ਸੰਪਾਦਕੀ: ਔਰਤਾਂ ਦੀ ਦੁਰਗਤੀ ਬਾਰੇ ਲੋਕ ਸਭਾ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇ?
ਸਿਆਸਤਦਾਨਾਂ ਦੀ ਲੜਾਈ ਕਾਰਨ ਜੇ ਸਾਡੇ ਕਾਨੂੰਨ ਦੇ ਰਖਵਾਲੇ ਔਰਤਾਂ ਦੀ ਸੁਰੱਖਿਆ ਵਲ ਧਿਆਨ ਦੇਣ ਵਾਸਤੇ ਤਿਆਰ ਹਨ ਤਾਂ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ।
ਮਹਾਰਾਸ਼ਟਰ ਵਿਚੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਖ਼ਾਸ ਲੋਕ ਸਭਾ ਸੈਸ਼ਨ ਬੁਲਾਉਣ ਦੀ ਮੰਗ ਉਠ ਰਹੀ ਹੈ। ਮੁੰਬਈ ਵਿਚ ਇਕ ਬੇਘਰ ਔਰਤ ਸਾਕੀਨਾਕਾ ਦੇ ਚੌਰਾਹੇ ਤੇ ਰਹਿ ਰਹੀ ਸੀ ਤੇ ਇਕ ਲੰਘਦੇ ਟੈਂਪੂ ਵਾਲੇ ਨੇ ਉਸ ਨੂੰ ਅਪਣੀ ਗੱਡੀ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਤੇ ਫਿਰ ਬੇਰਹਿਮੀ ਨਾਲ ਮਾਰ ਦਿਤਾ। ਇਸ ਤੋਂ ਬਾਅਦ ਮਹਾਰਾਸ਼ਟਰ ਦੇ ਗਵਰਨਰ ਨੇ ਮਹਾਰਾਸ਼ਟਰ ਵਿਧਾਨ ਸਭਾ ਦੀ ਇਕ ਖ਼ਾਸ ਬੈਠਕ ਦੀ ਮੰਗ ਕੀਤੀ। ਗਵਰਨਰ ਭਾਜਪਾ ਦੇ ਹਨ, ਇਸ ਕਰ ਕੇ ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਵਲੋਂ ਦੇਸ਼ ਵਿਚ ਔਰਤਾਂ ਉਤੇ ਕੀਤੇ ਜਾ ਰਹੇ ਅਪਰਾਧਾਂ ਕਾਰਨ ਲੋਕ ਸਭਾ ਦੇ ਇਕ ਖ਼ਾਸ ਸੈਸ਼ਨ ਦੀ ਮੰਗ ਕੀਤੀ ਜਿਸ ਵਿਚ ਔਰਤਾਂ ਉਤੇ ਮੰਡਰਾਉਂਦੇ ਸੰਕਟ ਬਾਰੇ ਵਿਚਾਰ ਕੀਤੀ ਜਾਵੇ।
