ਕਿਸੇ ਵੱਡੇ ਕਾਂਗਰਸੀ ਨੇ ਅਖ਼ੀਰ ਮੰਨਿਆ ਤਾਂ ਸਹੀ ਕਿ ਘੱਟ-ਗਿਣਤੀਆਂ ਦੇ ਖ਼ੂਨ ਦੇ ਧੱਬੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਾਂਗਰਸ ਦੇ ਦਾਮਨ ਨੂੰ ਦਾਗ਼ਦਾਰ ਬਣਾ ਰਹੇ ਨੇ!

Salman Khursheed

ਉਹ ਆਖਦੇ ਹਨ ਕਿ ਮੁਸਲਮਾਨਾਂ ਨੂੰ ਮਾਰਨ ਵਾਲੇ ਅੱਜ ਰਾਜ ਕਰ ਰਹੇ ਹਨ, ਕਤਲੇਆਮ ਨੂੰ ਹੱਲਾਸ਼ੇਰੀ ਦੇਣ ਵਾਲੇ ਐਲ.ਕੇ. ਅਡਵਾਨੀ ਨੂੰ ਅੱਜ ਦੀ ਭਾਜਪਾ ਸਰਕਾਰ ਨੇ ਪਦਮ ਵਿਭੂਸ਼ਨ (2015) ਪੁਰਸਕਾਰ ਦਿਤਾ ਹੈ। ਬਾਕੀ ਕਾਰਕੁਨਾਂ ਨੂੰ ਅੱਜ ਇਕ ਇਕ ਕਰ ਕੇ ਬਚਾਇਆ ਜਾ ਰਿਹਾ ਹੈ। ਉਨ੍ਹਾਂ ਖ਼ੁਦ ਸਿੱਖਾਂ ਦੇ ਕਤਲੇਆਮ ਦਾ ਜ਼ਿਕਰ ਕੀਤਾ, ਖ਼ੁਦ ਆਜ਼ਾਦੀ ਤੋਂ ਬਾਅਦ ਸਾਰੇ ਦੰਗਿਆਂ ਦਾ ਨਾਂ ਲਿਆ।ਸਲਮਾਨ ਖੁਰਸ਼ੀਦ ਨੇ ਉਹ ਕਹਿਣ ਦੀ ਹਿੰਮਤ ਕੀਤੀ ਹੈ ਜੋ ਸ਼ਾਇਦ ਦਹਾਕਿਆਂ ਤੋਂ ਕਿਸੇ ਕਾਂਗਰਸੀ ਆਗੂ ਦੇ ਮੂੰਹ 'ਚੋਂ ਭਾਰਤ ਦੀਆਂ ਘੱਟ ਗਿਣਤੀਆਂ ਸੁਣਨ ਨੂੰ ਤਰਸ ਰਹੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਯਾਨੀ ਕਾਂਗਰਸ ਦੇ ਰਾਜ ਹੇਠ 1984 ਦਾ ਸਿੱਖ ਕਤਲੇਆਮ ਵੀ ਹੋਇਆ, ਬਾਬਰੀ ਮਸਜਿਦ ਦੇ ਹਮਲੇ ਵੀ ਹੋਏ ਅਤੇ ਇਨ੍ਹਾਂ ਕਤਲੇਆਮਾਂ ਵਿਚ ਮਾਰੇ ਗਏ ਘੱਟਗਿਣਤੀਆਂ ਦੇ ਖ਼ੂਨ ਦੇ ਦਾਗ਼ ਉਨ੍ਹਾਂ ਯਾਨੀ ਕਿ ਕਾਂਗਰਸ ਦੇ ਦਾਮਨ ਉਤੇ ਲੱਗੇ ਹੋਏ ਹਨ। ਉਨ੍ਹਾਂ ਨੇ ਇਕ ਕਦਮ ਹੋਰ ਅੱਗੇ ਜਾ ਕੇ ਇਹ ਵੀ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਦੰਗੇ ਹੋਏ ਹਨ। ਉਹ ਅਪਣੀ ਪਾਰਟੀ ਦੇ ਇਤਿਹਾਸ ਦਾ ਵਾਸਤਾ ਪਾ ਕੇ ਅਲੀਗੜ੍ਹ 