ਬਰਗਾੜੀ ਕਾਂਡ : ਬਾਦਲਕੇ ਆਪ ਵੀ ਦੋਸ਼ੀ ਹਨ....... ਨਹੀਂ ਉਹ ਦੋਸ਼ੀ ਨਹੀਂ... ਹਾਂ ਸ਼ਾਇਦ ਦੋਸ਼ੀ ਹਨ...!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2017 'ਚ ਕਾਂਗਰਸ ਸਰਕਾਰ ਦੀ ਜਿੱਤ ਪਿੱਛੇ ਇਕ ਵੱਡਾ ਕਾਰਨ ਸੀ, ਅਕਾਲੀ ਸਰਕਾਰ ਵਲੋਂ ਬਰਗਾੜੀ ਬੇਅਦਬੀ ਕਾਂਡ ਵਿਚ ਅਪਣੇ ਹੀ ਲੋਕਾਂ ਉਤੇ ਗੋਲੀ ਚਲਾਉਣਾ ਅਤੇ ਗੁਰੂ....

Behbal Kalan Firing Case

2017 'ਚ ਕਾਂਗਰਸ ਸਰਕਾਰ ਦੀ ਜਿੱਤ ਪਿੱਛੇ ਇਕ ਵੱਡਾ ਕਾਰਨ ਸੀ, ਅਕਾਲੀ ਸਰਕਾਰ ਵਲੋਂ ਬਰਗਾੜੀ ਬੇਅਦਬੀ ਕਾਂਡ ਵਿਚ ਅਪਣੇ ਹੀ ਲੋਕਾਂ ਉਤੇ ਗੋਲੀ ਚਲਾਉਣਾ ਅਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਅਪਰਾਧੀਆਂ ਨੂੰ ਫੜਨ ਵਿਚ ਕਾਮਯਾਬ ਨਾ ਹੋਣਾ। ਨਸ਼ਾ ਮੁੱਦਾ ਸੀ, ਕਰਜ਼ਾ ਮੁੱਦਾ ਸੀ, ਬੇਰੁਜ਼ਗਾਰੀ ਮੁੱਦਾ ਸੀ ਪਰ ਜੇ ਸਿਰਫ਼ ਇਨ੍ਹਾਂ ਮੁੱਦਿਆਂ ਉਤੇ ਚੋਣਾਂ ਲੜੀਆਂ ਜਾਂਦੀਆਂ ਤਾਂ ਅਕਾਲੀ ਦਲ ਏਨੀ ਬੁਰੀ ਤਰ੍ਹਾਂ ਨਾ ਹਾਰਦਾ। ਕਾਂਗਰਸ ਨੂੰ 77 ਸੀਟਾਂ ਮਿਲਣ ਦਾ ਕਾਰਨ ਇਹ ਸੀ ਕਿ ਜੋ ਲੋਕ ਪੱਕੇ ਤੌਰ ਤੇ ਅਕਾਲੀ ਦਲ ਨਾਲ ਜੁੜੇ ਹੋਏ ਸਨ, ਉਨ੍ਹਾਂ ਦੇ ਦਿਲ ਵੀ ਟੁੱਟ ਗਏ ਸਨ ਕਿ ਇਕ 'ਪੰਥਕ' ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਵੀ ਗੁਰੂ ਦੀ ਬੇਅਦਬੀ ਦੀ ਸਾਜ਼ਸ਼ ਵਿਚ ਸ਼ਾਮਲ ਹੋ ਸਕਦੀ ਹੈ ਅਤੇ ਲੋਕਾਂ ਵਿਚ ਇਹ ਸ਼ੱਕ ਫੈਲਾਇਆ ਗਿਆ ਸੀ ਕਿ ਬਾਦਲ ਪ੍ਰਵਾਰ ਬਰਗਾੜੀ ਦੀ ਸਾਜ਼ਸ਼ ਵਿਚ ਸ਼ਾਮਲ ਹੈ।

ਅੱਜ ਤਕ 4 ਵਿਸ਼ੇਸ਼ ਜਾਂਚ ਟੀਮਾਂ (ਐਸ.ਆਈ.ਟੀ.) ਇਸ ਮਾਮਲੇ ਦੀ ਜਾਂਚ ਕਰ ਚੁਕੀਆਂ ਹਨ। ਹੁਣ ਤਕ ਸਾਹਮਣੇ ਆਏ ਨਤੀਜੇ ਇਹ ਇਸ਼ਾਰਾ ਦੇਂਦੇ ਹਨ ਕਿ ਗੋਲੀ ਕਾਂਡ ਦੀ ਜ਼ਿੰਮੇਵਾਰੀ ਇਕ ਐਸ.ਐਸ.ਪੀ. ਤਕ ਸੀਮਤ ਹੋ ਕੇ ਰਹਿ ਗਈ ਹੈ। ਭਾਵੇਂ ਅਜੇ ਚੌਥੀ ਐਸ.ਆਈ.ਟੀ. ਨੇ ਅਪਣੀ ਰੀਪੋਰਟ ਬੰਦ ਨਹੀਂ ਕੀਤੀ, ਸੀ.ਬੀ.ਆਈ. ਨੇ ਤਾਂ ਮਾਮਲਾ ਨਬੇੜ ਹੀ ਦਿਤਾ ਹੈ। ਜਿਨ੍ਹਾਂ ਸੁਰਾਗ਼ਾਂ ਵਲ ਪੰਜਾਬ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਇਸ਼ਾਰਾ ਕਰ ਰਿਹਾ ਸੀ, ਉਨ੍ਹਾਂ ਨੂੰ ਰੱਦ ਕਰਦਾ ਇਕ ਬਿਆਨ ਇਕ ਅੰਗਰੇਜ਼ੀ ਅਖ਼ਬਾਰ ਨੇ ਮੁੱਖ ਮੰਤਰੀ ਦੇ ਇੰਟਰਵਿਊ ਵਿਚ ਸ਼ਾਮਲ ਕਰ ਦਿਤਾ ਹੈ ਜਿਸ ਨਾਲ ਇਸ ਮਸਲੇ ਤੇ ਸਿਆਸਤ ਫਿਰ ਗਰਮ ਹੋ ਗਈ ਹੈ।

ਸੀ.ਐਮ.ਓ. ਦੇ ਇਕ ਨਜ਼ਦੀਕੀ ਅੰਗਰੇਜ਼ੀ ਅਖ਼ਬਾਰ ਦੇ ਸੰਪਾਦਕ ਨਾਲ ਖ਼ਾਸ ਮੁਲਾਕਾਤ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਸਾਬ੍ਹ ਦੀ ਸ਼ਮੂਲੀਅਤ ਇਸ ਕਾਂਡ ਵਿਚ ਨਹੀਂ ਸੀ। ਜਿਸ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ 28 ਅਗੱਸਤ ਨੂੰ ਵਿਧਾਨ ਸਭਾ ਵਿਚ ਖੜੇ ਹੋ ਕੇ ਡਰਪੋਕ ਅਤੇ ਝੂਠਾ ਆਖਿਆ ਸੀ, ਇਸ ਬਿਆਨ ਦਾ ਅਰਥ ਤਾਂ ਇਹੀ ਨਿਕਲਦਾ ਸੀ ਕਿ ਹੁਣ ਉਹ ਉਨ੍ਹਾਂ ਨੂੰ ਅਪਰਾਧੀ ਨਹੀਂ ਮੰਨਦੇ। ਮੁੱਖ ਮੰਤਰੀ ਨੇ ਬਾਅਦ ਵਿਚ ਸਪੱਸ਼ਟੀਕਰਨ ਤਾਂ ਦਿਤਾ ਕਿ ਉਹ ਕੁੱਝ ਹੋਰ ਕਹਿਣਾ ਚਾਹ ਰਹੇ ਸਨ। ਪਰ ਉਨ੍ਹਾਂ ਦੀ ਇਸ ਖ਼ਾਸ ਮੁਲਾਕਾਤ ਵਿਚ ਕੁੱਝ ਹੋਰ ਵੀ ਗੱਲਾਂ ਕਹੀਆਂ ਗਈਆਂ ਜਿਨ੍ਹਾਂ ਨੂੰ ਅੱਜ ਤਕ ਤਾਂ ਕਾਂਗਰਸੀ ਆਪ ਹੀ ਠੀਕ ਨਹੀਂ ਸਨ ਮੰਨਦੇ। ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਕੋਈ ਅਪਰਾਧ ਨਹੀਂ ਕੀਤਾ ਗਿਆ ਬਲਕਿ ਸਿਰਫ਼ ਸਿਆਸਤ ਖੇਡੀ ਗਈ। ਵੋਟਾਂ ਵਾਸਤੇ ਅਕਾਲੀ ਡੇਰੇ ਦਾ ਸਮਰਥਨ ਕਰਦੇ ਸਨ ਅਤੇ ਮਾਮਲਾ ਅਕਾਲ ਤਖ਼ਤ ਦੇ ਹੁਕਮ ਦੀ ਉਲੰਘਣਾ ਦਾ ਸੀ।

