ਮੋਦੀ ਜੀ ਪੰਜਾਬ ਨੂੰ ਬਿਨਾਂ ਕੁੱਝ ਦਿਤੇ, ਆਏ ਵੀ ਤੇ ਚਲੇ ਗਏ ਪਰ ਆਪਣੀ ਤਾਰੀਫ਼ ਜ਼ਰੂਰ ਕਰਵਾ ਗਏ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

'ਮੋਦੀ ਜੀ ਪੰਜਾਬ ਉਤੇ ਹਮੇਸ਼ਾ ਹੀ ਮਿਹਰਬਾਨ ਰਹੇ ਹਨ'

Pm modi and CM Mann

 

ਜਦ ਪਿਛਲੀ ਵਾਰ ਪ੍ਰਧਾਨ ਮੰਤਰੀ ਮੋਦੀ ਪੰਜਾਬ ਆਏ ਸਨ ਤਾਂ ਉਨ੍ਹਾਂ ਦੇ ਸਵਾਗਤ ਵਿਚ ਕੁੱਝ ਕਮੀਆਂ ਰਹਿ ਗਈਆਂ ਸਨ। ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਧਰਨੇ ਨੂੰ ਸੜਕ ਉਤੋਂ ਹਟਾਉਣ ਤੋਂ ਇਨਕਾਰ ਕਰ ਕੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਵਾਪਸ ਮੁੜ ਜਾਣ ਲਈ ਮਜਬੂਰ ਕਰ ਦਿਤਾ ਸੀ। ਉਨ੍ਹਾਂ ਤੋਂ ਪਹਿਲੇ ਮੁੱਖ ਮੰਤਰੀ ਵਲੋਂ ਕਿਸਾਨਾਂ ਨਾਲ ਖੜੇ ਹੋਣ ਦਾ ਸੇਕ ਅੱਜ ਦੀ ਸਰਕਾਰ ਨੂੰ ਵੀ ਲੱਗ ਰਿਹਾ ਹੈ। ਉਸ ਸਮੇਂ ਪ੍ਰਧਾਨ ਮੰਤਰੀ ਦੀ ਰੈਲੀ ਲਈ ਵਿਛਾਈਆਂ ਗਈਆਂ ਕੁਰਸੀਆਂ, ਬਾਰਸ਼ ਤੇ ਨਰਾਜ਼ਗੀ ਕਾਰਨ ਖ਼ਾਲੀ ਪਈਆਂ ਸਨ।

 

 ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਰਾਨੀ ਹੇਠ ਸਾਰੀਆਂ ਕੁਰਸੀਆਂ ਵੀ ਭਰੀਆਂ ਹੋਈਆਂ ਸਨ ਤੇ ਕਿਸੇ ਤਰ੍ਹਾਂ ਦੀ ਰੁਕਾਵਟ ਵੀ ਨਹੀਂ ਪਈ। ਪ੍ਰਧਾਨ ਮੰਤਰੀ ਤਾਂ ਸਾਰੇ ਦੇਸ਼ ਦੇ ਸਾਂਝੇ ਹਨ ਤੇ ਭਾਵੇਂ ਉਹ ਪੰਜਾਬ ਦੀ ਗੱਲ ਨਹੀਂ ਸਮਝ ਪਾ ਰਹੇ, ਉਨ੍ਹਾਂ ਦਾ ਵਾਪਸ ਮੁੜ ਜਾਣਾ ਸਹੀ ਨਹੀਂ ਸੀ। ਅੱਜ ਦੇ ਮੁੱਖ ਮੰਤਰੀ ਸ਼ਾਇਦ ਇਸ ਸੋਚ ਨੂੰ ਸਮਝਦੇ ਹਨ ਜਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਲਤ ਨੂੰ ਵੇਖ ਕੇ ਸਮਝ ਗਏ ਕਿ ਇਸ ਤਰ੍ਹਾਂ ਕੇਂਦਰ ਦੀ ਨਾਰਾਜ਼ਗੀ ਨਿਜੀ ਤੌਰ ਤੇ ਮਹਿੰਗੀ ਪੈ ਸਕਦੀ ਹੈ। ਪਿਛਲੇ ਪ੍ਰੋਗਰਾਮ ਵੇਲੇ ਹੋਈ ਖ਼ੁਨਾਮੀ ਦਾ ਭਾਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣੇ ਮੋਢਿਆਂ ਤੇ ਚੁਕ ਲਿਆ ਪਰ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਦੀ ਸਿਫ਼ਤ ਇਕ ‘ਆਪ’ ਆਗੂ ਵਾਂਗ ਨਹੀਂ ਕੀਤੀ ਗਈ।

ਇਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਤੇ ਈ.ਡੀ.ਵਲੋਂ ਦਬਾਅ ਪਾਇਆ ਜਾ ਰਿਹਾ ਹੈ, ਸ਼ਰਾਬ ਨੀਤੀ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਵਿਰੁਧ ਜਾਂਚ ਚਲ ਰਹੀ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਆਸ਼ੰਕਾ ਕੇਜਰੀਵਾਲ ਨੇ ਵੀ ਜਤਾਈ ਹੈ, ਤੇ ਇਧਰ ਪੰਜਾਬ ਵਿਚ ਪ੍ਰਧਾਨ ਮੰਤਰੀ ਦੀਆਂ ਸਿਫ਼ਤਾਂ ਹੋ ਰਹੀਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਮੋਦੀ ਜੀ ਪੰਜਾਬ ਉਤੇ ਹਮੇਸ਼ਾ ਹੀ ਮਿਹਰਬਾਨ ਰਹੇ ਹਨ ਪਰ ਨਾਲ ਹੀ ਇਹ ਵੀ ਮੰਨਦੇ ਹਨ ਕਿ ਭਾਜਪਾ ਦੀਆਂ ਨੀਤੀਆਂ ਨੇ ਹੀ ਪੰਜਾਬ ਦੇ ਉਦਯੋਗ ਨੂੰ ਖ਼ਤਮ ਕੀਤਾ। ਪਹਾੜੀ ਇਲਾਕਿਆਂ ਨੂੰ ਫ਼ਾਇਦਾ ਦੇ ਕੇ ਪੰਜਾਬ ਦਾ ਨੁਕਸਾਨ ਕੀਤਾ ਗਿਆ ਤੇ ਅੱਜ ਪੰਜਾਬ ਦਾ ਉਦਯੋਗ ਖ਼ਾਤਮੇ ਦੀ ਕਗਾਰ ਤੇ ਆ ਖੜਾ ਹੋਇਆ ਹੈ।

