ਕਰਫ਼ਿਊ ਦੀਆਂ ਪਾਬੰਦੀਆਂ ਨਾ ਮੰਨਣ ਵਾਲੇ, ਬਲਦੇਵ ਸਿੰਘ ਦੇ ਹਸ਼ਰ ਤੋਂ ਸਬਕ ਲੈਣ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਉਤੇ ਪੰਜਾਬ ਪੁਲਿਸ ਵਲੋਂ ਨੌਜੁਆਨਾਂ ਉਤੇ ਡੰਡੇ ਚਲਾਉਂਦਿਆਂ ਦੀਆਂ ਤਸਵੀਰਾਂ

file photo

ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਉਤੇ ਪੰਜਾਬ ਪੁਲਿਸ ਵਲੋਂ ਨੌਜੁਆਨਾਂ ਉਤੇ ਡੰਡੇ ਚਲਾਉਂਦਿਆਂ ਦੀਆਂ ਤਸਵੀਰਾਂ ਅਤੇ ਵੀਡੀਉ ਚਲ ਰਹੇ ਹਨ ਅਤੇ ਲੋਕ ਜਿਥੇ ਸਹਿਮਤੀ ਅਤੇ ਸ਼ਾਬਾਸ਼ੀ ਦੇ ਰਹੇ ਹਨ, ਉਥੇ ਹੀ ਕੁੱਝ ਲੋਕ ਇਤਰਾਜ਼ ਵੀ ਕਰ ਰਹੇ ਹਨ। ਪੰਜਾਬ ਪੁਲਿਸ ਉਨ੍ਹਾਂ ਨੌਜੁਆਨਾਂ ਉਪਰ ਡੰਡਾ ਚੁਕ ਰਹੀ ਹੈ ਜਿਹੜੇ ਕਰਫ਼ੀਊ ਦੀ ਉਲੰਘਣਾ ਕਰ ਕੇ, ਬਗ਼ੈਰ ਕਿਸੇ ਕਾਰਨ ਤੋਂ, ਸੜਕਾਂ ਉਤੇ ਉਤਰ ਆਉਂਦੇ ਹਨ ਤੇ ਅਪਣੇ ਆਪ ਸਮੇਤ, ਦੂਜਿਆਂ ਦੀਆਂ ਜ਼ਿੰਦਗੀਆਂ ਵੀ ਖ਼ਤਰੇ ਵਿਚ ਪਾ ਦੇਂਦੇ ਹਨ। ਨੌਜੁਆਨ ਕਦੇ ਬਾਹਰ ਸੁੰਨਸਾਨ ਪਸਰੀ ਵੇਖਣ ਲਈ ਅਤੇ ਕਦੇ ਗੇੜੀ ਕੱਢਣ ਦੇ ਬਹਾਨੇ ਨਿਕਲ ਆਉਂਦੇ ਹਨ।

ਡੰਡਾ ਚਲਾਉਣਾ ਆਮ ਹਾਲਾਤ ਵਿਚ ਤਾਂ ਠੀਕ ਨਹੀਂ ਆਖ ਸਕਦੇ ਪਰ ਇਹ ਹੁਣ ਆਮ ਵਰਗੇ ਹਾਲਾਤ ਨਹੀਂ ਹਨ। ਅੱਜ ਦੁਨੀਆਂ ਉਤੇ ਜਿਹੜੀ ਆਫ਼ਤ ਆਈ ਹੋਈ ਹੈ, ਇਸ ਨੂੰ ਇਕ ਆਧੁਨਿਕ ਜੰਗ ਹੀ ਆਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਪਹਿਲਾਂ ਸਰਹੱਦਾਂ ਦੀ ਰਾਖੀ ਵਾਸਤੇ ਜੰਗਾਂ ਹੁੰਦੀਆਂ ਸਨ, ਇਹ ਅੱਜ ਦੇ ਜ਼ਮਾਨੇ ਦੀ ਜੰਗ ਹੈ। ਜੰਗ ਸਮੇਂ ਆਮ ਵਰਗੇ ਤੌਰ-ਤਰੀਕੇ ਨਹੀਂ ਅਪਣਾਏ ਜਾ ਸਕਦੇ।ਪੰਜਾਬ ਸਰਕਾਰ ਵਲੋਂ ਪੰਜਾਬੀਆਂ ਨੂੰ ਆਪੋ-ਅਪਣੇ ਘਰਾਂ ਅੰਦਰ ਰਹਿਣ ਦਾ ਮੌਕਾ ਦਿਤਾ ਗਿਆ ਸੀ ਪਰ ਲੋਕਾਂ ਨੇ ਉਸ ਜਨਤਾ-ਕਰਫ਼ੀਊ ਦਾ ਜਲੂਸ ਕੱਢ ਦਿਤਾ।

