ਕਿਸਾਨ ਅੰਦੋਲਨ ਦੀ ਹਮਾਇਤ ਵਿਚ ਉਤਰਿਆ ਨੌਜਵਾਨ,ਚੰਗੀ ਗੱਲ ਹੈ ਪਰ ਸਾਵਧਾਨ ਹੋਣ ਦੀ ਵੀ ਲੋੜ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਬੇਰੁਜ਼ਗਾਰਾਂ ਨੂੰ ਆਖਿਆ ਜਾ ਰਿਹਾ ਸੀ ਪਕੌੜੇ ਵੇਚਣ ਲਈ

Farmer Protest

ਸਿਆਸੀ ਪਾਰਟੀਆਂ ਨੇ 23 ਅਤੇ 24 ਸਤੰਬਰ ਨੂੰ ਕਈ ਥਾਵਾਂ 'ਤੇ ਕਿਸਾਨਾਂ ਦੇ ਹੱਕ ਵਿਚ ਰੈਲੀਆਂ ਕੀਤੀਆਂ ਪਰ ਇਨ੍ਹਾਂ ਵਿਚ ਕਿਸਾਨਾਂ ਪ੍ਰਤੀ ਚਿੰਤਾ ਘੱਟ ਅਤੇ ਇਕ ਦੂਜੇ ਨੂੰ ਨੀਵਾਂ ਡੇਗਣ ਦੀ ਚੇਸ਼ਟਾ ਜ਼ਿਆਦਾ ਨਜ਼ਰ ਆ ਰਹੀ ਸੀ। ਅਕਾਲੀ ਦਲ ਦਾ ਪ੍ਰਧਾਨ ਕੁਝ ਵੀ ਕਹਿ ਦੇਂਦਾ ਹੈ ਤਾਂ ਕਾਂਗਰਸ ਮਜ਼ਾਕ ਉਡਾਉਂਦੀ ਹੋਈ ਕਹਿਣ ਲੱਗ ਜਾਂਦੀ ਹੈ ਕਿ ਪਹਿਲਾਂ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਕੇ ਤਾਂ ਵਿਖਾਉ। ਅਕਾਲੀ ਦਲ ਵੀ ਖੇਤੀ ਕਾਨੂੰਨ ਬਾਰੇ ਘੱਟ ਅਤੇ ਕਾਂਗਰਸ ਬਾਰੇ ਜ਼ਿਆਦਾ ਬੋਲਦਾ ਹੈ। ਅਕਾਲੀ ਦਲ ਕਾਂਗਰਸ ਦੇ ਮੈਨੀਫ਼ੈਸਟੋ ਅਤੇ ਮੁੱਖ ਮੰਤਰੀ ਦੀਆਂ ਕੇਂਦਰੀ ਖੇਤੀ ਮੰਤਰੀ ਨਾਲ ਬੈਠਕਾਂ ਦੀ ਹੀ ਗੱਲ ਕਰਦਾ ਹੈ। ਦੋਵੇਂ ਪਾਰਟੀਆਂ ਇਹ ਕਹਿਣਾ ਚਾਹੁੰਦੀਆਂ ਹਨ ਕਿ ਅਸੀ ਤਾਂ ਮਾੜੇ ਹਾਂ ਪਰ ਸਾਹਮਣੇ ਵਾਲਾ ਵੀ ਸਾਡੇ ਤੋਂ ਚੰਗਾ ਨਹੀਂ ਜੇ।

ਇਨ੍ਹਾਂ ਸਾਰਿਆਂ ਨੂੰ ਵੇਖ ਕੇ ਪੰਜਾਬ ਦੇ ਨੌਜਵਾਨ ਹੁਣ ਬਾਹਰ ਨਿਕਲ ਕੇ ਆ ਰਹੇ ਹਨ ਅਤੇ ਅੱਜ ਕਿਸਾਨਾਂ ਨਾਲ ਰਲ ਕੇ ਮੋਰਚੇ ਸੰਭਾਲਣ ਲੱਗ ਪਏ ਹਨ। ਇਸ ਮੋਰਚੇ ਵਿਚ ਨੌਜਵਾਨਾਂ, ਕ੍ਰਾਂਤੀਕਾਰੀਆਂ, ਕਲਾਕਾਰਾਂ, ਗੀਤਕਾਰਾਂ ਅਤੇ ਸੱਚੇ ਸੁੱਚੇ ਪੰਜਾਬੀਆਂ ਦੀ ਪੁਕਾਰ ਸੁਣਾਈ ਦੇਂਦੀ ਹੈ ਜਿਸ ਨੇ ਸੁੱਤੇ ਹੋਏ ਪੰਜਾਬੀਆਂ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਕਰ ਦਿਤਾ ਹੈ। ਅੱਜ ਪੰਜਾਬ ਦਾ ਨੌਜਵਾਨ ਦਿੱਲੀ ਸਰਕਾਰ ਨੂੰ ਜੜ੍ਹਾਂ ਤੋਂ ਹਿਲਾਉਣ ਦਾ ਨਾਹਰਾ ਲੈ ਕੇ ਬਾਹਰ ਨਿਕਲਣ ਲਈ ਤਿਆਰ ਹੈ। ਤਿਆਰ ਵੀ ਕਿਉਂ ਨਾ ਹੋਵੇ, 10 ਲੱਖ ਨੌਜਵਾਨ ਕੋਵਿਡ-19 ਦੌਰਾਨ ਬੇਰੁਜ਼ਗਾਰ ਹੋਏ ਹਨ। ਪਹਿਲਾਂ ਹੀ ਬੇਰੁਜ਼ਗਾਰਾਂ ਨੂੰ ਪਕੌੜੇ ਵੇਚਣ ਲਈ ਆਖਿਆ ਜਾ ਰਿਹਾ ਸੀ।

