ਪੰਜਾਬ ਵਿਚ ਸੱਤਾ ਦੀ ਲੜਾਈ ਪਿੱਛੇ ਸੋਨੀਆ ਗਾਂਧੀ ਬਨਾਮ ਰਾਹੁਲ ਗਾਂਧੀ ਲੜਾਈ ਦਾ ਵੀ ਵੱਡਾ ਹੱਥ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ ਅੱਜ ਦੀ ਤਰੀਕ ਵਿਚ ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ। 

Sonia Gandhi, Rahul Gandhi

ਪੰਜਾਬ ਕਾਂਗਰਸ ਵਿਚ ਜੋ ਸੰਕਟ ਚੱਲ ਰਿਹਾ ਹੈ, ਉਹ ਹਰ ਸੂਬੇ ਵਿਚ ਕਾਂਗਰਸ ਦੇ ਅੰਦਰੂਨੀ ਸੰਕਟ ਦਾ ਪ੍ਰਤੀਕ ਹੈ ਤੇ ਇਹ ਲੜਾਈ ਸਿਰਫ਼ ਕਾਂਗਰਸ ਦੀ ਨਹੀਂ ਬਲਕਿ ਇਕ ਮਾਂ-ਪੁੱਤਰ ਦੀ ਲੜਾਈ ਵੀ ਹੈ। ਕਾਂਗਰਸ ਦੀ ਅੰਦਰੂਨੀ ਲੜਾਈ ਅੱਜ ਸਿਰਫ਼ ਕਾਂਗਰਸ ਵਾਸਤੇ ਹੀ ਮਹੱਤਵਪੂਰਨ ਨਹੀਂ ਬਲਕਿ ਜਿਵੇਂ ਰਾਸ਼ਟਰੀ ਮੰਚ ਦੇ ਐਲਾਨ ਤੋਂ ਸਾਫ਼ ਹੈ ਕਿ ਕਾਂਗਰਸ ਦੀ ਹੋਂਦ, ਭਾਰਤੀ ਲੋਕਤੰਤਰ ਨੂੰ ਜੀਵਤ ਰਖਣ ਲਈ ਵੀ ਜ਼ਰੂਰੀ ਹੈ ਕਿਉਂਕਿ ਕਾਂਗਰਸ ਬਿਨਾਂ ਅੱਜ ਕੋਈ ਹੋਰ ਪਾਰਟੀ ਜਾਂ ਪਾਰਟੀਆਂ ਵਿਰੋਧੀ ਧਿਰ ਨਹੀਂ ਬਣ ਸਕਦੀਆਂ।

ਭਾਰਤ ਅੱਜ ਦੀ ਤਰੀਕ ਵਿਚ ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ। ਪਰ ਅਜੀਬ ਗੱਲ ਹੈ ਕਿ ਜਿਸ ਪਾਰਟੀ ਦੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਰਹੀ ਸੀ, ਉਹ ਪਾਰਟੀ ਅੱਜ ਇਕ ‘ਮਾਂ’ ਦੇ ਸਾਹਮਣੇ ਹਾਰ ਰਹੀ ਹੈ। ਜਿਸ ਗਾਂਧੀ ਪ੍ਰਵਾਰ ਦੇ ਨਾਂ ਤੇ ਸੋਨੀਆ ਗਾਂਧੀ ਇਕ ਵਾਰ ਭਾਰਤ ਨੂੰ ਸਥਿਰਤਾ ਤੇ ਮਜ਼ਬੂਤੀ ਦੇਣ ਵਿਚ ਕਾਮਯਾਬ ਵੀ ਰਹੀ, ਅੱਜ ਉਹੀ ਗਾਂਧੀ ਨਾਮ ਕਾਂਗਰਸ ਦੀ ਕਮਜ਼ੋਰੀ ਦਾ ਕਾਰਨ ਬਣ ਰਿਹਾ ਹੈ।

