ਖ਼ੁਦਕੁਸ਼ੀ ਨਾ ਕਰੋ ਕਿਸਾਨ ਭਰਾਵੋ ਆਪਾਂ ਇਨਸਾਫ਼ ਲੈ ਕੇ ਰਹਾਂਗੇ !

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਘਰ ਵਾਲੀਆਂ ਨੂੰ ਵੀ ਚਾਹੀਦਾ ਹੈ ਕਿ ਮਿੱਟੀ ਨਾਲ ਮਿੱਟੀ ਹੋ ਕੇ ਮੁੜੇ ਕਿਸਾਨ ਨੂੰ ਮਿੱਠਾ ਬੋਲੋ, ਚੋਭੇ ਨਾ ਮਾਰੋ।

Do not kill yourself

ਆਤਮਹਤਿਆ ਬਾਰੇ ਸੋਚ ਰਹੇ ਕਿਸਾਨ ਵੀਰ ਜੀ, ਜ਼ਰਾ ਸੋਚ ਕੇ...। ਕਿਸੇ ਨੂੰ ਕੋਈ ਫ਼ਰਕ ਨਹੀਂ ਪੈਣਾ, ਦੁਨੀਆਂ ਉਵੇਂ ਈ ਚਲਦੀ ਰਹਿਣੀ ਹੈ। ਘੰਟਾ-ਦੋ ਘੰਟੇ ਦੁੱਖ ਵੰਡਾ ਕੇ ਲੋਕ ਫਿਰ ਪੈੱਗ ਲਗਾ ਕੇ ਸੌਂ ਜਾਣਗੇ। ਕਰਜ਼ੇ ਵਾਲੀਆਂ ਕੰਪਨੀਆਂ ਤੇ ਬੈਂਕਾਂ ਦੇ ਏਜੰਟ ਫਿਰ ਵੀ ਖਹਿੜਾ ਨਹੀਂ ਛੱਡਣਗੇ। ਇਹ ਸੱਭ ਦੁੱਖਾਂ ਦੀ ਪੰਡ ਤੇਰੇ ਮੁੰਡੇ ਦੀ ਝੋਲੀ ਪੈ ਜਾਵੇਗੀ। ਹਰ ਮੁਸ਼ਕਲ ਦੇ ਹਜ਼ਾਰ ਹੱਲ ਹੁੰਦੇ ਹਨ। ਕਿਸੇ ਚੰਗੇ ਭਲੇ ਬੰਦੇ ਦੀ ਸਲਾਹ ਜ਼ਿੰਦਗੀ ਪਲਟ ਦਿੰਦੀ ਹੈ। ਵੈਸੇ ਵੀ ਸਿੱਖੀ ਆਤਮਹਤਿਆ ਦੀ ਇਜਾਜ਼ਤ ਨਹੀਂ ਦਿੰਦੀ। ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਪਿਉ ਨੂੰ ਇਹ ਹੌਸਲਾ ਦਿਉ ਕਿ ਅਸੀ ਫ਼ਜ਼ੂਲ ਖ਼ਰਚੀ ਨਹੀਂ ਕਰਾਂਗੇ ਤੇ ਬਹੁਤ ਜਲਦੀ ਮਿਹਨਤ ਕਰ ਕੇ ਅਤੇ ਪੜ੍ਹ ਕੇ ਤੁਹਾਡੇ ਦੁੱਖ ਅਤੇ ਕਰਜ਼ੇ ਉਤਾਰ ਦਿਆਂਗੇ। ਘਰ ਵਾਲੀਆਂ ਨੂੰ ਵੀ ਚਾਹੀਦਾ ਹੈ ਕਿ ਮਿੱਟੀ ਨਾਲ ਮਿੱਟੀ ਹੋ ਕੇ ਮੁੜੇ ਕਿਸਾਨ ਨੂੰ ਮਿੱਠਾ ਬੋਲੋ, ਚੋਭੇ ਨਾ ਮਾਰੋ। ਅੰਗਰੇਜ਼ਾਂ ਦੀ ਇਕੋ ਕਹਾਵਤ ਸੀ, ਇਕੱਠੇ ਰਹਾਂਗੇ ਤਾਂ ਤਰੱਕੀ ਹੋਊ, ਵੱਢੇ ਗਏ ਤਾਂ ਡਿੱਗ ਪਵਾਂਗੇ। ਤੇਰੀ ਮੌਤ ਸ਼ਹਿਰਾਂ ਦੇ ਲੋਕਾਂ ਲਈ ਇਕ ਛੋਟੀ ਜਹੀ ਖ਼ਬਰ ਹੀ ਹੁੰਦੀ ਹੈ। ਉਨ੍ਹਾਂ ਨੂੰ ਤੇਰੇ ਦੁੱਖ ਨਹੀਂ ਪਤਾ, ਨਾ ਹੀ ਉਨ੍ਹਾਂ ਪਤਾ ਕਰਨੇ ਹਨ। ਫ਼ਰਾਂਸ ਵਿਚ ਕਿਸਾਨ ਅਪਣੇ ਟਰੈਕਟਰ ਪੈਰਿਸ ਦੀਆਂ ਸੜਕਾਂ ਤੇ ਲੈ ਆਏ ਅਤੇ ਟ੍ਰੈਫ਼ਿਕ ਰੋਕਿਆ ਨਹੀਂ, ਸਿਰਫ਼ ਹੌਲੀ ਕਰ ਦਿਤਾ। ਇਸ ਵਿਰੋਧ ਦੇ ਹੱਕ ਵਿਚ ਗੋਰੇ ਸ਼ਹਿਰੀਆਂ ਨੇ ਉਨ੍ਹਾਂ ਕਿਸਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦਿਤੇ। ਸਾਡੇ ਕਿਸਾਨ ਚੰਡੀਗੜ੍ਹ ਵਲ ਤੁਰਨ ਤਾਂ ਸਹੀ, ਸ਼ਹਿਰੀ ਲੋਕਾਂ ਦੇ ਮੂੰਹ ਸੁੱਜ ਜਾਂਦੇ ਹਨ। ਇਨ੍ਹਾਂ ਨੂੰ ਪੈਟੀ ਬਰੈੱਡ ਚੰਗੇ ਲਗਦੇ ਹਨ। ਤੇਰੀ ਮੱਕੀ ਦੀ ਰੋਟੀ ਤੇ ਲੱਸੀ ਹੁਣ ਇਨ੍ਹਾਂ ਨੂੰ ਹਜ਼ਮ ਨਹੀਂ ਹੁੰਦੀ। ਵੱਡੀਆਂ ਸਰਕਾਰਾਂ ਨੂੰ ਵੀ ਤੂੰ ਹੁਣ ਫ਼ਾਲਤੂ  ਜਿਹਾ ਲਗਦਾ ਹੈਂ। ਤੂੰ ਦੁਨੀਆਂ ਦਾ ਸੱਭ ਤੋਂ ਉੱਦਮੀ ਕਿਸਾਨ ਸੀ ਪਰ ਤੈਨੂੰ ਹੱਲ ਬਾਬੇ ਨਾਨਕ ਨੇ ਫੜਾਇਆ ਸੀ। ਉਹ ਵੈਨਕੂਵਰ/ਕੈਲੇਫ਼ੋਰਨੀਆ ਵਿਚ ਸਫ਼ਲ ਸਾਬਤ ਵੀ ਕੀਤਾ। ਪਿੰਡ ਛੱਡ ਕੇ ਮੈਂ ਵੀ ਹੁਣ ਲੁਧਿਆਣਵੀ ਸ਼ਹਿਰੀਆ ਹਾਂ ਪਰ ਮੇਰਾ ਦਿਲ ਤੇਰੇ ਖੇਤ ਵਿਚ ਹੀ ਹੈ। ਤੇਰੇ ਬਲਦ ਵੀ ਰੁੱਸ ਗਏ ਅਤੇ ਭਾਗ ਵੀ। ਸ਼ਹਿਰ ਤਕ ਅਪਣੀ ਕਣਕ ਪਹੁੰਚਾਉਣ ਵਾਲੇ ਕਿਸਾਨ ਭਰਾ ਤੈਨੂੰ ਝੁਕ ਕੇ ਸਲਾਮ। ਆਤਮਹਤਿਆ ਨਾ ਕਰੀਂ। ਆਪਾਂ ਰਲਮਿਲ ਕੇ ਚੰਗੇ ਦਿਨ ਲੈ ਆਵਾਂਗੇ। ਥੋੜ੍ਹਾ ਰੁਕ, ਨਿਆਣਿਆਂ ਨੂੰ ਪਰਖ ਕੇ ਵੇਖ ਲੈ.... ਸਤਰੰਗੀ ਪੀਂਘ ਵੀ ਚੜ੍ਹ ਸਕਦੀ ਹੈ। 
- ਸੁਖਪ੍ਰੀਤ ਸਿੰਘ ਆਰਟਿਸਟ, ਸੰਪਰਕ : 0161-2774789