ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ਸਾਰੀਆਂ ਦੀਆਂ ਸਾਰੀਆਂ ਇਕ ਪਾਰਟੀ ਦੇ ਟੋਕਰੇ ਵਿਚ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਕਾਲੀ ਦਲ ਤੇ 'ਆਪ' ਵਾਲੇ, ਦੋਸ਼ ਦੂਜਿਆਂ ਤੇ ਮੜ੍ਹਨ ਦੀ ਥਾਂ ਅਪਣੇ ਅੰਦਰ ਝਾਤੀ ਮਾਰਨ...........

Parkash Singh Badal

ਅਸਲ ਵਿਚ ਅੱਜ ਅਕਾਲੀ ਦਲ-ਬਾਦਲ ਦੇ ਕਿਸੇ ਵੀ ਆਗੂ ਨੂੰ ਪੰਜਾਬ ਦੀ ਜਨਤਾ ਦੀ ਗੱਲ ਸਮਝ ਵਿਚ ਨਹੀਂ ਆ ਸਕਦੀ। ਇਹ ਸਾਰੇ ਹੁਣ ਕਰੋੜਪਤੀ ਵਪਾਰੀ ਬਣ ਚੁੱਕੇ ਹਨ, ਜੋ ਗੁਰੂ ਘਰਾਂ ਨੂੰ ਵੀ ਵਪਾਰ ਵਾਂਗ ਹੀ ਚਲਾਉਂਦੇ ਹਨ ਅਤੇ ਲੋਕਾਂ ਨੂੰ ਮੁਫ਼ਤ ਸਮਾਨ ਦੇ ਕੇ ਖ਼ਰੀਦਣ ਦੀ 'ਵਪਾਰੀ ਟਰਿੱਕ' ਨੂੰ ਵਰਤਣ ਵਿਚ ਮਾਹਰ ਬਣ ਚੁੱਕੇ ਹਨ। ਜੇ ਲੋਕਾਂ ਨੂੰ ਕਾਬਲ ਬਣਾਇਆ ਹੁੰਦਾ, ਐਸ.ਜੀ.ਪੀ.ਸੀ. ਦੇ ਕਾਲਜਾਂ/ਸਕੂਲਾਂ ਰਾਹੀਂ ਨੌਜਵਾਨਾਂ ਦੀ ਸਿਖਿਆ ਵਲ ਧਿਆਨ ਦਿਤਾ ਹੁੰਦਾ ਤਾਂ ਅੱਜ ਸਾਬਕਾ ਪੰਥਕ ਪਾਰਟੀ ਦੀ ਇਸ ਤਰ੍ਹਾਂ ਹੂੰਝਾ ਫੇਰੂ ਹਾਰ ਕਦੇ ਨਾ ਹੁੰਦੀ। 

ਪੰਚਾਇਤੀ ਚੋਣਾਂ ਦੇ ਨਤੀਜੇ ਕਾਂਗਰਸ ਵਾਸਤੇ ਤਾਂ ਖ਼ੁਸ਼ੀਆਂ ਲਿਆਏ ਹੀ ਹਨ ਪਰ ਪੰਜਾਬ ਦੀਆਂ ਬਾਕੀ ਪਾਰਟੀਆਂ ਦੀ ਹਾਰ ਬਹੁਤ ਦਰਦਨਾਕ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੀ ਗੱਲ ਕਰੀਏ ਤਾਂ ਇਹ ਪਾਰਟੀ ਇਕ ਵੀ ਸੀਟ ਨਾ ਜਿੱਤ ਸਕੀ ਪਰ ਇਨ੍ਹਾਂ ਨੇ ਚੋਣਾਂ ਜਿੱਤਣ ਦੀ ਖ਼ਾਸ ਕੋਸ਼ਿਸ਼ ਵੀ ਨਹੀਂ ਸੀ ਕੀਤੀ। ਇਸ ਪਾਰਟੀ ਦੇ ਆਗੂ ਜਿਸ ਤਰ੍ਹਾਂ ਆਪਸ ਵਿਚ ਹੀ ਲੜਨ ਵਿਚ ਮਸਰੂਫ਼ ਹਨ, ਜਾਪਦਾ ਨਹੀਂ ਕਿ ਇਨ੍ਹਾਂ ਦੀ ਇਸ ਵੇਲੇ ਪੰਜਾਬ ਵਿਚ ਕੋਈ ਦਿਲਚਸਪੀ ਰਹਿ ਵੀ ਗਈ ਹੈ ਅਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਉਤੇ ਰੱਤੀ ਭਰ ਭਰੋਸਾ ਹੀ ਰਹਿ ਗਿਆ ਹੈ।

ਅੱਜ ਇਨ੍ਹਾਂ ਦੇ ਵੱਡੇ ਆਗੂ ਅਪਣੀ ਹੀ ਕੁਰਸੀ ਦੀ ਲੜਾਈ ਵਿਚ ਵੱਡੇ-ਵੱਡੇ ਬਿਆਨ ਦੇਣੇ ਪਸੰਦ ਕਰਦੇ ਹਨ ਪਰ ਲੋਕਾਂ ਨੂੰ ਕੰਮ ਕਰਨ ਵਾਲਾ ਬੰਦਾ ਦਿਸ ਹੀ ਜਾਂਦਾ ਹੈ। ਰਹੀ ਗੱਲ ਅਕਾਲੀ ਲੀਡਰਾਂ ਦੀ ਤਾਂ ਲੋਕਾਂ ਦੇ ਜਵਾਬ ਦਾ ਅਸਰ ਉਨ੍ਹਾਂ ਦੇ ਚਿਹਰਿਆਂ ਤੋਂ ਹੀ ਨਜ਼ਰ ਆ ਰਿਹਾ ਹੈ। ਜਿਸ ਤਰ੍ਹਾਂ ਅਕਾਲੀ ਦਲ ਦੇ ਸਾਰੇ ਵੱਡੇ ਆਗੂ ਸੜਕਾਂ ਉਤੇ ਖ਼ੁਦ ਨਿਤਰੇ ਸਨ, ਇਕ-ਇਕ ਬੂਥ ਤੇ ਹਾਜ਼ਰ ਸਨ, ਸਾਬਕਾ ਉਪ-ਮੁੱਖ ਮੰਤਰੀ ਖ਼ੁਦ ਪੁਲਿਸ ਅਫ਼ਸਰਾਂ ਨਾਲ ਬਹਿਸ ਕਰਦੇ ਨਜ਼ਰ ਆਏ ਸਨ, ਵੱਡੇ ਬਾਦਲ ਸਾਹਬ ਖ਼ੁਦ ਅਪਣੇ ਵਰਕਰਾਂ ਨਾਲ ਸੜਕਾਂ ਤੇ ਪਹਿਰਾ ਦੇ ਰਹੇ ਸਨ, ਉਨ੍ਹਾਂ ਨੇ ਇਸ ਤਰ੍ਹਾਂ ਦੀ ਹਾਰ ਦੀ ਉਮੀਦ ਕਦੇ ਨਹੀਂ ਕੀਤੀ ਹੋਵੇਗੀ।

ਬਠਿੰਡਾ ਵਿਚੋਂ ਅਕਾਲੀ ਦਲ ਦਾ ਪੱਤਾ ਸਾਫ਼ ਹੋ ਜਾਣ ਦੀ ਉਮੀਦ ਕਿਸੇ ਨੂੰ ਨਹੀਂ ਹੋਵੇਗੀ ਕਿਉਂਕਿ ਬਠਿੰਡੇ ਨੂੰ ਤਾਂ ਬਾਦਲ ਪ੍ਰਵਾਰ ਨੇ ਚੰਗਾ ਪਾਲ ਪੋਸ ਕੇ ਤੇ ਖਵਾ ਪਿਆ ਕੇ ਰਖਿਆ ਹੋਇਆ ਸੀ। ਫਿਰ ਵੀ ਇਕ ਵੀ ਸੀਟ ਇਸ ਹਲਕੇ ਵਿਚ ਨਾ ਜਿੱਤ ਸਕਣ ਕਰ ਕੇ ਅੱਜ ਬਾਦਲ ਅਕਾਲੀ ਦਲ ਸਦਮੇ ਦੀ ਹਾਲਤ ਵਿਚ ਆ ਗਿਆ ਲਗਦਾ ਹੈ। ਆਖ਼ਰ ਉਹ ਲੋਕਾਂ ਵਾਸਤੇ ਹੋਰ ਕਰ ਵੀ ਕੀ ਸਕਦੇ ਹਨ? ਜੋ ਕੁੱਝ ਵੀ ਮੁਫ਼ਤ ਦੇ ਸਕਦੇ ਸਨ, ਉਹ ਤਾਂ ਉਨ੍ਹਾਂ ਨੇ ਦੇ ਦਿਤਾ। ਇਸ ਹਾਰ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਰੱਖੀ ਗਈ ਜਿਥੇ ਸੁਖਬੀਰ ਸਿੰਘ ਬਾਦਲ ਨੂੰ ਪਿੱਛੇ ਰਖਿਆ ਗਿਆ ਅਤੇ ਵੱਡੇ ਬਾਦਲ ਨੇ ਅੱਗੇ ਹੋ ਕੇ ਸਾਰੇ ਫ਼ੈਸਲੇ ਲਏ।

ਇਸ ਨੂੰ ਅਕਾਲੀ ਦਲ ਦੇ 'ਬਜ਼ੁਰਗ ਪੰਥਕ' ਆਗੂਆਂ ਨੂੰ ਠੰਢਿਆਂ ਕਰਨ ਵਜੋਂ ਲਿਆ ਜਾ ਰਿਹਾ ਹੈ ਜੋ ਕਹਿ ਰਹੇ ਸਨ ਕਿ ਸੁਖਬੀਰ ਨੇ ਪਾਰਟੀ ਨੂੰ ਮਰਵਾ ਦਿਤਾ ਹੈ। 
ਪਰ ਅਕਾਲੀ ਵਰਕਰ ਵੱਡੇ-ਛੋਟੇ ਬਾਦਲ ਦੀ ਅੱਗੇ-ਪਿੱਛੇ ਦੀ ਖੇਡ ਨੂੰ ਸੱਭ ਸਮਝਦੇ ਹਨ। ਅੱਜ ਜਿਨ੍ਹਾਂ ਬਜ਼ੁਰਗ 'ਪੰਥਕ' ਅਕਾਲੀਆਂ ਦੀ ਨਾਰਾਜ਼ਗੀ ਦੀ ਗੱਲ ਕੀਤੀ ਜਾ ਰਹੀ ਹੈ, ਉਹ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਹਨ ਅਤੇ ਕਿਸੇ ਨਾ ਕਿਸੇ ਧੰਦੇ ਵਿਚ ਉਨ੍ਹਾਂ ਦੀ ਅਧੀਨਗੀ ਹੇਠ ਕੰਮ ਕਰਦੇ ਰਹੇ ਹਨ। ਅਸਲ ਵਿਚ ਅੱਜ ਅਕਾਲੀ ਦਲ-ਬਾਦਲ ਦੇ ਕਿਸੇ ਵੀ ਆਗੂ ਨੂੰ ਪੰਜਾਬ ਦੀ ਜਨਤਾ ਦੀ ਗੱਲ ਸਮਝ ਵਿਚ ਨਹੀਂ ਆ ਸਕਦੀ।

ਇਹ ਸਾਰੇ ਹੁਣ ਕਰੋੜਪਤੀ ਵਪਾਰੀ ਬਣ ਚੁੱਕੇ ਹਨ, ਜੋ ਗੁਰੂ ਘਰਾਂ ਨੂੰ ਵੀ ਵਪਾਰ ਵਾਂਗ ਹੀ ਚਲਾਉਂਦੇ ਹਨ ਅਤੇ ਲੋਕਾਂ ਨੂੰ ਮੁਫ਼ਤ ਸਮਾਨ ਦੇ ਕੇ ਖ਼ਰੀਦਣ ਦੀ 'ਵਪਾਰੀ ਟਰੱਕ' ਨੂੰ ਵਰਤਣ ਵਿਚ ਮਾਹਰ ਬਣ ਚੁੱਕੇ ਹਨ। ਜੇ ਲੋਕਾਂ ਨੂੰ ਕਾਬਲ ਬਣਾਇਆ ਹੁੰਦਾ, ਐਸ.ਜੀ.ਪੀ.ਸੀ. ਦੇ ਕਾਲਜਾਂ/ਸਕੂਲਾਂ ਰਾਹੀਂ ਨੌਜਵਾਨਾਂ ਦੀ ਸਿਖਿਆ ਵਲ ਧਿਆਨ ਦਿਤਾ ਹੁੰਦਾ ਤਾਂ ਅੱਜ ਸਾਬਕਾ ਪੰਥਕ ਪਾਰਟੀ ਦੀ ਇਸ ਤਰ੍ਹਾਂ ਹੂੰਝਾ ਫੇਰੂ ਹਾਰ ਕਦੇ ਨਾ ਹੁੰਦੀ। ਕਾਂਗਰਸੀਆਂ ਵਲੋਂ ਬੂਥਾਂ ਉਤੇ ਕਬਜ਼ੇ ਕਰਨ ਸਬੰਧੀ ਅਕਾਲੀ ਬੜੇ ਇਲਜ਼ਾਮ ਲਾ ਰਹੇ ਹਨ ਅਤੇ ਇਕ ਐਸ.ਐਸ.ਪੀ. ਨੂੰ ਵੀ ਘੇਰੇ ਵਿਚ ਲਿਆ ਜਾ ਰਿਹਾ ਹੈ।