ਰਾਹੁਲ ਗਾਂਧੀ ਤੋਂ ਜ਼ਿਆਦਾ ਇਕ ਮਾਂ ਦਾ ਪਿਆਰ ਵੀ ਕੰਮ ਕਰ ਰਿਹਾ ਹੈ ਤੇ ਇਕ ‘ਗਾਂਧੀ’ ਦੀ ਜ਼ਿੱਦ ਵੀ ਹੈ ਜੋ ਦੇਸ਼ ਤੇ ਪਾਰਟੀ, ਦੁਹਾਂ ਦੀ ਵਾਗਡੋਰ ਅਪਣੇ ਹੱਥਾਂ ਵਿਚ ਰੱਖਣ ਲਈ ਅੜਿਆ ਹੋਇਆ ਹੈ। ਜੇਕਰ ਸੋਨੀਆ ਗਾਂਧੀ ਅਪਣੇ ਪੁੱਤਰ ਨੂੰ ਸਚਮੁਚ ਹੀ ਕਾਂਗਰਸ ਦੀ ਵਾਗਡੋਰ ਸੰਭਾਲਣ ਯੋਗ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸਿਆਸਤ ਵਿਚ ਜ਼ਿੰਮੇਵਾਰੀ ਨਾਲ ਚਲਣਾ ਵੀ ਸਿਖਾਵੇ। ਰਾਹੁਲ ਨੂੰ ਸ਼ਹਿਜ਼ਾਦਾ, ਸੋਨੀਆ ਗਾਂਧੀ ਦੇ ਪਛਮੀ ਢੰਗ ਦੇ ਪਾਲਣ ਪੋਸਣ ਨੇ ਬਣਾਇਆ ਪਰ ਸੋਨੀਆ ਵਿਚ ਇਕ ਔਰਤ ਵੀ ਹੈ

ਜਿਸ ਨੂੰ ਇਕ ਆਮ ਘਰਾਣੇ ਤੋਂ ਉਠ ਕੇ ਇਕਦੰਮ ਭਾਰਤ ਦੀ ਸੱਭ ਤੋਂ ਵੱਡੀ ਤੇ ਪੁਰਾਣੀ ਪਾਰਟੀ ਦੀ ਵਾਗਡੋਰ ਸੰਭਾਲਣ ਨੂੰ ਮਿਲੀ ਤੇ ਹੁਣ ਉਹ ਉਸ ਤਾਕਤ ਨੂੰ ਛੱਡ ਦੇਣ ਦੀ ਹਿੰਮਤ ਜੁਟਾਉਣ ਵਿਚ ਸਫ਼ਲ ਨਹੀਂ ਹੋ ਰਹੀ, ਭਾਵੇਂ ਤਾਕਤ ਉਸ ਦੇ ਅਪਣੇ ਪੁੱਤਰ ਨੂੰ ਹੀ ਕਿਉਂ ਨਾ ਮਿਲ ਰਹੀ ਹੋਵੇ। ਇਹੀ ਮੁਸ਼ਕਲ ਕਾਂਗਰਸ ਵਿਚ ਹਰ ਪੱਧਰ ਤੇ ਨਜ਼ਰ ਆ ਰਹੀ ਹੈ ਕਿ ਸੋਨੀਆ ਵਾਂਗ ਪੁਰਾਣੇ ਸਿਆਸੀ ਆਗੂ ਅਪਣੀ ਤਾਕਤ ਅਗਲੀ ਪੀੜ੍ਹੀ ਨੂੰ ਦੇਣ ਲਈ ਤਿਆਰ ਨਹੀਂ ਹੋ ਰਹੇ ਜਿਸ ਕਾਰਨ ਸਥਿਤੀ ਅਜਿਹੀ ਉਤਪਨ ਹੋ ਗਈ ਹੈ ਕਿ ਅੱਜ ਦੇ ਦਿਨ ਵਾਗਡੋਰ ਪੂਰੀ ਤਰ੍ਹਾਂ ਨਾ ਤਾਂ ਟਕਸਾਲੀ ਕਾਂਗਰਸੀਆਂ ਕੋਲ ਹੈ ਤੇ ਨਾ ਹੀ ਨੌਜੁਆਨਾਂ ਕੋਲ ਤੇ ਇਸ ਹਾਲਤ ਵਿਚ, ਆਮ ਕਾਂਗਰਸੀ ਦੇ ਨਾਲ-ਨਾਲ ਭਾਰਤ ਦਾ ਲੋਕਤੰਤਰ ਵੀ ਪਿਸ ਰਿਹਾ ਹੈ ਜਿਸ ਨੇ ਆਜ਼ਾਦ ਭਾਰਤ ਵਿਚ ਪਿਛਲੇ 70 ਸਾਲਾਂ ਤੋਂ ਕਾਂਗਰਸ ਨੂੰ ਵੋਟ ਦੇ ਨਾਲ ਨਾਲ ਅਪਣੇ ਪੂਰੇ ਵਿਸ਼ਵਾਸ ਨਾਲ ਪਾਰਟੀ ਨੂੰ ਸਮਰਥਨ ਦਿਤਾ। 

ਭਾਰਤ ਵਿਚ ਆਉਂਦੀਆਂ ਚੋਣਾਂ ਵਿਚ ਨੌਜੁਆਨਾਂ ਦੀ ਵੋਟ ਫ਼ੀ ਸਦੀ ਵੱਧ ਹੈ ਤੇ ਇਹ ਵਰਗ ਹੁਣ ਬਦਲਾਅ ਚਾਹੁੰਦਾ ਹੈ। ਉਹ ਨੌਕਰੀਆਂ ਚਾਹੁੰਦਾ ਹੈ। ਇਹ ਵਰਗ ਇੰਤਜ਼ਾਰ ਕਰਦਾ ਕਰਦਾ, ਟਕਸਾਲੀਆਂ ਪਿੱਛੇ ਚੁੱਪ ਚਾਪ ਖੜਾ ਰਹਿ ਕੇ ਇੰਤਜ਼ਾਰ ਕਰਨ ਦੀ ਤਾਕਤ ਗਵਾ ਬੈਠਾ ਹੈ। ਜੋਤੀਰਾਜਦਿਤਿਆ ਸਿੰਧੀਆ, ਇਸੇ ਕਾਰਨ ਕਾਂਗਰਸ ਛੱਡ ਗਏ ਸਨ ਕਿਉਂਕਿ ਉਹ ਅਪਣੇ ਪਿਤਾ ਦੀ ਬਦੌਲਤ ਜਲਦ ਹੀ ਕੇਂਦਰ ਵਿਚ ਮੰਤਰੀ ਬਣ ਗਏ ਸਨ ਤੇ ਹੁਣ ਉਹ ਸੂਬੇ ਵਿਚ ਕਿਸੇ ਹੋਰ ਦੇ ਪਿੱਛੇ ਹੌਲੀ ਚਾਲ ਨਾਲ ਚਲਣ ਲਈ ਤਿਆਰ ਨਹੀਂ ਸਨ। 

ਇਹੀ ਪੰਜਾਬ ਵਿਚ ਹੋ ਰਿਹਾ ਹੈ ਪਰ ਪੰਜਾਬ ਵਿਚ ਬਗ਼ਾਵਤ ਦੇ ਬੱਦਲ ਬਹੁਤ ਦੇਰੀ ਨਾਲ ਪ੍ਰਗਟ ਹੋਏ ਹਨ ਜਿਥੇ ਲੋਕ ਇਹ ਮੰਨਦੇ ਹਨ ਕਿ ਇਸ ਸਿਆਸੀ ਬਗ਼ਾਵਤ ਵਿਚ ਬਗ਼ਾਵਤ ਘੱਟ ਤੇ ਲੋਕ ਕਚਹਿਰੀ ਵਿਚ ਪੇਸ਼ ਹੋਣ ਦਾ ਡਰ ਜ਼ਿਆਦਾ ਹੈ। ਹੁਣ ਇਹ ਮਾਂ-ਪੁੱਤਰ ਦੀ ਲੜਾਈ ਪੰਜਾਬ ਵਿਚ ਤਕਰੀਬਨ 80 ਫ਼ੀ ਸਦੀ ਤਕ ਕਾਂਗਰਸ ਮੁੱਖ ਮੰਤਰੀ ਦੇ ਅਹੁਦੇ ਦੁਆਲੇ ਹੀ ਘੁੰਮ ਰਹੀ ਹੈ। ਇਸ ਵਿਚ ਮੁੱਖ ਮੰਤਰੀ ਵਿਰੁਧ ਦੋ ਚਿਹਰੇ ਨਜ਼ਰ ਆ ਰਹੇ ਹਨ, ਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਤੇ ਦੂਜਾ ਨਵਜੋਤ ਸਿੰਘ ਸਿੱਧੂ ਦਾ।

