ਵਿਖਾਵੇ ਦੀ ਰਾਜਨੀਤੀ¸ਧਰਮ ਦੀ ਡੁਬਕੀ ਤੋਂ ਲੈ ਕੇ ਵਿਆਹਾਂ ਤਕ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਹ ਗੱਲ ਕਹਿਣ ਸਮੇਂ ਮੈਨੂੰ ਅਪਣੇ ਤੇ ਅਪਣੀ ਵੱਡੀ ਭੈਣ ਦੇ ਵਿਆਹ ਦੇ ਦਿਨ ਯਾਦ ਆਉਂਦੇ ਹਨ ਜਦ ਬੜੇ ਸੁਖਾਵੇਂ ਮਾਹੌਲ ਵਿਚ ਅਸੀ ਅਤਿ ਸਾਦੇ ਵਿਆਹ ਰਚਾਉਣ ਦੇ ਫ਼ੈਸਲੇ ਕੀਤੇ....

PM Narendra Modi Takes Holy Dip

ਇਹ ਗੱਲ ਕਹਿਣ ਸਮੇਂ ਮੈਨੂੰ ਅਪਣੇ ਤੇ ਅਪਣੀ ਵੱਡੀ ਭੈਣ ਦੇ ਵਿਆਹ ਦੇ ਦਿਨ ਯਾਦ ਆਉਂਦੇ ਹਨ ਜਦ ਬੜੇ ਸੁਖਾਵੇਂ ਮਾਹੌਲ ਵਿਚ ਅਸੀ ਅਤਿ ਸਾਦੇ ਵਿਆਹ ਰਚਾਉਣ ਦੇ ਫ਼ੈਸਲੇ ਕੀਤੇ¸ਕੋਈ ਕਾਰਡ ਨਹੀਂ, ਕੋਈ ਬੈਂਡ ਵਾਜਾ ਨਹੀਂ, ਕੋਈ ਰੌਸ਼ਨੀਆਂ ਵੀ ਨਹੀਂ। ਦੋਵੇਂ ਵਾਰ ਬੱਸ ਦੁਹਾਂ ਧਿਰਾਂ ਦੇ 5-5 ਬੰਦੇ ਗੁਰਦਵਾਰੇ ਜਾ ਕੇ, ਵਿਆਹ ਕਰ ਆਏ (ਕੋਈ ਦਾਜ ਵੀ ਨਹੀਂ) ਤੇ ਘਰ ਆ ਕੇ ਅਪਣੇ ਤੇ ਮਾਪਿਆਂ ਦੇ 100-200 ਮਿੱਤਰਾਂ ਨੂੰ ਸਾਦੀ ਜਹੀ ਪਾਰਟੀ ਦੇ ਦਿਤੀ। 

ਐਤਵਾਰ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਵਿਚ ਡੁਬਕੀ ਮਾਰੀ, ਸਫ਼ਾਈ ਮੁਲਾਜ਼ਮਾਂ ਦੇ ਪੈਰ ਧੋਤੇ, ਕਿਸਾਨਾਂ ਲਈ ਯੋਜਨਾ ਲਾਗੂ ਕੀਤੀ ਅਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਵਰਗਾ ਨਿਰਮਲ, ਦਿਆਲੂ, ਸੇਵਾ ਭਾਵ ਵਾਲਾ ਦੇਸ਼ ਦਾ ਚੌਕੀਦਾਰ ਭਾਰਤ ਨੂੰ ਅੱਜ ਤਕ ਨਹੀਂ ਮਿਲਿਆ। ਉਹ ਪ੍ਰਧਾਨ ਮੰਤਰੀ ਜੋ ਕਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਲੱਖਾਂ ਦਾ ਸੂਟ ਪਹਿਨਣ ਲੱਗ ਪਿਆ ਸੀ, ਜਿਸ ਉਤੇ ਉਸ ਦਾ ਨਾਂ ਵੀ ਲਿਖਿਆ ਹੋਇਆ ਹੁੰਦਾ ਸੀ, ਉਹ ਹੁਣ ਬੀਤੇ ਪਲਾਂ ਵਿਚ ਗਵਾਚ ਗਿਆ ਹੈ। ਉਹ ਪ੍ਰਧਾਨ ਮੰਤਰੀ ਜਿਸ ਨੇ ਸੱਭ ਤੋਂ ਵੱਧ ਵਿਦੇਸ਼ ਯਾਤਰਾਵਾਂ ਆਪ ਵੀ ਕੀਤੀਆਂ ਅਤੇ ਅਪਣੇ ਉਦਯੋਗਪਤੀ ਮਿੱਤਰਾਂ ਨੂੰ ਵੀ ਕਰਵਾਈਆਂ,

