ਪੰਜਾਬ 'ਚ ਬੰਬ ਧਮਾਕਾ, ਨਸ਼ਾ ਤਸਕਰੀ ਵਿਰੁਧ ਸ਼ੁਰੂ ਹੋਈ ਕਾਰਵਾਈ ਤੋਂ ਹਤਾਸ਼ ਹੋ ਚੁੱਕੀ ਤਸਕਰ....
ਅਸੀਂ ਪੰਜਾਬ ਵਿਚ ਲਗਾਤਾਰ ਸਰਹੱਦ ਪਾਰ ਤੋਂ ਨਸ਼ਾ ਤੇ ਅਸਲਾ ਆਉਂਦੇ ਵੇਖਿਆ ਹੈ ਤੇ ਡਰੋਨ ਹਮਲੇ ਵੀ ਆਮ ਹੁੰਦੇ ਵੇਖੇ ਹਨ।
ਲੁਧਿਆਣਾ ਦੇ ਅਦਾਲਤੀ ਹਾਤੇ ਵਿਚ ਹੋਏ ਬੰਬ ਧਮਾਕੇ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਨੂੰ ਲੋਕਾਂ ਅੰਦਰ ਡਰ ਫੈਲਾਉਣ ਦੀ ਸਾਜ਼ਸ਼ ਦਸਿਆ ਜਾ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਸਾਬਕਾ ਮੁੱਖ ਮੰਤਰੀ ਵਲੋਂ ਵਾਰ ਵਾਰ ਪੰਜਾਬ ਵਿਚ ਆਈ.ਐਸ.ਆਈ ਤੇ ਹੋਰ ਅਤਿਵਾਦੀ ਗਿਰੋਹਾਂ ਦੀ ਹੋਂਦ ਬਾਰੇ ਚਿਤਾਵਨੀ ਦਿਤੀ ਜਾ ਰਹੀ ਸੀ। ਉਨ੍ਹਾਂ ਮੁਤਾਬਕ ਉਹ ਇਸ ਕਰ ਕੇ ਸੱਤਾ ਵਿਚ ਵਾਪਸ ਆਉਣਾ ਚਾਹੁੰਦੇ ਹਨ ਕਿਉਂਕਿ ਪੰਜਾਬ ਨੂੰ ਪਿਆਰ ਕਰਨ ਵਾਲਾ ਤੇ ਬਚਾਉਣ ਵਾਲਾ ਉਨ੍ਹਾਂ ਵਰਗਾ ਹੋਰ ਕੋਈ ਫ਼ੌਜੀ ਨਹੀਂ ਹੋ ਸਕਦਾ
ਪਰ ਜੇ ਉਨ੍ਹਾਂ ਦੇ ਪਿਛਲੇ ਸਵਾ ਚਾਰ ਸਾਲ ਦੇ ਕਾਰਜਕਾਲ ਵਲ ਵੇਖਿਆ ਜਾਵੇ ਤਾਂ 6 ਬੰਬ ਧਮਾਕੇ ਹੋਏ ਜਿਨ੍ਹਾਂ ’ਚ ਕਈ ਮਾਰੇ ਗਏ ਤੇ ਕਈ ਜ਼ਖ਼ਮੀ ਹੋਏ। ਪੰਜਾਬ ਵਿਚ ਪਿਛਲੇ ਸਾਲਾਂ ਵਿਚ ਪਠਾਨਕੋਟ ਫ਼ੌਜੀ ਬੇਸ ਤੇ ਦੋ ਵਾਰ ਹਮਲਾ ਹੋਇਆ। 2021 ਵਿਚ ਉਹ ਸਫ਼ਲ ਨਾ ਹੋਇਆ ਪਰ ਉਸ ਤੋਂ ਪਹਿਲਾਂ 2016 ਵਿਚ ਪਾਕਿਸਤਾਨ ਤੋਂ ਆਏ ਅਤਿਵਾਦੀ ਸਫ਼ਲ ਹੋਏ ਤੇ 7 ਫ਼ੌਜੀ ਤੇ ਇਕ ਆਮ ਨਾਗਰਿਕ ਮਾਰਿਆ ਗਿਆ। ਅਸੀਂ ਪੰਜਾਬ ਵਿਚ ਲਗਾਤਾਰ ਸਰਹੱਦ ਪਾਰ ਤੋਂ ਨਸ਼ਾ ਤੇ ਅਸਲਾ ਆਉਂਦੇ ਵੇਖਿਆ ਹੈ ਤੇ ਡਰੋਨ ਹਮਲੇ ਵੀ ਆਮ ਹੁੰਦੇ ਵੇਖੇ ਹਨ। ਜਨਵਰੀ 2017 ਵਿਚ ਮੌੜ ਦੇ ਬੰਬ ਹਮਲੇ ਵਿਚ 7 ਲੋਕ ਮਾਰੇ ਗਏ ਸਨ ਤੇ ਅਕਤੂਬਰ 2017 ਵਿਚ ਕੈਪਟਨ ਸਰਕਾਰ ਦੇ ਰਾਜ ਵਿਚ 6 ਲੋਕ ਲੁਧਿਆਣੇ ਵਿਚ ਮਾਰੇ ਗਏ ਸਨ।
