ਨਹੀਂ ਅੱਜ ਦਾ ਹਿੰਦੁਸਤਾਨ ਚੰਗੀ ਗੱਲ ਕਿਸੇ ਦੀ ਨਹੀਂ ਸੁਣੇਗਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਾਡੇ ਦੇਸ਼ ਦੀ ਧਾਰਮਕ ਅਸਹਿਣਸ਼ੀਲਤਾ ਬਾਰੇ ਅਮਰੀਕੀ ਰੀਪੋਰਟ

Hindustan

ਵਾਰ ਵਾਰ ਆਖੀ ਜਾਂਦੀ ਇਹ ਗੱਲ ਵੀ ਦੁਹਰਾਈ ਗਈ ਹੈ ਕਿ ਭਾਰਤ ਦੀ ਸਹਿਣਸ਼ੀਲਤਾ, ਸਦੀਆਂ ਪੁਰਾਣੀ ਹੈ ਤੇ ਇਥੇ ਹਰ ਇਕ ਨੂੰ ਗਲੇ ਨਾਲ ਹੀ ਲਗਾਇਆ ਜਾਂਦਾ ਹੈ। ਅਜਿਹਾ ਕਹਿਣ ਵਾਲੇ ਬੜੀ ਆਸਾਨੀ ਨਾਲ ਭੁੱਲ ਜਾਂਦੇ ਹਨ ਕਿ ਦਲਿਤਾਂ ਨੂੰ ਅਛੂਤ ਕਹਿ ਕੇ ਜੋ ਸਲੂਕ ਸਦੀਆਂ ਤੋਂ ਉਨ੍ਹਾਂ ਨਾਲ ਕੀਤਾ ਗਿਆ, ਦੁਨੀਆਂ ਵਿਚ ਹੋਰ ਕਿਸੇ ਸਮਾਜ ਵਿਚ, ਇਸ ਤਰ੍ਹਾਂ ਕਿਸੇ ਨਾਲ ਨਹੀਂ ਹੋਇਆ। ਬੋਧੀਆਂ ਨੂੰ ਜਿਵੇਂ ਜ਼ਿੰਦਾ ਸਾੜ ਕੇ ਦੇਸ਼ ਤੋਂ ਬਾਹਰ ਕੱਢ ਦਿਤਾ ਗਿਆ, ਸਿੱਖਾਂ ਨਾਲ 1984 ਵਿਚ ਜੋ ਕੁੱਝ ਕੀਤਾ ਗਿਆ ਤੇ ਮੁਸਲਮਾਨਾਂ ਨਾਲ 2002 ਵਿਚ, ਕੀ ਉਨ੍ਹਾਂ ਨੂੰ ਵੇਖ ਕੇ ਵੀ ਭਾਰਤੀ 'ਸਹਿਣਸ਼ੀਲਤਾ' ਦਾ ਢੰਡੋਰਾ ਪਿੱਟਣ ਵਾਲਿਆਂ ਨੂੰ ਸਾਵਧਾਨ ਕਰਨ ਨੂੰ ਗ਼ਲਤੀ ਕਿਹਾ ਜਾ ਸਕਦਾ ਹੈ?

