Editorial: ਬਾਦਲਾਂ ਦੀਆਂ ਨੀਤੀਆਂ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਹੀ ਖ਼ਤਰੇ ’ਚ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਮਰਹੂਮ ਸ.ਜੋਗਿੰਦਰ ਸਿੰਘ ਦੀਆਂ ਗੱਲਾਂ ਸੱਚ ਹੋਣ ਲੱਗੀਆਂ

The existence of the Shiromani Akali Dal is in danger due to the policies of the Badals! Editorial

ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੇ ਆਖ ਦਿਤਾ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਹੋਰ ਕਿਸੇ ਵੀ ਆਗੂ ਦੇ ਚੋਣ ਲੜਨ ’ਤੇ ਕੋਈ ਪਾਬੰਦੀ ਨਹੀਂ ਹੈ ਪਰ ਦਲ ਦੀ ਵਰਕਿੰਗ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ‘ਜਰਨੈਲ (ਸੁਖਬੀਰ ਸਿੰਘ ਬਾਦਲ) ਤੋਂ ਬਿਨਾਂ ਪਾਰਟੀ ਚੋਣ ਨਹੀਂ ਲੜੇਗੀ।’ ਸਿਆਸੀ ਹਲਕਿਆਂ ’ਚ ਹੁਣ ਇਸ ਸੁਆਲ ’ਤੇ ਚਰਚਾ ਸਿਖ਼ਰਾਂ ’ਤੇ ਹੈ ਕਿ ‘‘ਕੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੂਰੀ ਤਰ੍ਹਾਂ ਭੋਗ ਪੈ ਚੁਕਾ ਹੈ?’’ ਪੰਜਾਬ ’ਤੇ ਕਈ ਵਾਰ ਰਾਜ ਕਰ ਚੁਕੇ ਅਕਾਲੀ ਦਲ ਦੇ ਖ਼ਾਤਮੇ ਦੀ ਸ਼ੁਰੂਆਤ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੀ ਹੋ ਗਈ ਸੀ, ਜਦੋਂ ਉਸ ਨੂੰ ਸਿਰਫ਼ ਤਿੰਨ ਸੀਟਾਂ ਨਾਲ ਸਬਰ ਕਰਨਾ ਪਿਆ ਸੀ। ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸਵਰਗੀ ਸ. ਜੋਗਿੰਦਰ ਸਿੰਘ ਨੇ ਅਨੇਕ ਵਾਰ ਇਸ ਬਾਰੇ ਲਿਖਿਆ।

ਉਹ ਜੋ ਕੱੁਝ ਵੀ ਲਿਖ ਗਏ, ਅੱਜ ਉਹੀ ਸੱਚ ਸਿੱਧ ਹੋ ਰਿਹਾ ਹੈ। ਬਾਦਲਾਂ ਦੀਆਂ ਸੌੜੀਆਂ ਸੁਆਰਥੀ ਨੀਤੀਆਂ ਸਦਕਾ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਹੀ ਖ਼ਤਰੇ ਵਿਚ ਪੈ ਗਈ ਹੈ। ਮੌਜੂਦਾ ਸਿਆਸੀ ਹਾਲਾਤ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਸਾਲ 2027 ਦੀਆਂ ਚੋਣਾਂ ’ਚ ਅਕਾਲੀ ਦਲ ਦਾ ਕੀ ਹਾਲ ਹੋ ਸਕਦਾ ਹੈ।  14 ਦਸੰਬਰ 1920 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਤਾਂ ਦੁਨੀਆਂ ਭਰ ’ਚ ਵਸਦੇ ਸਮੂਹ ਪੰਜਾਬੀਆਂ ਨੂੰ ਇਹੋ ਆਸ ਬੱਝੀ ਸੀ ਕਿ ਹੁਣ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਕਦੇ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਸਾਰੇ ਪੰਥਕ ਮਸਲੇ ਮਿਲ ਬੈਠ ਕੇ ਹੱਲ ਕਰ ਲਏ ਜਾਇਆ ਕਰਨਗੇ।

