ਟਰੰਪ ਆਏ, ਜੋ ਚਾਹਿਆ ਲੈ ਗਏ ਪਰ ਦੇ ਕੇ ਕੁੱਝ ਵੀ ਨਾ ਗਏ¸ਸਿਵਾਏ ਪਾਕਿ ਨੂੰ ਚੁੱਭਣ ਵਾਲੀ ਚੁੱਪੀ ਦੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮੇਕ ਇਨ ਇੰਡੀਆ' ਦਾ ਨਾਹਰਾ ਮਾਰਿਆ ਸੀ, ਟਰੰਪ ਨੇ ਵੀ 'ਮੇਕ ਇਨ ਅਮਰੀਕਾ' ਮੁਹਿੰਮ ਸ਼ੁਰੂ ਕੀਤੀ ਸੀ।

Photo

ਦਿੱਲੀ ਦੰਗਿਆਂ ਵਿਚ 9 ਮੌਤਾਂ ਹੋ ਚੁਕੀਆਂ ਹਨ ਅਤੇ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਚੁੱਕੇ ਹਨ। ਪਰ ਇਹ ਸਾਰਾ ਪ੍ਰੋਗਰਾਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧਿਆਨ ਖਿੱਚਣ ਲਈ ਕੀਤਾ ਗਿਆ ਮੰਨਿਆ ਜਾ ਰਿਹਾ ਹੈ। ਸੋਚ ਜ਼ਰੂਰ ਰਹੇ ਹੋਣਗੇ ਕਿ ਸ਼ਾਇਦ ਡੋਨਾਲਡ ਟਰੰਪ ਦਾ ਧਿਆਨ ਉਨ੍ਹਾਂ ਵਲ ਉਠ ਜਾਵੇ ਤੇ ਉਹ ਅਪਣੇ ਪ੍ਰਭਾਵ ਹੇਠਲੇ ਮਿੱਤਰ, ਮੋਦੀ ਨੂੰ ਅਪਣੇ ਲੋਕਤੰਤਰੀ ਦੇਸ਼ ਦੇ ਲੋਕਾਂ ਦੀ ਗੱਲ ਸੁਣਨ ਲਈ ਸ਼ਾਇਦ ਕਹਿ ਹੀ ਦੇਣ।

ਡੋਨਾਲਡ ਟਰੰਪ ਵਲੋਂ ਪਹਿਲਾਂ ਇਸ਼ਾਰਾ ਵੀ ਕੀਤਾ ਗਿਆ ਸੀ ਕਿ ਉਹ ਭਾਰਤ ਵਿਚ ਧਾਰਮਕ ਆਜ਼ਾਦੀ ਬਾਰੇ ਗੱਲ ਕਰਨਗੇ ਪਰ ਜਦੋਂ ਉਨ੍ਹਾਂ ਇਹ ਐਲਾਨ ਵੀ ਕਰ ਦਿਤਾ ਕਿ ਉਹ ਮੀਡੀਆ ਨਾਲ ਵੀ ਗੱਲ ਕਰਨਗੇ ਤਾਂ ਇਸ਼ਾਰਾ ਸਪੱਸ਼ਟ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਅਪਣਾ ਫ਼ੈਸਲਾ ਬਦਲ ਲਿਆ ਸੀ।

ਦੇਸ਼ ਦੀ ਰਾਜਧਾਨੀ ਵਿਚ ਇਕ ਧਾਰਮਕ ਘੱਟ-ਗਿਣਤੀ ਦੇ ਰੋਸ ਨੂੰ ਲੈ ਕੇ ਬਹੁਗਿਣਤੀ ਧਿਰ ਦੇ ਲੜਾਕੂ ਦਸਤੇ, ਘੱਟ ਗਿਣਤੀ ਨੂੰ ਰੋਸ ਕਰਨ ਦਾ ਹੱਕ ਵੀ ਦੇਣ ਤੋਂ ਇਨਕਾਰੀ ਹੋਏ ਪਏ ਸਨ ਤੇ ਚਾਹੁੰਦੇ ਸਨ ਕਿ ਇਨ੍ਹਾਂ ਨੂੰ ਸੀ.ਏ.ਏ. ਦਾ ਵਿਰੋਧ ਕਰਨ ਬਦਲੇ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਦੂਜੇ ਪਾਸੇ ਅਮਰੀਕਾ, ਜੋ ਅਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਦਸਦਾ ਹੈ, ਸੱਭ ਕੁੱਝ ਵੇਖ ਕੇ ਵੀ, ਚੁੱਪੀ ਵੱਟ ਗਿਆ।