ਅਮਰੀਕਾ ਸਰਕਾਰ ਦੇ ਵਿਦੇਸ਼ ਵਿਭਾਗ ਨੇ ਸਾਰੇ ਦੇਸ਼ਾਂ ਅੰਦਰ ਧਾਰਮਕ ਆਜ਼ਾਦੀ ਬਾਰੇ ਰੀਪੋਰਟ ਜਾਰੀ ਕੀਤੀ ਹੈ ਜਿਸ ਵਿਚ ਭਾਰਤ ਅੰਦਰ ਫ਼ਿਰਕੂਵਾਦ ਫੈਲਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਰੀਪੋਰਟ ਮੁਤਾਬਕ ਭਾਰਤ ਵਿਚ ਧਾਰਮਕ ਆਜ਼ਾਦੀ ਅਤੇ ਵੱਖਵਾਦੀ ਫ਼ਿਰਕੂ ਸੋਚ ਹਾਵੀ ਹੈ। ਰੀਪੋਰਟ ਵਿਚ ਕੇਂਦਰ ਸਰਕਾਰ ਉਤੇ ਇਸ ਫ਼ਿਰਕੂ ਸੋਚ ਨੂੰ ਵਧਾਉਣ ਅਤੇ ਉਤਸ਼ਾਹਤ ਕਰਨ ਦੀ ਜ਼ਿੰਮੇਵਾਰੀ ਵੀ ਮੜ੍ਹੀ ਗਈ ਹੈ। ਭਾਰਤ ਸਰਕਾਰ ਨੇ ਇਸ ਰੀਪੋਰਟ ਨੂੰ ਰੱਦ ਕੀਤਾ ਹੈ ਤੇ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਘੱਟ ਗਿਣਤੀਆਂ ਨੂੰ ਪੂਰੀ ਆਜ਼ਾਦੀ ਹੈ। ਆਖ਼ਰਕਾਰ ਤਿੰਨ ਤਲਾਕ ਬਾਰੇ ਸੱਭ ਤੋਂ ਵੱਧ ਕੋਸ਼ਿਸ਼ ਭਾਜਪਾ ਸਰਕਾਰ ਦੀ ਰਹੀ ਹੈ ਅਤੇ ਇਸ ਬਿਲ ਨੂੰ ਦੂਜੀ ਵਾਰੀ ਕਾਨੂੰਨ ਬਣਾਉਣ ਦੀ ਕੋਸ਼ਿਸ਼ ਵੀ ਇਹੀ ਪਾਰਟੀ ਕਰ ਰਹੀ ਹੈ।

ਵਾਰ ਵਾਰ ਆਖੀ ਜਾਂਦੀ ਇਹ ਗੱਲ ਵੀ ਦੁਹਰਾਈ ਗਈ ਹੈ ਕਿ ਭਾਰਤ ਦੀ ਸਹਿਣਸ਼ੀਲਤਾ, ਸਦੀਆਂ ਪੁਰਾਣੀ ਹੈ ਤੇ ਇਥੇ ਹਰ ਇਕ ਨੂੰ ਗਲੇ ਨਾਲ ਹੀ ਲਗਾਇਆ ਜਾਂਦਾ ਹੈ। ਅਜਿਹਾ ਕਹਿਣ ਵਾਲੇ ਬੜੀ ਆਸਾਨੀ ਨਾਲ ਭੁੱਲ ਜਾਂਦੇ ਹਨ ਕਿ ਦਲਿਤਾਂ ਨੂੰ ਅਛੂਤ ਕਹਿ ਕੇ ਜੋ ਸਲੂਕ ਸਦੀਆਂ ਤੋਂ ਉਨ੍ਹਾਂ ਨਾਲ ਕੀਤਾ ਗਿਆ, ਦੁਨੀਆਂ ਵਿਚ ਹੋਰ ਕਿਸੇ ਸਮਾਜ ਵਿਚ, ਇਸ ਤਰ੍ਹਾਂ ਕਿਸੇ ਨਾਲ ਨਹੀਂ ਹੋਇਆ। ਬੋਧੀਆਂ ਨੂੰ ਜਿਵੇਂ ਜ਼ਿੰਦਾ ਸਾੜ ਕੇ ਦੇਸ਼ ਤੋਂ ਬਾਹਰ ਕੱਢ ਦਿਤਾ ਗਿਆ, ਸਿੱਖਾਂ ਨਾਲ 1984 ਵਿਚ ਜੋ ਕੁੱਝ ਕੀਤਾ ਗਿਆ ਤੇ ਮੁਸਲਮਾਨਾਂ ਨਾਲ 2002 ਵਿਚ, ਕੀ ਉਨ੍ਹਾਂ ਨੂੰ ਵੇਖ ਕੇ ਵੀ ਭਾਰਤੀ 'ਸਹਿਣਸ਼ੀਲਤਾ' ਦਾ ਢੰਡੋਰਾ ਪਿੱਟਣ ਵਾਲਿਆਂ ਨੂੰ ਸਾਵਧਾਨ ਕਰਨ ਨੂੰ ਗ਼ਲਤੀ ਕਿਹਾ ਜਾ ਸਕਦਾ ਹੈ?

