Editorial: ਗੋਲਕ ਅਤੇ ਪ੍ਰਧਾਨਗੀ ਉਤੇ ਕਬਜ਼ੇ ਦੀ ਲੜਾਈ ਸਿੱਖਾਂ ਦਾ ਅਕਸ ਖ਼ਰਾਬ ਕਰਨ ਵਿਚ ਹੀ ਸਹਾਈ ਹੋਵੇਗੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਗੋਲੀ ਕਿਸੇ ਨੇ ਵੀ ਚਲਾਈ ਹੋਵੇ ਪਰ ਜ਼ਿੰਮੇਵਾਰ ਸਾਡੇ ਧਾਰਮਕ/ਸਿਆਸੀ ਆਗੂ ਹੀ ਹਨ ਜਿਨ੍ਹਾਂ ਨੇ...

Battle for control of Golak and presidency will only help in spoiling the image of Sikhs

Editorial: ਕਪੂਰਥਲਾ ਵਿਚ ਜਿਸ ਤਰ੍ਹਾਂ ਗੁਰੂ ਘਰ ਦੀ ਜ਼ਮੀਨ ਤੇ ਗੋਲਕ ਦੀ ਮਾਇਆ ਖ਼ਾਤਰ ਗੋਲੀਆਂ ਚਲੀਆਂ ਤੇ ਇਕ ਦੀ ਮੌਤ ਹੋ ਗਈ, ਇਹ ਸ਼ਰਮਨਾਕ ਤਾਂ ਹੈ ਹੀ ਪਰ ਇਕ ਬੜੀ ਦੁਖਦ ਵਾਰਦਾਤ ਵੀ ਹੈ। ਅਸੀ ਆਮ ਵੇਖਿਆ ਹੈ ਕਿ ਗੋਲਕਾਂ ਦੇ ਕਬਜ਼ੇ ਪਿੱਛੇ ਗੁਰੂ ਘਰਾਂ ਵਿਚ ਡਾਂਗਾਂ ਚਲਦੀਆਂ ਹਨ ਤੇ ਦਸਤਾਰਾਂ ਉਤਰਦੀਆਂ ਹਨ। ਅੱਜ ਤੋਂ 30 ਸਾਲ ਪਹਿਲਾਂ ਜਦ ਮੈਂ ਅਮਰੀਕਾ ਵਿਚ ਪਹਿਲੀ ਵਾਰ ਗਈ ਤਾਂ ਸਿੱਧਾ ਐਲ.ਏ. ਦੇ ਇਕ ਗੁਰੂ ਘਰ ਵਿਚ ਜਾਣਾ ਹੋਇਆ ਤੇ ਪਹਿਲਾ ਦ੍ਰਿਸ਼ ਹੀ ਪ੍ਰਧਾਨਗੀ ਤੇ ਗੋਲਕ ਦੇ ਕਬਜ਼ੇ ਖ਼ਾਤਰ ਲੜਾਈ ਦਾ ਵੇਖਿਆ ਸੀ। ਹੈਰਾਨ ਹੋ ਗਏ ਸੀ ਕਿ ਗੁਰੂ ਘਰ ਵਿਚ ਬੈਠ ਕੇ ਐਸੀ ਗਾਲੀ ਗਲੋਚ ਵਾਲੀ ਸ਼ਬਦਾਵਲੀ ਵਰਤੀ ਜਾ ਰਹੀ ਸੀ। ਤੇ ਅੱਜ ਬੰਦੂਕਾਂ ਚਲਣੀਆਂ ਵੀ ਸ਼ੁਰੂ ਹੋ ਚੁਕੀਆਂ ਹਨ।