ਇਸੇ ਲਈ ਸੱਭ ਤੋਂ ਪਹਿਲਾਂ ਮਸੰਦਾਂ ਤੋਂ ਗੁਰੂਘਰਾਂ ਦਾ ਖਹਿੜਾ ਛੁਡਾਉਣ ਦੀਆਂ ਰਣਨੀਤੀਆਂ ਉਲੀਕੀਆਂ ਗਈਆਂ ਸਨ। ਉਹ ਸੱਭ ਸਾਰਥਕ ਫ਼ੈਸਲੇ ਸਨ, ਜਿਨ੍ਹਾਂ ਦੀ ਪੰਥ ਨੂੰ ਡਾਢੀ ਜ਼ਰੂਰਤ ਸੀ ਪਰ ਅੱਜ ਦੇ ‘ਅਕਾਲੀ ਲੀਡਰਾਂ’ ਵਲ ਨਜ਼ਰ ਮਾਰੀਏ ਤਾਂ ਲਗਦਾ ਨਹੀਂ ਕਿ ਮਾ: ਤਾਰਾ ਸਿੰਘ ਤੇ ਗਿ: ਕਰਤਾਰ ਸਿੰਘ ਵਰਗੇ ਲੀਡਰ ਵੀ ਸਿੱਖ ਕੌਮ ਦੇ ਲੀਡਰ ਰਹੇ ਹਨ। ਉਸ ਵੇਲੇ ਬਹੁਤੇ ਅਕਾਲੀ ਲੀਡਰ, ਮਾ: ਤਾਰਾ ਸਿੰਘ ਵਾਂਗ ਗ਼ਰੀਬੀ ਵਿਚ ਰਹਿਣ ਨੂੰ ਵਾਹਿਗੁਰੂ ਦੀ ਬਖ਼ਸ਼ਿਸ਼ ਸਮਝਦੇ ਸਨ ਪਰ ਸਿਆਸਤ ਨੂੰ ਵਰਤ ਕੇ ਅਮੀਰ ਬਣਨ ਨੂੰ ਪਾਪ ਸਮਝਦੇ ਸਨ। ਤਦ ਪੰਥ ਤੇ ਦੇਸ਼ ਲਈ ਕੁਰਬਾਨੀ ਕਰਨ ਦਾ ਜਜ਼ਬਾ ਹਰੇਕ ਅਕਾਲੀ ਅੰਦਰ ਕੁਟ-ਕੁਟ ਕੇ ਭਰਿਆ ਹੁੰਦਾ ਸੀ। ਇਸ ਦੇ ਉਲਟ, ਹੁਣ ਤਾਂ ਅਰਬਪਤੀ, ਹੋਟਲ-ਪਤੀ, ਟਰਾਂਸਪੋਰਟ ਪਤੀ ਅਤੇ ਹਰ ਵਪਾਰ ਵਿਚ ‘ਹਿੱਸਾ ਪੱਤੀ’ ਰੱਖਣ ਵਾਲੇ ਹੀ ਅਕਾਲੀ ਲੀਡਰ ਅਖਵਾਉਣ ਦਾ ਹੱਕ ਰਖਦੇ ਵੇਖੇ ਜਾ ਸਕਦੇ ਹਨ ਜਿਨ੍ਹਾਂ ਦੇ ਲੰਗਾਹ ਵਰਗੇ ਹਮਾਇਤੀ ਸਟੇਜ ਤੋਂ ਐਲਾਨ ਕਰਦੇ ਹਨ ਕਿ ‘‘ਸਾਡੇ ਲੀਡਰ ਤਾਂ ਹਰ ਸਾਲ ਕਰੋੜਾਂ ਰੁਪਏ, ਪਾਰਟੀ ਲਈ ਖ਼ਰਚਦੇ ਹਨ; ਹੋਰ ਕਿਹੜਾ ਏਨਾ ਖ਼ਰਚਾ ਪਾਰਟੀ ਲਈ ਕਰ ਸਕਦੈ? ਕੋਈ ਨਹੀਂ।

