ਮਨੁੱਖਤਾ ਨੂੰ ਜ਼ਿੰਦਾ ਰੱਖਣ ਲਈ ਕਿਸਾਨ ਦੀ ਲੋੜ ਸੱਭ ਤੋਂ ਜ਼ਿਆਦਾ ਪਰ ਉਸ ਦੀ ਕੋਈ ਕੀਮਤ ਹੀ ਨਹੀਂ ਸਮਝੀ ਜਾਂਦੀ
ਸੱਭ ਤੋਂ ਵੱਡੀ ਤ੍ਰਾਸਦੀ ਹੈ ਕਿ ਉਸ ਕਿਸਾਨ ਨੂੰ ਵੀ ਅਪਣੀ ਕੀਮਤ ਨਹੀਂ ਪਤਾ ਕਿਉਂਕਿ ਕਿਸਾਨ ਆਗੂ ਹੀ ਅਪਣੀ ਕੀਮਤ ਨੂੰ ਨਹੀਂ ਸਮਝ ਰਹੇ।
70 ਸਾਲ ਦੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਦੀ ਕੀਮਤ 10 ਲੱਖ ਰੁਪਏ? ਜਦੋਂ ਇਕ ਫ਼ੌਜੀ ਸਰਹੱਦ ’ਤੇ ਮਾਰਿਆ ਜਾਂਦਾ ਹੈ ਤਾਂ ਸਰਕਾਰਾਂ ਉਸ ਦੀ ਜ਼ਿੰਦਗੀ ਦੀ ਕੀਮਤ ਕਰੋੜਾਂ ਵਿਚ ਲਗਾਉਂਦੀਆਂ ਹਨ। ਕੋਈ ਤਗ਼ਮੇ ਜਿੱਤ ਕੇ ਆਉਂਦਾ ਹੈ ਤਾਂ ਉਸ ਨੂੰ ਤੋਹਫ਼ਿਆਂ ਨਾਲ ਭਰ ਦਿਤਾ ਜਾਂਦਾ ਹੈ। ਜੇ ਸਾਡਾ ਕ੍ਰਿਕਟਰ ਇਕ ਛੱਕਾ ਮਾਰ ਲੈਂਦਾ ਹੈ ਤਾਂ ਉਸ ਨੂੰ ਅਰਬਾਂਪਤੀ ਬਣਾਉਣ ਲਈ ਸਾਰਾ ਦੇਸ਼ ਜੁੱਟ ਜਾਂਦਾ ਹੈ। ਪਰ ਜਿਵੇਂ ਇਕ ਗ੍ਰਹਿਣੀ ਘਰ, ਬੱਚਿਆਂ, ਬਜ਼ੁਰਗਾਂ, ਸਹੁਰਿਆਂ ਦੀ ਦੇਖ ਰੇਖ ਵਿਚ ਅਪਣੇ ਆਪ ਦੀ ਅਹਿਮੀਅਤ ਹੀ ਨਹੀਂ ਸਮਝਦੀ, ਉਸੇ ਤਰ੍ਹਾਂ ਕਿਸਾਨ ਵੀ ਅਪਣੀ ਅਹਿਮੀਅਤ ਨਹੀਂ ਸਮਝ ਸਕਦੇ। ਗ੍ਰਹਿਣੀ ਮਰ ਜਾਂਦੀ ਹੈ ਤਾਂ ਨਵੀਂ ਆ ਜਾਂਦੀ ਹੈ ਤੇ ਕਿਸਾਨ ਮਰ ਜਾਂਦੇ ਹਨ ਤਾਂ ਕੋਈ ਹੋਰ ਉਸ ਦੇ ਖੇਤ ਨੂੰ ਵਾਹੁਣ ਲੱਗ ਜਾਂਦਾ ਹੈ। ਪਰ ਜਦ ਟਮਾਟਰ 300 ਰੁਪਏ ਕਿਲੋ ਮਿਲਣ ਲੱਗ ਪਏ ਸਨ ਤਾਂ ਕਿਵੇਂ ਆਮ ਲੋਕਾਂ ਦੀਆਂ ਚੀਕਾਂ ਨਿਕਲ ਗਈਆਂ ਸਨ, ਠੀਕ ਉਸ ਤਰ੍ਹਾਂ ਹੀ ਜਿਵੇਂ ਕਦੇ ਗ੍ਰਹਿਣੀ ਬੀਮਾਰ ਹੋ ਜਾਵੇ ਤਾਂ ਘਰ ਕਬਾੜਖ਼ਾਨਾ ਬਣ ਜਾਂਦਾ ਹੈ।
ਸਾਡੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਸਾਲ ਭਰ ਲਈ ਬੈਠੇ ਰਹੇ ਤੇ ਉਦੋਂ ਵੀ ਪ੍ਰੀਤਮ ਸਿੰਘ ਵਾਂਗ 250 ਕਿਸਾਨ ਸ਼ਹੀਦ ਹੋਏ। ਕੋਈ ਠੰਢੀ ਸੜਕ ’ਤੇ ਰਾਤਾਂ ਨੂੰ ਦਿਲ ਦੇ ਦੌਰੇ ਦਾ ਸ਼ਿਕਾਰ ਹੋਇਆ ਤਾਂ ਕੋਈ ਅਚਾਨਕ ਉਡਾਰੀ ਮਾਰ ਗਿਆ। ਇਕ ਨੌਜੁਆਨ ਕਿਸਾਨ ਧਰਨੇ ਵਿਚ ਦੁੱਧ ਦੀ ਸੇਵਾ ਕਰਨ ਦਿੱਲੀ ਜਾ ਰਿਹਾ ਸੀ ਤੇ ਸੜਕ ’ਤੇ ਐਕਸੀਡੈਂਟ ਕਾਰਨ ਮਾਰਿਆ ਗਿਆ। ਅਪਣੇ ਵਜੂਦ ਨੂੰ ਬਚਾਉਣ ਵਾਸਤੇ ਸਾਰੇ ਕਿਸਾਨ ਇਕੱਠੇ ਹੋਏ ਸਨ ਤੇ ਅੱਜ ਵੀ ਉਹ ਸੜਕਾਂ ’ਤੇ ਅਪਣੀ ਹੋਂਦ ਨੂੰ ਬਚਾਉਣ ਵਾਸਤੇ ਮਜਬੂਰ ਹੋ ਕੇ ਬੈਠੇ ਹਨ।
ਜੇ ਕਿਸਾਨ ਕੰਮ ਨਾ ਕਰੇ ਤਾਂ ਖ਼ਤਰਾ ਸਰਹੱਦਾਂ ਤੇ ਨਹੀਂ, ਸਾਡੇ ਅਪਣੇ ਅੰਦਰੋਂ ਸ਼ੁਰੂ ਹੋਵੇਗਾ। ਤੁਹਾਡੇ ਪੇਟ ਨੂੰ ਭਰਨ ਲਈ ਨਹੀਂ ਬਲਕਿ ਤੁਹਾਡੇ ਪੇਟ ਨੂੰ ਸਸਤੇ ਵਿਚ ਭਰਨ ਵਾਸਤੇ ਕਿਸਾਨ ਖੇਤ ਵਿਚ ਮਰਦਾ ਹੈ। ਜੇ ਕਿਸਾਨ 300 ਰੁਪਏ ਕਿਲੋ ਟਮਾਟਰ ਵਾਂਗ ਤੁਹਾਡੇ ਚਾਵਲ, ਆਟਾ, ਪਿਆਜ਼ ਦੀ ਸਹੀ ਕੀਮਤ ਵਸੂਲਣ ਬੈਠ ਜਾਣ ਤਾਂ ਫਿਰ ਇਹ ਸਮਾਜ ਕਿਸਾਨ ਦੀ ਅਸਲ ਕੀਮਤ ਸਮਝ ਸਕੇਗਾ। ਪਰ ਸਿਸਟਮ ਹੀ ਅਜਿਹਾ ਬਣਾ ਦਿਤਾ ਗਿਆ ਹੈ ਕਿ ਇਨਸਾਨ ਨੂੰ ਮੁਢਲੀ ਸਹੂਲਤ ਸਸਤੀ ਮਿਲ ਜਾਂਦੀ ਹੈ ਪਰ ਫ਼ਾਲਤੂ ਚੀਜ਼ਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਇਕ ਆਲੂ ਤੋਂ ਬਣੇ ਚਿਪਸ ਇਸ ਦੀ ਸੱਭ ਤੋਂ ਵਧੀਆ ਉਦਾਹਰਣ ਹੈ। ਇਕ ਆਲੂ ਦੀ ਕੀਮਤ ਪੰਜ ਪੈਸੇ ਦਿਤੀ ਜਾਂਦੀ ਹੈ ਅਤੇ ਉਸ ਵਿਚੋਂ ਕੱਢੇ ‘ਚਿਪਸ’ (ਫਾਂਕਾਂ) ਤਲ ਕੇ ਦੋ ਰੁਪਏ ਦੀ ਇਕ ਚਿਪ (ਫਾਂਕ) ਵਿਕਦੀ ਹੈ।
ਆਪ ਨੂੰ ਗੁੱਲੀ ਡੰਡਾ ਖੇਡਣ ਜਾਂ ਟੀਵੀ ਤੇ 11 ਖਿਡਾਰੀਆਂ ਨੂੰ ਖੇਡਦੇ ਵੇਖਣ ਵਿਚ ਜ਼ਿਆਦਾ ਅਨੰਦ ਮਿਲਦਾ ਹੈ? ਇਸੇ ਸਿਸਟਮ ਨੇ ਸਾਨੂੰ ਹਕੀਕਤ ਤੋਂ ਦੂਰ ਕਰ ਦਿਤਾ ਹੈ ਤੇ ਜਿਹੜਾ ਸਾਡੀ ਥਾਲੀ ਨੂੰ ਸਸਤਾ ਤੇ ਭਰਿਆ ਰਖਦਾ ਹੈ, ਉਸ ਦੀ ਕੋਈ ਕੀਮਤ ਹੀ ਨਹੀਂ ਲਗਾਈ ਜਾਂਦੀ।
ਸੱਭ ਤੋਂ ਵੱਡੀ ਤ੍ਰਾਸਦੀ ਹੈ ਕਿ ਉਸ ਕਿਸਾਨ ਨੂੰ ਵੀ ਅਪਣੀ ਕੀਮਤ ਨਹੀਂ ਪਤਾ ਕਿਉਂਕਿ ਕਿਸਾਨ ਆਗੂ ਹੀ ਅਪਣੀ ਕੀਮਤ ਨੂੰ ਨਹੀਂ ਸਮਝ ਰਹੇ। ਇਸ ਸਿਸਟਮ ਸਾਹਮਣੇ ਸਿਰਫ਼ ਕਿਸਾਨ ਹੀ ਨਹੀਂ ਹਾਰਿਆ ਬਲਕਿ ਸਾਡੀਆਂ ਸਰਕਾਰਾਂ ਤੇ ਸਾਡੀ ਅਫ਼ਸਰਸ਼ਾਹੀ ਵੀ ਹਾਰੀ ਹੈ ਕਿਉਂਕਿ ਉਹ ਨਾ ਹਿਮਾਚਲ ਤੇ ਪੰਜਾਬ ਦੀ ਧਰਤੀ ਨੂੰ ਬਚਾ ਸਕੀ ਹੈ ਤੇ ਨਾ ਕਿਸਾਨ ਨੂੰ ਆਰਥਕ ਸੁਰੱਖਿਆ ਹੀ ਦੇ ਸਕੀ ਹੈ। ਅੱਜ ਸਰਕਾਰਾਂ ਕਟਹਿਰੇ ਵਿਚ ਖੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜੋ ਦੱਸਣ ਕਿ ਕਿਉਂ ਕਿਸਾਨ ਘਬਰਾਹਟ ਵਿਚ ਹੈ ਤੇ ਕਿਉਂ ਉਸ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ?
- ਨਿਮਰਤ ਕੌਰ