ਸਿੱਖੀ ਦੇ ਕੇਂਦਰ ਅੰਮ੍ਰਿਤਸਰ ਵਿਚ ਮਾਹੌਲ ਉਤੋਂ ਸਿੱਖੀ ਪ੍ਰਭਾਵ ਗ਼ਾਇਬ ਹੁੰਦਾ ਜਾ ਰਿਹੈ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਿਛਲੇ ਹਫ਼ਤੇ ਅੰਮ੍ਰਿਤਸਰ ਵਿਚ ਇਕ ਚਾਚੇ ਵਲੋਂ ਅਪਣੀ 10 ਸਾਲ ਦੀ ਭਤੀਜੀ ਦਾ ਕਤਲ ਕੀਤਾ ਗਿਆ। ਕਾਰਨ ਪੈਸੇ ਦਾ ਲਾਲਚ ਤਾਂ ਸੀ ਹੀ ਪਰ ਇਹ ਆਮ ਮਨੁੱਖੀ ਲਾਲਚ ਵਾਂਗ ਜਾਇਦਾਦ ..

representational

ਪਿਛਲੇ ਹਫ਼ਤੇ ਅੰਮ੍ਰਿਤਸਰ ਵਿਚ ਇਕ ਚਾਚੇ ਵਲੋਂ ਅਪਣੀ 10 ਸਾਲ ਦੀ ਭਤੀਜੀ ਦਾ ਕਤਲ ਕੀਤਾ ਗਿਆ। ਕਾਰਨ ਪੈਸੇ ਦਾ ਲਾਲਚ ਤਾਂ ਸੀ ਹੀ ਪਰ ਇਹ ਆਮ ਮਨੁੱਖੀ ਲਾਲਚ ਵਾਂਗ ਜਾਇਦਾਦ ਦੇ ਪਿੱਛੇ ਕੀਤਾ ਅਪਰਾਧ ਨਹੀਂ ਸੀ। ਇਹ ਤਾਂਤਰਿਕ ਦੇ ਕਹਿਣ ’ਤੇ ਕੀਤਾ ਕਾਲਾ ਜਾਦੂ ਸੀ ਜੋ ਕਿ ਸਾਡੇ ਸਮਾਜ ਵਿਚ ਨਵੀਂ ਗੱਲ ਵੀ ਨਹੀਂ। ਪਰ ਫਿਰ ਵੀ ਇਹ ਵਾਰਦਾਤ ਹੈਰਾਨ ਕਰ ਦੇਣ ਵਾਲੀ ਇਸ ਲਈ ਹੈ ਕਿਉਂਕਿ ਇਸ ਦਾ ਕਰਮ ਅਸਥਾਨ ਅੰਮ੍ਰਿਤਸਰ, ਸਿੱਖ ਧਰਮ ਦਾ ਗੜ੍ਹ ਤੇ ਸਿੱਖਾਂ ਦਾ ਕੇਂਦਰੀ ਧਰਮ ਅਸਥਾਨ ਹੈ। ਅੰਮ੍ਰਿਤਸਰ ਵਿਚ ਤਾਂ ਮੰਨਿਆ ਜਾਂਦਾ ਸੀ ਕਿ ਸਿੱਖੀ ਦਾ ਅਜਿਹਾ ਪ੍ਰਭਾਵ ਹੁੰਦਾ ਸੀ ਕਿ ਸਾਰਾ ਅੰਮ੍ਰਿਤਸਰ ਅਪਣੀ ਸਵੇਰ ਗੁਰਬਾਣੀ ਨਾਲ ਸ਼ੁਰੂ ਕਰਦਾ ਸੀ। ਹਿੰਦੂ ਤੇ ਸਿੱਖ ਪ੍ਰਵਾਰ ਦੋਵੇਂ ਹੀ ਅਪਣੇ ਖ਼ਾਸ ਪ੍ਰਵਾਰਕ ਜਸ਼ਨ ਜਾਂ ਮਾਤਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਜਾਉਂਦੇ ਸਨ।

