ਕਿਸਾਨੀ ਸੰਘਰਸ਼ ਵਿਚ ਭਗਤ ਸਿੰਘ ਦਾ ਨਾਂ ਲੈਣ ਵਾਲੇ ਨੌਜਵਾਨ, ਅਪਣੀ ਜ਼ਿੰਮੇਵਾਰੀ ਸਮਝਣ ਤੇ ਸੰਘਰਸ਼.......
ਕੋਈ ਬਸੰਤੀ ਪੱਗ ਜਾਂ ਪਰਨਾ ਬੰਨ੍ਹ ਲਵੇ, ਭਗਤ ਸਿੰਘ ਦੀਆਂ ਗੱਲਾਂ ਮੂੰਹ ਜ਼ਬਾਨੀ ਯਾਦ ਕਰ ਲਵੇ ਤਾਂ ਕੀ ਉਹ ਭਗਤ ਸਿੰਘ ਵਰਗਾ ਬਣ ਜਾਂਦਾ ਹੈ?
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਇਸ ਵਾਰ ਨਾਹਰੇ ਸੁਣ ਕੇ ਤੇ ਬਸੰਤੀ ਪੱਗਾਂ ਵੇਖ ਕੇ ਲੱਗ ਰਿਹਾ ਸੀ ਕਿ ਸਚਮੁਚ ਹੀ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ। ਭਗਤ ਸਿੰਘ ਦੀਆਂ ਚਿੱਠੀਆਂ, ਉਨ੍ਹਾਂ ਦੇ ਆਜ਼ਾਦ ਭਾਰਤ ਵਾਸਤੇ ਸੁਪਨੇ ਉਹੀ ਸਨ ਜੋ ਅੱਜ ਦੇ ਹਰ ਨੌਜਵਾਨ ਦੇ ਸੁਪਨੇ ਹੁੰਦੇ ਹਨ। ਨੌਜਵਾਨ ਇਕ ਅਜਿਹਾ ਦੇਸ਼ ਚਾਹੁੰਦੇ ਹਨ ਜਿਥੇ ਆਜ਼ਾਦੀ ਸਿਰਫ਼ ਅੰਗਰੇਜ਼ ਦੀ ਗ਼ੁਲਾਮੀ ਤੋਂ ਹੀ ਨਾ ਮਿਲੇ ਬਲਕਿ ਜਿਥੇ ਬਰਾਬਰੀ ਦਾ ਦੌਰ ਦੌਰਾ ਹੋਵੇ ਤੇ ਹਰ ਇਨਸਾਨ ਨੂੰ ਬਰਾਬਰ ਦਾ ਮਾਣ ਸਤਿਕਾਰ ਮਿਲੇ। ਇਹ ਸਾਰੀਆਂ ਗੱਲਾਂ ਸੁਣਦੇ ਸੁਣਦੇ ਇਕ ਸਵਾਲ ਉਠ ਰਿਹਾ ਸੀ ਕਿ ਕੀ ਇਹ ਸੋਚ ਸਾਰੇ ਨੌਜਵਾਨਾਂ ਦੀ ਸੋਚ ਬਣ ਗਈ ਹੈ? ਕੋਈ ਬਸੰਤੀ ਪੱਗ ਜਾਂ ਪਰਨਾ ਬੰਨ੍ਹ ਲਵੇ, ਭਗਤ ਸਿੰਘ ਦੀਆਂ ਗੱਲਾਂ ਮੂੰਹ ਜ਼ਬਾਨੀ ਯਾਦ ਕਰ ਲਵੇ ਤਾਂ ਕੀ ਉਹ ਭਗਤ ਸਿੰਘ ਵਰਗਾ ਬਣ ਜਾਂਦਾ ਹੈ?