ਹੁਣ ਬਕਾਇਦਾ ਕਰਫ਼ੀਊ ਲੱਗਣ ਦੇ ਬਾਵਜੂਦ, ਲੋਕਾਂ ਦਾ ਘਰਾਂ 'ਚੋਂ ਬਾਹਰ ਨਿਕਲਣਾ ਇਹੀ ਸਿਧ ਕਰਦਾ ਹੈ ਕਿ ਅਜੇ ਵੀ ਲੋਕ ਸਥਿਤੀ ਦੀ ਗੰਭੀਰਤਾ ਨੂੰ ਨਹੀਂ ਸਮਝ ਪਾ ਰਹੇ ਤੇ ਸਖ਼ਤੀ ਕੀਤੇ ਬਿਨਾਂ, ਸਾਡਾ ਇਕ ਭਾਗ ਤਾਂ ਕਦੇ ਵੀ ਨਹੀਂ ਸਮਝੇਗਾ। ਨੌਜੁਆਨਾਂ ਦੇ ਨਾਲ-ਨਾਲ ਇਕ ਹੋਰ ਤਬਕਾ ਹੈ ਜੋ ਗੱਲ ਦੀ ਗੰਭੀਰਤਾ ਨੂੰ ਸਮਝਣ ਤੋਂ ਇਨਕਾਰ ਕਰਨਾ ਅਪਣਾ ਹੱਕ ਸਮਝਦਾ ਹੈ ਅਤੇ ਉਹ ਹੈ ਵਿਹਲੀਆਂ ਗੱਪਾਂ ਨੂੰ ਸੱਥਾਂ ਵਿਚ ਬੈਠ ਕੇ ਮਾਣਨ ਵਾਲੇ ਬਜ਼ੁਰਗਾਂ ਦਾ। ਬਜ਼ੁਰਗਾਂ ਦੀ ਸੱਭ ਤੋਂ ਵੱਡੀ ਉਦਾਹਰਣ ਹੈ

ਇਕ ਪਿੰਡ ਜਿਥੇ ਸਾਰਾ ਬਜ਼ੁਰਗ ਤਬਕਾ ਇਕੱਠਾ ਹੋ ਕੇ ਬੈਠਾ ਸੀ ਅਤੇ ਜਦੋਂ ਪੁਲਿਸ ਵਾਲੇ ਘਰਾਂ ਵਿਚ ਚਲੇ ਜਾਣ ਵਾਸਤੇ ਸਮਝਾਉਣ ਲਈ ਆਏ ਤਾਂ ਉਹ ਪੁਲਸ ਵਾਲਿਆਂ ਨਾਲ ਹੀ ਖਹਿਬੜ ਪਏ। ਪੁਲਸੀਆਂ ਉਤੇ ਕਈ ਇਲਜ਼ਾਮ ਜੜ ਦਿਤੇ ਗਏ। ਬਜ਼ੁਰਗਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪਿੰਡ ਦੀ ਸੱਥ ਵਿਚ ਰਹਿ ਕੇ ਗੱਲਬਾਤ ਕਰਨ ਦਾ ਹੱਕ ਵੀ ਖੋਹ ਲੈਣਾ ਚਾਹੁੰਦੇ ਹਨ। ਕੁੱਝ ਅਜਿਹੇ ਵੀ ਬਜ਼ੁਰਗ ਹਨ ਜੋ 'ਰੱਬ ਆਸਰੇ' ਬਾਹਰ ਘੁੰਮਣ ਜਾਣਾ ਚਾਹੁੰਦੇ ਹਨ।