ਜੇ ਤੁਸੀ ਰੋਮ ਚਲੇ ਜਾਉ ਜੋ ਕਿ ਈਸਾਈ ਧਰਮ ਦਾ ਕੇਂਦਰ ਹੈ ਜਾਂ ਫਿਰ ਮੱਕੇ ਚਲੇ ਜਾਉ ਜੋ ਕਿ ਮੁਸਲਿਮ ਧਰਮ ਦਾ ਗੜ੍ਹ ਹੈ, ਹਰੀਦਵਾਰ (ਹਿੰਦੂ ਧਰਮ), ਉਨ੍ਹਾਂ ਸ਼ਹਿਰਾਂ ਵਿਚ ਇਨ੍ਹਾਂ ਧਰਮਾਂ ਦਾ ਹਰ ਪਹਿਲੂ ਉਤੇ ਪ੍ਰਭਾਵ ਨਜ਼ਰ ਆਉਂਦਾ ਹੈ। ਇਸੇ ਲਈ ਗੁਰੂ ਨਗਰੀ ਅੰਮ੍ਰਿਤਸਰ ਵਿਚ ਇਕ ਤਾਂਤਰਿਕ ਦੇ ਕਹਿਣ ਤੇ ਅਜਿਹਾ ਕਤਲ ਹੋਣਾ ਚਿੰਤਾਜਨਕ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅਜਿਹੇ ਕਰਾਮਾਤੀ ਬਾਬਿਆਂ ਨੂੰ ਥਾਂ ਦੇਣਾ ਤਾਂ ਦੂਰ ਦੀ ਗੱਲ, ਇਨ੍ਹਾਂ ਨੂੰ ਠੁਕਰਾਇਆ ਹੀ ਗਿਆ ਹੈ। ਸਿੱਖ ਫ਼ਲਸਫ਼ਾ ਚਮਤਕਾਰਾਂ ’ਤੇ ਵਿਸ਼ਵਾਸ ਨਹੀਂ ਰਖਦਾ। ਉਹ ਤਾਂ ਸਿਰਫ਼ ਤਰਕ ਤੇ ਤਥ ’ਤੇ ਅਧਾਰਤ ਹੈ। ਪਰ ਅੱਜ ਸਿੱਖ, ਪਾਸਟਰ ਦੀ ਪੌਸ਼ਾਕ ਪਾ ਕੇ ਅਜਿਹੇ ਧਰਮ ਪਰਿਵਰਤਨ ਕਰਨ ਲੱਗੇ ਹੋਏ ਹਨ ਜਿਨ੍ਹਾਂ ਨੂੰ ਈਸਾਈ ਧਰਮ ਵੀ ਨਹੀਂ ਸਹਾਰਦਾ। ਅੱਜ ਇਕ ਆਮ ਗੱਲ ਇਹ ਹੋ ਗਈ ਹੈ ਕਿ ਸਿੱਖੀ ਸਰੂਪ ਵਿਚ ਲੋਕ, ਆਸਾ ਰਾਮ, ਰਾਮ ਰਹੀਮ ਸਿੰਘ ਦੇ ਦਵਾਰਾਂ ਤੇ ਚਮਤਕਾਰਾਂ ਦੀ ਤਾਕ ਵਿਚ ਬੈਠੇ ਹਨ। ਸੰਗੀਤਕਾਰ ਇੰਦਰਜੀਤ ਸਿੰਘ ਨਿੱਕੂ ਇਕ ਬਾਬੇ ਦੇ ਸਾਹਮਣੇ ਹੱਥ ਜੋੜੀ ਖੜਾ ਹੈ ਜੋ ਉਸ ਦੇ ਸਾਹਮਣੇ ਸਿੱਖਾਂ ਬਾਰੇ ਗ਼ਲਤ ਸੋਚ ਦਾ ਪ੍ਰਚਾਰ ਕਰ ਰਿਹਾ ਹੈ।

