰਿਤਧਾਰੀ ‘ਗ੍ਰੰਥੀ’ ਗੁਰਦਵਾਰੇ ਵਿਚ ਸੌਦਾ ਸਾਧ ਲਈ ਅਰਦਾਸ ਕਰ ਰਿਹਾ ਹੈ!
ਪਰ ਸਿੱਖਾਂ ਦੇ ਲੀਡਰ ਵੀ ਤਾਂ ਪਹਿਲੇ ਉਸੇ ਸੌਦਾ ਸਾਧ ਅੱਗੇ ਨੱਕ ਰਗੜਦੇ ਰਹੇ ਹਨ!!
ਸਨਿਚਰਵਾਰ ਨੂੰ ਪੰਜਾਬ ਦੇ ਇਕ ਗੁਰਦਵਾਰੇ ਵਿਚ ਸੌਦਾ ਸਾਧ ਵਾਸਤੇ ਅਰਦਾਸ ਹੁੰਦੀ ਹੈ ਤੇ ਸਾਰਾ ਸਿੱਖ ਜਗਤ ਹੈਰਾਨ ਹੋ ਕੇ ਰਹਿ ਜਾਂਦਾ ਹੈ ਕਿ ਇਕ ਬਲਾਤਕਾਰੀ ਸਾਧ ਜਿਸ ਉਤੇ ਨਾ ਸਿਰਫ਼ ਅਪਣੇ ਆਪ ਨੂੰ ਗੁਰੂ ਰੂਪ ਹੋਣ ਦਾ ਦਾਅਵਾ ਕਰਨ ਦਾ ਦੋਸ਼ ਹੈ ਬਲਕਿ ਇਹ ਉਹ ਇਨਸਾਨ ਹੈ ਜਿਸ ਉਤੇ ਸਿੱਖਾਂ ਦੇ ਜਜ਼ਬਾਤ ਨੂੰ ਠੇਸ ਪਹੁੰਚਾਉਣ ਦੀ ਸਾਜ਼ਸ਼ ਰਚਣ ਦੇ ਦੋਸ਼ ਵੀ ਹਨ, ਉਸ ਦੀ ਅਰਦਾਸ ਗੁਰਦਵਾਰੇ ਵਿਚ ? ਦੋਸ਼ ਤਾਂ ਬੜੇ ਸੰਗੀਨ ਹਨ ਪਰ ਸੱਚ ਕੀ ਹੈ? ਅਦਾਲਤੀ ਕਾਰਵਾਈ ਤੋਂ ਇਲਾਵਾ ਸੱਚ ਇਹ ਵੀ ਹੈ ਕਿ ਅੱਜ ਵੀ ਸੌਦਾ ਸਾਧ, ਆਸਾਰਾਮ ਵਰਗੇ ਕਈ ਅਖੌਤੀ ਸੰਤਾਂ ਸਾਧਾਂ ਵਾਂਗ ਹੀ, ਅਪਣੀਆਂ ਸਾਰੀਆਂ ਮਾੜੀਆਂ ਹਰਕਤਾਂ ਪ੍ਰਗਟ ਹੋ ਜਾਣ ਬਾਅਦ ਵੀ, ਇਕ ਵੱਡੇ ਵਰਗ ਦੇ ਮਨਾਂ ਉਤੇ ਅਪਣੀ ਸੰਤ ਹੋਣ ਦੀ ਮੋਹਰ ਛਾਪ ਲਗਾਈ ਰੱਖਣ ਵਿਚ ਕਾਮਯਾਬ ਹੈ।
ਹਿੰਦੁਸਤਾਨ ਵਿਚ ਬਹੁਤੇ ਅਖੌਤੀ ਸਾਧ, ਇਹੋ ਜਿਹੇ ਹੀ ਹਨ ਤੇ ਅਪਣੇ ਐਬ ਪ੍ਰਗਟ ਹੋ ਜਾਣ ਮਗਰੋਂ ਵੀ ਅੰਧ ਵਿਸ਼ਵਾਸ ਦਾ ਜਾਲ ਫੈਲਾਈ ਰੱਖਣ ਵਿਚ ਕਾਮਯਾਬ ਹਨ। ਇਹ ਹਿੰਦੁਸਤਾਨ ਦੀ ਪਹਿਲੀ ਵੱਡੀ ਬਦਕਿਸਮਤੀ ਹੈ। ਉਸ ਦੀ ਜੇਲ ਦੇ ਬਾਹਰ ਲੋਕ ਮੱਥਾ ਟੇਕਣ ਜਾਂਦੇ ਹਨ, ਉਸ ਦੀ ਰਿਹਾਈ ਵਾਸਤੇ ਪੂਜਾ ਵੀ ਹੁੰਦੀ ਹੈ। ਕਈ ਅਜਿਹੇ ਮਰਦਾਂ ਦੇ ਬਿਆਨ ਸੁਣੇ ਸਨ ਕਿ ਅਪਣੀਆਂ ਪਤਨੀਆਂ ਨੂੰ ਆਪ ਸੌਦਾ ਸਾਧ ਨੂੰ ਪ੍ਰਸ਼ਾਦਾ ਪਾਣੀ ਦੇਣ ਵਾਸਤੇ ਭੇਜਦੇ ਸਨ। ਸੌਦਾ ਸਾਧ ਵਿਚ ਕੀ ਕੋਈ ਜਾਦੂ ਹੈ? ਸੌਦਾ ਸਾਧ ਵਿਚ ਇਕ ਖ਼ਾਸੀਅਤ ਹੈ ਤੇ ਉਹ ਖ਼ਾਸੀਅਤ ਸ਼ਾਇਦ ਸਾਰੇ ‘ਰੱਬ ਦੇ ਦੂਤਾਂ’ ਵਿਚ ਹੁੰਦੀ ਹੈ ਜੋ ਵੱਖ ਵੱਖ ਤਰ੍ਹਾਂ ਦੇ ਚੋਲੇ ਪਾ ਕੇ ਲੋਕਾਂ ਨੂੰ ਅਪਣੇ ਚੇਲੇ ਬਣਾਉਂਦੇ ਹਨ। ਉਹ ਲੋਕਾਂ ਦੀਆਂ ਲੁਪਤ ਇੱਛਾਵਾਂ ਦੀ ਤ੍ਰਿਪਤੀ ਕਰਵਾਉਣ ਦੇ ਢੰਗ ਤਰੀਕੇ ਖ਼ੂਬ ਸਮਝਦੇ ਹਨ ਜਿਵੇਂ ਹਰ ਪਾਸਿਉਂ ਨਾਕਾਮ ਸਾਬਤ ਹੋਏ ਸਿਆਸਤਦਾਨ, ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਜਾਣ ਤੇ ਵੀ ਮੁਫ਼ਤ ਦੇ ਚਾਵਲ, ਧੋਤੀਆਂ, ਕਣਕ, ਸ਼ਰਾਬ ਤੇ ਹੋਰ ਕਈ ਕੁੱਝ ਵੰਡ ਕੇ ਲੋਕਾਂ ਦੀ ਵੋਟ ਲੈ ਜਾਂਦੇ ਨੇ।
ਸੌਦਾ ਸਾਧ ਉਰਫ਼ ਰਾਮ ਰਹੀਮ ਵੀ ਉਨ੍ਹਾਂ ਲੁਪਤ ਇੱਛਾਵਾਂ ਨੂੰ ਸਮਝ ਗਿਆ ਤੇ ਅਜਿਹਾ ਜਾਦੂ ਚਲਾਇਆ ਕਿ ਇਕ ਗ੍ਰੰਥੀ ਜਿਸ ਉਤੇ ਗੁਰਬਾਣੀ ਦੀ ਸੇਵਾ ਸੰਭਾਲ ਤੇ ਪ੍ਰਚਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹੀ ਉਸ ਬਾਣੀ ਦੇ ਸੰਦੇਸ਼ ਦੇ ਉਲਟ ਜਾ ਕੇ ਇਕ ਬਲਾਤਕਾਰੀ ਸਾਧ ਦੀ ਰਿਹਾਈ ਵਾਸਤੇ ਅਰਦਾਸ ਕਰ ਰਿਹਾ ਸੀ। ਉਸ ਸਾਧ ਦੀ ਸ਼ਾਮ ਨੂੰ ਰਿਹਾਈ ਤਾਂ ਹੋ ਗਈ ਪਰ ਇਹ ਅਰਦਾਸ ਕਰ ਕੇ ਨਹੀਂ ਸਗੋਂ ਇਹ ਜ਼ਰੂਰ ਪਤਾ ਲੱਗ ਗਿਆ ਕਿ ਗੁਰਦਵਾਰਿਆਂ ਵਿਚ ਕਈ ਚੋਰ ਬੈਠੇ ਹਨ ਜੋ ਪੂਰਨ ਅੰਮ੍ਰਿਤਧਾਰੀ ਵੇਸ ਵਿਚ ਹੁੰਦੇ ਹਨ ਤੇ ਅਸਲ ਵਿਚ ਆਸਤੀਨ ਦੇ ਸੱਪ ਹੁੰਦੇ ਹਨ। ਸਾਧ ਦੇ ਚੇਲੇ ਸਰਕਾਰ ਵਾਸਤੇ ਵੋਟ ਬੈਂਕ ਹਨ। ਇਸੇ ਕਾਰਨ 2017 ਦੀਆਂ ਚੋਣਾਂ ਵਿਚ ਹਰ ਪਾਰਟੀ ਦੇ ਆਗੂੁ ਸਾਧ ਅੱਗੇ ਹੱਥ ਜੋੜੀ ਖੜੇ ਸਨ।