'ਵਰਸਟੀ ਦੇ ਇਕ ਵਿਦਿਆਰਥੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਾਂਗਰਸ ਰਾਜ ਵਿਚ ਜੋ ਇਹ ਦੰਗੇ ਜਾਂ ਕਤਲੇਆਮ ਹੋਏ ਹਨ, ਉਨ੍ਹਾਂ ਤੋਂ ਕਾਂਗਰਸ ਸਬਕ ਸਿਖ ਚੁੱਕੀ ਹੈ ਅਤੇ ਇਸੇ ਕਰ ਕੇ ਉਹ ਇਸ ਤਰ੍ਹਾਂ ਦੀ ਸਥਿਤੀ ਮੁੜ ਤੋਂ ਨਹੀਂ ਪੈਦਾ ਹੋਣ ਦੇਵੇਗੀ। ਇਹ ਸੱਭ ਸਲਮਾਨ ਖੁਰਸ਼ੀਦ ਨੇ ਇਕ ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿਚ ਕਿਹਾ ਹੈ। ਵਿਦਿਆਰਥੀ ਨੇ ਪੁਛਿਆ ਸੀ ਕਿ ਬਾਬਰੀ ਮਸਜਿਦ ਵਿਚ ਇਕ ਮੂਰਤੀ ਦੀ ਸਥਾਪਨਾ ਕੀਤੇ ਜਾਣ ਤੋਂ ਬਾਅਦ ਲੋਕ ਮਾਰੇ ਗਏ ਅਤੇ ਕਾਂਗਰਸ ਭਾਵੇਂ ਕੇਂਦਰ ਵਿਚ ਰਾਜ ਕਰ ਰਹੀ ਸੀ, ਕੀ ਉਸ ਦਾ ਦਾਮਨ ਵੀ ਮੁਸਲਮਾਨਾਂ ਦੇ ਖ਼ੂਨ ਨਾਲ ਨਹੀਂ ਸੀ ਰੰਗਿਆ ਗਿਆ? ਹੁਣ ਜੇ ਸਲਮਾਨ ਖੁਰਸ਼ੀਦ ਸਿਰਫ਼ ਅਪਣੇ ਬਾਰੇ ਹੀ ਸੋਚਦੇ ਤਾਂ ਉਹੀ ਕੁੱਝ ਕਹਿ ਕੇ ਪੱਲਾ ਝਾੜ ਜਾਂਦੇ ਜੋ ਸਾਡਾ ਸਦੀਆਂ ਪੁਰਾਣਾ ਪ੍ਰਚਲਿਤ ਸਿਆਸੀ ਰਵਈਆ ਹੈ। ਉਹ ਆਖਦੇ ਹਨ ਕਿ ਮੁਸਲਮਾਨਾਂ ਨੂੰ ਮਾਰਨ ਵਾਲੇ ਅੱਜ ਰਾਜ ਕਰ ਰਹੇ ਹਨ, ਕਤਲੇਆਮ ਨੂੰ ਹੱਲਾਸ਼ੇਰੀ ਦੇਣ ਵਾਲੇ ਐਲ.ਕੇ. ਅਡਵਾਨੀ ਨੂੰ ਅੱਜ ਦੀ ਭਾਜਪਾ ਸਰਕਾਰ ਨੇ ਪਦਮ ਵਿਭੂਸ਼ਨ (2015) ਪੁਰਸਕਾਰ ਦੇ ਦਿਤਾ ਹੈ। ਬਾਕੀ ਕਾਰਕੁਨਾਂ ਨੂੰ ਅੱਜ ਇਕ ਇਕ ਕਰ ਕੇ ਬਚਾਇਆ ਜਾ ਰਿਹਾ ਹੈ। ਉਨ੍ਹਾਂ ਖ਼ੁਦ ਸਿੱਖਾਂ ਦੇ ਕਤਲੇਆਮ ਦਾ ਜ਼ਿਕਰ ਕੀਤਾ, ਖ਼ੁਦ ਆਜ਼ਾਦੀ ਤੋਂ ਬਾਅਦ ਸਾਰੇ ਦੰਗਿਆਂ ਦਾ ਨਾਂ ਲਿਆ। ਉਨ੍ਹਾਂ ਨੇ ਰਵਾਇਤ ਮੁਤਾਬਕ ਵਿਰੋਧੀ ਧਿਰ ਵਿਚ ਬੈਠ ਕੇ ਸੱਤਾਧਾਰੀ ਸਰਕਾਰ ਦੀਆਂ ਕਮਜ਼ੋਰੀਆਂ ਗਿਣਨ ਅਤੇ ਇਲਜ਼ਾਮ ਲਾਉਣ ਦੀ ਬਜਾਏ, ਵਿਦਿਆਰਥੀਆਂ ਦੇ ਇਕ ਇਕੱਠ ਨੂੰ ਆਉਣ ਵਾਲੇ ਕਲ ਵਾਸਤੇ ਸਿਖਿਆ ਦੇਣ ਦੀ ਕੋਸ਼ਿਸ਼ ਕੀਤੀ ਤਾਕਿ ਆਉਣ ਵਾਲੇ ਸਮੇਂ ਵਿਚ ਇਹ ਗ਼ਲਤੀਆਂ ਦੁਹਰਾਈਆਂ ਨਾ ਜਾ ਸਕਣ।
ਪਰ ਭਾਰਤੀ ਮੀਡੀਆ ਅਪਣੇ ਸਿਆਸਤਦਾਨਾਂ ਦੇ ਇਸ਼ਾਰੇ ਤੇ ਚਲਦਾ ਹੈ ਜਾਂ ਉਹ ਵੀ ਕਲ ਨੂੰ ਸੁਧਾਰਨ ਦੀ ਬਜਾਏ ਸਿਰਫ਼ ਸਨਸਨੀਖੇਜ਼ ਖ਼ਬਰ ਦੀ ਤਾਕ ਵਿਚ ਹੀ ਰਹਿੰਦਾ ਹੈ? ਸਲਮਾਨ ਖੁਰਸ਼ੀਦ ਨੂੰ ਇਸ ਵੇਲੇ ਇਕ ਹਿੰਮਤੀ ਸਿਆਣੇ ਸਿਆਸਤਦਾਨ ਵਾਂਗ ਪੇਸ਼ ਕਰਨ ਦੀ ਜ਼ਰੂਰਤ ਹੈ ਪਰ ਉਨ੍ਹਾਂ ਦੇ ਲਫ਼ਜ਼ਾਂ ਨੂੰ ਤੋੜ-ਮਰੋੜ ਕੇ ਇਕ ਕਬੂਲਨਾਮੇ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਮੁਸਲਮਾਨਾਂ ਉਤੇ ਜ਼ੋਰਦਾਰ ਵਾਰ ਕਰਨ ਵਾਲੀ ਭਾਜਪਾ ਕਾਂਗਰਸ ਤੋਂ ਮਾਫ਼ੀ ਮੰਗਣ ਦੀ ਮੰਗ ਕਰ ਰਹੀ ਹੈ। ਸਾਡਾ ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਜਿੰਨਾ ਆਰਥਕ ਤਰੱਕੀ ਨਾਲ ਭਰਪੂਰ ਹੈ, ਓਨਾ ਹੀ ਵਿਵਾਦਾਂ ਅਤੇ ਕਮਜ਼ੋਰੀਆਂ ਨਾਲ ਵੀ ਜੁੜਿਆ ਹੋਇਆ ਹੈ। ਪਰ ਅੱਜ ਲੋੜ ਇਸ ਗੱਲ ਦੀ ਹੈ ਕਿ ਬੀਤੇ ਦੀਆਂ ਸੱਭ ਗ਼ਲਤੀਆਂ ਤੋਂ ਸਿਖਣ ਦਾ ਕੰਮ ਸ਼ੁਰੂ ਕੀਤਾ ਜਾਵੇ। ਜੇ ਸਾਰੇ ਇਹੀ ਆਖਦੇ ਰਹਿਣਗੇ ਕਿ ਸਾਡੇ ਤੋਂ ਤਾਂ ਗ਼ਲਤੀ ਹੋਈ ਹੀ ਨਹੀਂ ਤਾਂ ਸੁਧਾਰ ਕਿਸ ਤਰ੍ਹਾਂ ਹੋਵੇਗਾ? ਆਜ਼ਾਦੀ ਮਾਣਦੀ ਸਾਡੀ ਜ਼ਿੰਦਗੀ ਬੜੀ ਛੋਟੀ ਹੈ। ਪਹਿਲਾ ਕਦਮ ਤਾਂ ਅਪਣੀ ਗ਼ਲਤੀ ਮੰਨਣ ਦਾ ਹੈ। ਇਹ ਪਹਿਲਾ ਕਦਮ, ਇਸ 124 ਕਰੋੜ ਦੀ ਆਬਾਦੀ ਵਿਚੋਂ ਪਹਿਲੇ ਸਿਆਸਤਦਾਨ ਨੇ ਚੁਕਿਆ ਹੈ। -ਨਿਮਰਤ ਕੌਰ