ਕੋਰੋਨਾ ਨੇ ਨਵਾਂ ਜਨਮ ਲੈ ਕੇ ਵੈਕਸੀਨ ਲਗਵਾਉਣ ਦੀ ਲੋੜ ਦਾ ਅਹਿਸਾਸ ਤਾਂ ਕਰਵਾ ਦਿਤਾ ਪਰ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੁੱਝ ਮਹੀਨੇ ਪਹਿਲਾਂ ਇਹ ਸੋਚਿਆ ਜਾ ਰਿਹਾ ਸੀ ਕਿ ਕੋਰੋਨਾ ਵੈਕਸੀਨ ਕਿਸ ਨੂੰ ਪਹਿਲਾਂ ਮਿਲੇਗੀ?

Covid vaccination

ਭਾਰਤ ਨੇ ਕੋਰੋਨਾ ਨੂੰ ਸੰਜੀਦਗੀ ਨਾਲ ਲੈਣਾ ਹੀ ਬੰਦ ਕਰ ਦਿਤਾ ਸੀ ਅਤੇ ਇਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਸੀ, ਜਿਸ ਨਾਲ ਭਾਰਤ ਵਾਸੀਆਂ ਨੂੰ ਲੱਗਣ ਲੱਗ ਪਿਆ ਸੀ ਕਿ ਸਾਡੇ ਦੇਸ਼ ਦੇ ਲੋਕਾਂ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਜ਼ਿਆਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਜਿਵੇਂ ਜਿਵੇਂ ਤੇਜ਼ ਹੁੰਦਾ ਗਿਆ, ਕੋਰੋਨਾ ਵਾਇਰਸ ਫੈਲਣ ਦੇ ਅੰਕੜੇ ਹੇਠਾਂ ਵਲ ਆਉਂਦੇ ਗਏ।

ਬੇਸ਼ੱਕ ਅੰਦੋਲਨ ਵਿਚ ਬੈਠੇ ਕਿਸਾਨਾਂ ਦੀ ਠੰਢ ਜਾਂ ਦਿਲ ਦੇ ਦੌਰਿਆਂ ਕਾਰਨ ਮੌਤ ਹੁੰਦੀ ਆ ਰਹੀ ਹੈ ਪਰ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ। ਇਸ ਤੋਂ ਇਹ ਸਵਾਲ ਉਠ ਜਾਂਦਾ ਰਿਹਾ ਹੈ ਕਿ ਕਿਸਾਨਾਂ ਦੇ ਇਕੱਠ ਵੇਲੇ ਕਿਥੇ ਸੀ ਕੋਰੋਨਾ? ਕੀ ਇਹ ਦਵਾਈ ਕੰਪਨੀਆਂ ਦੀ ਇਕ ਚਾਲ ਹੀ ਸੀ? ਇਸ ਚਰਚਾ ਨੇ ਲੋਕ-ਮਨਾਂ ਅੰਦਰ ਸ਼ੰਕੇ ਖੜੇ ਕਰ ਦਿਤੇ ਪਰ ਹੁਣ ਜਦ ਕੋਰੋਨਾ ਦੇ ਅੰਕੜੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ ਤਾਂ ਮੁੜ ਵੈਕਸੀਨ ਅਤੇ ਤਾਲਾਬੰਦੀ ਵਰਗੇ ਕਦਮ ਚੁੱਕੇ ਜਾਣ ਦੀ ਗੱਲ ਕਹੀ ਜਾ ਰਹੀ ਹੈ।

ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ਕੋਵਿਡ ਕਾਰਨ ਹੋਈ ਹੈ ਕਿਉਂਕਿ ਉਨ੍ਹਾਂ ਦੇ ਗੁਰਦੇ ਕਮਜ਼ੋਰ ਸਨ। ਭਾਵੇਂ ਉਹ ਕੋਵਿਡ ਤੋਂ ਠੀਕ ਵੀ ਹੋ ਗਏ ਸਨ ਪਰ ਉਨ੍ਹਾਂ ਦਾ ਸਰੀਰ ਕੋਵਿਡ ਦਾ ਵਾਰ ਸਹਾਰ ਨਾ ਸਕਿਆ। ਇਸ ਨਾਲ ਇਹ ਤਾਂ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਲੋਕ ਕੋਵਿਡ ਤੋਂ ਮੁਕਤ ਨਹੀਂ ਅਤੇ ਹੁਣ ਸਰਕਾਰ ਅੰਦਰ ਵੈਕਸੀਨ ਲਗਾਉਣ ਦੀ ਚਿੰਤਾ ਵਧ ਰਹੀ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਸ ਵਿਚ ਸ਼ਾਮਲ ਕਰ ਲਿਆ ਗਿਆ ਹੈ ਤਾਕਿ ਵੈਕਸੀਨ ਲਗਾਉਣ ਦੀ ਮੁਹਿੰਮ ਹੋਰ ਤੇਜ਼ ਹੋ ਜਾਵੇ।

ਮਾਹਰਾਂ ਵਲੋਂ ਪਹਿਲਾਂ ਵੀ ਸਰਕਾਰ ਨੂੰ ਇਹ ਤਰੀਕਾ ਅਪਨਾਉਣ ਦਾ ਸੁਝਾਅ ਦਿਤਾ ਗਿਆ ਸੀ ਕਿਉਂਕਿ ਸਰਕਾਰ ਵਲੋਂ ਪ੍ਰਾਈਵੇਟ ਹਸਪਤਾਲਾਂ ਨਾਲ ਭਾਈਵਾਲੀ ਪਾ ਕੇ ਹੀ ਪੋਲੀਉ ਵੈਕਸੀਨ ਦਾ ਕੁੰਭ ਸਫ਼ਲ ਕੀਤਾ ਗਿਆ ਸੀ। ਪਰ ਉਸੇ ਤਰ੍ਹਾਂ ਦੀ ਸਫ਼ਲਤਾ ਦੀ ਉਮੀਦ ਹੁਣ ਵੀ ਰੱਖਣ ਤੋਂ ਪਹਿਲਾਂ ਹੁਣ ਤਕ ਦੀ ਅਸਫ਼ਲਤਾ ਦਾ ਕਾਰਨ ਸਮਝਣਾ ਪਵੇਗਾ।

ਜਿਹੜਾ ਭਾਰਤ, ਵੈਕਸੀਨ ਦੀ ਉਡੀਕ ਕਰ ਰਿਹਾ ਸੀ ਤੇ ਜਿਹੜਾ ਇਹ ਵੀ ਮੰਨਣ ਨੂੰ ਤਿਆਰ ਸੀ ਕਿ ਥਾਲੀਆਂ ਵਜਾਉਣ ਨਾਲ ਕੋਵਿਡ ਚਲਾ ਜਾਵੇਗਾ, ਉਹ ਭਾਰਤ ਹੁਣ ਵੀ ਵਿਗਿਆਨ ਉੁਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ। ਅੱਜ ਲੋਕ ਮੁਫ਼ਤ ਵੈਕਸੀਨ ਲਗਾਉਣ ਨੂੰ ਵੀ ਤਿਆਰ ਨਹੀਂ ਹਨ, ਤਾਂ ਫਿਰ ਉਹ ਨਿਜੀ ਹਸਪਤਾਲਾਂ ਵਿਚੋਂ ਵੈਕਸੀਨ ਲਗਵਾਉਣ ਕਿਉਂ ਜਾਣਗੇ? 

ਕੁੱਝ ਮਹੀਨੇ ਪਹਿਲਾਂ ਇਹ ਸੋਚਿਆ ਜਾ ਰਿਹਾ ਸੀ ਕਿ ਕੋਰੋਨਾ ਵੈਕਸੀਨ ਕਿਸ ਨੂੰ ਪਹਿਲਾਂ ਮਿਲੇਗੀ? ਕੀ ਭਾਰਤ ਦੇ ਵੀ.ਆਈ.ਪੀਜ਼ ਸਾਰੀ ਵੈਕਸੀਨ ਖ਼ੁਦ ਨੂੰ ਲਗਾ ਕੇ ਗ਼ਰੀਬਾਂ ਨੂੰ ਕੋਵਿਡ ਬਿਮਾਰੀ ਦਾ ਸ਼ਿਕਾਰ ਹੋਣ ਲਈ ਛੱਡ ਦੇਣਗੇ? ਪਰ ਜਦੋਂ ਕੋਰੋਨਾ ਵੈਕਸੀਨ ਆਈ ਤਾਂ ‘ਪਹਿਲੇ ਆਪ’ ਵਾਂਗ ਸੱਭ ਇਕ ਦੂਜੇ ਨੂੰ ਹੀ ਵੈਕਸੀਨ ਲਗਵਾਉਣ ਲਈ ਆਖ ਰਹੇ ਸਨ।