ਇਸ ਅਰਦਾਸ ਤੋਂ ਬਾਅਦ ਸਿਆਸਤ ਵਿਚ ਦਲਿਤ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦੇ ਚਰਚੇ ਵੀ ਫਿਰ ਤੋਂ ਸ਼ੁਰੂ ਹੋ ਗਏ। ਪੰਜਾਬ ਵਿਚ ਹਰ ਪਾਰਟੀ ਕਮਜ਼ੋਰ ਹੋ ਚੁੱਕੀ ਹੈ, ਇਸ ਲਈ ਅਪਣੀ ਵਿਚਾਰਧਾਰਾ ਦੇ ਉਲਟ ਜਾ ਕੇ ਵੀ ਤੇ ਅਪਣੇ ਰਵਾਇਤੀ ਵੋਟ ਬੈਂਕ ਨੂੰ ਇਕ ਪਾਸੇ ਰੱਖ ਕੇ ਇਸ ਵਾਰ ਦਲਿਤ ਵੋਟਰਾਂ ਨੂੰ ਅਪਣੇ ਵਲ ਖਿੱਚਣ ਲਈ ‘ਦਲਿਤ ਡਿਪਟੀ ਮੁੱਖ ਮੰਤਰੀ’ ਤੇ ਦਲਿਤ ਮੁੱਖ ਮੰਤਰੀ ਦਾ ਲਾਲੀਪਾਪ ਉਨ੍ਹਾਂ ਵਲ ਸੁਟ ਰਹੇ ਹਨ। ਦੇਸ਼ ਦੇ ਉਚਤਮ ਅਹੁਦੇ ਤੇ ਤਾਂ ਮੁਸਲਮਾਨ ਵੀ ਬਿਠਾਏ ਗਏ ਹਨ, ਸਿੱਖ ਵੀ ਤੇ ਕਮਜ਼ੋਰ ਜਾਤੀ ਦੇ ਪ੍ਰਧਾਨ ਮੰਤਰੀ ਵੀ। ਅੱਜ ਵੀ ਹਨ, ਪਰ ਕੀ ਸਮਾਜ ਵਿਚ ਦਲਿਤਾਂ ਦੀ ਹਾਲਤ ਸੁਧਰੀ? ਗੁਰਦਵਾਰੇ ਵਿਚ ਹਾਜ਼ਰ ਸੰਗਤਾਂ ਵਿਚ ਉਹ ਬਰਾਬਰੀ ਆਈ ਜਿਸ ਦਾ ਹਰ ਪਛੜੀ ਜਾਤੀ ਦਾ ਵਰਗ ਇੱਛੁਕ ਸੀ?
ਸਾਧ ਨੇ ਗੁਰੂ ਨਾਨਕ ਦੇ ਫ਼ਲਸਫ਼ੇ ਦੀ ਡੂੰਘਾਈ ਨੂੰ ਸਮਝ ਕੇ ਉਸ ਨੂੰ ਅਪਣੇ ਪ੍ਰਚਾਰ ਵਾਸਤੇ ਇਸਤੇਮਾਲ ਕਰ ਲਿਆ ਪਰ ਉਸ ਦਾ ਮਕਸਦ ਵੀ ਦਲਿਤ ਨੂੰ ਉੱਚਾ ਚੁਕਣਾ ਨਹੀਂ ਸੀ ਬਲਕਿ ਉਨ੍ਹਾਂ ਦਾ ਨਾਂ ਵਰਤ ਕੇ ਅਪਣੀ ਇਕ ਧਾਰਮਕ ਸਲਤਨਤ ਕਾਇਮ ਕਰਨਾ ਸੀ ਜਿਸ ਵਿਚ ਬਲਾਤਕਾਰ, ਸ਼ਾਹੀ ਠਾਠ ਬਾਠ ਤੇ ਦਲਿਤਾਂ ਦੀਆਂ ਵੋਟਾਂ ਰਾਜਸੀ ਪਾਰਟੀਆਂ ਕੋਲ ਵੇਚ ਕੇ ਧਨ ਦੇ ਅੰਬਾਰ ਇਕੱਤਰ ਕਰਨਾ ਸੀ। ਇਸ ਸ਼ਾਤਰ ਇਨਸਾਨ ਨੇ ਇਸ ਤਰ੍ਹਾਂ ਇਸ ਫ਼ਸਲਫ਼ੇ ਦਾ ਇਸਤੇਮਾਲ ਕੀਤਾ ਕਿ ਇਕ ਗੁਰਦਵਾਰੇ ਵਿਚ ਉਸ ਦੀ ਅਰਦਾਸ ਵੀ ਹੋਣੀ ਸ਼ੁਰੂ ਹੋ ਗਈ।
