ਛੇ ਦਿਨ ਹੜਤਾਲ ਕਰ ਕੇ ਕਿਸਾਨ ਯੂਨੀਅਨਾਂ ਤੇ ਉਨ੍ਹਾਂ ਪਿਛੇ ਲੱਗੇ ਕਿਸਾਨਾਂ ਨੇ ਕੀ ਖਟਿਆ ਤੇ ਕੀ ਗਵਾਇਆ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਦੇ ਕਿਸਾਨ ਦੀ ਸੁਣਵਾਈ ਨਹੀਂ ਹੁੰਦੀ। ਦੁਖੀ ਹੋਇਆ ਕਿਸਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪਿਛੇ ਲੱਗ ਕੇ ਉਮੀਦ ਕਰਦਾ ਹੈ ਕਿ ਸਾਡਾ  ਕਿਸਾਨੀ ਦਾ ਮਸਲਾ ...

Milkman Throwing Milk

ਪੰਜਾਬ ਦੇ ਕਿਸਾਨ ਦੀ ਸੁਣਵਾਈ ਨਹੀਂ ਹੁੰਦੀ। ਦੁਖੀ ਹੋਇਆ ਕਿਸਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪਿਛੇ ਲੱਗ ਕੇ ਉਮੀਦ ਕਰਦਾ ਹੈ ਕਿ ਸਾਡਾ  ਕਿਸਾਨੀ ਦਾ ਮਸਲਾ ਹੱਲ ਹੋ ਜਾਵੇਗਾ ਪਰ ਸਮਝ ਨਹੀਂ ਲੱਗ ਰਹੀ ਕਿ ਕਿਸਾਨਾਂ ਦਾ ਸਹਿਯੋਗ ਮਿਲਣ ਮਗਰੋਂ ਵੀ ਕਿਸਾਨ ਯੂਨੀਅਨਾਂ ਦੇ ਧਰਨੇ ਫ਼ੇਲ ਕਿਉਂ ਹੋ ਜਾਂਦੇ ਹਨ? 10 ਦਿਨ ਦਾ ਬੰਦ ਸੀ, ਛੇਵੇਂ ਦਿਨ ਅੱਧ ਵਿਚਕਾਰ ਖ਼ਤਮ ਕਰਨਾ ਪਿਆ ਕਿਸਾਨ ਜਥੇਬੰਦੀਆਂ ਨੂੰ ਅਪਣਾ ਸੰਘਰਸ਼।

ਦੁੱਧ ਨੂੰ 13ਵਾਂ ਰਤਨ ਕਹਿੰਦੇ ਹਨ। ਕਿਵੇਂ ਕੀਮਤੀ ਦੁੱਧ ਸੜਕਾਂ 'ਤੇ ਡੋਲ੍ਹਿਆ ਗਿਆ, ਫ਼ਰੂਟ ਸਬਜ਼ੀਆਂ ਸੜਕਾਂ ਉਤੇ ਖਿਲਾਰ ਦਿਤੇ ਗਏ। ਸ਼ਹਿਰਾਂ ਵਿਚ ਦੁੱਧ ਸਬਜ਼ੀਆਂ ਭੇਜਣੀਆਂ ਬੰਦ ਕਰ ਰਹੇ ਸਨ ਪਰ ਸ਼ਹਿਰ  ਦੇ ਬਾਜ਼ਾਰ ਵਿਚ ਹਰ ਵਿਅਕਤੀ ਨੂੰ ਮੁੱਲ ਸਬਜ਼ੀ ਮਿਲਦੀ ਰਹੀ। ਕੋਈ ਵਿਅਕਤੀ ਅਜਿਹਾ ਨਹੀਂ ਸੀ ਜਿਸ ਨੂੰ ਸ਼ਹਿਰ ਵਿਚ ਹੜਤਾਲ ਸਦਕਾ ਸਾਰਾ ਦਿਨ ਚਾਹ ਨਸੀਬ ਨਾ ਹੋਈ ਹੋਵੇ।