ਇਸੇ ਲਈ ਮੌਜੂਦਾ ਲੀਡਰਾਂ ਤੋਂ ਬਿਨਾਂ, ਹੋਰ ਕੋਈ ਪਾਰਟੀ ਨੂੰ ਚਲਾ ਹੀ ਨਹੀਂ ਸਕਦਾ।’’ ਇਹ ਮਾਸਟਰ ਤਾਰਾ ਸਿੰਘ ਹੀ ਸਨ, ਜਿਨ੍ਹਾਂ ਨੇ ਉਪ-ਰਾਸ਼ਟਰਪਤੀ ਤੇ ਫਿਰ ਰਾਸ਼ਟਰਪਤੀ ਬਣਾਏ ਜਾਣ ਤਕ ਦੀ ਪੇਸ਼ਕਸ਼ ਵੀ ਠੁਕਰਾ ਦਿਤੀ ਸੀ। ਕੀ ਅੱਜ ਦਾ ਕੋਈ ਅਕਾਲੀ ਆਗੂ ਅਜਿਹੀ ਨੈਤਿਕ ਤੇ ਸਿਆਸੀ ਉਚਤਾ-ਸੁਚਤਾ ਦਾ ਪਾਸਕੂ ਵੀ ਵਿਖਾਈ ਦਿੰਦਾ ਹੈ? ਅਜਿਹੇ ਕਾਰਣਾਂ ਸਦਕਾ ਹੀ ਮਾ. ਤਾਰਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਪੰਜਾਬੀ ਸੂਬਾ ਇਕ ਇੰਚ ਵੀ ਅੱਗੇ ਨਹੀਂ ਵਧ ਸਕਿਆ। ਕੈਰੋਂ ਦੇ ਬਣਾਏ ਅਕਾਲੀ ਦਲ ਵੀ ਦਿੱਲੀ ਤੇ ਪੰਜਾਬ ਵਿਚ ਰਾਜਗੱਦੀਆਂ ਦਾ ਸੁਖ ਵਾਰ-ਵਾਰ ਮਾਣਦੇ ਰਹੇ ਤੇ ਪੰਜਾਬ ਦੀ ਇਕ ਵੀ ਰਾਜਸੀ ਜਾਂ ਸਿੱਖ ਮੰਗ ਨਹੀਂ ਮਨਵਾਈ ਗਈ।

ਪ੍ਰਮਾਣ ਵਜੋਂ ਧਰਮ ਯੁਧ ਮੋਰਚੇ ਅਤੇ ਬਲੂ-ਸਟਾਰ ਆਪ੍ਰੇਸ਼ਨ ਪਿਛੋਂ ਅਕਾਲੀਆਂ ਵਲੋਂ ਤਿਆਰ ਕੀਤੀਆਂ ਮੰਗਾਂ ਦੀਆਂ ਸੂਚੀਆਂ ਵੇਖੀਆਂ ਜਾ ਸਕਦੀਆਂ ਹਨ - ਸੱਭ ਪਾਸੇ ਸਿਰਫ਼ ਸਿਫ਼ਰ ਹੀ ਸਿਫ਼ਰ ਹੈ। ਸਿੱਖ ਕੈਦੀ ਉਨ੍ਹਾਂ ਵੇਲਿਆਂ ਤੋਂ ਹੀ ਜੇਲਾਂ ’ਚ ਸੜ ਰਹੇ ਹਨ ਤੇ ‘ਲਾਪਤਾ’ ਆਖ ਕੇ ਮਾਰੇ ਗਿਆਂ ਦਾ ਕੋਈ ਜ਼ਿਕਰ ਤਕ ਨਹੀਂ ਕੀਤਾ ਜਾਂਦਾ। ਅਜੋਕੇ ਅਕਾਲੀ ਆਗੂਆਂ ਨੇ ਮਾਸਟਰ ਤਾਰਾ ਸਿੰਘ ਦੀ ਅੱਧੀ ਸਦੀ ਦੀ ਲੀਡਰਸ਼ਿਪ ਦੌਰਾਨ ਕੀਤੀਆਂ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਤਾਂ ਕੀ ਕਰਨਾ ਹੈ। ਅੱਜ ਸਿਆਸੀ ਮੈਦਾਨ ’ਚੋਂ ਭੱਜ ਕੇ ਅਕਾਲੀ ਦਲ ਨੇ ਮਰਹੂਮ ਸ.ਜੋਗਿੰਦਰ ਸਿੰਘ ਦੇ ਉਨ੍ਹਾਂ ਸ਼ਬਦਾਂ ’ਤੇ ਮੋਹਰ ਲਾ ਦਿਤੀ, ਜਦੋਂ ਉਹ ਕਹਿੰਦੇ ਸਨ ਕਿ ਅਕਾਲੀ ਦਲ ਦਾ ਖ਼ਾਤਮਾ ਬਾਦਲ ਪਰਵਾਰ ਕਾਰਨ ਹੀ ਹੋਵੇਗਾ।