ਬਰਗਾੜੀ ਕਾਂਡ, ਅਕਾਲੀਆਂ ਨੂੰ ਹੋਰ ਜ਼ਿਆਦਾ ਸੱਚ ਤੋਂ ਦੂਰ ਜਾਣ ਲਈ ਮਜਬੂਰ ਕਰ ਰਿਹਾ ਹੈ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬਰਗਾੜੀ ਕਾਂਡ ਵਿਚ ਜਿਸ ਤਰ੍ਹਾਂ ਅਕਾਲੀ ਦਲ ਸ਼ੱਕ ਦੇ ਘੇਰੇ ਵਿਚ ਫਸਦਾ ਜਾ ਰਿਹਾ ਹੈ, ਉਹ ਘਬਰਾਹਟ ਵਿਚ ਹੋਰ ਗ਼ਲਤੀਆਂ ਕਰੀ ਜਾ ਰਿਹਾ ਹੈ..........

Giani Gurmukh Singh

ਬਰਗਾੜੀ ਕਾਂਡ ਵਿਚ ਜਿਸ ਤਰ੍ਹਾਂ ਅਕਾਲੀ ਦਲ ਸ਼ੱਕ ਦੇ ਘੇਰੇ ਵਿਚ ਫਸਦਾ ਜਾ ਰਿਹਾ ਹੈ, ਉਹ ਘਬਰਾਹਟ ਵਿਚ ਹੋਰ ਗ਼ਲਤੀਆਂ ਕਰੀ ਜਾ ਰਿਹਾ ਹੈ। ਹਿੰਮਤ ਸਿੰਘ ਦਾ ਬਿਆਨ ਸਾਹਮਣੇ ਆਇਆ ਤਾਂ ਅਕਾਲ ਤਖ਼ਤ ਉਤੇ ਗਿਆਨੀ ਗੁਰਮੁਖ ਸਿੰਘ ਦੀ ਵਾਪਸੀ ਕਰ ਦਿਤੀ ਗਈ। ਇਸ ਤੋਂ ਝੱਟ ਬਾਅਦ, ਹਿੰਮਤ ਸਿੰਘ ਨੇ ਅਪਣਾ ਬਿਆਨ ਵਾਪਸ ਲੈ ਲਿਆ। ਪਰ ਕਾਹਲ ਵਿਚ ਚੁਕਿਆ ਗਿਆ ਇਹ ਕਦਮ ਹੋਰ ਵੱਡਾ ਵਿਵਾਦ ਖੜਾ ਕਰ ਗਿਆ ਹੈ। ਪਹਿਲਾਂ ਜੋ ਬਿਆਨ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਨੂੰ ਦਿਤੇ ਸਨ, ਉਹ ਉਨ੍ਹਾਂ ਅਪਣੇ ਸੋਸ਼ਲ ਮੀਡੀਆ ਤੇ ਆਪ ਹੀ ਸਾਂਝੇ ਕਰ ਦਿਤੇ ਸਨ।