ਇਸ ਹਫ਼ਤੇ ਤਰਨ ਤਾਰਨ ਦੇ ਇਕ ਪਿੰਡ ਵਿਚ ਸੱਥ ਦੌਰਾਨ ਇਹ ਪਤਾ ਲੱਗਾ ਕਿ ਇਸ ਪਿੰਡ ਵਿਚ 18 ਗੁਰੂ ਘਰ ਤੇ 20 ਸ਼ਮਸ਼ਾਨਘਾਟ ਸਨ। ਪੰਚਾਇਤ ਦੀ ਜ਼ਮੀਨ ਅਤੇ ਹਰ ਮੁੁਮਕਿਨ ਪੱਤੀ ਤੇ ਜਾਤ ਨੇ ਅਪਣਾ ਗੁਰੂ ਘਰ ਬਣਾ ਲਿਆ ਹੈ। ਅਪਣੇ ਸਿਵਿਆਂ ਵਾਸਤੇ ਵੀ ਵਖਰੀ ਜ਼ਮੀਨ ਲੈ ਲਈ ਹੈ। ਸੱਭ ਨੇ ਭੁਲਾ ਦਿਤਾ ਕਿ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਅਰਥਾਤ ਇਕੋ ਕੋਲੋਂ ਅਸੀ ਆਏ ਸੀ ਤੇ ਉਸੇ ਕੋਲ ਮੁੜ ਜਾਣਾ ਹੈ। ਜੇ ਗੁਰਬਾਣੀ ਦੇ ਪਹਿਲੇ ਸੱਚ ‘1ਓ’ ਨੂੰ ਹੀ ਸਮਝਿਆ ਨਹੀਂ ਜਾ ਸਕਿਆ ਤਾਂ ਫਿਰ ਹੋਰ ਸਾਨੂੰ ਕੀ ਸਮਝ ਆਵੇਗੀ?

ਗੱਲ ਫਿਰ ਆ ਕੇ ਸਿੱਖ ਸੰਸਥਾਵਾਂ ਦੀ ਦੇਖ ਰੇਖ ਲਈ ਬਣੀ ਐਸਜੀਪੀਸੀ ਤੇ ਅਕਾਲ ਤਖ਼ਤ ਤੇ ਬੈਠੇ ਜਥੇਦਾਰਾਂ ’ਤੇ ਆ ਮੁਕਦੀ ਹੈ। ਇਹ ਸਿਸਟਮ ਬਣਾਇਆ ਹੀ ਸਿੱਖ ਫ਼ਲਸਫ਼ੇ ਦੀ ਸੇਵਾ ਸੰਭਾਲ ਵਾਸਤੇ ਗਿਆ ਸੀ। ਇਥੇ ਪੰਜਾਬ ਵਿਚ ਹੀ ਨਹੀਂ ਬਲਕਿ ਸਾਰੀ ਦੁਨੀਆਂ ਵਿਚ ਚਲਦੇ ਗੁਰੂ ਘਰਾਂ ਦੇ ਮੁਖੀਏ ਲਿਫ਼ਾਫ਼ਿਆਂ ’ਚੋਂ ਹੀ ਨਿਕਲਦੇ ਹਨ ਤੇ ਆਗੂ ਕਦੇ ਵੀ ਗੁਰੂ ਦੀ ਨਹੀਂ ਸੁਣਦੇ। ਉਹ ਤਾਂ ਗੁਰੂ ਨਾਨਕ ਦੇ ਆਖੇ ਲੱਗਣ ਦੀ ਹਿੰਮਤ ਹੀ ਨਹੀਂ ਕਰਦੇ ਤੇ ਨਾਨਕਸ਼ਾਹੀ ਕੈਲੰਡਰ ਵੀ ਲਾਗੂ ਕਰਨ ਤੋਂ ਗੁਰੇਜ਼ ਕਰਦੇ ਹਨ।