ਸੋ ਜੇ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅਪ੍ਰਾਧ ਹੀ ਕੋਈ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਫ਼ਜ਼ੂਲ ਵਿਚ ਇਸ ਇਲਜ਼ਾਮ ਵਿਚ ਲਪੇਟਣ ਦੀ ਸਿਆਸਤ ਖੇਡੀ ਗਈ ਸੀ? ਬਾਦਲ ਪ੍ਰਵਾਰ ਤਾਂ ਸ਼ੁਰੂ ਤੋਂ ਹੀ ਕਸਮਾਂ ਖਾ ਖਾ ਕੇ ਕਹਿੰਦਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਬੇਕਸੂਰ ਸਨ ਤੇ ਪੁਲਿਸ ਹੀ ਬਾਗ਼ੀ ਹੋਈ ਪਈ ਸੀ ਜਿਸ ਨੇ ਸਰਾ ਗ਼ਲਤ ਕੰਮ ਕੀਤਾ। ਜੇ ਮੁੱਖ ਮੰਤਰੀ ਦੇ ਲਫ਼ਜ਼ਾਂ ਦੀ ਤੋੜ-ਮਰੋੜ ਕੀਤੀ ਗਈ ਹੈ ਤਾਂ ਅਖ਼ਬਾਰ ਦੇ ਸੰਪਾਦਕ ਨੂੰ ਮਾਫ਼ੀ ਦਾ ਨੋਟਿਸ ਕਿਉਂ ਨਹੀਂ ਦਿਤਾ ਗਿਆ? ਅਜਕਲ ਤਾਂ ਮੁੱਖ ਮੰਤਰੀ ਦਾ ਇੰਟਰਵੀਊ ਉਨ੍ਹਾਂ ਦੇ ਸਟਾਫ਼ ਵਲੋਂ ਪਾਸ ਕਰਨ ਮਗਰੋਂ ਹੀ ਛਪਣ ਦਿਤਾ ਜਾਂਦਾ ਹੈ। ਇਹ ਸਵਾਲ ਬਹੁਤ ਜ਼ਰੂਰੀ ਹਨ ਕਿਉਂਕਿ ਹੁਣ ਤਕ ਹਰ ਮੁੱਦੇ ਉਤੇ ਸਰਕਾਰਾਂ ਇਕ-ਦੂਜੇ ਉਤੇ ਇਲਜ਼ਾਮ ਸੁੱਟਣ ਦੀ ਰੀਤ ਅਪਣਾਉਂਦੀਆਂ ਆ ਰਹੀਆਂ ਹਨ ਅਤੇ ਨਿਆਂ ਤੋਂ ਵਾਂਝੇ ਰਹਿ ਜਾਂਦੇ ਹਨ ਆਮ ਲੋਕ।