ਉਨ੍ਹਾਂ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਉਹ ਕਮਿਸ਼ਨ ਵਿਚ ਬਿਆਨ ਦੇਣ ਜਾ ਰਹੇ ਹਨ। ਦੂਜਾ ਗਿਆਨੀ ਗੁਰਮੁਖ ਸਿੰਘ ਨੇ ਵੀ ਇਹ ਤੱਥ ਪਹਿਲਾਂ ਖ਼ੁਦ ਇੰਟਰਵਿਊ ਵਿਚ ਸਾਂਝੇ ਕੀਤੇ ਸਨ। ਹੁਣ ਦੋਹਾਂ ਵਲੋਂ ਅਪਣੇ ਸੋਸ਼ਲ ਮੀਡੀਆ ਖਾਤੇ ਵਿਚੋਂ ਤਾਂ ਇਹ ਤਸਵੀਰਾਂ ਹਟਾ ਦਿਤੀਆਂ ਗਈਆਂ ਹਨ ਪਰ ਲੋਕਾਂ ਕੋਲ ਤਾਂ ਇਹ ਅਜੇ ਵੀ ਮੌਜੂਦ ਹਨ। ਇਸ ਸਾਰੀ ਛੇੜਛਾੜ ਤੋਂ ਬਾਅਦ ਹੁਣ ਅਕਾਲ ਤਖ਼ਤ ਦੇ ਜਥੇਦਾਰਾਂ ਵਲੋਂ ਬਰਗਾੜੀ ਦੇ ਸੱਚ ਨੂੰ ਲੁਕਾਉਣ ਦੀ ਕਸਰਤ ਵੇਖ ਕੇ ਲੋਕਾਂ ਵਿਚ ਰੋਸ ਵੱਧ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਵਿਚ ਹਾਈ ਕੋਰਟ ਦੇ ਜੱਜ ਦੀ ਕਾਬਲੀਅਤ ਅਤੇ ਡਿਗਰੀਆਂ ਤੇ ਸਵਾਲ ਵੀ ਵਧਦੀ ਘਬਰਾਹਟ ਵਲ ਇਸ਼ਾਰਾ ਹੈ। ਇਸ ਘਬਰਾਹਟ ਵਿਚ ਅਕਾਲੀ ਦਲ ਵਾਲੇ ਅਪਣੇ ਪੈਰ ਤੇ ਕੁਹਾੜੀ ਮਾਰੀ ਜਾ ਰਹੇ ਹਨ। ਵੈਸੇ ਤਾਂ ਅਕਾਲੀ ਦਲ ਕੋਲ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਉਤੇ ਜ਼ਿੰਮੇਵਾਰੀ ਥੋਪਣ ਦਾ ਮੌਕਾ ਦੋ ਸਾਲ ਪਹਿਲਾਂ ਵੀ ਸੀ ਪਰ ਦੋਹਾਂ ਵਿਚਕਾਰ ਕੁੱਝ ਖ਼ਾਸ ਡੂੰਘਾ ਰਿਸ਼ਤਾ ਹੈ ਕਿ ਦੋਵੇਂ ਹੀ ਇਕ ਦੂਜੇ ਵਿਰੁਧ ਬਿਆਨ ਦੇਣ ਨੂੰ ਤਿਆਰ ਨਹੀਂ ਹੁੰਦੇ।

ਹੁਣ ਅਸਲ ਸੱਚ ਤਾਂ ਸੋਮਵਾਰ ਨੂੰ ਜਸਟਿਸ ਰਣਜੀਤ ਸਿੰਘ ਦੀ ਸਪਲੀਮੈਂਟਰੀ ਰੀਪੋਰਟ, ਜੋ ਕਿ ਸਾਬਕਾ ਡੀ.ਜੀ.ਪੀ. ਸੈਣੀ ਦੇ ਬਿਆਨ ਬਾਰੇ ਹੈ, ਦੇ ਜਨਤਕ ਹੋਣ ਤੋਂ ਬਾਅਦ ਸਾਹਮਣੇ ਆਵੇਗਾ। ਡੀ.ਜੀ.ਪੀ. ਵਲੋਂ ਜ਼ਰੂਰ ਆਈ.ਜੀ. ਜਾਂ ਐਸ.ਐਸ.ਪੀ. ਉਤੇ ਜ਼ਿੰਮੇਵਾਰੀ ਸੁੱਟਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਇਹ ਨਿਆਂ ਨਹੀਂ ਹੋਵੇਗਾ। ਸਿੱਖ ਕੌਮ ਨੂੰ ਨਿਆਂ ਉਦੋਂ ਮਿਲੇਗਾ ਜਦੋਂ ਜਨਰਲ ਡਾਇਰ ਵਾਂਗ ਬਰਗਾੜੀ ਗੋਲੀਕਾਂਡ ਦੇ ਅਸਲ ਮੁਖੀ ਦਾ ਨਾਂ ਸਾਹਮਣੇ ਆਵੇਗਾ, ਭਾਵੇਂ ਉਹ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ। ਹੁਣ ਸਿਆਸਤ ਦੀ ਖੇਡ ਬੰਦ ਕਰ ਕੇ, ਕੌਮ ਨੂੰ ਨਿਆਂ ਦੇਣਾ ਚਾਹੀਦਾ ਹੈ।  -ਨਿਮਰਤ ਕੌਰ