ਕਸ਼ਮੀਰ ਦੇ ਮਾਮਲੇ ਵਿਚ ਡੋਨਾਲਡ ਟਰੰਪ ਨੇ ਦਖ਼ਲ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਅਤੇ ਆਖਿਆ ਕਿ ਮੋਦੀ ਇਕ ਬਹੁਤ ਤਾਕਤਵਰ ਇਨਸਾਨ ਹੈ ਜੋ ਸੱਭ ਕੁੱਝ ਨੂੰ ਸੰਭਾਲ ਲਵੇਗਾ। ਸੀ.ਏ.ਏ. ਬਾਰੇ ਵੀ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿਵਾਇਆ ਹੈ ਕਿ ਉਹ ਧਰਮ-ਨਿਰਪੱਖਤਾ ਦੀ ਰਾਜਨੀਤੀ ਕਰ ਰਹੇ ਹਨ ਅਤੇ ਚਿੰਤਾ ਦੀ ਕੋਈ ਜ਼ਰੂਰਤ ਨਹੀਂ ਹੋਣੀ ਚਾਹੀਦੀ।

ਡੋਨਾਲਡ ਟਰੰਪ ਦੇ ਇਨ੍ਹਾਂ ਸ਼ਬਦਾਂ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿਉਂਕਿ ਡੋਨਾਲਡ ਟਰੰਪ ਦਾ ਮਕਸਦ ਸਿਰਫ਼ ਇਕ ਹੀ ਸੀ ਜੋ ਉਨ੍ਹਾਂ ਦੇ ਅਖ਼ੀਰਲੇ ਪ੍ਰੈੱਸ ਬਿਆਨ ਵਿਚ ਸਾਫ਼ ਹੋ ਗਿਆ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਇਹ ਦੋ ਦਿਨ ਅਤਿ ਸ਼ਾਨਦਰ ਸਨ ਕਿਉਂਕਿ ਉਨ੍ਹਾਂ ਦਾ ਸਵਾਗਤ ਜਿੰਨਾ ਸ਼ਾਨਦਾਰ ਸੀ, ਉਹ ਅੱਜ ਤਕ ਕਿਸੇ ਦਾ ਨਹੀਂ ਹੋਇਆ।

ਉਨ੍ਹਾਂ ਨੇ ਭਾਰਤ ਨਾਲ 3 ਬਿਲੀਅਨ ਡਾਲਰ ਦੇ ਸਮਝੌਤੇ ਵੀ ਕੀਤੇ ਅਤੇ ਭਾਰਤ ਆਉਣ ਵਾਲੇ ਸਮੇਂ ਵਿਚ ਅਮਰੀਕਾ ਤੋਂ ਹੋਰ ਵੀ ਬਹੁਤ ਕੁੱਝ ਖ਼ਰੀਦੇਗਾ। ਭਾਰਤ ਇਕ ਬਹੁਤ ਵੱਡਾ ਬਾਜ਼ਾਰ ਹੈ ਅਤੇ ਅਮਰੀਕਾ ਭਾਰਤੀ ਉਦਯੋਗਾਂ ਵਿਚ ਅਰਬਾਂ ਦਾ ਨਿਵੇਸ਼ ਕਰਨਾ ਚਾਹੁੰਦਾ ਹੈ। ਡੋਨਾਲਡ ਟਰੰਪ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਅਤੇ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਦੀ ਵੋਟ ਹੁਣ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ।