ਖੇਤੀ ਬਿਲ, ਪੰਜਾਬ ਦੇ ਧੀਆਂ-ਪੁੱਤਰਾਂ ਉਤੇ ਇਕ ਵੱਡਾ ਹਮਲਾ ਹੈ ਕਿਉਂਕਿ ਉਨ੍ਹਾਂ ਕੋਲ ਸਿਰਫ਼ ਅਪਣੀ ਜ਼ਮੀਨ ਹੀ  ਤਾਂ ਬਾਕੀ ਰਹਿ ਗਈ ਹੈ। ਜੇ ਹੁਣ ਉਨ੍ਹਾਂ ਨੂੰ ਅਪਣੀ ਜ਼ਮੀਨ ਦੇ ਹੁੰਦਿਆਂ ਵੀ ਗ਼ੁਲਾਮ ਬਣਾਉਣ ਲਈ ਕਾਨੂੰਨ ਬਣਾਇਆ ਗਿਆ ਹੈ ਤਾਂ ਉਸ ਦੇ ਗੁੱਸੇ ਦੀ ਕੋਈ ਸੀਮਾ ਤਾਂ ਨਹੀਂ ਮਿਥੀ ਜਾ ਸਕਦੀ।
ਅੱਜ ਜਦ ਨੌਜਵਾਨ ਵਰਗ ਸੜਕਾਂ 'ਤੇ ਆ ਗਿਆ ਹੈ ਤਾਂ ਉਹ ਸਾਰੇ ਹੀ ਸਿਆਸਤਦਾਨਾਂ ਤੋਂ ਵੀ ਡਾਢਾ ਨਿਰਾਸ਼ ਲਗਦਾ ਹੈ ਕਿਉਂਕਿ ਉਸ ਨੇ ਹਰ ਤਰ੍ਹਾਂ ਦੇ ਸਿਆਸਤਦਾਨਾਂ ਨੂੰ ਵਾਰ-ਵਾਰ ਅਜ਼ਮਾ ਲਿਆ ਹੋਇਆ ਹੈ ਅਤੇ ਸਚਾਈ ਤੋਂ ਵਾਕਫ਼ ਹੈ। ਇਹ ਉਹੀ ਨੌਜਵਾਨ ਹਨ ਜੋ ਬਰਗਾੜੀ ਮੋਰਚੇ ਸਮੇਂ ਵੀ ਸ਼ਾਂਤਮਈ ਢੰਗ ਨਾਲ ਰੋਸ ਲਈ ਸੜਕਾਂ 'ਤੇ ਉਤਰੇ ਸਨ।

