ਅਕਾਲੀ ਦਲ ਦੀ ਨਈਆ ਵਿਚ ਹਰ ਰੋਜ਼ ਨਵੀਆਂ ਮੋਰੀਆਂ, ਇਸ ਨੂੰ ਡੁਬਣੋਂ ਬਚਣ ਦੇਣਗੀਆਂ?
ਇਕੋ ਹੀ ਤਰੀਕਾ ਹੈ ਕਿ ਨਿਜੀ ਹਿਤਾਂ ਤੋਂ ਸਾਂਝੇ ਪੰਥਕ ਹਿਤਾਂ ਨੂੰ ਉਪਰ ਮੰਨ ਲਉ..........
ਬ੍ਰਹਮਪੁਰਾ ਦਾ ਬਿਆਨ ਬਹੁਤ ਵੱਡਾ ਸੱਚ ਬਿਆਨ ਕਰਦਾ ਹੈ ਜਦ ਉਹ ਕਹਿੰਦੇ ਹਨ ਕਿ ''ਮੈਂ ਹਾਂ ਤਾਂ ਅਕਾਲੀ ਦਲ ਦਾ ਮੀਤ ਪ੍ਰਧਾਨ ਅਰਥਾਤ ਬਾਦਲ ਸਾਹਬ ਤੋਂ ਬਾਅਦ ਦੂਜੇ ਨੰਬਰ ਤੇ ਪਰ ਇਸ ਅਹੁਦੇ ਨੂੰ ਕੀ ਕਰਾਂ ਜਦ ਨਾ ਕੋਈ ਮੇਰੀ ਸਲਾਹ ਲੈਂਦਾ ਹੈ, ਨਾ ਵੱਡੇ ਫ਼ੈਸਲੇ ਲੈਣ ਤੋਂ ਪਹਿਲਾਂ ਮੈਨੂੰ ਕੁੱਝ ਦਸਿਆ ਹੀ ਜਾਂਦਾ ਹੈ।'' ਬ੍ਰਹਮਪੁਰਾ ਦੇ ਸਾਥੀਆਂ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਦੀ ਉਮਰ ਦੇ ਵੀਰ ਸਿੰਘ ਲੋਪੋਕੇ ਅਤੇ ਗੁਲਜ਼ਾਰ ਸਿੰਘ ਰਣੀਕੇ, ਬਿਕਰਮ ਸਿੰਘ ਮਜੀਠੀਆ ਦੇ ਪੈਰ ਛੂੰਹਦੇ ਹਨ ਕਿਉਂਕਿ ਉਨ੍ਹਾਂ ਵਲੋਂ ਕੀਤੀਆਂ ਕੁੱਝ ਸਿਆਸੀ ਗ਼ਲਤੀਆਂ ਅਤੇ ਪੈਸੇ ਨਾਲ ਸਬੰਧਤ ਮਾਮਲੇ ਉਨ੍ਹਾਂ ਨੂੰ ਝੁਕਣ ਲਈ ਮਜਬੂਰ ਕਰਦੇ ਹਨ।
ਅਕਾਲੀ ਦਲ ਵਿਚ ਉਠੀ ਬਗ਼ਾਵਤਾਂ ਦੀ ਲਹਿਰ ਨੂੰ ਰੋਕਣ ਵਿਚ ਬਾਦਲ ਪ੍ਰਵਾਰ ਸਫ਼ਲ ਨਹੀਂ ਹੋ ਰਿਹਾ। ਇਸ ਵੇਲੇ ਅਕਾਲੀ ਦਲ (ਬਾਦਲ) ਇਕ ਅਜਿਹੀ ਬੇੜੀ ਬਣ ਚੁੱਕਾ ਹੈ ਕਿ ਉਹ ਇਕ ਮੋਰੀ ਨੂੰ ਸੰਭਾਲਦੇ ਹਨ ਤਾਂ ਦੂਜੀ 'ਚੋਂ ਪਾਣੀ ਬੇੜੀ ਅੰਦਰ ਭਰਨ ਲਗਦਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਦੇ ਅਸਤੀਫ਼ੇ ਤੋਂ ਬਾਅਦ ਅਮਰਪਾਲ ਸਿੰਘ ਬੋਨੀ ਤੇ ਰਤਨ ਸਿੰਘ ਅਜਨਾਲਾ ਨੇ ਵੀ ਬਗ਼ਾਵਤੀ ਸੁਰ ਨੂੰ ਬੜਾ ਉੱਚਾ ਕਰ ਦਿਤਾ ਹੈ। ਉਨ੍ਹਾਂ ਨੇ ਪਾਰਟੀ 'ਚੋਂ ਅਸਤੀਫ਼ਾ ਨਹੀਂ ਦਿਤਾ ਪਰ ਪਾਰਟੀ ਅੰਦਰ ਦੀ ਅਸਲੀਅਤ ਤੋਂ ਪਰਦਾ ਜ਼ਰੂਰ ਚੁਕ ਦਿਤਾ ਹੈ।
ਬ੍ਰਹਮਪੁਰਾ ਦਾ ਬਿਆਨ ਬਹੁਤ ਵੱਡਾ ਸੱਚ ਬਿਆਨ ਕਰਦਾ ਹੈ ਜਦ ਉਹ ਕਹਿੰਦੇ ਹਨ ਕਿ ''ਮੈਂ ਹਾਂ ਤਾਂ ਅਕਾਲੀ ਦਲ ਦਾ ਮੀਤ ਪ੍ਰਧਾਨ ਅਰਥਾਤ ਬਾਦਲ ਸਾਹਬ ਤੋਂ ਬਾਅਦ ਦੂਜੇ ਨੰਬਰ ਤੇ ਪਰ ਇਸ ਅਹੁਦੇ ਨੂੰ ਕੀ ਕਰਾਂ ਜਦ ਨਾ ਕੋਈ ਮੇਰੀ ਸਲਾਹ ਲੈਂਦਾ ਹੈ, ਨਾ ਵੱਡੇ ਫ਼ੈਸਲੇ ਲੈਣ ਤੋਂ ਪਹਿਲਾਂ ਮੈਨੂੰ ਕੁੱਝ ਦਸਿਆ ਹੀ ਜਾਂਦਾ ਹੈ।'' ਬ੍ਰਹਮਪੁਰਾ ਦੇ ਸਾਥੀਆਂ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਦੀ ਉਮਰ ਦੇ ਵੀਰ ਸਿੰਘ ਲੋਪੋਕੇ ਅਤੇ ਗੁਲਜ਼ਾਰ ਸਿੰਘ ਰਣੀਕੇ, ਬਿਕਰਮ ਸਿੰਘ ਮਜੀਠੀਆ ਦੇ ਪੈਰ ਛੂੰਹਦੇ ਹਨ ਕਿਉਂਕਿ ਉਨ੍ਹਾਂ ਵਲੋਂ ਕੀਤੀਆਂ ਕੁੱਝ ਸਿਆਸੀ ਗ਼ਲਤੀਆਂ ਅਤੇ ਪੈਸੇ ਨਾਲ ਸਬੰਧਤ ਮਾਮਲੇ ਉਨ੍ਹਾਂ ਨੂੰ ਝੁਕਣ ਲਈ ਮਜਬੂਰ ਕਰਦੇ ਹਨ।
ਇਸੇ ਤਰ੍ਹਾਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਮਨਜੀਤ ਸਿੰਘ ਜੀ.ਕੇ. ਦੀ ਬਗ਼ਾਵਤ ਨੂੰ ਕਾਬੂ ਹੇਠ (ਬਹੁਤ ਸਾਰੀਆਂ ਮੰਗਾਂ ਮੰਨ ਕੇ) ਕੀਤਾ ਗਿਆ ਤਾਂ ਮਨਜਿੰਦਰ ਸਿੰਘ ਸਿਰਸਾ ਨੇ ਬਗ਼ਾਵਤ ਦੀ ਸੁਰ ਛੇੜ ਲਈ। ਸਿਰਸਾ ਨੇ ਅਕਾਲੀ ਹਾਈ ਕਮਾਂਡ ਵਾਂਗ ਮਨਜੀਤ ਸਿੰਘ ਜੀ.