ਇਹ ਵੀ ਆਖਿਆ ਜਾ ਰਿਹਾ ਹੈ ਕਿ ਅਮਰੀਕਾ ਸਰਕਾਰ ਕਿਸੇ ਹੋਰ ਬਾਰੇ ਟਿਪਣੀ ਕਰਨ ਦਾ ਕੀ ਹੱਕ ਰਖਦੀ ਹੈ ਜਦ ਉਨ੍ਹਾਂ ਦੇ ਅਪਣੇ ਦੇਸ਼ ਦੀਆਂ ਸਰਹੱਦਾਂ 'ਤੇ ਮੈਕਸੀਕੋ ਦੇ ਬੱਚਿਆਂ ਲਈ ਜੋ ਕੈਂਪ ਲਾਏ ਗਏ ਹਨ, ਉਨ੍ਹਾਂ ਨੂੰ ਨਾਜ਼ੀ ਕੈਂਪਾਂ ਨਾਲ ਤਸਬੀਹ ਦਿਤੀ ਜਾ ਰਹੀ ਹੈ। ਉਨ੍ਹਾਂ ਕੈਂਪਾਂ ਵਿਚ ਅਮਰੀਕੀ ਸਰਕਾਰ ਮੈਕਸੀਕੋ ਦੇ ਬੱਚਿਆਂ ਨੂੰ ਸਾਬਣ ਅਤੇ ਟੁੱਥ ਬਰੱਸ਼ ਦੇਣ ਤੋਂ ਕਤਰਾ ਰਹੀ ਹੈ। ਸੋ, ਉਨ੍ਹਾਂ ਨੂੰ ਭਾਰਤ ਉਤੇ ਟਿਪਣੀ ਕਰਨ ਦਾ ਕੋਈ ਹੱਕ ਨਹੀਂ। ਪਰ ਜੇ ਇਸ ਰੀਪੋਰਟ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਰੀਪੋਰਟ ਸਿਰਫ਼ ਭਾਰਤ ਦੀ ਜਾਂ ਬਾਕੀ ਦੇਸ਼ਾਂ ਬਾਰੇ ਹੀ ਨਹੀਂ ਬਲਕਿ ਅਪਣੇ ਦੇਸ਼ ਵਿਚ ਚਲ ਰਹੀ ਨਫ਼ਰਤ ਉਤੇ ਵੀ ਰੌਸ਼ਨੀ ਪਾਉਂਦੀ ਹੈ। ਰੀਪੋਰਟ ਵਿਚ ਦੁਨੀਆਂ ਅੰਦਰ ਵੱਧ ਰਹੀ ਨਫ਼ਰਤ ਦੇ ਅਪਰਾਧਾਂ ਉਤੇ ਵੀ ਰੌਸ਼ਨੀ ਪਾਈ ਗਈ ਹੈ। ਇਸ ਵਿਚ ਸਾਹਮਣੇ ਆਇਆ ਹੈ ਕਿ ਬਲਾਤਕਾਰ, ਚੋਰੀ, ਡਕੈਤੀ ਵਿਚ ਕਮੀ ਆਈ ਹੈ। ਪਰ ਨਫ਼ਰਤ ਦੇ ਅਪਰਾਧਾਂ ਵਿਚ 100% ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਨਸਲੀ ਵਖਰੇਪਨ ਦੇ ਪਿਛੋਕੜ ਵਾਲੇ ਲੋਕਾਂ ਵਿਰੁਧ ਅਪਰਾਧ ਵਿਚ 200% ਵਾਧਾ ਆਇਆ ਹੈ। 