ਇਨ੍ਹਾਂ ਬਾਬਿਆਂ, ਤਾਂਤਰਿਕਾਂ ਨੂੰ ਸਾਡੇ ਸਮਾਜ ਦੀ ਕਮਜ਼ੋਰੀ ਸਮਝ ਆ ਗਈ ਹੈ ਜੋ ਸਾਡੇ ਗੁਰੂਆਂ ਨੇ ਤਾਂ ਦੂਰ ਕਰ ਦਿਤੀ ਸੀ ਪਰ ਸਾਡੀ ਨਾਦਾਨੀ ਸਦਕਾ, ਮੁੜ ਆ ਕੇ ਸਿੱਖੀ ਦੇ ਵਿਹੜੇ ਵਿਚ ਅਪਣਾ ਆਸਣ ਜਮਾ ਬੈਠੀ ਹੈ। ਸਿੱਖੀ ਸਮਾਜ ਵਿਚ ਬਰਾਬਰੀ ਲੈ ਕੇ ਆਈ ਸੀ ਤੇ ਇਸ ਨੇ ਜਾਤ-ਪਾਤ, ਮਰਦ-ਔਰਤ ਦੇ ਵਿਚਕਾਰ ਦੀਆਂ ਲਕੀਰਾਂ ਨੂੰ ਖ਼ਤਮ ਕੀਤਾ ਸੀ। ਸਿੱਖੀ ਨੇ ਰੱਬ ਤੇ ਸ਼ਰਧਾਲੂ ਵਿਚਕਾਰ ਦੇ ਬਾਬਿਆਂ, ਪੁਜਾਰੀਆਂ ਆਦਿ ਨੂੰ ਖ਼ਤਮ ਕੀਤਾ ਸੀ। ਸਿੱਖੀ ਨੇ ਦਸਵੰਧ ਤੇ ਗੁਰੂ ਦੀ ਗੋਲਕ ਨੂੰ ਸਮਾਜ ਦੇ ਗ਼ਰੀਬ ਤਬਕੇ ਲਈ ਰਾਖਵੇਂ ਕਰ ਕੇ, ਸਮਾਜ ’ਚ ਅਮੀਰੀ-ਗ਼ਰੀਬੀ ਦਾ ਅੰਤਰ ਘਟਾਉਣ ਦਾ ਯਤਨ ਕੀਤਾ ਸੀ।

ਪਰ ਸੱਭ ਕੁੱਝ ਰੁਮਾਲਿਆਂ ਤੇ ਰਜ਼ਾਈਆਂ ਵਿਚ ਲਪੇਟਦੇ ਲਪੇਟਦੇ, ਸਿੱਖ ਧਾਰਮਕ ਆਗੂਆਂ ਨੇ ਅਜਿਹੀਆਂ ਰੀਤਾਂ ਚਲਾਈਆਂ ਕਿ ਅੱਜ ਗੁਰੂ ਦੀ ਨਗਰੀ ਵਿਚ ਇਕ ਗ਼ਰੀਬ ਬੰਦਾ, ਗੁਰਬਾਣੀ ਦੇ ਸੰਦੇਸ਼ ਨਾਲੋਂ ਜ਼ਿਆਦਾ ਇਕ ਤਾਂਤਰਿਕ ਉਤੇ ਵਿਸ਼ਵਾਸ ਕਰਦਾ ਹੈ। ਪੰਜਾਬ ਦੇ ਗ਼ਰੀਬ, ਜਾਤ ਪਾਤ ਤੋਂ ਸਤਾਏ ਲੋਕ ਰਾਮ ਰਹੀਮ ਦੇ ‘ਇਨਸਾਂ’ ਬਣਦੇ ਹਨ ਕਿਉਂਕਿ ਗੁਰੂ ਘਰਾਂ ਵਿਚ ਤਾਂ ਉਨ੍ਹਾਂ ਨੂੰ ਇਨਸਾਨ ਸਮਝਿਆ ਹੀ ਨਹੀਂ ਜਾਂਦਾ। ਸਿੱਖ ਪ੍ਰਵਾਰਾਂ ਵਿਚ ਜੰਮੇ-ਪਲੇ ਅੱਜ ਈਸਾਈ ਪਾਸਟਰਾਂ ਕੋਲ ਜਾਂਦੇ ਹਨ ਕਿਉਂਕਿ ਉਥੇ ਉਨ੍ਹਾਂ ਨੂੰ ਮਦਦ ਮਿਲਦੀ ਹੈ, ਉਨ੍ਹਾਂ ਨੂੰ ਚੰਗੀ ਸਿਖਿਆ ਲਈ ਮਦਦ ਮਿਲਦੀ ਹੈ, ਉਥੇ ਸਾਰੇ ਇਕ ਬਰਾਬਰ ਬੈਠਦੇ ਹਨ ਤੇ ਬਰਾਬਰ ਦਾ ਸਤਿਕਾਰ ਮਿਲਦਾ ਹੈ। 

ਸਿੱਖ ਧਰਮ ਦੇ ਠੇਕੇਦਾਰਾਂ ਦਾ ਕਸੂਰ ਇਨ੍ਹਾਂ ਬਾਬਿਆਂ ਤੇ ਤਾਂਤਰਿਕਾਂ ਤੋਂ ਅਰਬਾਂ ਗੁਣਾ ਜ਼ਿਆਦਾ ਹੈ ਕਿਉਂਕਿ ਜੇ ਸਿੱਖੀ ਨੂੰ ਗੁਰੂਆਂ ਦੇ ਦਿਤੇ ਫ਼ਲਸਫ਼ੇ ਮੁਤਾਬਕ ਚਲਾਇਆ ਜਾਂਦਾ, ਸਿੱਖੀ ਨੂੰ ਸਹੀ ਤਰੀਕੇ ਨਾਲ ਪ੍ਰਚਾਰਿਆ ਜਾਂਦਾ ਤਾਂ ਕਦੇ ਕਿਸੇ ਨੂੰ ਤਾਂਤਰਿਕ ਦੇ ਕਹਿਣ ਤੇ ਅਪਣੇ ਘਰ ਦੀ ਬੇਟੀ ਦਾ ਕਤਲ ਕਰਨ ਦਾ ਹੌਂਸਲਾ ਨਾ ਪੈਂਦਾ। ਜੇ ਗੋਲਕ ਦੀ ਮਾਇਆ ਗ਼ਰੀਬ ਦੇ ਸੁਖ ਦੁਖ ਦਾ ਹਿੱਸਾ ਬਣਾਈ ਹੁੰਦੀ ਤਾਂ ਕਦੇ ਵੀ ਮਦਦ ਵਾਸਤੇ ਚਮਤਕਾਰਾਂ ਦੀ ਆਸ ਵਿਚ ਨਾ ਬੈਠਦੇ। ਸਿੱਖੀ ਦੀ ਨੁਕੇਲ ਜਦ ਤੋਂ ਸੱਤਾ ਦੇ ਭੁੱਖੇ ਸਿਆਸਤਦਾਨਾਂ ਤੇ ਉਨ੍ਹਾਂ ਦੇ ਨਵੇਂ ਨਾਵਾਂ ਵਾਲੇ ਪੁਜਾਰੀਆਂ ਨੇ ਫੜ ਲਈ ਹੈ, ਸਿੱਖੀ ਬਾਣੀ ਤੋਂ ਦੂਰ ਹੁੰਦੀ ਜਾ ਰਹੀ ਹੈ ਤੇ ਸਿੱਖ, ਵਾਪਸ ਉਨ੍ਹਾਂ ਤਾਂਤਰਿਕਾਂ ਤੇ ਧਰਮੀ ਠੱਗਾਂ ਦਾ ਸਹਾਰਾ ਲੱਭਣ ਲੱਗ ਪਏ ਹਨ ਜਿਨ੍ਹਾਂ ਤੋਂ ਬਾਬੇ ਨਾਨਕ ਨੇ ਮਨੁੱਖ ਦਾ ਛੁਟਕਾਰਾ ਕਰਵਾਇਆ ਸੀ। ਅਫ਼ਸੋਸ! ਸਦ ਅਫ਼ਸੋਸ!!

- ਨਿਮਰਤ ਕੌਰ