ਉਹ ਪ੍ਰਧਾਨ ਮੰਤਰੀ ਜਿਸ ਨੇ ਸੱਭ ਤੋਂ ਵੱਧ ਖ਼ਰਚਾ ਇਸ਼ਤਿਹਾਰਬਾਜ਼ੀ ਉਤੇ ਕੀਤਾ, ਉਹ ਹੁਣ ਦੇਸ਼ ਦੇ ਗ਼ਰੀਬਾਂ ਦੀ ਸੇਵਾ ਵਿਚ ਹਾਜ਼ਰ ਹੈ। ਉਹ ਪ੍ਰਧਾਨ ਮੰਤਰੀ ਜੋ ਪੁਲਵਾਮਾ ਹਮਲੇ ਤੋਂ ਕਈ ਘੰਟੇ ਬਾਅਦ ਤਕ ਵੀ ਅਪਣੇ ਤੈਅ ਪ੍ਰੋਗਰਾਮ ਤੋਂ ਨਾ ਹਿੱਲ ਸਕੇ, ਅੱਜ ਇਕ ਨਵਾਂ ਰੂਪ ਧਾਰਨ ਕਰ ਰਹੇ ਹਨ। ਪੰਜ ਸਾਲ ਉਦਯੋਗਪਤੀਆਂ ਦੀ ਸੇਵਾ ਕਰਨ ਤੋਂ ਬਾਅਦ ਹੁਣ ਉਹ ਕਿਸਾਨਾਂ ਦੀ ਸੇਵਾ ਲਈ ਕਿਸਾਨ ਯੋਜਨਾ ਲੈ ਕੇ ਆਏ ਹਨ। ਇਹ ਸੱਭ ਕੀਤਾ ਤਾਂ ਗਿਆ ਹੈ 2019 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਹੀ ਪਰ ਇਸ ਵਿਚ ਵੀ ਉਹ ਅਪਣੀ ਪੱਖਪਾਤ ਵਾਲੀ ਸੋਚ ਨੂੰ ਤਿਆਗ ਨਾ ਸਕੇ।

ਜੇ ਕਿਸਾਨਾਂ ਨੂੰ ਮਦਦ ਦਿਤੀ ਗਈ ਹੈ ਤਾਂ ਵੀ ਭਾਜਪਾ ਹੇਠਲੇ ਸੂਬਿਆਂ ਨੂੰ ਸੱਭ ਤੋਂ ਵੱਧ ਮਦਦ ਮਿਲੇਗੀ। ਉੱਤਰ ਪ੍ਰਦੇਸ਼ ਨੂੰ ਤਕਰੀਬਨ 75 ਹਜ਼ਾਰ ਕਰੋੜ 'ਚੋਂ 17% ਮਦਦ ਮਿਲੇਗੀ ਅਤੇ ਪੰਜਾਬ ਦੇ ਕਿਸਾਨਾਂ ਨੂੰ 0.5%  (ਅੱਧੀ ਫ਼ੀ ਸਦੀ)। ਜਲਦਬਾਜ਼ੀ ਵਿਚ ਲਾਗੂ ਕੀਤੀ ਯੋਜਨਾ ਵਿਚ ਬੜੀਆਂ ਕਮੀਆਂ ਹਨ ਅਤੇ ਪੈਸਾ ਆਰ.ਬੀ.ਆਈ. ਤੋਂ ਉਸ ਦੀ ਕਮਾਈ ਲੈ ਕੇ ਵੰਡਿਆ ਜਾਵੇਗਾ ਜੋ ਕਿ ਦੇਸ਼ ਦੇ ਭਵਿੱਖ ਲਈ ਖ਼ਤਰਾ ਸਾਬਤ ਹੋ ਸਕਦਾ ਹੈ। ਫਿਰ ਗੰਗਾ ਵਿਚ ਡੁਬਕੀ ਲਾ ਕੇ ਜੋ ਕੁੱਝ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਬਾਰੇ ਤਾਂ ਜੇ ਗੰਗਾ ਦੀ ਜ਼ੁਬਾਨ ਹੁੰਦੀ ਤਾਂ ਉਹ ਨਦੀ ਖ਼ੁਦ ਹੀ ਪੁੱਛ ਲੈਂਦੀ

