‘ਜਥੇਦਾਰ’ ਜੀ! 21ਵੀਂ ਸਦੀ ਵਿਚ 12ਵੀਂ ਸਦੀ ਵਾਲੇ ਉਪਦੇਸ਼ ਤੇ ਸੰਦੇਸ਼ ਨਾ ਦਿਉ, ਬੜੀ ਮਿਹਰਬਾਨੀ ਹੋਵੇਗੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਦਾ ਸਮਾਂ ਹਥਿਆਰਾਂ ਨਾਲ ਲੈਸ ਹੋਈ ਜਵਾਨੀ ਨਹੀਂ, ਵਧੀਆ ਸਿਖਿਆ ਨਾਲ ਲੈਸ ਜੁਆਨੀ ਵੇਖਣਾ ਚਾਹੁੰਦਾ ਹੈ।

Giani Harpreet Singh

 

ਸਿੱਖ ਪੰਥ ਦੀ ਸੱਭ ਤੋਂ ਸਤਿਕਾਰਯੋਗ ਤੇ ਉੱਚੀ ਕੁਰਸੀ ਤੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਲੈ ਲੈਣ ਦੇ ਆਦੇਸ਼ਾਂ ਬਾਰੇ ਸੁਣ ਕੇ ਸਾਰੇ ਹੈਰਾਨ ਹੋ ਗਏ। ਆਖ਼ਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਕਿਹੜਾ ਖ਼ਤਰਾ ਨਜ਼ਰ ਆ ਰਿਹਾ ਹੈ ਜੋ ਕਿਸੇ ਹੋਰ ਨੂੰ ਨਹੀਂ ਨਜ਼ਰ ਆ ਰਿਹਾ? ਚੋਣਾਂ ਵਿਚ ‘ਆਪ’ ਦੀ ਜਿੱਤ ਤੋਂ ਬਾਅਦ ‘ਜਥੇਦਾਰ’ ਵੋਟਰਾਂ ਦੇ ਫ਼ੈਸਲੇ ਨਾਲ ਨਰਾਜ਼ ਸਨ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਵੋਟਰ ਨੂੰ ਗ਼ਲਤ ਰਾਹ ਤੇ ਪਾ ਦੇਣ ਤੇ ਉਸ ਤੋਂ ਬਦਲਾ ਲੈਣ ਲੱਗ ਜਾਣ। ‘ਜਥੇਦਾਰ’ ਨੇ ਦਲੀਲਾਂ ਸਹਿਤ, ਗੁਰੂ ਸਾਹਿਬ ਦੀ ਸਿਖਿਆ ਦੇ ਹਵਾਲੇ ਨਾਲ ਅੱਜ ਦੇ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਲੈਣ ਤੇ ਹੋਰ ਮਾਰਸ਼ਲ ਆਰਟ ਸਿਖਣ ਲਈ ਆਖ ਦਿਤਾ। ਸਿੱਖਾਂ ਨੂੰ ਧੱਕੇ ਨਾਲ ਵਾਰ ਵਾਰ ਇਕ ਲੜਾਕੂ ਕੌਮ ਵਜੋਂ ਪੇਸ਼ ਕਰਨਾ ਹੋਰ ਗੱਲ ਹੈ ਜਦਕਿ ਸਿੱਖਾਂ ਨੂੰ ਹਥਿਆਰ ਹੋਰ ਸੱਭ ਹੀਲੇ ਮੁਕ ਜਾਣ ਮਗਰੋਂ ਹੀ ਚੁੱਕਣ ਦੀ ਹਦਾਇਤ ਹੈ। ਗੁਰਬਾਣੀ ਸਾਨੂੰ ਅਪਣੇ ਦਿਮਾਗ਼ ਦੀ ਵਰਤੋਂ ਕਰਨ ਵਾਸਤੇ ਵੀ ਪ੍ਰੇਰਦੀ ਹੈ (ਅਕਲੀਂ ਸਾਹਿਬ ਸੇਵੀਐ)। 