ਇਹ ਚਿਹਰੇ ਤਿੰਨ ਮੈਂਬਰੀ ਕਮੇਟੀ ਵਿਚ ਵੀ ਚਰਚਾ ਦਾ ਵਿਸ਼ਾ ਬਣੇ। ਰਾਹੁਲ ਗਾਂਧੀ ਖ਼ਾਸ ਤੌਰ ਤੇ, ਕਿਸੇ ਦੀ ਹਮਾਇਤ ਕਰਨ ਤੋਂ ਪਹਿਲਾਂ (ਮੌਜੂਦਾ ਮੁੱਖ ਮੰਤਰੀ ਸਮੇਤ) ਇਹ ਯਕੀਨ ਕਰਨਾ ਚਾਹੁੰਦੇ ਹਨ ਕਿ ਜਿਸ ਦੀ ਹਮਾਇਤ ਉਹ ਕਰਨ, ਉਸ ਨੂੰ ਐਮ.ਐਲ.ਏਜ਼ ਦੀ ਬਹੁਗਿਣਤੀ ਦੀ ਹਮਾਇਤ ਵੀ ਪ੍ਰਾਪਤ ਹੋਵੇ।
ਲੋੜ ਹੈ ਕਿ ਪੰਜਾਬ ਵਿਚ ਇਸ ਲੜਾਈ ਨੂੰ ਮਾਂ ਤੇ ਪੁੱਤਰ ਤੋਂ ਅੱਗੇ ਲਿਜਾਇਆ ਜਾਵੇ ਜਾਂ ਧੜੇਬਾਜ਼ੀ ਤੋਂ ਮੁਕਤ ਹੋ ਕੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਜਾਵੇ। ਜੇ ਕਾਂਗਰਸ ਇਹੀ ਵੇਖਦੀ ਰਹੇਗੀ ਕਿ ਕਿਹੜੀ ਟੀਮ ਰਾਹੁਲ ਹਮਾਇਤੀ ਹੈ ਜਾਂ ਕਿਹੜੀ ਟੀਮ ਸੋਨੀਆ ਹਮਾਇਤੀ ਹੈ ਤਾਂ ਪੰਜਾਬ ਜਾਂ ਭਾਰਤ ਵਿਚ ਕਦੇ ਵੀ ਇਹ ਪਾਰਟੀ ਸਿਰ ਨਹੀਂ ਚੁੱਕ ਸਕੇਗੀ।

ਅੱਜ ਇਸ ਪਾਰਟੀ ਨੂੰ ਯਾਦ ਕਰਨ ਦੀ ਲੋੜ ਹੈ ਕਿ ਇਸ ਨੇ ਦੇਸ਼ ਵਿਚ ਕਦੋਂ ਤੇ ਕਿਸ ਆਸ਼ੇ ਨੂੰ ਸਾਹਮਣੇ ਰੱਖ ਕੇ ਜਨਮ ਲਿਆ ਸੀ ਤੇ ਕੀ ਇਕ ਪ੍ਰਵਾਰ ਦੇ ਹੱਥ ਵਿਚ ਸੱਤਾ ਦਾ ਕਲਮਦਾਨ ਸੌਂਪੀ ਰਖਣਾ ਵੀ ਉਸ ਆਸ਼ੇ ਵਿਚ ਸ਼ਾਮਲ ਸੀ? ਕਾਂਗਰਸ ਹਾਈਕਮਾਂਡ ਨੂੰ ਹੁਣ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨ ਦੀ ਲੋੜ ਹੈ ਪਰ ਉਹ ਇਹ ਵੀ ਯਾਦ ਰੱਖਣ ਕਿ ਹਰ ਵਾਰ ਦੇਰ ਆਏ ਦਰੁਸਤ ਆਏ ਦੀ ਸੋਚ ਨਹੀਂ ਚਲੇਗੀ। 

ਪੰਜਾਬ ਵਿਚ ਕਾਂਗਰਸ, ਲੋਕਾਂ ਦਾ ਵਿਸ਼ਵਾਸ, ਕਾਫ਼ੀ ਹੱਦ ਤਕ ਗਵਾ ਚੁੱਕੀ ਹੈ ਤੇ ਇਹ ਹਾਰ ਕਾਂਗਰਸ ਮੁਕਤ ਭਾਰਤ ਦੀ ਇੱਛਾ ਪਾਲਣ ਵਾਲਿਆਂ ਨੂੰ ਖ਼ੁਸ਼ ਕਰ ਸਕਦੀ ਹੇ ਪਰ ਦੇਸ਼ ਦੇ ਲੋਕਤੰਤਰੀ ਢਾਂਚੇ ਦਾ ਤਹਿਸ ਨਹਿਸ ਵੀ ਕਰ ਕੇ ਵੀ ਰੱਖ ਦੇਵੇਗੀ।
-ਨਿਮਰਤ ਕੌਰ