ਸੋ, ਉਨ੍ਹਾਂ ਵਾਸਤੇ ਵੀ ਇਹ ਦੌਰਾ ਜ਼ਰੂਰੀ ਸੀ ਅਤੇ ਡੋਨਾਲਡ ਟਰੰਪ ਦਾ ਸ਼ਾਨਦਾਰ ਸਵਾਗਤ, ਅਮਰੀਕਾ ਰਹਿੰਦੇ ਭਾਰਤੀ ਵੋਟਰਾਂ ਨੂੰ ਅਪਣੇ ਹੱਕ ਵਿਚ ਭੁਗਤਾਉਣ ਵਿਚ ਚੰਗੀ ਮਦਦ ਕਰ ਦੇਵੇਗਾ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮੇਕ ਇਨ ਇੰਡੀਆ' ਦਾ ਨਾਹਰਾ ਮਾਰਿਆ ਸੀ, ਟਰੰਪ ਨੇ ਵੀ 'ਮੇਕ ਇਨ ਅਮਰੀਕਾ' ਮੁਹਿੰਮ ਸ਼ੁਰੂ ਕੀਤੀ ਸੀ। ਡੋਨਾਲਡ ਟਰੰਪ ਅਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਡੱਟ ਗਏ।

ਇਸ ਦੇਸ਼ ਤੋਂ ਵੀ ਟਰੰਪ, ਬਗ਼ੈਰ ਕੁੱਝ ਦਿਤੇ, ਬਹੁਤ ਕੁੱਝ ਲੈ ਕੇ ਚਲੇ ਗਏ। ਅੱਜ ਰਖਿਆ ਸਮਝੌਤੇ ਦੀ ਗੱਲ ਕੀਤੀ ਜਾ ਰਹੀ ਹੈ ਪਰ ਭਾਰਤ ਲਈ ਇਸ ਵੇਲੇ ਹੋਰ ਹਥਿਆਰ ਖ਼ਰੀਦਣ ਤੋਂ ਜ਼ਿਆਦਾ ਜ਼ਰੂਰੀ, ਅਮਰੀਕਾ ਨਾਲ ਵਪਾਰ ਦਾ ਸਮਝੌਤਾ ਠੀਕ ਕਰਨ ਦੀ ਹੈ ਜਿਸ ਨਾਲ ਭਾਰਤ ਨੂੰ ਅਰਬਾਂ ਦਾ ਨੁਕਸਾਨ ਹੋ ਰਿਹਾ ਹੈ।

ਪਰ ਡੋਨਾਲਡ ਟਰੰਪ ਨੇ ਫਿਰ ਤੋਂ ਅਮਰੀਕਾ ਦੇ ਮੋਟਰਸਾਈਕਲ ਹਾਰਲੇ ਡੇਵਿਡਸਨ ਦੀ ਉਦਾਹਰਣ ਦੇ ਕੇ ਅਪਣਾ ਪੁਰਾਣਾ ਪੱਖ ਦੁਹਰਾਇਆ ਕਿ ਕਾਰੋਬਾਰੀ ਸਮਝੌਤਾ ਉਹੀ ਹੋਵੇਗਾ ਜੋ ਅਮਰੀਕਾ ਵਾਸਤੇ ਵੀ ਸਹੀ ਹੋਵੇਗਾ। ਐਚ.ਬੀ. ਵੀਜ਼ਾ ਵਿਚ ਕਮੀ ਬਾਰੇ ਵੀ ਟਰੰਪ ਨੇ ਕੋਈ ਗੱਲ ਨਹੀਂ ਕੀਤੀ। ਯਾਨੀ ਕਿ ਇਸ ਵੇਲੇ ਜਦੋਂ ਭਾਰਤ ਕੋਲ ਅਮਰੀਕਾ ਕੋਲੋਂ ਕੁੱਝ ਹਾਸਲ ਕਰਨ ਦਾ ਕਾਰਨ ਮੌਜੂਦ ਸੀ ਕਿਉਂਕਿ ਅਮਰੀਕਾ ਭਾਰਤ ਨੂੰ ਚੀਨ ਵਿਰੁਧ ਇਸਤੇਮਾਲ ਕਰਨਾ ਚਾਹੁੰਦਾ ਹੈ, ਭਾਰਤ ਨੇ ਮੌਕੇ ਅਤੇ ਹਾਲਾਤ ਦਾ ਫ਼ਾਇਦਾ ਨਹੀਂ ਉਠਾਇਆ।