ਬਰਗਾੜੀ ਦੇ ਮੁੱਦੇ ਨੂੰ ਲੈ ਕੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਢਾਹ ਲੱਗੀ ਅਤੇ ਜਦੋਂ ਪੰਜਾਬ ਵਿਚ ਦੋ ਨਿਹੱਥੇ ਸਿੰਘਾਂ ਉਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਹ ਸੱਟ ਜਲਿਆਂਵਾਲਾ ਬਾਗ਼ ਦੇ ਸਾਕੇ ਤੋਂ ਜ਼ਿਆਦਾ ਦੁਖਦਾਈ ਸੀ। ਜਨਰਲ ਡਾਇਰ ਭਾਰਤ ਦਾ ਸ਼ਾਸਕ ਬਣਿਆ ਬੈਠਾ ਸੀ ਪਰ ਉਹ ਜਨਤਾ 'ਚੋਂ ਨਿਕਲ ਕੇ ਨਹੀਂ ਸੀ ਆਇਆ। ਪੰਜਾਬ ਸਰਕਾਰ ਲੋਕਾਂ ਵਿਚੋਂ ਨਿਕਲ ਕੇ ਆਈ ਸੀ ਅਤੇ ਵਿਧਾਨ ਸਭਾ ਵਿਚ ਦਸਿਆ ਗਿਆ ਸੀ ਕਿ ਮੁੱਖ ਮੰਤਰੀ ਦੇ ਘਰ, ਮੌਕੇ 'ਤੇ ਤਾਇਨਾਤ ਪੁਲਿਸ ਅਫ਼ਸਰਾਂ ਵਿਚਕਾਰ ਫ਼ੋਨ ਰੀਕਾਰਡ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਮੁੱਖ ਮੰਤਰੀ ਦਾ ਦਫ਼ਤਰ ਗੋਲੀ ਕਾਂਡ ਬਾਰੇ ਜਾਣੂ ਸੀ।

ਅੱਜ ਚਾਰ ਸਾਲਾਂ ਬਾਅਦ ਇਹ ਨਹੀਂ ਪਤਾ ਲੱਗ ਰਿਹਾ ਕਿ ਪਾਪ ਵਿਚ ਬਾਦਲ ਪ੍ਰਵਾਰ ਦੀ ਵਿਚ ਸ਼ਮੂਲੀਅਤ ਸੀ ਜਾਂ ਇਹ ਨਿਰੀ ਪੁਰੀ ਰਾਜ ਪ੍ਰਬੰਧ ਦੀ ਕਮਜ਼ੋਰੀ ਹੀ ਸੀ? ਕਾਂਗਰਸ ਦੇ ਸਾਰੇ ਮੰਤਰੀਆਂ ਤੇ ਅਫ਼ਸਰਾਂ ਨੂੰ ਹੁਣ ਮਿਲ ਬੈਠ ਕੇ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਕ ਸੱਚ ਪੰਜਾਬ ਸਾਹਮਣੇ ਰੱਖਣ ਦੀ ਹਿੰਮਤ ਕਰਨੀ ਚਾਹੀਦੀ ਹੈ। ਹਰ ਚੋਣ ਤੋਂ ਪਹਿਲਾਂ ਸਿੱਖਾਂ ਦੇ ਜਜ਼ਬਾਤ ਨਾਲ ਖਿਲਵਾੜ ਕਰਨ ਦੀ ਰਵਾਇਤ ਨੂੰ ਚਾਲੂ ਰੱਖ ਕੇ ਹੁਣ ਕਿਸੇ ਹੋਰ ਬੇਕਸੂਰ ਸਿੰਘ ਨੂੰ ਇਸੇ ਤਰ੍ਹਾਂ ਕੁਰਬਾਨ ਕਰਨ ਦਾ ਖੁਲ੍ਹਾ ਰਾਹ ਬੰਦ ਕਰ ਦੇਣਾ ਚਾਹੀਦਾ ਹੈ।  -ਨਿਮਰਤ ਕੌਰ