ਸੋ ਰੀਪੋਰਟ ਵਿਚ ਅੰਕੜੇ ਕੁੱਝ ਤੱਥਾਂ ਵਲ ਸੰਕੇਤ ਕਰਦੇ ਹਨ ਪਰ ਉਨ੍ਹਾਂ ਨਾਲ ਅੱਗੇ ਕੀ ਕੀਤਾ ਜਾਂਦਾ ਹੈ, ਉਹ ਸਾਡੇ ਆਗੂਆਂ ਉਤੇ ਨਿਰਭਰ ਕਰਦਾ ਹੈ। ਇਤਫ਼ਾਕਨ ਜਿਸ ਦਿਨ ਰੀਪੋਰਟ ਆਈ, ਉਸੇ ਦਿਨ ਝਾਰਖੰਡ ਵਿਚ ਇਕ ਮੁਸਲਮਾਨ ਦੀ ਮੌਤ ਹੁੰਦੀ ਹੈ। ਉਸ ਮੁਸਲਮਾਨ ਤੇ ਚੋਰੀ ਦਾ ਸ਼ੱਕ ਸੀ। ਸੋ ਕੁੱਝ 'ਹਿੰਦੂ' ਵਿਅਕਤੀਆਂ ਨੇ ਉਸ ਨੂੰ 12 ਘੰਟੇ ਮਾਰਿਆ-ਕੁਟਿਆ। 'ਜੈ ਸ੍ਰੀ ਰਾਮ', 'ਹਨੂਮਾਨ ਕੀ ਜੈ' ਵਾਰ ਵਾਰ ਬੋਲਣ ਲਈ ਮਜਬੂਰ ਕੀਤਾ ਗਿਆ। ਇਕ ਮਿੰਟ ਦੇ ਇਸ ਵੀਡੀਉ ਨੂੰ ਵੇਖਦਿਆਂ ਹੀ ਇਕ ਆਮ ਇਨਸਾਨ ਦੀ ਰੂਹ ਕੰਬ ਜਾਂਦੀ ਹੈ ਪਰ ਪਿੱਛੇ ਮਾਰਦੇ ਕੁਟਦੇ ਲੋਕਾਂ ਦਾ ਹਾਸਾ ਬੰਦ ਨਹੀਂ ਹੁੰਦਾ। ਕਿੰਨੇ ਛੋਟੇ ਹੋਣਗੇ ਉਹ ਲੋਕ ਜੋ ਇਕ ਇਨਸਾਨ ਤੋਂ ਜ਼ਬਰਦਸਤੀ ਕੁੱਝ ਅਖਵਾ ਕੇ ਅਪਣੇ ਆਪ ਨੂੰ ਵੱਡਾ ਮਹਿਸੂਸ ਕਰਦੇ ਹੋਣਗੇ। ਪੁਲਿਸ 12 ਘੰਟਿਆਂ ਬਾਅਦ ਮੌਕੇ ਤੇ ਆਈ ਅਤੇ ਉਸ 'ਮੁਸਲਮਾਨ' ਨੂੰ ਚੋਰੀ ਦਾ ਦੋਸ਼ ਲਾ ਕੇ ਥਾਣੇ ਅੰਦਰ ਬੰਦ ਕਰ ਦਿਤਾ। ਚਾਰ ਦਿਨ ਬਾਅਦ ਉਸ ਦੀ ਅੰਦਰੂਨੀ ਸੱਟਾਂ ਲੱਗਣ ਕਰ ਕੇ ਮੌਤ ਹੋ ਗਈ। 

ਇਹੋ ਜਿਹੇ ਕਿੰਨੇ ਹਾਦਸੇ ਸਾਡੇ ਸਾਹਮਣੇ ਆ ਚੁੱਕੇ ਹਨ ਅਤੇ ਮੋਦੀ ਦੀ ਜਿੱਤ ਤੋਂ ਬਾਅਦ ਫ਼ਿਰਕੂਵਾਦ ਹੋਰ ਤਾਕਤਵਰ ਮਹਿਸੂਸ ਕਰ ਰਿਹਾ ਹੈ। ਕਿਉਂ? ਇਸ ਤਰ੍ਹਾਂ ਦੇ ਅਪਰਾਧਾਂ 'ਚ 2014 ਤੋਂ ਬਾਅਦ 554 ਫ਼ੀ ਸਦੀ ਵਾਧਾ ਹੋਇਆ ਹੈ। ਕਿਉਂ? ਅਮਰੀਕਾ ਵਿਚ ਮੁਸਲਮਾਨਾਂ ਵਿਰੁਧ ਨਫ਼ਰਤ ਵੱਧ ਰਹੀ ਹੈ। ਪਰ ਕਿਉਂ? ਜੇ ਇਸ ਸਵਾਲ ਦਾ ਜਵਾਬ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਰਗੇ ਆਗੂ ਨਹੀਂ ਲੱਭਣਗੇ ਤਾਂ ਕੌਣ ਲੱਭੇਗਾ?