ਬਾਬੇ ਨਾਨਕ ਨੇ ਸਿੱਖ ਫ਼ਲਸਫ਼ੇ ਵਿਚ ਵਿਗਿਆਨ ਆਧਾਰਤ ਤਰਕ ਨਾਲ ਕਾਇਨਾਤ ਦੇ ਵੱਡੇ ਰਾਜ਼ ਸਾਡੇ ਸਾਹਮਣੇ ਖੋਲ੍ਹ ਦਿਤੇ। ਸਿੱਖ ਸਿਰਫ਼ ਇਕ ਕੌਮ ਨਹੀਂ ਬਲਕਿ ਇਕ ਸਮਝਦਾਰ, ਸਿਆਣੀ ਸੋਚ ਦੇ ਵਾਰਸ ਵੀ ਹਨ। ਅੱਜ ਜਿਹੜੇ ਦੌਰ ਵਿਚੋਂ ਅਸੀ ਲੰਘ ਰਹੇ ਹਾਂ, ਕੀ ਸਾਰੇ ਸਿੱਖ ਬੰਦੂਕਾਂ ਨਾਲ ਉਸ ਤੇ ਫ਼ਤਿਹ ਪ੍ਰਾਪਤੀ ਕਰ ਪਾਉਣਗੇ ਜਾਂ ਅਜਿਹਾ ਕਰਨ ਦੀ ਕੋਈ ਲੋੜ ਵੀ ਹੈ? ‘ਜਥੇਦਾਰ’ ਨੇ ਨਸ਼ੇ ਦਾ ਖ਼ਤਰਾ ਦਸਿਆ ਪਰ ਕੀ ਹਥਿਆਰ ਉਸ ਦਾ ਹੱਲ ਹਨ? ਨਸ਼ੇ ਦੇ ਪੀੜਤਾਂ ਦੀ ਕਹਾਣੀ ਸਮਝੋ ਤਾਂ ਪਤਾ ਲੱਗੇ ਕਿ ਉਹ ਇਸ ਰਸਤੇ ਕਿਉਂ ਪੈ ਗਏ ਹਨ। ਪਹਿਲੀ ਗੱਲ ਇਹ ਹੈ ਕਿ ਸਾਡੀ ਨੌਜਵਾਨੀ ਨਸ਼ੇਬਾਜ਼ਾਂ ਦੀ ਨਹੀਂ ਸੀ ਪਰ ਹੁਣ ਬਣ ਗਈ ਹੈ ਕਿਉਂਕਿ ਹਰੀ ਕ੍ਰਾਂਤੀ ਵਿਚ ਪੈਸਾ ਆ ਗਿਆ ਤੇ ਨੌਜਵਾਨਾਂ ਨੇ ਖੇਤਾਂ ਵਿਚ ਕੰਮ ਕਰਨਾ ਅਪਣੀ ਸ਼ਾਨ ਵਿਰੁਧ ਸਮਝ ਲਿਆ। ਵਿਹਲੇ ਘੁੰਮਣਾ, ਸਿਆਸਤਦਾਨਾਂ ਦੇ ਪਿਛੇ ਲੱਗ ਝੂਠੀ ਸ਼ਾਨ ਦੀ ਸੁਪਨਮਈ ਦੁਨੀਆਂ ਵਿਚ ਰਹਿਣਾ ਤੇ ਫਿਰ ਨਸ਼ਾ ਤੇ ਝਟਪਟ ਅਮੀਰ ਹੋਣ ਦੇ ਲਾਲਚ ਵਸ ਬਦਨਾਮ ਸਿਆਸਤਦਾਨਾਂ ਪਿੱਛੇ ਦੌੜਦੇ ਰਹਿਣ ਦੀ ਬੁਰੀ ਆਦਤ ਪੈ ਗਈ।

 

ਨਸ਼ੇ ਦੇ ਵਪਾਰ ਨੂੰ ਜਦ ਸਿਆਸਤਦਾਨ ਨੇ ਫੈਲਣ ਦਿਤਾ ਤਾਂ ਸਾਡੀ ਜਵਾਨੀ ਨੂੰ ਮਿਹਨਤ ਕਰਨ ਦੀ ਆਦਤ ਹੀ ਭੁੱਲ ਗਈ। ਉਨ੍ਹਾਂ ਖੇਤਾਂ ਵਿਚ ਕੰਮ ਕਰਨਾ ਹੀ ਨਹੀਂ ਬਲਕਿ ਪੜ੍ਹਨਾ ਲਿਖਣਾ ਹੀ ਛੱਡ ਦਿਤਾ। ਨਾ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿਖਿਆ ਮਿਲੀ, ਨਾ ਸਰਕਾਰ ਦੇ ਆਦਰਸ਼ ਸਕੂਲਾਂ ਵਿਚ ਤੇ ਜਵਾਨੀ ਨੂੰ ਕੈਨੇਡਾ, ਦੁਬਈ ਵਿਚ ਮਜ਼ਦੂਰੀ ਨਾਲ ਝੱਟ ਡਾਲਰ ਕਮਾਉਣ ਦਾ ਰਸਤਾ ਵੀ ਮਿਲ ਗਿਆ। ਜਿਹੜਾ ਨੌਜਵਾਨ ਬਾਹਰ ਨਾ ਜਾ ਸਕਿਆ ਤੇ ਪੰਜਾਬ ਵਿਚ ਵਿਹਲਾ ਰਹਿ ਗਿਆ, ਉਹ ਨਸ਼ੇ ਵਿਚ ਪੈ ਗਿਆ। ਅੱਜ ਅਸੀ ਕਿੰਨੇ ਹੀ ਕੇਸ ਵੇਖਦੇ ਹਾਂ ਜਿਥੇ ਕੁੜੀਆਂ ਮੁੰਡਿਆਂ ਤੋਂ ਪੈਸੇ ਲੈ ਕੇ ਵਿਦੇਸ਼ ਪੜ੍ਹਨ ਜਾਂਦੀਆਂ ਹਨ ਤੇ ਫਿਰ ਉਨ੍ਹਾਂ ਨੂੰ ਛੱਡ ਦੇਂਦੀਆਂ ਹਨ। ਪਹਿਲਾਂ ਇਹ ਨਿਰਾ ਕੁੜੀਆਂ ਨਾਲ ਹੁੰਦਾ ਸੀ ਪਰ ਹੁਣ ਕਿਉਂਕਿ ਮੁੰਡਿਆਂ ਨੇ ਪੜ੍ਹਨ ਲਿਖਣ ਦੀ ਆਦਤ ਹੀ ਛੱਡ ਦਿਤੀ ਹੈ, ਹੁਣ ਇਹ ਧੋਖਾ ਉਨ੍ਹਾਂ ਨਾਲ ਵੀ ਹੋਣਾ ਸ਼ੁਰੂ ਹੋ ਗਿਆ ਹੈ।