ਜਦ ਪ੍ਰਧਾਨ ਮੰਤਰੀ ਪਿਛਲੀ ਵਾਰ ਪੰਜਾਬ ਆਏ ਸਨ ਤਾਂ ਸ਼ਾਇਦ ਉਹ ਪੰਜਾਬ ਵਾਸਤੇ ਬਾਰਡਰ ਉਦਯੋਗ ਨੀਤੀ ਲੈ ਕੇ ਆ ਰਹੇ ਸਨ। ਉਨ੍ਹਾਂ ਵਲੋਂ ਪੰਜਾਬ ਦੇ ਪਾਣੀ ਦੀਆਂ ਔਕੜਾਂ ਦਾ ਹੱਲ ਕੱਢਣ ਦੀ ਵੀ ਆਸ ਦਿਵਾਈ ਜਾ ਰਹੀ ਸੀ। ਅੱਜ ਮੁੱਖ ਮੰਤਰੀ ਤੋਂ ਆਸ ਕੀਤੀ ਜਾ ਰਹੀ ਸੀ ਕਿ ਉਹ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਚੁਕਣਗੇ ਤੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਨਗੇ ਕਿ ਉਹ ਪੰਜਾਬ ਵਾਸਤੇ ਅਪਣੀ ਖੁਲ੍ਹਦਿਲੀ ਸਿਰਫ਼ ਚੋਣਾਂ ਤਕ ਹੀ ਸੀਮਤ ਨਾ ਕਰਨ ਕਿਉਂਕਿ ਪੰਜਾਬ ਦੀ ਤਾਕਤ ਹੀ ਦੇਸ਼ ਦੀ ਤਾਕਤ ਹੈ। ਪੰਜਾਬ ਨੂੰ ਪਾਕਿਸਤਾਨ ਤੇ ਚੀਨ ਦੇ ਵਾਰ ਵੀ ਸਹਿਣੇ ਪੈਂਦੇ ਹਨ। ਪਾਕਿਸਤਾਨ ਪੰਜਾਬ ਵਿਚ ਨਸ਼ੇ ਭੇਜਦਾ ਹੈ ਤਾਕਿ ਨੌਜਵਾਨ ਕਮਜ਼ੋਰ ਪੈ ਜਾਣ ਕਿਉਂਕਿ ਕਮਜ਼ੋਰ ਨੌਜਵਾਨ, ਸਰਹੱਦੀ ਸੂਬੇ ਦੀ ਰਾਖੀ ਨਹੀਂ ਕਰ ਸਕਦੇ।

ਭਗਵੰਤ ਮਾਨ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਸਰਹੱਦ ਤੇ ਪ੍ਰਧਾਨ ਮੰਤਰੀ ਤੋਂ ਵਧੀਆ ਡਰੋਨ ਫੜਨ ਦੀ ਤਕਨੀਕ ਮੰਗਦੇ ਤਾਕਿ ਸਰਹੱਦ ਸੁਰੱਖਿਅਤ ਹੁੰਦੀ। ਇਹ ਮੌਕਾ 700 ਸ਼ਹੀਦ ਕਿਸਾਨਾਂ ਦੀ ਯਾਦ ਕਰਵਾਉਣ ਦਾ ਵੀ ਸੀ ਤੇ ਕਿਸਾਨਾਂ ਦੀਆਂ ਮੰਗਾਂ ਚੁਕਣ ਦਾ ਵੀ ਸੀ। ਜੋ ਪਿਛਲੀ ਵਾਰ ਹੋਇਆ ਹੈ, ਉਹ ਵੀ ਸਹੀ ਨਹੀਂ ਸੀ ਤੇ ਜੋ ਇਸ ਵਾਰ ਹੋਇਆ, ਉਹ ਵੀ ਇਹੀ ਹੈ ਕਿ ਪੰਜਾਬ ਦੇ ਹਿਤ ਵਿਚ ਬੁਲੰਦ ਆਵਾਜ਼ ਨਹੀਂ ਉਠਾਈ ਗਈ। ਸਗੋਂ ਕਾਂਗਰਸ ਤੇ ਮਨਮੋਹਨ ਸਿੰਘ ਨੇ ਇਸ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖ ਕੇ ਜਿਹੜਾ ਕੰਮ ਕੀਤਾ ਸੀ, ਉਸ ਤੇ ਵਾਰ ਹੀ ਹੋਇਆ। ਇਹ ਤਾਂ ਸਿਆਸਤਦਾਨਾਂ ਦਾ ਦਸਤੂਰ ਹੈ ਪਰ ਅੱਜ ਦਾ ਪ੍ਰੋਗਰਾਮ ਵੇਖ ਸੁਣ ਕੇ ਸਿਆਸੀ ਪੰਡਤ ਕਾਫ਼ੀ ਪ੍ਰੇਸ਼ਾਨ ਹੋ ਗਏ ਹਨ।                                           - ਨਿਮਰਤ ਕੌਰ