ਬੰਦੂਕਾਂ ਨਾਲ ਲੜਾਈਆਂ-ਝੜਪਾਂ ਆਮ ਗੱਲਾਂ ਹੋ ਗਈਆਂ ਹਨ। ਕਈ ਲੋਕ ਸਰਕਾਰੀ ਲਾਈਸੈਂਸ ਨਾਲ ਬੰਦੂਕਾਂ ਖ਼ਰੀਦ ਲੈਂਦੇ ਹਨ ਤੇ ਕਈ ਦੇਸੀ ਕੱਟੇ ਖ਼ਰੀਦ ਲੈਂਦੇ ਹਨ। ਸਰਹੱਦ ਨਾਲ ਲਗਦੇ ਇਕ ਸੂਬੇ ਵਿਚ ਬੰਦੂਕਾਂ ਤੇ ਅਤਿਵਾਦ ਆਰਾਮ ਨਾਲ ਕਿਸ ਤਰ੍ਹਾਂ ਬੈਠ ਸਕਦੇ ਹਨ? ਇਸ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਡਰ ਦਾ ਮਾਹੌਲ ਬਣਾ ਕੇ ਵੋਟਾਂ ਉਤੇ ਪ੍ਰਭਾਵ ਪਿਛਲੀ ਵਾਰ ਵੀ ਪਵਾਇਆ ਗਿਆ ਸੀ ਤੇ ਇਸ ਵਾਰੀ ਵੀ ਇਸ ਨੂੰ ਇਸਤੇਮਾਲ ਕਰਨ ਦਾ ਯਤਨ ਕੀਤਾ ਜਾ ਸਕਦਾ ਹੈ। ਸਾਡੇ ਸਿਸਟਮ ਵਿਚ ਖ਼ਬਰ ਆਉਂਦੇ ਹੀ ਲੋਕ ਅਪਣਾ ਫ਼ੈਸਲਾ ਕਰ ਲੈਂਦੇ ਹਨ ਤੇ ਫਿਰ ਜਾਂਚ ਤੇ ਤੱਥਾਂ ਵਲ ਕੋਈ ਨਹੀਂ ਵੇਖਦਾ । ਸਾਨੂੰ ਸਿਰਫ਼ ਇਸ ਹਮਲੇ ਤੇ ਹੀ ਨਹੀਂ ਬਲਕਿ ਹਰ ਹਮਲੇ ਤੇ ਨਜ਼ਰ ਬਣਾਈ ਰੱਖਣ ਦੀ ਜ਼ਰੂਰਤ ਹੈ।
ਸਾਡੀ ਸੱਭ ਤੋਂ ਵੱਧ ਕਮਜ਼ੋਰ ਥਾਂ ਸਾਡੀ ਸਰਹੱਦ ਹੈ ਜਿਥੇ ਕੇਂਦਰ ਸਰਕਾਰ ਪਾਕਿਸਤਾਨ ਨਾਲ ਚੰਗੇ ਗਵਾਂਢੀਆਂ ਵਾਲਾ ਰਿਸ਼ਤਾ ਬਣਾਉਣ ਵਿਚ ਨਾਕਾਮ ਰਹੀ। ਉਸ ਦਾ ਖ਼ਮਿਆਜ਼ਾ ਹਰ ਵਾਰ ਪੰਜਾਬ ਨੂੰ ਭੁਗਤਣਾ ਪਿਆ। ਕਸ਼ਮੀਰ ਨੇ ਵੀ ਭੁਗਤਿਆ ਹੈ ਤੇ ਅੱਜ ਉਹ ਇਕ ਪੂਰਾ ਰਾਜ ਵੀ ਨਹੀਂ ਰਿਹਾ। ਅੱਗੇ ਤੋਂ ਕਸ਼ਮੀਰ ਲਈ ਆਵਾਜ਼ ਚੁੱਕਣ ਵਾਸਤੇ ਸਿਰਫ਼ ਇਕ ਐਮਪੀ ਰਹੇਗਾ ਤੇ ਇਸ ਵਿਚ ਗ਼ਲਤੀ ਕੇਂਦਰ ਦੀ ਨਹੀਂ ਜੋ ਉਥੇ ਸ਼ਾਂਤੀ ਕਾਇਮ ਕਰਨੋਂ ਅਸਮਰਥ ਰਿਹਾ। ਕਸ਼ਮੀਰ ਵਿਚ ਜੇ ਸਰਹੱਦ ਪਾਰੋਂ ਬੰਦੂਕਾਂ, ਅਸਲਾ, ਨਸ਼ਾ ਤੇ ਅਤਿਵਾਦੀ ਆਉਂਦੇ ਰਹੇ ਤੇ ਸਰਹੱਦ ਤੇ ਖੜੀ ਬੀਐਸਐਫ਼ ਕਾਬੂ ਨਾ ਕਰ ਪਾਈ ਤਾਂ ਉਹੀ ਸਭ ਪੰਜਾਬ ਵਿਚ ਵੀ ਹੋ ਰਿਹਾ ਹੈ। ਇਸ ਹਫ਼ਤੇ ਇਕ ਡਰੋਨ ਪਾਕਿਸਤਾਨ ਦੀ ਸਰਹੱਦ ਤੋਂ ਆਇਆ ਤੇ ਅਪਣਾ ਸਮਾਨ ਛੱਡ ਕੇ ਵਾਪਸ ਚਲਾ ਗਿਆ ਤੇ ਬੀਐਸਐਫ਼ ਤਸਵੀਰ ਖਿਚਦੀ ਰਹਿ ਗਈ। ਸ਼ਾਇਦ ਉਹ ਇਸ ਧਮਾਕੇ ਨਾਲ ਜੁੜੀ ਇਕ ਕੜੀ ਹੀ ਹੋਵੇ।
ਅੱਜ ਸਮਝਣ ਵਾਲੇ ਜਿਹੜੇ ਤੱਥ ਹਨ, ਉਹ ਇਹ ਹਨ ਕਿ ਇਕ ਪਾਸੇ ਪੰਜਾਬ ਵਿਚ ਲਗਾਤਾਰ ਨਸ਼ਾ ਵੱਧ ਰਿਹਾ ਹੈ ਤੇ ਦੂਜੇ ਪਾਸੇ ਹਾਟਸਪਾਟ ਤੇ ਦੋਵੇਂੇ ਸਰਹੱਦ ਨਾਲ ਜੁੜੇ ਹੋਏ ਹਨ। ਅੱਜ ਤੋਂ 6 ਸਾਲ ਪਹਿਲਾਂ ਯੂ.ਐਨ. ਨੇ ਇਕ ਰਿਪੋਰਟ ਵਿਚ ਦਸਿਆ ਸੀ ਕਿ ਨਸ਼ੇ ਦੇ ਵਪਾਰ ਨਾਲ ਇਲਾਕੇ ਵਿਚ ਅਤਿਵਾਦ, ਹਿੰਸਾ ਤੇ ਗੈਂਗਸਟਰ ਵਧੀ ਜਾਂਦੇ ਹਨ ਤੇ ਅਸਲ ਵਿਚ ਪੰਜਾਬ ਵਿਚ ਉਹੀ ਕੁੱਝ ਹੋ ਰਿਹਾ ਹੈ।
ਅੱਜ ਪੰਜਾਬ ਵਿਚ ਨਾ ਕੋਈ ਖ਼ਾਲਿਸਤਾਨ ਚਾਹੁੰਦਾ ਹੈ ਤੇ ਨਾ ਕੋਈ ਕੇਂਦਰ ਦੇ ਵਿਰੁਧ ਹੀ ਚੱਲ ਰਿਹਾ ਹੈ। ਸੋ ਇਨ੍ਹਾਂ ਮਾਮਲਿਆਂ ਨਾਲ ਅਤਿਵਾਦ ਨੂੰ ਜੋੜਨ ਤੋਂ ਪਹਿਲਾਂ ਸਮਝ ਲੈਣਾ ਚਾਹੀਦਾ ਹੈ ਕਿ ਕਿਹੜਾ ਅਤਿਵਾਦ ਇਸ ਨਾਲ ਅਸਲ ਵਿਚ ਜੁੜ ਸਕਦਾ ਹੈ। ਅੱਜ ਪੰਜਾਬ ਨੇ ਨਸ਼ੇ ਵਿਰੁਧ ਜੰਗ ਛੇੜੀ ਹੈ ਤੇ ਇਹ ਉਸ ਜੰਗ ਦਾ ਵੀ ਅਸਰ ਹੋ ਸਕਦਾ ਹੈ। ਨਸ਼ਾ ਤਸਕਰ ਐਸੇ ਸਿਆਸਤਦਾਨ ਪਸੰਦ ਕਰਦੇ ਹਨ ਜੋ ਉਨ੍ਹਾਂ ਸਾਹਮਣੇ ਚੁੱਪ ਰਹਿਣ ਤੇ ਜੋ ਪੈਸੇ ਨਾਲ ਖ਼ਰੀਦੇ ਜਾ ਸਕਣ ਨਾਕਿ ਉਹ ਜੋ ਉਨ੍ਹਾਂ ਤੇ ਹਾਵੀ ਹੋਣ ਦਾ ਯਤਨ ਕਰਦੇ ਵੇਖੇ ਗਏ ਹੋਣ। -ਨਿਮਰਤ ਕੌਰ