ਅੱਜ ਦਾ ਸਮਾਂ ਹਥਿਆਰਾਂ ਨਾਲ ਲੈਸ ਹੋਈ ਜਵਾਨੀ ਨਹੀਂ, ਵਧੀਆ ਸਿਖਿਆ ਨਾਲ ਲੈਸ ਜੁਆਨੀ ਵੇਖਣਾ ਚਾਹੁੰਦਾ ਹੈ। ਅਕਾਲੀ ਦਲ ਦੇ ਮੁਖੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਬੇਟੇ ਵਿਦੇਸ਼ਾਂ ਵਿਚ ਪੜ੍ਹਨ ਲਈ ਭੇਜੇ। ਸੁਖਬੀਰ ਬਾਦਲ ਦੇ ਬੱਚੇ ਵੀ ਕਿਸੇ ਉਚ ‘ਵਰਸਿਟੀ ਤੋਂ ਪੜ੍ਹ ਕੇ ਆਏ। ਕਿਸੇ ਵੀ ਸਿਆਸਤਦਾਨ ਦੇ ਬੱਚੇ ਨੂੰ ਵੇਖ ਲਵੋ, ਉਹ ਚੰਗੀ ‘ਵਰਸਿਟੀ ਤੋਂ ਪੜ੍ਹੇ ਹੁੰਦੇ ਹਨ। ਪਰ ਸਾਡੇ ਪੰਜਾਬ ਦੀ ਜਵਾਨੀ ਨੂੰ ਉੁਪਦੇਸ਼ ਤੇ ‘ਸੰਦੇਸ਼’ ਦਿਤੇ ਜਾ ਰਹੇ ਹਨ ਕਿ ਤੁਸੀਂ ਹਥਿਆਰ ਚੁਕ ਲਵੋ। 
‘ਜਥੇਦਾਰ’ ਦੀ ਇਕ ਗੱਲ ਸਹੀ ਸੀ ਕਿ ਬਾਣੀ ਨਾਲ ਜੁੜੋ। ਉਸ ਨਾਲ ਜੁੜ ਗਏ ਤਾਂ ਆਪੇ ਸਮਝ ਜਾਉਗੇ ਕਿ ਅੱਜ ਦੀਆਂ ਔਕੜਾਂ ਦਾ ਹੱਲ ਸਾਡੀ ਗੁਰਬਾਣੀ ਮੁਤਾਬਕ ਕੀ ਹੈ, ਹਥਿਆਰ ਜਾਂ ਕਿਤਾਬਾਂ? ਖੇਤੀ ਵਿਚ ਬਾਪ ਨਾਲ ਰਲ ਕੇ ਬੱਚੇ ਜੋ ਕਰਾਮਾਤ ਕਰ ਕੇ ਵਿਖਾ ਸਕਦੇ ਹਨ, ਉਹ ਦਿਹਾੜੀਦਾਰ ਨਹੀਂ ਕਰ ਸਕਦੇ। ਬੰਦੂਕਾਂ ਨਾਲ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ ‘ਜਥੇਦਾਰ’ ਜੀ ਅਪਣੇ ਸਿਰਫ਼ ਇਕ ਪ੍ਰਵਾਰ ਨੂੰ ਬਚਾ ਸਕਦੇ ਹਨ ਪਰ ਬਾਣੀ ਨਾਲ ਜੁੜ ਸਾਡੇ ਨੌਜਵਾਨ, ਪੰਜਾਬ, ਸਿੱਖੀ ਤੇ ਮਾਨਵਤਾ ਨੂੰ ਬਚਾਅ ਸਕਣਗੇ।
-ਨਿਮਰਤ ਕੌਰ