ਇਸ ਵੈਕਸੀਨ ਦਾ ਅਮੀਰ ਲੋਕਾਂ ਨੇ ਫ਼ਾਇਦਾ ਤਾਂ ਕੀ ਲੈਣਾ ਸੀ ਸਗੋਂ ਗ਼ਰੀਬਾਂ ਨੇ ਵੀ ਇਸ ਨੂੰ ਲਗਵਾਉਣ ਤੋਂ ਸਾਫ਼ ਨਾਂਹ ਕਰ ਦਿਤੀ ਹੈ। ਸਰਕਾਰੀ ਵਿਭਾਗਾਂ ਵਲੋਂ ਗੱਡੀਆਂ ਭੇਜੇ ਜਾਣ ਤੇ ਵੀ, ਸਫ਼ਾਈ ਕਰਮਚਾਰੀ ਟੀਕੇ ਲਗਾਉਣ ਤੋਂ ਇਨਕਾਰ ਕਰਦੇ ਨਜ਼ਰ ਆਏ। ਹਸਪਤਾਲਾਂ ਅਤੇ ਡਾਕਟਰਾਂ ਵਲੋਂ ਭਾਰਤ ਦੇ ਇਸ ਮਿਸ਼ਨ ’ਤੇ ਸਵਾਲ ਚੁੱਕੇ ਗਏ। ਹਾਲਤ ਅੱਜ ਇਹ ਹੋ ਗਈ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਸਰਕਾਰੀ ਕਰਮਚਾਰੀਆਂ ਨੂੰ ਚਿਤਾਵਨੀ ਦਿਤੀ ਹੈ ਕਿ ਜੇ ਉਹ ਵੈਕਸੀਨ ਨਹੀਂ ਲਗਵਾਉਣਗੇ ਤਾਂ ਉਨ੍ਹਾਂ ਨੂੰ ਸਰਕਾਰ ਵਲੋਂ ਮਿਲਦੀਆਂ ਸਹੂਲਤਾਂ ਨਹੀਂ ਦਿਤੀਆਂ ਜਾਣਗੀਆਂ। ਤਾਂ ਕੀ ਨਿਜੀ ਹਸਪਤਾਲਾਂ ਦੀ ਸ਼ਮੂਲੀਅਤ ਨਾਲ ਲੋਕਾਂ ਵਿਚ ਉਤਸ਼ਾਹ ਵਧ ਜਾਵੇਗਾ?

ਇਸ ਘੱਟ ਉਤਸ਼ਾਹ ਦਾ ਕਾਰਨ ਸਰਕਾਰ ਆਪ ਹੈ। ਜੇ ਸਰਕਾਰ ਨੇ ਇਕ ਸੰਪੂਰਨ ਜਾਂਚ ਨਾਲ ਬਣਾਈ ਆਕਸਫ਼ੋਰਡ ਵਰਸਿਟੀ ਦੀ ਵੈਕਸੀਨ, ਕੋਵਾਸ਼ੀਲਡ ਨੂੰ ਪਹਿਲਾਂ ਲਗਾਉਣ ਦੀ ਤਿਆਰੀ ਕੀਤੀ ਹੁੰਦੀ ਤਾਂ ਅੱਜ ਇਹ ਸਥਿਤੀ ਨਾ ਬਣਦੀ। ਭਾਰਤ ਸਰਕਾਰ ਨੇ ਲੋਕਾਂ ਦੇ ਮਨਾਂ ਵਿਚ ਆਪ ਹੀ ਸ਼ੰਕਾ ਉਤਪਨ ਕਰ ਦਿਤੀ ਜਦ ਭਾਰਤ ਫ਼ਾਰਮਾਸਿਸਟ ਦੀ ਕੋਵਾ ਵੈਕਸੀਨ ਨੂੰ ਤੀਜੇ ਪੜਾਅ ਦੀ ਜਾਂਚ ਸੰਪੂਰਨ ਹੋਣ ਤੋਂ ਦੋ ਚਾਰ ਮਹੀਨੇ ਪਹਿਲਾਂ ਹੀ ਭਾਰਤ ਵਿਚ ਲਗਾਉਣ ਦੀ ਇਜਾਜ਼ਤ ਦੇ ਦਿਤੀ। ਭਾਰਤ ਸਰਕਾਰ ਦੀ ਗ਼ਲਤੀ ਇਹ ਸੀ ਕਿ ਉਨ੍ਹਾਂ ਨੇ ਕੋਵਾਵੈਕਸੀਨ ਨੂੰ ਇਜਾਜ਼ਤ ਦੇ ਦਿਤੀ ਪਰ ਜਨਤਾ ਤੋਂ ਅਪਣੀ ਮਰਜ਼ੀ ਦੀ ਵੈਕਸੀਨ ਦੀ ਚੋਣ ਦੀ ਇਜਾਜ਼ਤ ਵੀ ਲੈ ਲਈ।