ਉਨ੍ਹਾਂ ਵਲੋਂ ਇਸ ਹਾਰ ਨੂੰ ਅਜੇ ਵੀ ਕਿਸੇ ਹੋਰ ਦੇ ਮੱਥੇ ਮੜ੍ਹਨ ਦੀ ਸੋਚ ਹੀ ਅਪਣਾਈ ਜਾ ਰਹੀ ਹੈ। ਅਕਾਲੀ ਦਲ ਹਰ ਕਿਸੇ ਨੂੰ ਅਪਣੀ ਹਾਰ ਵਾਸਤੇ ਜ਼ਿੰਮੇਵਾਰ ਮੰਨਣਾ ਚਾਹੁੰਦਾ ਹੈ, ਸਿਵਾਏ ਅਪਣੇ। ਇਲਜ਼ਾਮ ਸਿਰਫ਼ ਸੁਖਬੀਰ ਸਿੰਘ ਬਾਦਲ ਜਾਂ ਕਾਂਗਰਸ ਸਿਰ ਮੜ੍ਹਨ ਦੀ ਬਜਾਏ, ਪੂਰਾ ਦਾ ਪੂਰਾ ਅਕਾਲੀ ਦਲ ਅਪਣੇ ਆਪ ਨੂੰ ਕਟਹਿਰੇ ਵਿਚ ਖੜਾ ਕਰ ਕੇ ਮੰਥਨ ਕਰੇ ਤਾਂ ਸ਼ਾਇਦ ਸੱਚ ਉਨ੍ਹਾਂ ਦੀ ਸਮਝ ਵਿਚ ਆ ਹੀ ਜਾਵੇ। ਉਮੀਦ ਹੈ ਕਿ ਇਸ ਸਦਮੇ 'ਚੋਂ ਨਿਕਲ ਕੇ ਉਹ ਸੱਚੇ ਮੰਥਨ ਵਲ ਤੁਰਨ ਦੀ ਹਿੰਮਤ ਜ਼ਰੂਰ ਕਰਨਗੇ।

ਕਾਂਗਰਸ ਤਾਂ ਅੱਜ ਪੱਬਾਂ ਭਾਰ ਹੋ, ਅਪਣੀ ਜਿੱਤ ਦਾ ਜਸ਼ਨ ਮਨਾ ਰਹੀ ਹੈ। ਪਰ ਉਨ੍ਹਾਂ ਨੂੰ ਵੀ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜਿੱਤ ਪਿੱਛੇ, ਲੋਕਾਂ ਦਾ ਉਨ੍ਹਾਂ ਉਤੇ ਭਰੋਸਾ ਨਹੀਂ ਕੰਮ ਕਰ ਰਿਹਾ ਬਲਕਿ ਇਹ ਤਾਂ ਹੋਰ ਕੋਈ ਵਿਕਲਪ ਨਾ ਹੋਣ ਦਾ ਨਤੀਜਾ ਹੈ ਜੋ ਸਾਹਮਣੇ ਆਇਆ ਹੈ। ਅੱਜ ਉਨ੍ਹਾਂ ਪ੍ਰਤੀ ਵੀ ਲੋਕਾਂ ਅੰਦਰ ਨਿਰਾਸ਼ਾ ਹੈ, ਇਸੇ ਕਰ ਕੇ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਘਟੀ ਹੈ। ਜੇ ਪੰਜਾਬ ਸਰਕਾਰ ਨੇ ਲੋਕਾਂ ਅੰਦਰ ਵਿਸ਼ਵਾਸ ਬਹਾਲ ਨਾ ਕੀਤਾ ਤਾਂ ਨੇੜੇ ਭਵਿੱਖ ਵਿਚ ਨਤੀਜੇ ਉਲਟ ਵੀ ਸਕਦੇ ਹਨ।  -ਨਿਮਰਤ ਕੌਰ