ਇਕ ਸਰਕਾਰ ਨੇ ਗੋਲੀਆਂ ਚਲਾਈਆਂ ਸਨ ਤੇ ਦੂਜੀ ਨੇ ਨਿਆਂ ਦੇਣ ਦੇ ਨਾਮ 'ਤੇ ਸੱਤਾ ਵਿਚ ਬੈਠਦੇ ਹੀ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹੀ ਭੁਲਾ ਦਿਤਾ। ਨੌਜਵਾਨ ਇਹੀ ਕਹਿੰਦਾ ਰਿਹਾ ਕਿ ਚੋਰ ਤੇ ਕੁੱਤੀ ਅੰਦਰੋਂ ਮਿਲੇ ਹੋਏ ਹਨ। ਅੱਜ ਜਾਪਦਾ ਨਹੀਂ ਕਿ ਬਰਗਾੜੀ ਦੇ ਦੋਸ਼ੀ ਜਾਂ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੇ ਸਿੱਖਾਂ 'ਤੇ ਗੋਲੀ ਚਲਾਉਣ ਵਾਲਿਆਂ ਦੀ ਸਾਜ਼ਿਸ਼ ਪਿਛੇ ਕਿਸ ਤਾਕਤ ਦਾ ਹੱਥ ਕੰਮ ਕਰਦਾ ਸੀ, ਇਹ ਸੱਚ ਕਦੇ ਸਾਹਮਣੇ ਆ ਵੀ ਸਕੇਗਾ। ਸੋ ਅੱਜ ਸਾਡੇ ਨੌਜਵਾਨ ਨਿਰਾਸ਼ ਵੀ ਹਨ ਪਰ ਜੋਸ਼ ਵਿਚ ਵੀ ਹਨ ਅਤੇ ਸਾਡੀ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਅਪਣੇ ਜੋਸ਼ ਵਿਚ ਹੋਸ਼ ਨੂੰ ਨਾ ਗਵਾਉਣ। 1980 ਵਿਚ ਜਦ ਨੌਜਵਾਨਾਂ ਨੇ ਅਪਣਾ ਹੋਸ਼ ਗਵਾਇਆ ਸੀ ਤਾਂ ਵੀ ਮੁੱਦਾ ਤਾਂ ਸਹੀ ਸੀ-ਰਾਜਧਾਨੀ, ਪਾਣੀ ਅਤੇ ਭਾਸ਼ਾ ਦਾ ਮੁੱਦਾ ਪਰ ਅੱਜ ਤਕ ਉਹ ਤਿੰਨੇ ਹੀ ਮੰਗਾਂ ਪੂਰੀਆਂ ਨਹੀਂ ਹੋਈਆਂ। ਅੱਜ ਤਾਂ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੀਆਂ ਭਾਸ਼ਾਵਾਂ ਦੀ ਸੂਚੀ ਵਿਚੋਂ ਹਟਾ ਕੇ ਮਾਂ ਬੋਲੀ ਨੂੰ ਹੋਰ ਵੀ ਡੂੰਘੀ ਸੱਟ ਮਾਰੀ ਗਈ ਹੈ।

ਏਨਾ ਕੁੱਝ ਹੋਣ ਦੇ ਬਾਵਜੂਦ ਸਾਡੇ ਨੌਜਵਾਨਾਂ ਨੂੰ ਅੱਜ ਅਪਣੇ ਆਪ ਨੂੰ ਸ਼ਾਂਤ ਰੱਖਣ ਦੀ ਵੀ ਲੋੜ ਹੈ ਅਤੇ ਕਿਸਾਨਾਂ ਦੀ ਬਾਂਹ ਅਖ਼ੀਰ ਤਕ ਫੜੇ ਰੱਖਣ ਦੀ ਵੀ ਲੋੜ ਹੈ। ਇਹ ਵਿਰੋਧ ਛੇਤੀ ਖ਼ਤਮ ਹੋਣ ਵਾਲਾ ਨਹੀਂ। ਇਸ ਦਾ ਇਕ ਰਸਤਾ ਅਦਾਲਤ ਵਲ ਵੀ ਜਾਵੇਗਾ। ਸ਼ਾਇਦ ਕਿਸਾਨ ਦੀ ਰਾਖੀ ਲਈ ਸੰਸਥਾ ਵੀ ਬਣਾਉਣੀ ਪਵੇਗੀ ਜਿਸ ਲਈ ਨੌਜਵਾਨਾਂ ਨੂੰ ਸਿਆਸਤਦਾਨਾਂ ਦੀ ਮਦਦ ਲਏ ਬਿਨਾ ਇਕ ਲੰਮੀ ਲੜਾਈ ਦੀ ਤਿਆਰੀ ਕਰਨੀ ਪਵੇਗੀ। ਜੇਕਰ ਹੋਸ਼ ਨਾਲ ਇਹ ਲੜਾਈ ਲੜੀ ਗਈ ਤਾਂ ਇਸ ਵਾਰ ਜਿੱਤ ਮਿਲ ਸਕਦੀ ਹੈ। ਕਿਸਾਨਾਂ ਦੇ ਹੱਕ ਵਿਚ ਗਲੇਡੂ ਵਹਾਉਣ ਵਾਲੇ ਸਿਆਸਤਦਾਨਾਂ ਤੋਂ ਬੱਚ ਕੇ ਰਹਿਣ ਦੀ ਲੋੜ ਤੋਂ ਵੀ ਇਨਕਾਰ ਕਰਨਾ, ਖ਼ਤਰਨਾਕ ਸਾਬਤ ਹੋ ਸਕਦਾ ਹੈ। ਕਿਸਾਨ-ਵਿਰੋਧੀ ਕਾਨੂੰਨ ਪਾਸ ਕਰਨ ਵਾਲਿਆਂ ਨੇ ਵੀ ਅਪਣੇ ਪਾਲਤੂ ਸਿਆਸਤਦਾਨ, ਕਿਸਾਨ ਅੰਦੋਲਨ ਅੰਦਰ ਉਤਾਰ ਦਿਤੇ ਹੋਏ ਹਨ। ਬੱਚ ਕੇ ਰਹਿਣਾ।          - ਨਿਮਰਤ ਕੌਰ