ਜੇ ਸੂਰਜ ਦੀ ਚਾਲ ਮੁਤਾਬਕ ਉਨ੍ਹਾਂ ਦਾ ਸਾਲ ਚੱਲੇ ਤਾਂ ਹਰ ਦਿਨ ਹੀ ਸ਼ੁਭ ਹੋਵੇਗਾ ਤੇ ‘ਬਾਬਿਆਂ’ ਦੀ ਲੜਾਈ ਲਈ ਅਸ਼ੁਭ ਦਿਨ ਨਹੀਂ ਮਿਲੇਗਾ ਤੇ ਗੋਲਕਾਂ ਦੇ ਕਬਜ਼ੇ ਦਾ ਧੰਦਾ ਚੌਪਟ ਹੋ ਜਾਵੇਗਾ। ਗੁਰੂ ਘਰਾਂ ਵਿਚ ਗੋਲਕ ਦਾ ਧਨ ਗ਼ਰੀਬ ਵਾਸਤੇ ਲਿਆ ਜਾਂਦਾ ਸੀ ਪਰ ਹੁਣ ਸਿਰਫ਼ ਕਬਜ਼ਾ ਕਰਨ ਵਾਲੇ ਆਗੂਆਂ ਦੀ ਸ਼ਾਹੀ ਫ਼ਜ਼ੂਲਖ਼ਰਚੀ ਵਾਸਤੇ ਵਰਤਿਆ ਜਾਂਦਾ ਹੈ। ਅਮੀਰ ਆਗੂਆਂ ਦੇ ਘਰਾਂ ਵਿਚ ਪਾਠਾਂ ਤੇ ਭੋਗਾਂ ਵਾਸਤੇ ਲੰਗਰ ਗੁਰੂ ਘਰਾਂ ਤੋਂ ਆਉਂਦਾ ਹੈ। ਨਾ ਸਿਰਫ਼ ਧਾਰਮਕ ਮਰਿਆਦਾ ਬਲਕਿ ਪ੍ਰਬੰਧਕੀ ਮਰਿਆਦਾ ਵੀ ਨੁਕਸ-ਰਹਿਤ ਹੋਣੀ ਚਾਹੀਦੀ ਸੀ। ਗੁਰੂ ਘਰ ਦੀ ਪ੍ਰਧਾਨਗੀ ਜਾਂ ਸੰਭਾਲ ਇਕ ਕਮਾਊ ਧੰਦਾ ਨਹੀਂ ਸੀ ਬਣਨ ਦੇਣਾ ਚਾਹੀਦਾ।

ਨਾ ਸਿੱਖ ਫ਼ਲਸਫ਼ੇ ਨੂੰ ਦੂਰ ਦੂਰ ਤਕ ਪ੍ਰਚਾਰਿਆ ਗਿਆ ਤੇ ਨਾ ਹੀ ਉਸ ਦੀ ਸਹੀ ਵਿਆਖਿਆ ਸਿੱਖਾਂ ਕੋਲ ਪਹੁੰਚਣ ਦਿਤੀ ਗਈ। ਜਦ ਗੁਰੂ ਗੋਬਿੰਦ ਸਿੰਘ ਨੇ ‘ਸਿੰਘ’ ਨਾਮ ਦੇ ਦਿਤਾ ਤਾਂ ਨਾਂ ਨਾਲ ਜਾਤ ਜਾਂ ਗੋਤ ਲਿਖਣ ਦੀ ਗੱਲ ਹੀ ਨਹੀਂ ਉਠਣੀ ਚਾਹੀਦੀ ਸੀ ਤੇ ਵਖਰੀਆਂ ਜਾਤਾਂ ਦੇ ਗੁਰੂ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ ਸੀ। ਕਲ ਦੀ ਵਾਰਦਾਤ ਜੋ ਨੁਕਸਾਨ ਸਿੱਖ ਅਕਸ ਦਾ ਕਰੇਗੀ, ਉਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਪਰ ਜਿਸ ਦੁਨੀਆਂ ਵਿਚ ਸਿੱਖਾਂ ਨੂੰ ‘ਅਤਿਵਾਦੀ’ ਬਣਾਉਣ ਦੀ ਸਾਜ਼ਿਸ਼ ਲਗਾਤਾਰ ਰਚੀ ਜਾਂਦੀ ਹੋਵੇ, ਇਹ ਵਾਰਦਾਤ ਉਨ੍ਹਾਂ ਲੋਕਾਂ ਦੇ ਮਨਸੂਬਿਆਂ ਨੂੰ ਸਫ਼ਲ ਕਰਨ ਵਿਚ ਕੰਮ ਜ਼ਰੂਰ ਆਵੇਗੀ।

ਗੋਲੀ ਕਿਸੇ ਨੇ ਵੀ ਚਲਾਈ ਹੋਵੇ ਪਰ ਜ਼ਿੰਮੇਵਾਰ ਸਾਡੇ ਧਾਰਮਕ/ਸਿਆਸੀ ਆਗੂ ਹੀ ਹਨ ਜਿਨ੍ਹਾਂ ਨੇ ਅਪਣੇ ਨਿਜੀ ਲਾਲਚ ਵਾਸਤੇ ਸਿੱਖਾਂ ਨੂੰ ਗੁਰੂ ਦੀ ਬਾਣੀ ਤੋਂ ਉਲਟ ਚਲਣਾ ਸਿਖਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ।
- ਨਿਮਰਤ ਕੌਰ