ਕਿ ਮੇਰੀ ਸਫ਼ਾਈ ਪੰਜ ਸਾਲਾਂ ਵਿਚ ਤਾਂ ਕੀਤੀ ਨਹੀਂ ਅਤੇ ਹੁਣ ਮੇਰੇ ਪਾਣੀ ਵਿਚ ਅਪਣੇ ਨਾ ਨਿਭਾਏ ਵਾਅਦਿਆਂ ਦੀ ਮੈਲ ਵੀ ਮਿਲਾ ਰਹੇ ਹੋ। ਸਫ਼ਾਈ ਕਰਮਚਾਰੀ ਤਾਕਤਵਰ ਹੁੰਦੇ ਤਾਂ ਪੁੱਛ ਲੈਂਦੇ ਕਿ ਸਾਡੇ ਪੈਰ ਤਾਂ ਧੋ ਲਏ ਪਰ ਸਾਡੇ ਮੁੜਵਸੇਬੇ ਲਈ ਕੀ ਕੰਮ ਕੀਤਾ? ਯੂ.ਪੀ.ਏ.-2 ਸਰਕਾਰ ਦੌਰਾਨ 2013-14 ਵਿਚ ਆਖ਼ਰੀ ਵਾਰ ਇਸ ਕੰਮ ਵਾਸਤੇ 55 ਕਰੋੜ ਰੁਪਏ ਦਿਤੇ ਗਏ ਸਨ ਜਿਸ 'ਚੋਂ 24 ਕਰੋੜ ਰੁਪਏ ਪੰਜ ਸਾਲਾਂ ਵਿਚ ਖ਼ਰਚੇ ਹੀ ਨਾ ਗਏ ਅਤੇ ਨਾ ਹੀ ਨਵੀਂ ਰਕਮ ਦਿਤੀ ਗਈ। 
ਵੋਟਾਂ ਅਤੇ ਕੁਰਸੀ ਖ਼ਾਤਰ, ਸਿਆਸਤਦਾਨ ਬਹੁਤ ਕੁੱਝ ਕਰਦੇ ਆ ਰਹੇ ਹਨ ਪਰ ਹੁਣ ਤਾਂ ਗਿਰਾਵਟ ਦੀ ਕੋਈ ਹੱਦ ਹੀ ਨਹੀਂ ਰਹਿ ਗਈ।

ਜਿੱਥੇ ਪ੍ਰਧਾਨ ਮੰਤਰੀ ਦੇਸ਼ ਨੂੰ ਭਾਵੁਕ ਕਰਨ ਲਈ ਇਹ ਸੱਭ ਵਿਖਾਵੇ ਦੇ ਸ਼ੋਅ ਕਰ ਰਹੇ ਹਨ, ਉਥੇ ਸਾਡੇ ਪੰਜਾਬ ਦੇ ਆਗੂ ਅਪਣੇ ਵਿਆਹ ਸਮਾਗਮਾਂ ਨੂੰ ਤਾਂ ਇਸਤੇਮਾਲ ਕਰਦੇ ਹੀ ਹਨ ਪਰ ਹੁਣ ਅਪਣੀ ਸੁਹਾਗ ਰਾਤ ਦੀ ਸੇਜ ਤਕ ਵੀ ਕੈਮਰੇ ਨੂੰ ਲੈ ਗਏ ਹਨ। ਚਲੋ, ਇਹ ਤਾਂ ਉਨ੍ਹਾਂ ਦਾ ਨਿਜੀ ਫ਼ੈਸਲਾ ਹੈ ਪਰ ਫਿਰ ਜਿਸ ਸਿਆਸੀ ਸੋਚ ਦਾ ਪਲੜਾ ਫੜ ਕੇ ਉਨ੍ਹਾਂ 'ਆਪ' ਦੇ ਨਾਂ ਹੇਠ ਇਕੱਠੇ ਹੋ ਕੇ ਲੋਕਾਂ ਦਾ ਸਾਥ ਲਿਆ, ਉਸ ਉਤੇ ਖਰਾ ਉਤਰਨ ਦੀ ਹਿੰਮਤ ਵੀ ਤਾਂ ਨਹੀਂ ਵਿਖਾਈ। ਦੇਸ਼ ਪੁਲਵਾਮਾ ਹਮਲੇ ਦੇ ਸਦਮੇ ਵਿਚ ਰੋਸ ਮਨਾ ਰਿਹਾ ਸੀ