ਭਾਰਤ ਸਰਕਾਰ ਵਲੋਂ ਆਖਿਆ ਗਿਆ ਹੈ ਕਿ ਉਹ ਲੋਕਾਂ ਨੂੰ ਦੋਹਾਂ ਵਿਚੋਂ ਕੋਈ ਵੀ ਵੈਕਸੀਨ ਲਗਵਾ ਸਕਦੀ ਹੈ ਤੇ ਅੱਜ ਵੀ ਇਹੀ ਆਖਿਆ ਜਾ ਰਿਹਾ ਹੈ ਕਿ ਸਰਕਾਰ ਹੀ ਤੈਅ ਕਰੇਗੀ ਕਿ ਕਿਹੜੀ ਵੈਕਸੀਨ ਲਗਾਉਣੀ ਹੈ। ਸਰਕਾਰ ਆਖਦੀ ਹੈ ਕਿ ਕੋਵਾਸ਼ੀਲਡ ਸੁਰੱਖਿਅਤ ਵੈਕਸੀਨ ਹੈ ਪਰ ਅੱਜ ਦਾ ਮਨੁੱਖ ਖੋਜ ਦੇ ਨਤੀਜੇ ਅਤੇ ਠੋਸ ਤੱਥ ਮੰਗਦਾ ਹੈ, ਅੰਧ ਵਿਸ਼ਵਾਸ ਨਹੀਂ। ਸਰਕਾਰ ਵਲੋਂ ਤਾਂ ਪਤਾਂਜਲੀ ਨੂੰ ਵੀ ਕੋਰੋਨਾ ਲਈ ਅਪਣੀ ਦਵਾਈ ਵੇਚਣ ਦੀ ਇਜਾਜ਼ਤ ਦੇ ਦਿਤੀ ਗਈ ਸੀ।

ਵਿਗਿਆਨ ਦੇ ਮਾਮਲੇ ਵਿਚ ਸਰਕਾਰ ਵਲੋਂ ਆਪ ਹੀ ਸ਼ੰਕਾਵਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਪਰ ਇਲਜ਼ਾਮ ਲੋਕਾਂ ’ਤੇ ਲਾਇਆ ਜਾ ਰਿਹਾ ਹੈ ਕਿ ਉਹ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਅੱਗੇ ਨਹੀਂ ਆ ਰਹੇ। ਧਮਕੀਆਂ ਨਾਲ ਲੋਕਾਂ ਦੇ ਮਨਾਂ ਦਾ ਡਰ ਦੂਰ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਨਿਜੀ ਹਸਪਤਾਲਾਂ ਦੀ ਸ਼ਮੂਲੀਅਤ ਨਾਲ। ਗੱਲ ਵਿਸ਼ਵਾਸ ਦੀ ਹੈ ਤੇ ਸਰਕਾਰ ਕਿਸ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਜਿੱਤ ਸਕਦੀ ਹੈ, ਸੋਚ ਉਸ ’ਤੇ ਕੇਂਦਰਿਤ ਹੋਣੀ ਚਾਹੀਦੀ ਹੈ।
- ਨਿਮਰਤ ਕੌਰ