ਇਹ ਸੰਕਟ ਅਸਲੀ ਹੈ ਤੇ ਕਾਫ਼ੀ ਚਿਰ ਤੋਂ ਔਰਤਾਂ ਦੀ ਸੁਰੱਖਿਆ ਬਾਰੇ ਗੱਲ ਕੀਤੀ ਜਾਂਦੀ ਹੈ। ਹਰ ਸਾਲ ਕਈ ਕੁੜੀਆਂ ਨਾਲ ਬਲਾਤਕਾਰ ਹੁੰਦਾ ਹੈ, ਛੇੜਛਾੜ ਦੇ ਮਾਮਲੇ ਹੁੰਦੇ ਹਨ, ਘਰਾਂ ਵਿਚ ਮਾਰਕੁਟ ਹੁੰਦੀ ਹੈ, ਕੁੜੀਆਂ ਹੱਕਾਂ ਤੋਂ ਵਾਂਝੀਆਂ ਹੋ ਜਾਂਦੀਆਂ ਹਨ ਤੇ ਲੱਖਾਂ ਬੱਚੀਆਂ ਕੁਖਾਂ ਵਿਚ ਮਾਰ ਦਿਤੀਆਂ ਜਾਂਦੀਆਂ ਹਨ। ਸਾਡੇ ਵਿਚੋਂ ਲੱਖਾਂ ਕੁੜੀਆਂ ਗ਼ਾਇਬ ਹਨ ਕਿਉਂਕਿ ਉਨ੍ਹਾਂ ਨੂੰ ਜਿਊਣ ਦਾ ਹੱਕ ਹੀ ਨਹੀਂ ਦਿਤਾ ਗਿਆ ਤੇ ਜਿਨ੍ਹਾਂ ਨੂੰ ਜੀਵਨ ਮਿਲਦਾ ਹੈ, ਘੱਟ ਹੀ ਇਕ ਸੰਪੂਰਨ ਇਨਸਾਨ ਦਾ ਜੀਵਨ ਜੀਅ ਸਕਦੀਆਂ ਹਨ। ਸਾਡੇ ਸਮਾਜ ਵਿਚ ਅਜੇ ਕੁੱਝ ਸਾਲਾਂ ਤੋਂ ਹੀ ਬਲਾਤਕਾਰ ਪ੍ਰਤੀ ਨਜ਼ਰੀਆ ਬਦਲਿਆ ਹੈ ਪਰ ਅਜੇ ਵੀ ਬਲਾਤਕਾਰੀਆਂ ਦੀ ਗਿਣਤੀ ਘੱਟ ਨਹੀਂ ਰਹੀ। ਮੁੰਬਈ ਵਿਚੋਂ ਇਕ ਹੋਰ ਕਿੱਸਾ ਸਾਹਮਣੇ ਆਇਆ ਹੈ ਜਿਥੇ ਇਕ 15 ਸਾਲ ਦੀ ਕੁੜੀ ਦਾ ਕਈ ਵਿਅਕਤੀਆਂ ਵਲੋਂ ਬਲਾਤਕਾਰ ਤੇ ਕਦੇ ਸਮੂਹਕ ਬਲਾਤਕਾਰ ਅੱਠ ਮਹੀਨਿਆਂ ਤਕ ਹੁੰਦਾ ਰਿਹਾ।
ਦਿੱਲੀ ਵਚ ਇਕ 8 ਸਾਲ ਦੀ ਬੱਚੀ ਨਾਲ ਤੇ ਹਾਥਰਸ ਵਿਚ 4 ਕੁੜੀਆਂ ਦਾ ਬਲਾਤਕਾਰ ਵਰਗੀਆਂ ਦਰਦਨਾਕ ਕਹਾਣੀਆਂ ਅੱਗੇ ਆਉਂਦੀਆਂ ਹਨ ਜੋ ਇਨਸਾਨੀਅਤ ਨੂੰ ਹਿਲਾ ਦਿੰਦੀਆਂ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਵੱਡੀ ਔਰਤ ਨਾਲ ਕੀਤੀ ਹਿੰਸਾ ਘੱਟ ਦਰਦਨਾਕ ਹੁੰਦੀ ਹੈ। ਹਰ ਬਲਾਤਕਾਰ, ਹਰ ਛੇੜਛਾੜ, ਹਰ ਮਾਰ, ਹਰ ਦਾਜ ਦੀ ਮੰਗ, ਪੀੜਤ ਮਹਿਲਾ ਵਾਸਤੇ ਦਰਦਨਾਕ ਹੁੰਦਾ ਹੈ। ਅਸੀ ਇਕ ਪੀੜਤ ਨੂੰ ਇਹ ਨਹੀਂ ਆਖ ਸਕਦੇ ਕਿ ਤੇਰਾ ਸਿਰਫ਼ ਇਕ ਮਰਦ ਨੇ ਬਲਾਤਕਾਰ ਕੀਤਾ ਹੈ ਤੇ ਉਹ ਸਮੂਹਕ ਜਾਂ ਹਿੰਸਕ ਨਹੀਂ ਸੀ, ਸੋ ਤੇਰੇ ਜ਼ਖਮ ਗਹਿਰੇ ਨਹੀਂ ਹਨ।
ਹਕੀਕਤ ਇਹ ਹੈ ਕਿ ਅੱਜ ਵੀ ਔਰਤਾਂ ਇਕ ਡਰ ਹੇਠ ਰਹਿੰਦੀਆਂ ਹਨ। ਸਿਆਸਤਦਾਨਾਂ ਦੀ ਲੜਾਈ ਕਾਰਨ ਜੇ ਸਾਡੇ ਕਾਨੂੰਨ ਦੇ ਰਖਵਾਲੇ ਔਰਤਾਂ ਦੀ ਸੁਰੱਖਿਆ ਵਲ ਧਿਆਨ ਦੇਣ ਵਾਸਤੇ ਤਿਆਰ ਹਨ ਤਾਂ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ। 2020 ਵਿਚ ਤਕਰੀਬਨ 8 ਮਹੀਨੇ ਤਾਲਾਬੰਦੀ ਰਹੀ ਜਿਸ ਮਗਰੋਂ ਵੇਖਿਆ ਗਿਆ ਕਿ ਔਰਤਾਂ ਵਿਰੁਧ ਅਪਰਾਧਾਂ ਵਿਚ ਸਿਰਫ਼ 7 ਫ਼ੀ ਸਦੀ ਗਿਰਾਵਟ ਆਈ। ਹਰ ਰੋਜ਼ ਤਕਰੀਬਨ 77 ਬਲਾਤਕਾਰ ਹੋਏ ਤੇ ਇਹ ਖ਼ਤਰਾ ਔਰਤਾਂ ਦੇ ਆਸ-ਪਾਸ ਹੀ ਮੰਡਰਾ ਰਿਹਾ ਹੁੰਦਾ ਹੈ। ਹਕੀਕਤ ਇਹ ਹੈ ਕਿ ਔਰਤਾਂ ਨੂੰ ਖ਼ਤਰਾ ਅਪਣੇ ਆਸ-ਪਾਸ ਤੋਂ ਰਹਿੰਦਾ ਹੈ ਤੇ ਮਾੜੀ ਸੋਚ ਵਾਲੇ ਇਹ ਮਰਦ ਕਿਸੇ ਹੋਰ ਟਾਪੂ ਤੋਂ ਨਹੀਂ ਆਉਂਦੇ। ਸਾਡੇ ਘਰਾਂ ਵਿਚ, ਸਾਡੇ ਦਫ਼ਤਰਾਂ ਵਿਚ, ਸਾਡੇ ਦੋਸਤਾਂ ਮਿੱਤਰਾਂ ਵਿਚੋਂ ਹੀ ਹੁੰਦੇ ਹਨ।
ਇਕ ਸਿਆਣੇ, ਲੋਕਪ੍ਰਿਯ ਇਨਸਾਨ ਨਾਲ ਕਿਸੇ ਹੋਰ ਮਰਦ ਦੇ ਚਰਿੱਤਰ ਬਾਰੇ ਗੱਲ ਹੋ ਰਹੀ ਸੀ। ਉਨ੍ਹਾਂ ਆਖਿਆ ਕਿ ਉਹ ਹੈ ਤਾਂ ਦਿਲ ਦਾ ਸਾਫ਼, ਨੇਕ, ਬੜਾ ਚੰਗਾ ਇਨਸਾਨ, ਮੇਰੇ ਪੁੱਤਰ ਵਰਗਾ ਹੈ, ਬਸ ਉਹ ਔਰਤਾਂ ਦੇ ਮਾਮਲੇ ਵਿਚ ਕਮਜ਼ੋਰ ਹੈ। ਉਸ ਦੇ ਸ਼ਬਦਾਂ ਤੇ ਕੋਈ ਔਰਤ ਵਿਸ਼ਵਾਸ ਨਹੀਂ ਕਰ ਸਕਦੀ। ਮੇਰੇ ਮਨ ਵਿਚ ਆਇਆ, ਤਾਂ ਫਿਰ ਇਸ ਇਨਸਾਨ ਦਾ ਦਿਲ ਸਾਫ਼ ਕਿਸ ਤਰ੍ਹਾਂ ਹੋ ਸਕਦਾ ਹੈ? ਜੋ ਔਰਤਾਂ ਨਾਲ ਗ਼ਲਤ ਕੰਮ ਕਰਦਾ ਹੋਵੇ, ਉਨ੍ਹਾਂ ਨਾਲ ਵੱਲ ਫ਼ਰੇਬ ਕਰਦਾ ਹੋਵੇ, ਉਹ ਤਾਂ ਅਪਰਾਧੀ ਹੈ। ਪਰ ਇਹ ਸੋਚ ਸਿਰਫ਼ ਇਨ੍ਹਾਂ ਦੀ ਹੀ ਨਹੀਂ ਬਲਕਿ ਸਾਰਿਆਂ ਦੀ ਹੈ ਜੋ ਔਰਤਾਂ ਪ੍ਰਤੀ ਇਸ ਸੋਚ ਨੂੰ ਚੰਗੇ ਆਚਾਰ ਦਾ ਹਿੱਸਾ ਨਹੀਂ ਮੰਨਦੇ।
ਇਹੀ ਕਾਰਨ ਹੈ ਕਿ ਔਰਤਾਂ ਅਪਣੇ ਘਰਾਂ ਵਿਚ ਸੁਰੱਖਿਅਤ ਨਹੀਂ। ਤੁਸੀਂ ਕਿਸੇ ਕਾਤਲ, ਕਿਸੇ ਚੋਰ, ਕਿਸੇ ਡਕੈਤ ਨੂੰ ਚੰਗਾ ਕਹੋਗੇ? ਕਿਸੇ ਗੁੰਡੇ ਨੂੰ ਚੰਗਾ ਕਹੋਗੇ ਜੋ ਡਰਾਅ ਧਮਕਾ ਕੇ ਤੁਹਾਡੇ ਪੈਸੇ ਜਾਂ ਜ਼ਮੀਨ ਲੁੱਟ ਜਾਵੇ ਤੇ ਤੁਹਾਡੀਆਂ ਲੱਤਾਂ ਤੋੜ ਦੇਵੇ? ਫਿਰ ਇਕ ਔਰਤ ਨਾਲ ਬਦਸਲੂਕੀ ਕਰਨ ਵਾਲੀ ਸੋਚ ਦੀ ਨਿੰਦਾ ਕਿਉਂ ਨਹੀਂ? ਕਿਸੇ ਦਾਜ ਮੰਗਣ ਵਾਲੇ ਨਾਲ ਰਿਸ਼ਤਾ ਕਿਉਂ? ਲੋੜ ਹੈ ਸਾਡੇ ਮਰਦ ਸਮਾਜ ਵਿਚ ਔਰਤਾਂ ਪ੍ਰਤੀ ਸੋਚ ਬਦਲਣ ਦੀ। ਇਹ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗ ਮਰਦਾਂ ਨੂੰ ਇਹ ਅਹਿਸਾਸ ਕਰਵਾਉਣਾ ਜ਼ਰੂਰੀ ਹੈ ਕਿ ਜਿਹੜਾ ਮਰਦ, ਔਰਤ ਨਾਲ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਕਰੇ, ਉਹ ਚੰਗਾ ਨਹੀਂ ਹੋ ਸਕਦਾ।
-ਨਿਮਰਤ ਕੌਰ