ਕਰਫ਼ੀਊ ਵਿਚ ਉਨ੍ਹਾਂ ਦਾ ਸਾਹ ਘੁਟਣ ਲਗਦਾ ਹੈ ਅਤੇ ਸ਼ਾਇਦ ਅੱਜ ਦਾ ਕਰਫ਼ੀਊ ਉਨ੍ਹਾਂ ਨੂੰ ਪੰਜਾਬ ਦੇ ਕਾਲੇ ਦਿਨਾਂ ਦੇ ਕਰਫ਼ੀਊ ਦੀ ਯਾਦ ਕਰਵਾਉਂਦਾ ਹੋਵੇਗਾ ਜਦੋਂ ਇਹ ਸੰਨਾਟਾ ਗੋਲੀਆਂ ਨਾਲ ਟੁਟਦਾ ਸੀ। ਪੰਜਾਬ ਪੁਲਿਸ ਦੀ ਸਖ਼ਤੀ ਵੀ ਪੁਰਾਣੇ ਦਿਨਾਂ ਦੀ ਯਾਦ ਕਰਵਾਉਂਦੀ ਹੋਵੇਗੀ ਪਰ ਅੱਜ ਤਸਵੀਰ ਬਹੁਤ ਵਖਰੀ ਹੈ। ਇਹ ਨਹੀਂ ਆਖਿਆ ਜਾ ਸਕਦਾ ਕਿ ਇਹ ਜੋ ਜੰਗ ਹੈ, ਇਹ ਕੁਦਰਤ ਦਾ ਕਹਿਰ ਹੀ ਹੈ ਜਾਂ ਉਨ੍ਹਾਂ ਵਿਗਿਆਨਕ ਤਜਰਬਿਆਂ ਦਾ ਨਤੀਜਾ ਜਿਸ ਦੇ ਜ਼ੋਰ ਤੇ ਚੀਨ ਨੇ ਦੁਨੀਆਂ ਨੂੰ ਮੁੱਠੀ ਵਿਚ ਕਰਨ ਦੀ ਯੋਜਨਾ ਬਣਾਈ ਹੈ।

ਹਕੀਕਤ ਹੁਣ ਇਹੀ ਹੈ ਕਿ ਇਸ ਕੋਰੋਨਾ ਨੇ ਸਾਡੇ ਪੰਜਾਬ ਤੇ ਸਾਡੇ ਦੇਸ਼ 'ਚ ਅਪਣੇ ਪੈਰ ਜਮਾ ਲਏ ਹਨ ਅਤੇ ਹੁਣ ਹਰ ਕਿਸੇ ਨੂੰ ਸਿਪਾਹੀ ਬਣ ਕੇ ਜਾਂ ਤਾਂ ਸਰਕਾਰ ਦੀਆਂ ਹਦਾਇਤਾਂ ਨੂੰ ਮੰਨਣਾ ਪਵੇਗਾ ਨਹੀਂ ਤਾਂ ਡੰਡਾ ਚਲਾਉਣ ਤੋਂ ਸਿਵਾ ਸਰਕਾਰ ਕੋਲ ਚਾਰਾ ਹੀ ਕੋਈ ਨਹੀਂ ਰਹਿਣਾ। ਜੇਲ ਦੀ ਸਜ਼ਾ ਵੀ ਹੋ ਸਕਦੀ ਹੈ। ਪਰ ਜੇਲਾਂ ਵਿਚੋਂ ਤਾਂ ਅਜੇ ਪਹਿਲੇ ਕੈਦੀਆਂ ਵੀ ਨੂੰ ਛਡਿਆ ਜਾ ਰਿਹਾ ਹੈ। ਤਾਂ ਕੀ ਉਹ ਘਰਾਂ ਵਿਚ ਸੁਰੱਖਿਅਤ ਰਹਿ ਸਕਣਗੇ? ਅਜੇ ਪੰਜਾਬ ਪੁਲਿਸ ਨੇ ਜਾਂ ਤਾਂ ਡੰਡਾ ਚਲਾਇਆ ਹੈ ਜਾਂ ਉਠਕ-ਬੈਠਕ ਕਰਵਾਈ ਹੈ।

ਤੇਲੰਗਾਨਾ ਦੇ ਮੁੱਖ ਮੰਤਰੀ ਨੇ ਤਾਂ ਆਖ ਦਿਤਾ ਹੈ ਕਿ ਜੇ ਲੋਕਾਂ ਨੇ ਕਰਫ਼ੀਊ ਦੀ ਬੰਦਸ਼ ਨਾ ਮੰਨੀ ਤਾਂ ਉਹ ਵੇਖਦਿਆਂ ਗੋਲੀ ਮਾਰਨ ਦੇ ਹੁਕਮ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ। ਰੂਸ ਦੇ ਪ੍ਰਧਾਨ ਮੰਤਰੀ ਨੇ ਹੁਕਮ ਦਿਤੇ ਹਨ ਕਿ ਜੇ ਕਿਸੇ ਨੇ ਘਰਾਂ 'ਚੋਂ ਬਾਹਰ ਨਿਕਲਣ ਦੀ ਹਿੰਮਤ ਕੀਤੀ ਜਾਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਨੂੰ 5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦਿਤੀ ਜਾ ਸਕੇਗੀ।

ਸਾਰੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਇਸ ਜੰਗ ਵਿਚ ਸਰਕਾਰ ਦੀ ਫ਼ੌਜ ਉਸ ਦੀ ਜਨਤਾ ਹੈ। ਇਸ ਵਾਸਤੇ ਹਰ ਨਾਗਰਿਕ ਨੂੰ ਸਿਰਫ਼ ਘਰ ਅੰਦਰ ਬੈਠਣ ਦੀ ਲੋੜ ਹੈ। ਜਿਸ ਨੂੰ ਅਜੇ ਵੀ ਸ਼ੱਕ ਹੈ, ਉਹ ਨਵਾਂਸ਼ਹਿਰ ਦੇ ਮ੍ਰਿਤਕ ਬਜ਼ੁਰਗ ਬਲਦੇਵ ਸਿੰਘ ਦੇ ਪ੍ਰਵਾਰ ਵਲ ਵੇਖ ਲੈਣ। ਬਲਦੇਵ ਸਿੰਘ ਨੇ 14 ਦਿਨ ਘਰ ਅੰਦਰ ਬੈਠਣਾ ਕਬੂਲ ਨਾ ਕੀਤਾ ਅਤੇ ਹੋਲਾ-ਮਹੱਲਾ ਦੇ ਸਮਾਗਮ ਵਿਚ ਆਨੰਦਪੁਰ ਸਾਹਿਬ ਵੀ ਚਲਾ ਗਿਆ।

ਉਸ ਦੀ ਅਪਣੀ ਮੌਤ ਵੀ ਹੋਈ ਅਤੇ ਆਨੰਦਪੁਰ ਸਾਹਿਬ ਵਿਖੇ ਕੰਮ ਕਰਦੇ ਪੰਜਾਬ ਪੁਲਿਸ ਦੇ ਇਕ ਸਿਪਾਹੀ ਨੂੰ ਵੀ ਇਹ ਬਿਮਾਰੀ ਹੋ ਗਈ। ਉਸ ਨੇ ਅਪਣੇ ਪ੍ਰਵਾਰ ਦੇ 5 ਜੀਆਂ ਨੂੰ ਵੀ ਇਹ ਬਿਮਾਰੀ ਲਾ ਦਿਤੀ ਜਿਨ੍ਹਾਂ ਵਿਚ ਉਸ ਦਾ 6 ਸਾਲ ਦਾ ਪੋਤਾ ਵੀ ਹੈ। ਅਪਣਿਆਂ ਅਤੇ ਬੇਗਾਨਿਆਂ ਦੀ ਜਾਨ ਨੂੰ ਖ਼ਤਰੇ 'ਚ ਪਾ ਦਿਤਾ ਪਰ ਸਰਕਾਰ ਦੀ 14 ਦਿਨ ਘਰ ਅੰਦਰ ਬੈਠਣ ਦੀ ਹਦਾਇਤ ਨੂੰ ਪ੍ਰਵਾਨ ਨਾ ਕੀਤਾ।

ਸੋ ਜੇਕਰ ਅੱਜ ਕੁੱਝ ਲੋਕਾਂ ਨੂੰ ਸਮਝਾਉਣ ਵਾਸਤੇ ਡੰਡੇ ਪੈ ਰਹੇ ਹਨ ਤਾਂ ਇਸ ਨੂੰ ਪੂਰੀ ਤਰ੍ਹਾਂ ਗ਼ਲਤ ਵੀ ਨਹੀਂ ਠਹਿਰਾਇਆ ਜਾ ਸਕਦਾ। ਪੁਲਿਸ ਵਾਲੇ ਇਸ ਵੇਲੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਡੰਡਾ ਚੁਕ ਰਹੇ ਹਨ। ਜੇ ਡੰਡੇ ਨਹੀਂ ਖਾਣੇ ਤਾਂ ਕਿਸੇ ਜ਼ਰੂਰੀ ਲੋੜ ਤੋਂ ਬਿਨਾ, ਬਾਹਰ ਨਾ ਨਿਕਲੋ। ਬਸ ਏਨੀ ਕੁ ਗੱਲ ਹੀ ਤਾਂ ਹੈ। -ਨਿਮਰਤ ਕੌਰ