ਸਰਕਾਰ ਪਾਰਲੀਮੈਂਟ ਦਾ ਸੈਸ਼ਨ ਕਿਉਂ ਨਹੀਂ ਬੁਲਾ ਰਹੀ?
ਰਾਹੁਲ ਦੇ ਸਵਾਲ ਹੋਰ ਲੋਕਾਂ ਨੂੰ ਵੀ ਖੁੱਡਾਂ 'ਚੋਂ ਬਾਹਰ ਕੱਢ ਰਹੇ ਨੇ...
ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਅਪਣੇ ਆਪ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ਅਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਚੁੱਕੇ ਹਨ। ਰਾਹੁਲ ਗਾਂਧੀ ਦੇ ਇਲਜ਼ਾਮਾਂ ਦੇ ਸੱਚ ਤੋਂ ਜ਼ਿਆਦਾ ਜ਼ਰੂਰੀ ਇਹ ਸਮਝਣਾ ਹੈ ਕਿ ਰਾਹੁਲ ਗਾਂਧੀ ਨੇ ਸ਼ੋਸ਼ਲ ਮੀਡੀਆ ਰਾਹੀਂ ਕੇਂਦਰ ਵਿਚ ਭਾਜਪਾ ਸਰਕਾਰ ਨੂੰ ਸੁਝਾਅ ਦੇਣ ਦਾ ਕੰਮ ਕਿਉਂ ਸ਼ੁਰੂ ਕਰ ਦਿਤਾ ਹੈ। ਭਾਜਪਾ ਆਗੂ ਰਾਹੁਲ ਗਾਂਧੀ ਵਲੋਂ ਸੋਸ਼ਲ ਮੀਡੀਆ 'ਤੇ ਚੁੱਕੇ ਜਾ ਰਹੇ ਇਨ੍ਹਾਂ ਸਵਾਲਾਂ 'ਤੇ ਇਤਰਾਜ਼ ਖੜੇ ਕਰ ਰਹੇ ਹਨ।
ਉਹ ਕੇਵਲ ਜਵਾਬੀ ਵਾਰ ਕਰ ਕੇ ਹੀ ਸੰਤੁਸ਼ਟ ਨਹੀਂ ਹੋ ਜਾਂਦੇ ਬਲਕਿ ਲੋਕਾਂ ਵਲੋਂ ਰਾਹੁਲ ਗਾਂਧੀ ਦੀਆਂ ਗੱਲਾਂ ਵਲ ਧਿਆਨ ਦੇਣ ਤੋਂ ਵੀ ਖਿਝ ਜਾਂਦੇ ਹਨ। ਰਾਹੁਲ ਗਾਂਧੀ ਨੂੰ 'ਪੱਪੂ' ਬਣਾਉਣ ਵਿਚ ਭਾਜਪਾ ਨੇ ਸ਼ਾਇਦ ਕਰੋੜਾਂ ਜਾਂ ਅਰਬਾਂ ਦਾ ਖ਼ਰਚਾ ਕੀਤਾ ਹੈ। ਭਾਜਪਾ ਨੇ ਇਸ ਮਿਸ਼ਨ ਵਿਚ ਇਸ ਕਦਰ ਦਿਲਚਸਪੀ ਵਿਖਾਈ ਕਿ ਨਾ ਸਿਰਫ਼ ਲੋਕ ਬਲਕਿ ਰਾਹੁਲ ਗਾਂਧੀ ਵੀ ਅਪਣੇ ਆਪ ਨੂੰ ਪੱਪੂ ਸਮਝਣ ਲਗ ਪਏ।
ਰਾਹੁਲ ਜਨਮ, ਜਾਤ ਤੇ ਨਹਿਰੂ ਪ੍ਰਵਾਰ ਦਾ ਫ਼ਰਜ਼ੰਦ ਹੋਣ ਕਰ ਕੇ ਸ਼ਹਿਜ਼ਾਦਾ ਤਾਂ ਹੈ ਹੀ ਪਰ ਦਿਮਾਗ਼ ਤੇ ਦਿਲ ਦਾ ਮਾੜਾ ਨਹੀਂ। ਰਾਹੁਲ ਗਾਂਧੀ ਨੂੰ 'ਪੱਪੂ' ਉਨ੍ਹਾਂ ਦੀ ਅਮੀਰ ਘਰ ਦਾ ਪਾਲਣ-ਪੋਸਣ ਤੇ ਦੂਰ ਅੰਦੇਸ਼ੀ ਸੋਚ ਬਣਾਉਂਦੀ ਹੈ ਜੋ ਉਨ੍ਹਾਂ ਨੂੰ ਸਸਨੀਖ਼ੇਜ਼ ਜੁਮਲਿਆਂ ਤੋਂ ਦੂਰ ਰਖਦੀ ਹੈ। ਰਾਹੁਲ ਗਾਂਧੀ ਵਿਚ ਤਾਕਤ ਦੀ ਭੁੱਖ ਵੀ ਕੋਈ ਨਹੀਂ ਕਿਉਂਕਿ ਰਾਹੁਲ ਗਾਂਧੀ ਹੋਣਾ ਅਪਣੇ ਆਪ ਵਿਚ ਹੀ ਇਕ ਖ਼ਿਤਾਬ ਹੈ। ਉਹ ਕਈ ਵਾਰ ਅਪਣੀ ਖੁੱਡ ਵਿਚੋਂ ਬਾਹਰ ਆਉਂਦੇ ਹਨ ਪਰ ਫਿਰ ਏਨੀ ਵੱਡੀ ਹਾਰ ਮਿਲਦੀ ਹੈ ਕਿ ਉਹ ਫਿਰ ਅਪਣੀ ਦੁਨੀਆਂ ਵਿਚ ਵਾਪਸ ਮੁੜ ਜਾਂਦੇ ਹਨ।
ਇਸ ਵਾਰ ਰਾਹੁਲ ਗਾਂਧੀ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫ਼ੀ ਜ਼ਿਆਦਾ ਸੁਣਿਆ ਜਾ ਰਿਹਾ ਹੈ ਅਤੇ ਭਾਜਪਾ ਨੂੰ ਇਸ ਗੱਲੋਂ ਘਬਰਾਹਟ ਹੋ ਰਹੀ ਹੈ। ਪਰ ਅਜਿਹਾ ਹੋ ਜਾਣ ਲਈ ਭਾਜਪਾ ਖ਼ੁਦ ਹੀ ਜ਼ਿੰਮੇਵਾਰ ਹੈ। ਕੋਵਿਡ-19 ਦੀ ਆੜ ਵਿਚ ਕੇਂਦਰ ਸਰਕਾਰ ਨੇ ਪਾਰਲੀਮੈਂਟ 'ਤੇ ਤਾਲੇ ਲਗਾ ਦਿਤੇ ਹਨ। ਹੁਣ ਤਾਂ ਇਹ ਜਾਪਦਾ ਹੈ ਕਿ ਅਗਲਾ ਸੈਸ਼ਨ ਸਰਕਾਰ 2022 ਵਿਚ ਪਾਰਲੀਮੈਂਟ ਦੀ ਨਵੀਂ ਇਮਾਰਤ ਵਿਚ ਰੱਖਣ ਦੀ ਤਿਆਰੀ ਕਰ ਰਹੀ ਹੈ ਤੇ ਇਹ ਸੋਚ ਲੋਕਤੰਤਰ ਦੇ ਬਿਲਕੁਲ ਵਿਰੁਧ ਜਾਂਦੀ ਹੈ।
ਮਾਰਚ ਵਿਚ ਹਫੜਾ-ਦਫੜੀ ਵਿਚ ਸੈਸ਼ਨ ਬੰਦ ਕੀਤੇ ਗਏ ਪਰ ਉਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਆ ਗਈ ਅਤੇ ਦੇਸ਼ ਦੀਆਂ ਸਰਹੱਦਾਂ 'ਤੇ ਜੰਗ ਛਿੜ ਗਈ ਅਤੇ ਸਦਨ ਦੀ ਬੈਠਕ ਨਾ ਬੁਲਾਈ ਗਈ। 1962 ਅਤੇ 1971 ਵਿਚ ਜਦ ਜੰਗਾਂ ਚਲ ਰਹੀਆਂ ਸਨ ਤਾਂ ਉਸ ਸਮੇਂ ਸਦਨ ਵੀ ਨਾਲ-ਨਾਲ ਚਲ ਰਿਹਾ ਸੀ। ਜਦ 2001 ਵਿਚ ਪਾਰਲੀਮੈਂਟ 'ਤੇ ਹਮਲਾ ਹੋਇਆ ਤਾਂ ਅਗਲੇ ਦਿਨ ਦੋਹਾਂ ਸਦਨਾਂ ਦੀ ਬੈਠਕ ਹੋਈ ਸੀ। ਅੱਜ ਇਸ ਪ੍ਰਥਾ ਨੂੰ ਤੋੜ ਕੇ ਅਸੀ ਇਹ ਸੁਨੇਹਾ ਦੇ ਰਹੇ ਹਾਂ ਕਿ ਲੋਕਾਂ ਦੇ ਨੁਮਾਇੰਦਿਆਂ ਦੀ ਗੱਲ ਹੁਣ ਦੇਸ਼ ਦਾ ਸੇਵਾਦਾਰ ਵੀ ਨਹੀਂ ਸੁਣਨਾ ਚਾਹੁੰਦਾ।