ਭਾਰ ਨੇ ਸਿਰਫ਼ ਅਮਰੀਕਾ ਦੀ ਚੁੱਪੀ ਖ਼ਰੀਦੀ ਜਿਥੇ ਟਰੰਪ ਨੇ ਨਾ ਸੀ.ਏ.ਏ., ਨਾ ਕਸ਼ਮੀਰ ਤੇ ਨਾ ਦੰਗਿਆਂ ਬਾਰੇ ਇਕ ਵੀ ਸ਼ਬਦ ਹੀ ਬੋਲਿਆ। ਆਰਥਕ ਮੰਦੀ ਵਲ ਵਧਦੀ ਭਾਰਤ ਸਰਕਾਰ ਨੂੰ ਇਹ ਚੁੱਪੀ ਬਹੁਤ ਮਹਿੰਗੀ ਪਵੇਗੀ। ਡੋਨਾਡਲ ਟਰੰਪ ਅਤੇ ਨਰਿੰਦਰ ਮੋਦੀ, ਦੋਹਾਂ ਵਿਚ ਕਾਫ਼ੀ ਕੁੱਝ ਮੇਲ ਖਾਂਦਾ ਹੈ ਅਤੇ ਡੋਨਾਲਡ ਟਰੰਪ ਦਾ 'ਨਮਸਤੇ ਭਾਰਤ' ਦੌਰਾ ਦਸ ਗਿਆ ਹੈ ਕਿ ਡੋਨਾਲਡ ਟਰੰਪ ਅਪਣੇ ਕਰੀਬੀ ਦੋਸਤ, ਮੋਦੀ ਤੋਂ ਪ੍ਰਚਾਰ ਤਕਨੀਕਾਂ ਸਿਖਣ ਵਾਸਤੇ ਤਿਆਰ ਹਨ।

ਪਰ ਕੀ ਪ੍ਰਧਾਨ ਮੰਤਰੀ ਮੋਦੀ ਵੀ ਅਪਣੇ ਦੋਸਤ ਤੋਂ ਕੁੱਝ ਸਿਖਣ ਵਾਸਤੇ ਤਿਆਰ ਹਨ? ਜਿਸ ਤਰ੍ਹਾਂ ਡੋਨਾਲਡ ਟਰੰਪ ਭਾਰਤੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਤਿਆਰ ਸਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇ ਸਾਲਾਂ ਵਿਚ ਉਹ ਨਹੀਂ ਕਰ ਸਕੇ।

ਡੋਨਾਲਡ ਟਰੰਪ ਕਿਸੇ ਵੀ ਹੋਰ ਗੱਲ ਨੂੰ ਅੜਿੱਕਾ ਨਹੀਂ ਬਣਨ ਦਿੰਦੇ ਪਰ 'ਮੇਕ ਇਨ ਇੰਡੀਆ', 'ਮੇਕ ਬੀ.ਜੇ.ਪੀ.' ਦੇ ਸਾਹਮਣੇ ਵਾਰ ਵਾਰ ਹਾਰ ਜਾਂਦਾ ਹੈ। ਚਲੋ, ਹੁਣ ਖ਼ੁਸ਼ੀ ਮਨਾਉ, ਇਕ ਵਾਰੀ ਫਿਰ ਅਮਰੀਕਾ ਦੇ ਰਾਸ਼ਟਰਪਤੀ ਭਾਰਤ ਵਿਚ ਆਏ ਪਰ ਇਹ ਪਹਿਲੇ ਰਾਸ਼ਟਰਪਤੀ ਸਨ ਜੋ ਸਿਰਫ਼ ਲੈ ਕੇ ਹੀ ਗਏ, ਦੇ ਕੇ ਕੁੱਝ ਨਹੀਂ ਗਏ-ਸਿਵਾਏ ਕੁੱਝ ਝਮੇਲਿਆਂ ਦੇ। -ਨਿਮਰਤ ਕੌਰ