ਜਦ ਇਨ੍ਹਾਂ ਨੇ ਅਪਣੇ ਵਿਆਹ ਦੀ ਸ਼ਹਿਨਾਈ ਉੱਚੀ ਵਜਾ ਕੇ ਚੈਨਲਾਂ ਰਾਹੀਂ ਹਰ ਰਸਮ ਨੂੰ ਅਪਣਾ ਪ੍ਰਚਾਰ ਕਰਨ ਦਾ ਮੌਕਾ ਬਣਾ ਲਿਆ। ਸੁਹਾਗ ਰਾਤ ਦਾ ਕਮਰਾ ਵੀ ਪੂਰੀ ਦੁਨੀਆਂ ਨਾਲ ਉਸ ਵਕਤ ਸਾਂਝਾ ਕੀਤਾ ਜਦ ਕਫ਼ਨਾਂ ਉਤੇ ਝੁਕ ਕੇ ਮਾਵਾਂ ਵੈਣ ਪਾ ਰਹੀਆਂ ਸਨ। ਇਹ ਗੱਲ ਕਹਿਣ ਸਮੇਂ ਮੈਨੂੰ ਅਪਣੇ ਤੇ ਅਪਣੀ ਵੱਡੀ ਭੈਣ ਦੇ ਵਿਆਹ ਦੇ ਦਿਨ ਯਾਦ ਆਉਂਦੇ ਹਨ ਜਦ ਬੜੇ ਸਾਧਾਰਣ ਮਾਹੌਲ ਵਿਚ ਅਸੀ ਅਤਿ ਸਾਦੇ ਵਿਆਹ ਰਚਾਉਣ ਦੇ ਫ਼ੈਸਲੇ ਕੀਤੇ¸ਕੋਈ ਕਾਰਡ ਨਹੀਂ, ਕੋਈ ਬੈਂਡ ਵਾਜਾ ਨਹੀਂ, ਕੋਈ ਰੌਸ਼ਨੀਆਂ ਵੀ ਨਹੀਂ। ਦੋਵੇਂ ਵਾਰ ਬੱਸ ਦੁਹਾਂ ਧਿਰਾਂ ਦੇ 5-5 ਬੰਦੇ ਗੁਰਦਵਾਰੇ ਜਾ ਕੇ,

ਵਿਆਹ ਕਰ ਆਏ (ਕੋਈ ਦਾਜ ਵੀ ਨਹੀਂ) ਤੇ ਘਰ ਆ ਕੇ ਅਪਣੇ ਤੇ ਮਾਪਿਆਂ ਦੇ 100-200 ਮਿੱਤਰਾਂ ਨੂੰ ਸਾਦੀ ਜਹੀ ਪਾਰਟੀ ਦੇ ਦਿਤੀ। ਅਪਣੇ ਆਪ ਕੋਈ ਵਧਾਈ ਦੇਣ ਆ ਗਿਆ ਤਾਂ ਜੀਅ ਸਦਕੇ, ਅਸੀ ਬੁਲਾਇਆ ਕਿਸੇ ਨੂੰ ਵੀ ਨਾ। ਇਕ ਪਾਸੇ ਉਹ ਅਕਾਲੀ ਦਲ ਨੂੰ ਪੰਜਾਬ ਦੀਆਂ ਮੁਸ਼ਕਲਾਂ ਦਾ ਕਾਰਨ ਮੰਨਦੇ ਹਨ, ਪਰ ਦੂਜੇ ਪਾਸੇ ਅਪਣੇ ਵਿਧਾਇਕਾਂ ਨੂੰ ਸੱਦਾ ਨਾ ਦੇ ਕੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਪੈਰੀਂ ਹੱਥ ਲਾਉਣ ਲਈ ਦੌੜ ਪੈਂਦੇ ਹਨ।

ਇਕ ਪਾਸੇ ਸਾਦਗੀ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਇਕ ਧੂਮ ਧੜੱਕੇ ਵਾਲਾ ਆਲੀਸ਼ਾਨ ਵਿਆਹ ਰਚਾਉਂਦੇ ਹਨ ਜਿੱਥੇ ਪੈਸੇ ਦੀ ਅੰਨ੍ਹੀ ਬਰਬਾਦੀ ਕੀਤੀ ਜਾਂਦੀ ਹੈ। ਕੋਈ ਅਪਣੇ ਜਨੇਊ ਵਿਖਾ ਕੇ ਵੋਟ ਮੰਗਦਾ ਹੈ, ਕੋਈ ਦੇਸ਼ ਦਾ ਪੈਸਾ ਲੁਟਾਉਂਦਾ ਹੈ ਅਤੇ ਕੋਈ ਅਪਣੇ ਵਿਆਹ ਨੂੰ ਚੋਣ ਪ੍ਰਚਾਰ ਦਾ ਜ਼ਰੀਆ ਬਣਾ ਲੈਂਦਾ ਹੈ। ਇਸ ਤਰ੍ਹਾਂ ਦੀ ਸਿਆਸੀ 'ਕਾਰ-ਸੇਵਾ' ਵੇਖ ਕੇ ਆਉਣ ਵਾਲੇ ਸਮੇਂ ਵਿਚ ਹਕੀਕੀ ਵਿਕਾਸ ਦੀ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ।   -ਨਿਮਰਤ ਕੌਰ