13 ਦੇਸ਼ਾਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਵਿਚ ਪਾਰਲੀਮੈਂਟਾਂ ਦੇ ਸਦਨ ਬੈਠੇ ਹਨ, ਸਦਨਾਂ ਦੀ ਕਾਰਵਾਈ ਭਾਵੇਂ ਇੰਟਰਨੈੱਟ ਰਾਹੀਂ ਜਾਂ ਸਮਾਜਕ ਦੂਰੀ ਕਾਇਮ ਰਖਦੇ ਹੋਏ ਕੀਤੀ ਗਈ ਹੈ। ਭਾਜਪਾ ਨੇ ਚੋਣ ਪ੍ਰਚਾਰ ਕਰਨ ਲਈ ਵਰਚੂਅਲ ਰੈਲੀਆਂ ਕੀਤੀਆਂ ਹਨ ਪਰ ਉਨ੍ਹਾਂ ਨੇ ਸਦਨ ਦੀ ਬੈਠਕ ਨੂੰ ਜ਼ਰੂਰੀ ਨਹੀਂ ਸਮਝਿਆ। ਇਥੇ ਰਾਹੁਲ ਗਾਂਧੀ ਦੇ ਸਵਾਲਾਂ ਦੀ ਬੜੀ ਅਹਿਮੀਅਤ ਹੈ ਕਿਉਂਕਿ ਉਹ ਸਵਾਲ ਸਰਕਾਰ ਤੋਂ ਚੀਨ ਅਤੇ ਭਾਰਤ ਦੀ ਲੜਾਈ ਦਾ ਸੱਚ ਜਾਣਨ ਲਈ ਕਰ ਰਹੇ ਹਨ। ਉਨ੍ਹਾਂ ਦੇ ਸਵਾਲਾਂ ਦੇ ਹੁੰਦਿਆਂ ਜੇਕਰ ਸਦਨ ਸੱਦਿਆ ਜਾਵੇਗਾ ਤਾਂ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਕੋਰੋਨਾ ਰਾਹਤ ਫ਼ੰਡ ਦੇ ਖ਼ਰਚੇ ਬਾਰੇ ਜ਼ਰੂਰ ਪੁਛਿਆ ਜਾਵੇਗਾ।
ਸਦਨ ਵਿਚ ਸਰਕਾਰ ਕੋਲੋਂ 20 ਲੱਖ ਕਰੋੜ ਰੁਪਏ ਦਾ ਹਿਸਾਬ ਮੰਗਿਆ ਜਾਵੇਗਾ, ਕਸ਼ਮੀਰ ਦੇ 11ਵੇਂ ਮਹੀਨੇ ਦੀ ਤਾਲਾਬੰਦੀ ਬਾਰੇ ਪੁਛਿਆ ਜਾਵੇਗਾ, ਉੱਤਰ ਪ੍ਰਦੇਸ਼ ਵਿਚ ਵਧਦੀ ਗੁੰਡਾਗਰਦੀ ਬਾਰੇ ਪੁਛਿਆ ਜਾਵੇਗਾ। ਕੇਂਦਰ ਸਰਕਾਰ ਕੋਰੋਨਾ ਨੂੰ ਬਹਾਨੇ ਵਜੋਂ ਵਰਤ ਕੇ ਰਾਹੁਲ ਵਲੋਂ ਉਠਾਏ ਜਾ ਰਹੇ ਸਵਾਲਾਂ ਤੋਂ ਭੱਜ ਰਹੀ ਹੈ ਪਰ ਰਾਹੁਲ ਗਾਂਧੀ ਦੀ ਸੋਸ਼ਲ ਮੀਡੀਆ 'ਤੇ ਚੜ੍ਹਤ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਰਾਹੁਲ ਗਾਂਧੀ ਨਾਲ ਹੁਣ ਹੋਰ ਭਾਰਤੀ ਵੀ ਅਪਣੀਆਂ ਖੁੱਡਾਂ 'ਚੋਂ ਨਿਕਲ ਰਹੇ ਹਨ।
-ਨਿਮਰਤ ਕੌਰ