ਮੰਨਿਆ ਕਿ ਦੋਵੇਂ ਆਗੂ ਕੱਟੜ ਰਾਸ਼ਟਰਵਾਦੀ ਹਨ। ਮੋਦੀ ਜੀ ਭਾਰਤ ਨੂੰ ਉਸ ਦੀ ਸ਼ਾਨੋ-ਸ਼ੌਕਤ ਵਾਪਸ ਦਿਵਾਉਣਾ ਚਾਹੁੰਦੇ ਹਨ ਅਤੇ ਟਰੰਪ ਸਾਰੀ ਦੁਨੀਆਂ ਦੀ ਮਦਦ ਕਰਨ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਦੀ ਮਦਦ ਕਰਨਾ ਚਾਹੁੰਦਾ ਹੈ। ਸੋਚ ਤਾਂ ਸਹੀ ਹੈ ਪਰ ਇਕ ਚੰਗੀ ਸੋਚ ਨੂੰ ਪੂਰਾ ਕਰਨ ਲਗਿਆਂ ਜੇ ਕੁੱਝ ਗ਼ਲਤ ਕੰਮ ਵੀ ਨਾਲ ਹੀ ਕਰ ਦਿਤੇ ਜਾਣ ਤਾਂ ਕੀ ਉਨ੍ਹਾਂ ਨੂੰ ਵੀ 'ਸਹੀ ਸੋਚ' ਦਾ ਭਾਗ ਮੰਨਿਆ ਜਾ ਸਕਦਾ ਹੈ? 
ਰਾਸ਼ਟਰਵਾਦ ਦੇ ਨਾਂ ਤੇ ਨਫ਼ਰਤ ਨੂੰ ਹਵਾ ਦੇਣਾ ਜਾਂ ਉਸ ਤੋਂ ਮੂੰਹ ਪਰੇ ਕਰ ਲੈਣਾ ਵੀ ਛੋਟਾ ਕਸੂਰ ਨਹੀਂ ਮੰਨਿਆ ਜਾਂਦਾ। ਅਪਣੇ ਮਨੁੱਖੀ ਅਧਿਕਾਰਾਂ ਵਾਸਤੇ ਕਿਸੇ ਹੋਰ ਦੇ ਅਧਿਕਾਰਾਂ ਨੂੰ ਕੁਚਲਣਾ ਕੀ ਵੱਡਾ ਗੁਨਾਹ ਨਹੀਂ ਮੰਨਿਆ ਜਾਵੇਗਾ? ਅਤੇ ਜਿਸ ਅੱਗ ਵਿਚ ਅੱਜ ਦੁਨੀਆਂ ਲਪੇਟੀ ਜਾ ਰਹੀ ਹੈ, ਕੀ ਇਹ 'ਅਪਣੇ ਰਾਸ਼ਟਰ' ਨੂੰ ਉਸ ਤੋਂ ਬਚਾ ਸਕਣਗੇ? ਇਹ ਰੀਪੋਰਟ ਫ਼ਤਵੇ ਨਹੀਂ ਦੇਂਦੀ ਬਲਕਿ ਆਈਨਾ ਵਿਖਾਉਂਦੀ ਹੈ, ਪਰ ਕੀ ਸਾਡੇ ਆਗੂ ਸੱਚ ਵੇਖਣ ਅਤੇ ਸਮਝਣ ਦੀ ਤਾਕਤ ਰਖਦੇ ਹਨ?  -

ਨਿਮਰਤ ਕੌਰ