ਅਵਾਰਾ ਪਸ਼ੂਆਂ ਦੀ ਸੱਚਮੁਚ ਦੀ ਸੰਭਾਲ ਕਿਵੇਂ ਕੀਤੀ ਜਾਵੇ
ਸਵੇਰੇ ਜਦ ਸੈਰ ਕਰਦੇ ਹਾਂ ਤਾਂ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਅਵਾਰਾ ਗਊਆਂ ਕਚਰੇ ਦੇ ਡੰਪ ਵਿਚ ਮੂੰਹ ਮਾਰ ਕੇ ਕੁੱਝ ਲੱਭ ਰਹੀਆਂ ਹੁੰਦੀਆਂ ਹਨ। ਇਹ ਪੰਜਾਬ ...
ਸਵੇਰੇ ਜਦ ਸੈਰ ਕਰਦੇ ਹਾਂ ਤਾਂ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਅਵਾਰਾ ਗਊਆਂ ਕਚਰੇ ਦੇ ਡੰਪ ਵਿਚ ਮੂੰਹ ਮਾਰ ਕੇ ਕੁੱਝ ਲੱਭ ਰਹੀਆਂ ਹੁੰਦੀਆਂ ਹਨ। ਇਹ ਪੰਜਾਬ ਦੀ ਸੰਸਕ੍ਰਿਤੀ ਵਾਸਤੇ ਕਿੰਨੀ ਸ਼ਰਮ ਵਾਲੀ ਗੱਲ ਹੈ? ਕਿੰਨੇ ਹੀ ਤਿਉਹਾਰਾਂ ਤੇ ਧਾਰਮਕ ਸੰਸਥਾਵਾਂ ਵਲੋਂ ਲੰਗਰ ਲਗਾਏ ਜਾਂਦੇ ਹਨ। ਕੁੱਝ ਸੁਸਾਇਟੀਆਂ ਹਰ ਹਫ਼ਤੇ ਲੰਗਰ ਲਗਾਉਂਦੀਆਂ ਹਨ। ਪੁੰਨ ਕਰਨਾ ਕੋਈ ਮਾੜੀ ਗੱਲ ਨਹੀਂ, ਪ੍ਰੰਤੂ ਪੁੰਨ ਉਨ੍ਹਾਂ ਲੋਕਾਂ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਚੰਗੀ ਸਿਹਤ ਤੇ ਦਿਮਾਗ਼ ਦਿਤੇ ਹਨ।
ਪਸ਼ੂਆਂ ਨੂੰ ਪਰਮਾਤਮਾ ਨੇ ਇਨਸਾਨ ਉਤੇ ਨਿਰਭਰ ਕੀਤਾ ਹੋਇਆ ਹੈ। ਦਿਨੋ ਦਿਨ ਅਵਾਰਾ ਪਸ਼ੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਆਏ ਦਿਨ ਸੜਕ ਹਾਦਸੇ ਵਾਪਰਦੇ ਹਨ ਤੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਲੋਕਾਂ ਦੀ ਗਊਆਂ ਪ੍ਰਤੀ ਨਫ਼ਰਤ ਵੱਧ ਰਹੀ ਹੈ। ਕੋਈ ਸਲਾਹ ਦਿੰਦਾ ਹੈ ਕਿ ਸਲਾਟਰ ਪਲਾਂਟ ਹੀ ਇਨ੍ਹਾਂ ਦਾ ਹੱਲ ਹੈ, ਕੋਈ ਕਹਿੰਦਾ ਹੈ, ਅਰਬ ਕੰਟਰੀ ਨੂੰ ਐਕਸਪੋਰਟ ਕੀਤੀਆਂ ਜਾਣ। ਕੀ ਅਸੀ ਅਪਣੇ ਬੁਜ਼ਰਗਾਂ ਪ੍ਰਤੀ ਇਸ ਤਰ੍ਹਾਂ ਦੀ ਸੋਚ ਬਣਾ ਸਕਦੇ ਹਾਂ? ਨਹੀਂ ਕਦੇ ਨਹੀਂ।
ਇਸ ਦਾ ਹੱਲ ਇਕੋ ਹੀ ਹੈ ਕਿ ਸਰਕਾਰਾਂ, ਧਾਰਮਕ ਜਥੇਬੰਦੀਆਂ ਤੇ ਲੋਕ ਰਲ ਕੇ ਹੰਭਲਾ ਮਾਰਨ ਤੇ ਹਰ ਬਲਾਕ ਵਿਚ ਘੱਟੋ ਘੱਟ ਇਕ ਗਾਊਸ਼ਾਲਾ ਖੋਲ੍ਹਣ ਦਾ ਕੰਮ ਕੀਤਾ ਜਾਵੇ ਜਿਥੇ ਅਵਾਰਾ ਪਸ਼ੂ ਸੰਭਾਲੇ ਜਾ ਸਕਣ। ਜ਼ਮੀਨ ਦਾ ਪ੍ਰਬੰਧ ਪੰਚਾਇਤੀ ਜਾਂ ਚਾਹਵਾਨ ਵਿਅਕਤੀ ਤੋਂ ਠੇਕੇ ਉਤੇ ਲੈ ਕੇ, ਧਾਰਮਕ ਸੁਸਾਇਟੀਆਂ ਦੀ ਮਦਦ ਨਾਲ ਤਾਰਬੰਦੀ ਅਤੇ ਸ਼ੈੱਡਾਂ ਦਾ ਕੰਮ ਕੀਤਾ ਜਾਵੇ। ਸਰਕਾਰ ਗਊ ਸੈੱਸ ਤੋਂ ਪੈਸਾ ਇਕੱਠਾ ਕਰ ਰਹੀ ਹੈ।
ਉਸ ਨੂੰ ਵਰਤ ਕੇ, ਰੱਖ ਰਖਾਅ ਲਈ ਲੇਬਰ ਤੇ ਖਾਦ ਪਾਣ ਦਾ ਪ੍ਰਬੰਧ ਕਰੇ। ਇਸ ਕੰਮ ਦੀ ਜ਼ਿੰਮੇਵਾਰੀ ਕਲੱਬਾਂ ਜਾਂ ਸੁਸਾਇਟੀਆਂ ਨੂੰ ਸਰਕਾਰ ਦੀ ਦੇਖ ਰੇਖ ਵਿਚ ਰਜਿਸਟਰ ਕਰ ਕੇ ਦਿਤੀ ਜਾਵੇ।
-ਅਮਰਜੀਤ ਸਿੰਘ ਸਿੱਧੂ,ਬਠਿੰਡਾ ਸੰਪਰਕ : 9463370863