ਇਸ ਦਾ ਜ਼ਿੰਮੇਵਾਰ ਕੌਣ ਹੈ? ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਜਿਸ ਨੂੰ ਸਿੱਖ ਧਰਮ ਦਾ ਮੱਕਾ ਆਖਿਆ ਜਾਂਦਾ ਹੈ, ਉਥੇ ਦੇ ਸਿੱਖਾਂ ਵਿਚਕਾਰ ਮਜ਼੍ਹਬੀ, ਰਾਮਗੜ੍ਹੀਏ, ਪਛੜੀਆਂ ਜਾਤਾਂ ਵਰਗੀਆਂ ਵੰਡਾਂ ਕਿਉਂ ਹਨ? ਇਥੇ ਗੁਰੂ ਘਰਾਂ ਵਿਚ ਵੀ ਇਹ ਵੰਡ ਨਜ਼ਰ ਆਉਂਦੀ ਹੈ ਤੇ ਇਹ ਵੰਡ ਸ਼ਮਸ਼ਾਨਘਾਟਾਂ ਤਕ ਦੀ ਅੰਤਮ ਯਾਤਰਾ ਤਕ ਵੀ ਵੇਖੀ ਜਾ ਸਕਦੀ ਹੈ। ਜ਼ਾਹਰ ਹੈ ਕਿ ਫਿਰ ਤਾਂ ਜ਼ਿੰਦਗੀ ਦੇ ਹਰ ਦਿਨ ਇਸ ਤਰ੍ਹਾਂ ਦੀਆਂ ਫ਼ਿਰਕੂ ਤੇ ਜਾਤੀ ਪਾਤੀ ਆਧਾਰਤ ਵੰਡਾਂ ਦਾ ਸਾਹਮਣਾ ਕਰਨਾ ਪੈਦਾ ਹੋਵੇਗਾ। ਜ਼ਿੰਮੇਵਾਰੀ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੀ ਤਾਂ ਬਣਦੀ ਹੀ ਹੈ ਕਿਉਂਕਿ ਉਨ੍ਹਾਂ ਨੇ ਤਾਂ ਅਪਣੇ ਆਪ ਨੂੰ ਸਿੱਖ ਧਰਮ ਦਾ ਠੇਕੇਦਾਰ ਬਣਾਇਆ ਹੋਇਆ ਹੈ ਪਰ ਹਰ ਸਿੱਖ ਦੀ ਵੀ ਬਣਦੀ ਹੈ ਕਿਉਂਕਿ ਗੁਰਬਾਣੀ ਪੜ੍ਹਨ ਦੇ ਬਾਵਜੂਦ ਉਨ੍ਹਾਂ ਨੇ ਗੁਰੂ ਦੇ ਸੰਦੇਸ਼ ਨੂੰ ਅਪਣੇ ਜੀਵਨ ਵਿਚ ਨਹੀਂ ਢਾਲਿਆ। ਸ਼੍ਰੋਮਣੀ ਕਮੇਟੀ ਭਾਵੇਂ ਕਸੂਰਵਾਰ ਹੈ, ਪਰ ਉਹ ਤੁਹਾਡੇ ਅਤੇ ਗੁਰੂ ਵਿਚਕਾਰ ਦੀਵਾਰ ਬਣ ਕੇ ਤਾਂ ਖੜੀ ਨਹੀਂ ਹੁੰਦੀ। ਅੱਜ ਜੇ ਸੌਦਾ ਸਾਧ ਦੀ ਰਿਹਾਈ ਵਾਸਤੇ ਗੁਰੂ ਘਰ ਵਿਚ ਸੱਚੀ ਨਿਸ਼ਠਾ ਨਾਲ ਅਰਦਾਸ ਹੋ ਰਹੀ ਹੈ ਤਾਂ ਅਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ ਅਤੇ ਜਾਤ ਪਾਤ ਨੂੰ ਮੰਨਣ ਵਾਲਾ ਹਰ ਸਿੱਖ ਵੀ ਇਸ ਸੱਭ ਕੁੱਝ ਦਾ ਕਸੂਰਵਾਰ ਹੈ। -ਨਿਮਰਤ ਕੌਰ