ਕੇ. ਨੂੰ ਉਨ੍ਹਾਂ ਵਲੋਂ ਕੀਤੇ ਘਪਲਿਆਂ ਨੂੰ ਲੈ ਕੇ ਆ ਘੇਰਿਆ ਹੈ, ਭਾਵੇਂ ਗੁੱਝੇ ਭੇਤਾਂ ਉਤੋਂ ਪਰਦਾ ਵਿਰੋਧੀ ਧਿਰ ਨੇ ਹੀ ਚੁਕਿਆ ਸੀ। ਹੁਣ ਜਦੋਂ ਅਕਾਲੀ ਹਾਈਕਮਾਨ ਦੇ ਵੱਡੇ ਭੇਤੀ ਹੀ ਬਗ਼ਾਵਤ ਕਰਨ ਤੇ ਉਤਰ ਆਏ ਹਨ ਤਾਂ ਅਕਾਲੀ ਦਲ ਕੀ ਕਰੇਗਾ? ਮਨਜਿੰਦਰ ਸਿੰਘ ਸਿਰਸਾ ਉਨ੍ਹਾਂ ਦੇ ਵੱਡੇ ਭੇਤਾਂ ਤੋਂ ਜ਼ਰੂਰ ਜਾਣੂ ਹੋਣਗੇ।
ਸਿਰਸਾ ਇਸ ਵੇਲੇ ਭਾਜਪਾ ਦੇ ਵਿਧਾਇਕ ਵੀ ਹਨ। ਇਨ੍ਹਾਂ ਨੂੰ ਸ਼ੇਰ ਸਿੰਘ ਘੁਬਾਇਆ ਜਾਂ ਜੀ.ਕੇ. ਵਾਂਗ ਨਹੀਂ ਝੁਕਾਇਆ ਜਾ ਸਕਦਾ। ਸ਼ਿਕਾਰੀ ਜਦੋਂ ਆਪ ਹੀ ਸ਼ਿਕਾਰ ਬਣ ਜਾਵੇ ਤਾਂ ਅਪਣੇ ਪਿਛਲੇ ਕਰਮਾਂ ਦਾ ਲੇਖਾ-ਜੋਖਾ ਸਾਹਮਣੇ ਆਉਂਦਾ ਹੀ ਆਉਂਦਾ ਹੈ ਪਰ ਇਹ ਮਾਮਲਾ ਸਿਰਫ਼ ਬਾਦਲ ਪ੍ਰਵਾਰ ਦਾ ਨਹੀਂ, ਇਹ ਮਾਮਲਾ ਸਿੱਖ ਸਿਆਸਤ ਵਿਚ ਸਰਦਾਰੀ ਪ੍ਰਾਪਤ ਕਰਨ ਅਤੇ ਕਾਇਮ ਰੱਖਣ ਦਾ ਵੀ ਹੈ। ਜੇ ਐਸ.ਜੀ.ਪੀ.ਸੀ. ਅਤੇ ਅਕਾਲੀ ਦਲ ਦਾ ਏਨਾ ਬੁਰਾ ਹਾਲ ਨਾ ਹੁੰਦਾ ਤਾਂ ਕਾਂਗਰਸ ਪਾਰਟੀ ਇਸ ਤਰ੍ਹਾਂ ਅਪਣੇ ਵਾਅਦਿਆਂ ਤੋਂ ਮੁਕਰਨ ਦੀ ਹਿੰਮਤ ਨਾ ਕਰ ਸਕਦੀ।
ਬਰਗਾੜੀ ਮੋਰਚਾ, ਜਿਸ ਦੀ ਪਹਿਰੇਦਾਰੀ ਹੇਠ ਬਰਗਾੜੀ ਦਾ ਗੋਲੀਕਾਂਡ ਅਤੇ ਬੇਅਦਬੀ ਦੇ ਮਾਮਲਿਆਂ ਦਾ ਸੱਚ ਬਾਹਰ ਆ ਸਕਿਆ ਹੈ, ਉਤੇ ਵੀ ਕਾਂਗਰਸ ਹੁਣ ਇਹ ਇਲਜ਼ਾਮ ਲਾਉਣ ਲੱਗ ਪਈ ਹੈ ਕਿ ਇਹ ਤਾਂ ਪੈਸਿਆਂ ਦੇ ਢੇਰ ਇਕੱਠੇ ਕਰਨ ਲਈ ਹੀ ਚਲਾਇਆ ਜਾ ਰਿਹਾ ਹੈ, ਵਰਨਾ ਮੰਨੀਆਂ ਜਾ ਸਕਣ ਵਾਲੀਆਂ ਮੰਗਾਂ ਤਾਂ ਪਹਿਲੇ ਦਿਨ ਹੀ ਮੰਨ ਲਈਆਂ ਗਈਆਂ ਸਨ। ਇਸ ਸਾਰੀ ਗਿਰਾਵਟ ਦਾ ਕਾਰਨ ਇਹ ਹੈ ਕਿ ਅੱਜ ਜਿਨ੍ਹਾਂ ਪੰਥਕ ਧਿਰਾਂ (ਐਸ.