ਜਿਸ ਮੋਦੀ ਵਿਰੁਧ ਇਹ ਰੌਲਾ ਪਾਇਆ ਗਿਆ, ਉਸ ਮੋਦੀ ਦੇ ਕੰਨ ਉਤੇ ਜੂੰ ਨਹੀਂ ਸਰਕੀ ਕਿਉਂਕਿ ਕਿਸਾਨ ਯੂਨੀਅਨਾਂ ਦੇ ਵਿਚਾਰ ਵਖੋ ਵਖਰੇ ਹੋ ਗਏ। ਪੰਜਾਬ ਦੇ ਛੋਟੇ ਕਿਸਾਨ ਜੋ ਡੇਅਰੀ ਧੰਦੇ ਰਾਹੀਂ ਤੇ ਸਬਜ਼ੀਆਂ ਬੀਜ ਕੇ ਅਪਣਾ ਗੁਜ਼ਾਰਾ ਕਰਦੇ ਹਨ, ਉਨ੍ਹਾਂ ਦਾ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ। ਸ਼ਹਿਰਾਂ ਵਿਚ 6 ਦਿਨ ਦਹਿਸ਼ਤ ਦਾ ਮਾਹੌਲ ਰਿਹਾ। ਕੁੱਝ ਲੋਕ ਵਿਚਾਰੇ ਕੁੱਟੇ ਗਏ। ਇਕ ਅੰਮ੍ਰਿਤਧਾਰੀ ਦੀ ਪੱਗ ਵੀ ਲਾਹੀ ਗਈ। ਉਸ ਨੂੰ ਘੜੀਸਿਆ ਗਿਆ। ਇਕ ਦੋਧੀ ਵਿਚਾਰਾ ਦੁਧ ਦਾ ਡਰੰਮ ਲੈ ਕੇ ਆ ਰਿਹਾ ਸੀ, ਕੁੱਝ ਬੰਦੇ ਆਏ ਅਤੇ ਦੁਧ ਦਾ ਭਰਿਆ ਡਰੰਮ ਖੋਹ ਕੇ ਭੱਜ ਗਏ।

ਸ਼ਹਿਰਾਂ ਦੀਆਂ ਸੜਕਾਂ ਉਤੇ ਗੰਦ ਪਿਆ ਰਿਹਾ। ਬੰਦ ਦੌਰਾਨ ਹੋਰ ਬਹੁਤ ਘਟਨਾਵਾਂ ਵਾਪਰੀਆਂ ਜੋ ਆਮ ਪਬਲਿਕ ਨੂੰ ਠੀਕ ਨਹੀਂ ਲਗੀਆਂ। ਪੁਰਾਣੇ ਨਹੁੰ ਮਾਸ ਦੇ ਰਿਸ਼ਤਿਆਂ ਵਾਲਿਆਂ ਦੀ ਦਿੱਲੀ ਵਿਚ ਮੋਦੀ ਨਾਲ ਭਾਈਵਾਲ ਸਰਕਾਰ ਹੈ। ਅਫ਼ਸੋਸ ਹੈ, ਉਹ ਪੰਜਾਬ ਦੇ ਸਾਬਕਾ ਸਰਕਾਰ ਵਾਲੇ, ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਖੜੇ, ਨਾ ਹੀ ਮੋਦੀ ਸਰਕਾਰ ਦੀ ਮਨਿਸਟਰ ਬੀਬੀ ਹਰਸਿਮਰਤ ਕੌਰ ਖੜੀ।

ਪਰ ਅਫ਼ਸੋਸ ਹੈ ਆਉਣ ਵਾਲੀਆਂ 2019 ਲੋਕਸਭਾ ਚੋਣਾਂ ਵਿਚ ਇਨ੍ਹਾਂ ਨਾਲ ਕੁੱਝ ਕਿਸਾਨ ਜ਼ਰੂਰ ਖੜੇ ਹੋ ਸਕਦੇ ਹਨ, ਕਿਸਾਨ ਯੂਨੀਅਨਾਂ ਦੇ ਲੀਡਰ ਫਿਰ ਇਨ੍ਹਾਂ ਲੋਕਾਂ ਤੋਂ ਚੇਅਰਮੈਨੀਆਂ ਲੈ ਸਕਦੇ ਹਨ। ਮੁਰਦਾਬਾਦ ਦੇ ਨਾਹਰੇ ਵਜਦੇ ਰਹਿਣਗੇ, ਧਰਨੇ ਜਾਰੀ ਰਹਿਣਗੇ, ਪ੍ਰਾਪਤੀ ਹੁਣ ਵਾਂਗ ਕੋਈ ਨਹੀਂ ਹੋਵੇਗੀ। 
-ਭੁਪਿੰਦਰ ਸਿੰਘ ਬਾਠ, ਪਿੰਡ ਪੰਜੋਲੀ (ਫਤਿਹਗੜ੍ਹ ਸਾਹਿਬ), ਸੰਪਰਕ : 94176-82002