ਇਹ ਸਵਾਲ ਉਸ ਸਮੇਂ ਉਠਦਾ ਹੈ ਜਦ ਬਜ਼ੁਰਗ ਕਿਸਾਨ ਆਗੂਆਂ ਨੂੰ ਪੰਜਾਬ ਵਿਚ ਹੀ ਮੰਚਾਂ ਤੋਂ ਨੌਜਵਾਨਾਂ ਨੂੰ ਮੋਰਚੇ ਵਿਚ ਸ਼ਾਮਲ ਹੋਣ ਦੀ ਬੇਨਤੀ ਕਰਨੀ ਪੈ ਰਹੀ ਹੈ। 80 ਸਾਲ ਦੇ ਬਲਬੀਰ ਸਿੰਘ ਰਾਜੇਵਾਲ ਵਰਗੇ ਕਿਸਾਨ ਆਗੂ ਖੇਤੀ ਕਾਨੂੰਨ ਬਣਨ ਤੋਂ ਪਹਿਲਾਂ ਹੀ ਸਿਹਤ ਕਾਰਨ ਬਾਹਰ ਆਉਣਾ ਜਾਣਾ ਘੱਟ ਕਰ ਚੁੱਕੇ ਸਨ। ਉਗਰਾਹਾਂ ਹਾਲ ਹੀ ਵਿਚ ਹਸਪਤਾਲ ਰਹਿ ਕੇ ਆਏ ਹਨ। ਸਰਹੱਦਾਂ ਤੇ ਬੈਠੇ ਕਈ ਕਿਸਾਨ ਬਜ਼ੁਰਗ ਹਨ ਪਰ ਡਟੇ ਹੋਏ ਹਨ। ਉਹ ਕਿਸੇ ਗੀਤਕਾਰ ਜਾਂ ਕਲਾਕਾਰ ਦੇ ਪਿੱਛੇ ਲੱਗ ਕੇ ਸਰਹੱਦ ਤੇ ਨਹੀਂ ਆਏ ਸਗੋਂ ਖੇਤੀ ਕਾਨੂੰਨਾਂ ਦੇ ਨੁਕਸਾਨ ਤੋਂ, ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਬੈਠੇ ਹਨ। ਅੱਜ ਉਨ੍ਹਾਂ ਦੀ ਇਸ ਕੁਰਬਾਨੀ ਦੀਆਂ ਸਿਫ਼ਤਾਂ ਅਮਰੀਕਾ, ਯੂ.ਕੇ. ਵਰਗੇ ਦੇਸ਼ਾਂ ਵਿਚ ਵੀ ਹੋ ਰਹੀਆਂ ਹਨ। ਪੰਜਾਬ, ਹਰਿਆਣਾ ਦੇ ਕਿਸਾਨਾਂ ਦਾ ਸੰਘਰਸ਼ ਵੇਖ ਕੇ ਸਪੇਨ ਦੇ ਕਿਸਾਨਾਂ ਨੇ ਐਮ.ਐਸ.ਪੀ. ਲਾਗੂ ਕਰਵਾ ਲਈ ਪਰ ਭਾਰਤ ਦੇ ਕਿਸਾਨ ਅਜੇ ਸਫ਼ਲ ਨਹੀਂ ਹੋ ਸਕੇ।
26 ਜਨਵਰੀ ਤੋਂ ਬਾਅਦ ਵੱਡੇ ਮੀਡੀਆ ਚੈਨਲਾਂ ਤੇ ਸਿਰਫ਼ ਇਹੀ ਵਿਖਾਇਆ ਗਿਆ ਕਿ ਨੌਜਵਾਨਾਂ ਵਲੋਂ ਲਾਲ ਕਿਲ੍ਹੇ ਤੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ। ਅਜਿਹੇ ਦ੍ਰਿਸ਼ ਵਿਖਾਏ ਗਏ ਜਿਨ੍ਹਾਂ ਦੀ ਬਦੌਲਤ, ਪਹਿਲਾਂ ਦੇਸ਼ ਦੋ ਧਿਰਾਂ ਵਿਚ ਵੰਡਿਆ ਗਿਆ ਤੇ ਫਿਰ ਕਿਸਾਨੀ ਅੰਦੋਲਨ ਬਾਰੇ ਗੱਲ ਹੀ ਕਰਨੀ ਬੰਦ ਕਰ ਦਿਤੀ ਗਈ। ਅੱਜ ਕਈ ਕਲਾਕਾਰ ਸਟੇਜ ਤੋਂ ਪਿਛੇ ਹਟ ਗਏ ਹਨ ਤੇ ਉਨ੍ਹਾਂ ਪਿਛੇ ਲੱਗੀ ਮੁੰਡੀਰ ਵੀ ਪਿਛੇ ਹਟ ਗਈ ਹੈ। ਜੇਲ੍ਹ ਵਿਚ ਕਈ ਨੌਜਵਾਨਾਂ ਨਾਲ ਬਹੁਤ ਮਾੜਾ ਸਲੂਕ ਹੋਇਆ ਜਿਸ ਨਾਲ ਵੀ ਕਈ ਪਿਛੇ ਹਟ ਗਏ। ਅਜੇ ਵੀ ਕਈ ਨੌਜਵਾਨ ਨਾਲ ਖੜੇ ਹਨ, ਕਈ ਕਲਾਕਾਰ ਵੀ ਸ਼ਮੂਲੀਅਤ ਕਰ ਰਹੇ ਹਨ ਪਰ ਉਹ ਮਾਹੌਲ ਨਹੀਂ ਬਣ ਰਿਹਾ ਜੋ ਜਨਵਰੀ ਵਿਚ ਸੀ।
ਕਿਸਾਨ ਆਗੂਆਂ ਤੇ ਨੌਜਵਾਨਾਂ ਵਿਚਕਾਰ ਦਰਾੜਾਂ ਪਾ ਦਿਤੀਆਂ ਗਈਆਂ ਹਨ। ਰਾਜੇਵਾਲ, ਚੜੂਨੀ, ਉਗਰਾਹਾਂ ਅਤੇ ਹੋਰ ਬਹੁਤ ਸਾਰੇ ਆਗੂ ਜੋ ਪਹਿਲਾਂ ਅੰਦੋਲਨ ਚਲਾ ਰਹੇ ਸਨ, ਉਨ੍ਹਾਂ ਨੂੰ ਟਿਕੈਤ ਦੇ ਪਿਛੇ ਲਗਣਾ ਪਿਆ ਕਿਉਂਕਿ ਉਨ੍ਹਾਂ ਉਤੇ ‘ਅਤਿਵਾਦੀ’, ‘ਖ਼ਾਲਿਸਤਾਨੀ’ ਹੋਣ ਦਾ ਇਲਜ਼ਾਮ ਲਗਾ ਦਿਤਾ ਗਿਆ। ਇਸ ਸਾਰੇ ਚਕਰਵਿਊ ਤੋਂ ਬਾਅਦ ਵੀ ਬਜ਼ੁਰਗ ਕਿਸਾਨ ਆਗੂ ਇਕ ਸੂਬੇ ਤੋਂ ਦੂਜੇ ਸੂਬੇ ਦੇ ਕਿਸਾਨਾਂ ਨੂੰ ਜਗਾਉਣ ਦੇ ਚੱਕਰ ਵਿਚ ਜੁਟੇ ਵੇਖਦੇ ਹਾਂ ਤਾਂ ਅਫ਼ਸੋਸ ਹੁੰਦਾ ਹੈ ਕਿ ਸਾਡੀ ਜਵਾਨੀ ਕਿਥੇ ਹੈ? ਅੱਜ ਵੀ ਕੁੱਝ ਨੌਜਵਾਨ ਆਗੂ ਕਿਸਾਨ ਆਗੂਆਂ ਬਾਰੇ ਸ਼ੱਕ ਪੈਦਾ ਕਰਨ ਦਾ ਯਤਨ ਕਰਦੇ ਹਨ ਜਦ ਉਹ ਆਖਦੇ ਹਨ ਕਿ ਅਸੀ ਤਾਂ ਅੰਦੋਲਨ ਵਿਚ ਕਿਸਾਨ ਆਗੂਆਂ ’ਤੇ ਪਹਿਰਾ ਦੇਣ ਆਏ ਸੀ।
ਨੌਜਵਾਨਾਂ ਨੇ ਕਿਤਾਬਾਂ ਜਾਂ ਗੀਤਾਂ ਤੋਂ ਕ੍ਰਾਂਤੀ ਦਾ ਜੋ ਮਤਲਬ ਸਮਝਿਆ, ਉਹ ਅਸਲ ਕ੍ਰਾਂਤੀ ਨਹੀਂ। ਭਗਤ ਸਿੰਘ ਦੇ ਜੀਵਨ ਵਿਚ ਕਈ ਵਾਰ ਅਜਿਹੇ ਮੌਕੇ ਵੀ ਆਏ ਜਦੋਂ ਉਨ੍ਹਾਂ ਨੇ ਅਪਣੇ ਸਾਥੀਆਂ ਅਤੇ ਵੱਡਿਆਂ ਦੇ ਕਹਿਣ ’ਤੇ ਅਪਣੇ ਫ਼ੈਸਲੇ ਬਦਲੇ। ਜੇ ਅੱਜ ਉਹ ਉਸ ਨੂੰ ਮੰਨਣ ਵਾਲੇ ਨੌਜਵਾਨਾਂ ਦੇ ਰਵਈਏ ਵਲ ਵੇਖਦਾ ਤਾਂ ਕੀ ਆਖਦਾ? ਜਦ ਉਹ ਵੇਖਦਾ ਕਿ ਬਜ਼ੁਰਗ ਆਗੂ ਅੱਜ ਨੌਜਵਾਨਾਂ ਨੂੰ ਸਮਰਥਨ ਦੀ ਅਪੀਲ ਕਰਦੇ ਫਿਰ ਰਹੇ ਹਨ ਤਾਂ ਉਹ ਕੀ ਆਖਦਾ? ਜਦ ਉਹ ਵੇਖਦਾ ਕਿ ਨੌਜਵਾਨਾਂ ਦੀ ਨੀਂਦ ਕਾਰਨ ਹੀ ਸੰਘਰਸ਼ ਕਮਜ਼ੋਰ ਹੋਇਆ ਹੈ ਤਾਂ ਉਹ ਕੀ ਆਖਦਾ?
-ਨਿਮਰਤ ਕੌਰ