ਜੀ.ਪੀ.ਸੀ. ਅਤੇ ਅਕਾਲੀ ਦਲ) ਨੇ ਸਿੱਖ ਹਿਤਾਂ ਦੀ ਰਾਖੀ ਕਰਨੀ ਸੀ,
ਉਹ ਪੰਥ ਨੂੰ ਛੱਡ ਕੇ ਦਿੱਲੀ ਦੇ ਭਗਵੇਂ ਹਾਕਮਾਂ ਦੀਆਂ ਤਰਫ਼ਦਾਰ ਬਣ ਗਈਆਂ ਹਨ ਤੇ 'ਅਕਾਲੀ' ਸ਼ਬਦ ਦੀ ਵਰਤੋਂ ਨੂੰ ਉਨ੍ਹਾਂ ਨੇ ਨਿਜੀ ਲਾਭਾਂ ਦੀ ਪੂਰਤੀ ਤਕ ਹੀ ਸੀਮਤ ਕਰ ਦਿਤਾ ਹੈ। ਜਿਸ ਤਰ੍ਹਾਂ ਅਕਾਲੀ ਦਲ ਦਾ ਅੰਦਰੂਨੀ ਪ੍ਰਦੂਸ਼ਨ ਬਾਹਰ ਆ ਰਿਹਾ ਹੈ, ਅੱਜ ਸੋਚਣਾ ਪਵੇਗਾ ਕਿ ਕੀ ਸਿਰਫ਼ ਬਾਦਲ ਪ੍ਰਵਾਰ ਦੇ ਪਿੱਛੇ ਹਟ ਜਾਣ ਨਾਲ ਹੀ ਅਕਾਲੀ ਦਲ ਦਾ ਬਚਾਅ ਅਤੇ ਸੁਧਾਰ ਹੋ ਜਾਏਗਾ? ਜਿਸ ਤਰ੍ਹਾਂ ਦੀ ਖ਼ੁਫ਼ੀਆ ਜਾਣਕਾਰੀ ਬਾਦਲ ਪ੍ਰਵਾਰ ਅਕਾਲੀ ਦਲ ਦੇ ਆਗੂਆਂ ਬਾਰੇ ਸਾਂਭੀ ਬੈਠਾ ਹੈ, ਕੀ ਉਸ ਦੇ ਹੁੰਦਿਆਂ ਦਾਗ਼ੀ ਅਕਾਲੀਆਂ ਦੇ ਝੁਕੇ ਹੋਏ ਸਿਰ ਵੀ ਕਦੇ ਉਪਰ ਉਠ ਸਕਦੇ ਹਨ?
ਹੁਣ ਤਾਂ ਲੋੜ ਹੈ ਕਿ ਅਕਾਲੀ ਦਲ ਦੇ ਸਾਰੇ ਆਗੂ ਇਕੱਠੇ ਹੋ ਕੇ ਸਾਂਝੇ ਤੌਰ ਤੇ ਤੈਅ ਕਰਨ ਕਿ ਆਉਣ ਵਾਲੇ ਸਮੇਂ ਵਿਚ ਕੀ ਉਨ੍ਹਾਂ ਦੇ ਨਿਜੀ ਹਿਤ ਜ਼ਿਆਦਾ ਮਹੱਤਵ ਰਖਦੇ ਹਨ ਜਾਂ ਸਮੁੱਚੇ ਪੰਥ ਦੇ ਸਾਂਝੇ ਹਿਤ? ਅਕਾਲੀ ਦਲ ਦੀ ਕਾਇਮੀ ਤਾਂ ਇਨ੍ਹਾਂ ਸਾਂਝੇ ਹਿਤਾਂ ਦੀ ਰਾਖੀ ਲਈ ਹੀ ਹੋਈ ਸੀ। ਫਿਰ ਅੱਜ ਕਿਹੜਾ ਭਾਣਾ ਵਰਤ ਗਿਆ ਹੈ ਕਿ ਨਿਜੀ ਹਿਤ, ਪੰਥਕ ਹਿਤਾਂ ਨਾਲੋਂ ਵੱਡੇ ਮੰਨੇ ਜਾਣ ਲੱਗ ਪਏ ਹਨ? -ਨਿਮਰਤ ਕੌਰ